ਤਰਨ ਤਾਰਨ ਜ਼ਿਲ੍ਹੇ ’ਚ ਭਿਖੀਵਿੰਡ ਸਬ–ਡਿਵੀਜ਼ਨ ਦੇ ਪਿੰਡ ਸੁਰਵਿੰਡ ਵਿਖੇ ਇੱਕ ਵਿਅਕਤੀ ਨੂੰ 14 ਸਾਲਾਂ ਦੀ ਇੱਕ ਬੱਚੀ ਨਾਲ ਬਲਾਤਕਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਸ਼ਨਾਖ਼ਤ ਸੁਖਤਾਜ ਸਿੰਘ (40) ਵਜੋਂ ਹੋਈ ਹੈ। ਉਹ ਵੀ ਸੁਰਵਿੰਡ ਦਾ ਹੀ ਰਹਿਣ ਵਾਲਾ ਹੈ।
ਪੁਲਿਸ ਅਨੁਸਾਰ ਉਹ ਪਿਛਲੇ ਇੱਕ ਸਾਲ ਤੋਂ ਪਿਸਤੌਲ ਦੀ ਨੋਕ ’ਤੇ ਕੁੜੀ ਨਾਲ ਲਗਾਤਾਰ ਜਬਰ–ਜਨਾਹ ਕਰਦਾ ਆ ਰਿਹਾ ਸੀ। ਪੀੜਤ ਕੁੜੀ ਦੀ ਮਾਂ ਦੀ ਸ਼ਿਕਾਇਤ ’ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਸ ਦੀ ਧੀ 10ਵੀਂ ਜਮਾਤ ਵਿੱਚ ਪੜ੍ਹਤੀ ਹੈ। ਐਤਵਾਰ ਨੂੰ ਉਹ ਆਪਣੇ ਪਤੀ ਨਾਲ ਕਿਸੇ ਘਰੇਲੂ ਕੰਮ ਲਈ ਤਰਨ ਤਾਰਨ ਗਏ ਸਨ।
‘ਜਦੋਂ ਅਸੀਂ ਪਰਤੇ, ਤਾਂ ਅਸੀਂ ਵੇਖਿਆ ਕਿ ਮੁਲਜ਼ਮ ਸਾਡੇ ਘਰ ਵਿੱਚ ਮੌਜੂਦ ਸੀ ਤੇ ਉਹ ਸਾਡੀ ਧੀ ਨੂੰ ਜ਼ਬਰਦਸਤੀ ਇੱਕ ਕਮਰੇ ਵਿੱਚ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਾਨੂੰ ਵੇਖ ਕੇ ਉਹ ਤੁਰੰਤ ਉੱਥੋਂ ਨੱਸ ਗਿਆ। ਤਦ ਅਸੀਂ ਆਪਣੀ ਧੀ ਤੋਂ ਪੁੱਛਿਆ ਕਿ ਉਹ ਇੱਥੇ ਕੀ ਕਰ ਰਿਹਾ ਸੀ, ਤਾਂ ਉਹ ਰੋਣ ਲੱਗ ਪਈ।’
ਤਦ ਧੀ ਨੇ ਮਾਂ ਨੂੰ ਦੱਸਿਆ ਕਿ ਮੁਲਜ਼ਮ ਪਿਛਲੇ ਇੱਕ ਸਾਲ ਤੋਂ ਉਸ ਨਾਲ ਪਿਸਤੌਲ ਦੀ ਨੋਕ ’ਤੇ ਜਬਰ–ਜਨਾਹ ਕਰਦਾ ਆ ਰਿਹਾ ਹੈ। ਮਾਂ ਨੇ ਦੱਸਿਆ ਕਿ – ‘ਮੁਲਜ਼ਮ ਮੇਰੀ ਧੀ ਨੂੰ ਉਸ ਹਾਲਤ ਵਿੱਚ ਜਾਨੋਂ ਮਾਰਨ ਦੀ ਵੀ ਧਮਕੀ ਦਿੰਦਾ ਸੀ; ਜੇ ਇਸ ਬਾਰੇ ਕਿਸੇ ਨੂੰ ਦੱਸਿਆ।’
ਇਸ ਮਾਮਲੇ ਦੀ ਜਾਂਚ ਏਐੱਸਆਈ ਬਲਵਿੰਦਰ ਕੌਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੀੜਤ ਲੜਕੀ ਦੀ ਸ਼ਿਕਾਇਤ ’ਤੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਕੁੜੀ ਦਾ ਮੈਡੀਕਲ ਨਿਰੀਖਣ ਮੰਗਲਵਾਰ ਨੂੰ ਪੱਟੀ ਸਿਵਲ ਹਸਪਤਾਲ ’ਚ ਕਰਵਾਇਆ ਜਾਵੇਗਾ।