ਚੰਡੀਗੜ੍ਹ ਦੇ ਮਨੀਮਾਜਰਾ ਸਥਿਤ ਮਾਡਰਨ ਕੰਪਲੈਕਸ ਵਿਖੇ ਇੱਕ ਬੰਦ ਘਰ 'ਚ ਬੁੱਧਵਾਰ ਦੇਰ ਰਾਤ 2 ਵਜੇ ਔਰਤ ਅਤੇ ਉਸ ਦੇ ਦੋ ਬੱਚਿਆਂ ਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਔਰਤ ਦਾ ਪਤੀ ਬੁੱਧਵਾਰ ਨੂੰ ਸੜਕ ਹਾਦਸੇ ਤੋਂ ਬਾਅਦ ਪੀਜੀਆਈ 'ਚ ਦਾਖਲ ਹੈ।
ਜਾਣਕਾਰੀ ਮੁਤਾਬਿਕ ਬੁੱਧਵਾਰ ਦੇਰ ਰਾਤ 2 ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਮਨੀਮਾਜਰਾ ਦੇ ਮਾਡਰਨ ਕੰਪਲੈਕਸ ਸਥਿਤ ਮਕਾਨ ਨੰਬਰ-5012 'ਚ ਤਿੰਨ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਸੂਚਨਾ ਮਿਲਣ 'ਤੇ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਮਨੀਮਾਜਰਾ ਪੁਲਿਸ ਦੇ ਸੀਨੀਅਰ ਅਧਿਕਾਰੀ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ।
ਮਕਾਨ ਨੂੰ ਬਾਹਰੋਂ ਤਾਲਾ ਲੱਗਿਆ ਹੋਇਆ ਸੀ। ਤਾਲਾ ਤੋੜ ਕੇ ਜਦੋਂ ਪੁਲਿਸ ਅਧਿਕਾਰੀ ਅੰਦਰ ਦਾਖਲ ਹੋਏ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਅੰਦਰ 45 ਸਾਲਾ ਸਰਿਤਾ ਅਤੇ ਉਸ ਦਾ ਬੇਟਾ ਅਰਜੁਨ (16) ਅਤੇ ਬੇਟੀ ਸੈਂਸੀ (22) ਦੀਆਂ ਖੂਨ ਨਾਲ ਲਿਬੜੀਆਂ ਲਾਸ਼ਾਂ ਪਈਆਂ ਸਨ। ਤਿੰਨਾਂ ਦੀ ਬੇਰਹਿਮੀ ਨਾਲ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਹੱਤਿਆ ਕੀਤੀ ਗਈ ਸੀ।
ਅਰਜੁਨ 12ਵੀਂ ਜਮਾਤ 'ਚ ਪੜ੍ਹਾਈ ਕਰ ਰਿਹਾ ਸੀ, ਜਦਕਿ ਸੈਂਸੀ ਲਾਅ ਦੀ ਵਿਦਿਆਰਣ ਸੀ। ਪੁਲਿਸ ਨੇ ਆਸਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਸੰਜੇ ਅਰੋੜਾ ਆਪਣੇ ਪਰਿਵਾਰ ਨਾਲ ਮਕਾਨ ਨੰਬਰ 5012 'ਚ ਰਹਿੰਦੇ ਹਨ ਅਤੇ ਉਨ੍ਹਾਂ ਦੀ ਸੈਕਟਰ-9 ਪੰਚਕੂਲਾ 'ਚ ਕ੍ਰਿਸ਼ਨਾ ਡੇਅਰੀ ਨਾਮ ਦੀ ਦੁਕਾਨ ਹੈ। ਸੰਜੇ ਅਰੋੜਾ ਬੁੱਧਵਾਰ ਨੂੰ ਸੜਕ ਹਾਦਸੇ 'ਚ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਪੀਜੀਆਈ 'ਚ ਦਾਖਲ ਕਰਵਾਇਆ ਗਿਆ ਹੈ।
ਸੰਜੇ ਨੇ ਇਸ ਬਾਰੇ ਜਾਣਕਾਰੀ ਦੇਣ ਲਈ ਆਪਣੇ ਘਰ ਫੋਨ ਵੀ ਕੀਤਾ ਸੀ, ਪਰ ਕਿਸੇ ਨੇ ਫੋਨ ਨਾ ਚੁੱਕਿਆ। ਇਸ ਬਾਰੇ ਉਨ੍ਹਾਂ ਨੇ ਆਪਣੇ ਗੁਆਂਢੀ ਨੂੰ ਫੋਨ ਕਰਕੇ ਦੱਸਿਆ। ਗੁਆਂਢੀ ਨੇ ਘਰ ਨੂੰ ਬਾਹਰੋਂ ਤਾਲਾ ਲੱਗਿਆ ਵੇਖਿਆ ਪਰ ਅੰਦਰ ਲਾਈਟ ਜੱਗ ਰਹੀ ਸੀ। ਸ਼ੱਕ ਹੋਣ 'ਤੇ ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਘਰ ਦਾ ਤਾਲਾ ਤੋੜਿਆ ਤਾਂ ਤਿੰਨਾਂ ਦੀਆਂ ਲਾਸ਼ਾਂ ਪਈਆਂ ਸਨ। ਇਸ ਮਗਰੋਂ ਇਲਾਕੇ 'ਚ ਸਨਸਨੀ ਫੈਲ ਗਈ। ਸੂਚਨਾ ਮਿਲਣ 'ਤੇ ਐਸਐਸਪੀ, ਡੀਐਸਪੀ ਸਮੇਤ ਅਧਿਕਾਰੀ ਮੌਕੇ' ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਮੁਤਾਬਿਕ ਸੰਜੇ ਅਰੋਰਾ ਇਸ ਮਕਾਨ 'ਚ ਲਗਭਗ 1 ਸਾਲ ਪਹਿਲਾਂ ਆਪਣੀ ਪਤਨੀ ਅਤੇ ਬੱਚਿਆਂ ਨਾਲ ਕਿਰਾਏ 'ਤੇ ਰਹਿਣ ਆਏ ਸਨ। ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਘਰ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰੇ ਅਤੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ।


ਤਸਵੀਰਾਂ : ਸੰਤ ਅਰੋੜਾ