ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬੀ `ਵਰਸਿਟੀ ਦੇ ਵੀ.ਸੀ. ਦੀ ਕਾਰਗੁਜ਼ਾਰੀ `ਤੇ ਉੱਠਣ ਲੱਗੇ ਸੁਆਲ

ਪੰਜਾਬੀ `ਵਰਸਿਟੀ ਦੇ ਵੀ.ਸੀ. ਦੀ ਕਾਰਗੁਜ਼ਾਰੀ `ਤੇ ਉੱਠਣ ਲੱਗੇ ਸੁਆਲ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਬੀਐੱਸ ਘੁੰਮਣ ਹਾਲੇ ਤੱਕ ਅਸ਼ਾਂਤ ਵਿਦਿਆਰਥੀਆਂ ਦਾ ਰੋਹ ਤੇ ਰੋਸ ਸ਼ਾਂਤ ਕਰਨ ਤੋਂ ਨਾਕਾਮ ਰਹੇ ਹਨ; ਇਸੇ ਲਈ ਹੁਣ ਉਨ੍ਹਾਂ ਦੀ ਕਾਰਗੁਜ਼ਾਰੀ `ਤੇ ਕਈ ਤਰ੍ਹਾਂ ਦੇ ਸੁਆਲੀਆ ਨਿਸ਼ਾਨ ਉੱਠਣ ਲੱਗੇ ਹਨ। ਯੂਨੀਵਰਸਿਟੀ ਪਿਛਲੇ ਲਗਭਗ ਤਿੰਨ ਹਫ਼ਤਿਆਂ ਤੋਂ ਵਿਦਿਆਰਥੀਆਂ ਦੇ ਸੰਘਰਸ਼ ਨਾਲ ਜੂਝ ਰਹੀ ਹੈ। ਲੜਕੀਆਂ ਨੂੰ ਹੋਸਟਲਾਂ `ਚ 24 ਘੰਟੇ ਆਉਣ-ਜਾਣ ਦੀ ਇਜਾਜ਼ਤ ਦੇਣ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਦੇ ਦੋ ਧੜਿਆਂ `ਚ ਮੰਗਲਵਾਰ ਨੂੰ ਤਾਂ ਹਿੰਸਕ ਝਗੜਾ ਵੀ ਹੋ ਗਿਆ ਸੀ। ਪਿਛਲੇ 20 ਦਿਨਾਂ `ਚ ਯੂਨੀਵਰਸਿਟੀ ਨੂੰ ਦੋ ਵਾਰ ਬੰਦ ਕਰਨਾ ਪਿਆ ਹੈ।


ਉਂਝ ਤਾਂ ਪੰਜਾਬੀ ਯੂਨੀਵਰਸਿਟੀ ਦਾ ਪਿਛਲੇ ਲੰਮੇ ਸਮੇਂ ਤੋਂ ਵਿਵਾਦਾਂ ਨਾਲ ਜੁੜਦਾ ਰਿਹਾ ਹੈ; ਜਿਵੇਂ ਪਿਛਲੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਦੇ ਕਾਰਜਕਾਲ ਦੌਰਾਨ ਰਿਸ਼ਵਤਖੋਰੀ, ਗ਼ੈਰ-ਕਾਨੂੰਨੀ ਭਰਤੀਆਂ ਕਰਨ, ਨਿਯਮਾਂ ਦੀ ਉਲੰਘਣਾ ਜਿਹੇ ਮਾਮਲੇ ਸਾਹਮਣੇ ਆਏ ਸਨ ਤੇ ਮੌਜੂਦਾ ਵੀ.ਸੀ. ਦੇ ਕਾਰਜਕਾਲ `ਚ ਵੀ ਪਹਿਲਾਂ ਪ੍ਰੀਖਿਆ ਸ਼ਾਖ਼ਾ `ਚ ਘੁਟਾਲਾ ਸਾਹਮਣੇ ਆਇਆ ਸੀ ਤੇ ਹੁਣ ਰੋਸ ਮੁਜ਼ਾਹਰਿਆਂ ਨੇ `ਵਰਸਿਟੀ ਦਾ ਸਾਰਾ ਕੰਮ-ਕਾਜ ਠੱਪ ਕਰ ਕੇ ਰੱਖਿਆ ਹੋਇਆ ਹੈ।


ਪ੍ਰੋ. ਘੁੰਮਣ ਨੂੰ ਵੀ ਹੁਣ ਅਹੁਦਾ ਸੰਭਾਲਿਆਂ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਹਾਲੇ ਤੱਕ ਉਹ ਪੰਜਾਬੀ ਯੂਨੀਵਰਸਿਟੀ `ਚ ਪੂਰੀ ਤਰ੍ਹਾਂ ਸ਼ਾਂਤੀ ਕਾਇਮ ਨਹੀਂ ਕਰ ਸਕੇ; ਭਾਵੇਂ ਇਹ ਅਸ਼ਾਂਤੀ ਉਨ੍ਹਾਂ ਨੂੰ ਪਿਛਲੇ ਵਾਈਸ ਚਾਂਸਲਰ ਤੋਂ ਮਿਲੀ ਸੀ।


ਫਿਰ ਵੀ ਮੌਜੂਦਾ ਵੀ.ਸੀ. ਹਾਲੇ ਤੱਕ ਰਜਿਸਰਾਰ, ਪ੍ਰੀਖਿਆ ਨਿਯੰਤ੍ਰਕ, ਵਿੱਤ ਅਧਿਕਾਰੀ, ਡੀਨ (ਕਾਲਜਾਂ), ਡਾਇਰੈਕਟਰ (ਯੁਵਾ ਭਲਾਈ), ਡਾਇਰੈਕਟਰ (ਲੋਕ ਸੰਪਰਕ) ਜਿਹੇ ਅਹਿਮ ਅਹੁਦਿਆਂ `ਤੇ ਕੋਈ ਪੱਕੀਆਂ ਨਿਯੁਕਤੀਆਂ ਨਹੀਂ ਕਰ ਸਕੇ; ਸਿਰਫ਼ ਐਡਹਾਕ (ਕੱਚੇ) ਤਰੀਕੇ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ।


ਕੁਝ ਪ੍ਰੋਫ਼ੈਸਰਾਂ ਕੋਲ ਤਾਂ ਦੋ ਤੇ ਤਿੰਨ ਅਹਿਮ ਅਹੁਦੇ ਵੀ ਹਨ; ਜਦ ਕਿ ਕੁਝ ਹੋਰਨਾਂ ਨੂੰ ਇਸ ਗੱਲ ਦਾ ਰੋਸ ਹੈ ਕਿ ਉਨ੍ਹਾਂ ਨੂੰ ਸੀਨੀਆਰਤਾ ਦੇ ਬਾਵਜੂਦ ਕੋਈ ਪ੍ਰਸ਼ਾਸਕੀ ਭੂਮਿਕਾਵਾਂ ਨਹੀਂ ਦਿੱਤੀਆਂ ਜਾ ਰਹੀਆਂ।


ਇਸ ਤੋਂ ਇਲਾਵਾ ਯੂਨੀਵਰਸਿਟੀ `ਚ ਦਾਖ਼ਲ ਹੋਣ ਦੇ ਚਾਹਵਾਨ ਵਿਦਿਆਰਥੀਆਂ/ਉਮੀਦਵਾਰਾਂ ਦੀ ਗਿਣਤੀ ਬਹੁਤ ਜਿ਼ਆਦਾ ਘਟ ਗਈ ਹੈ ਕਿਉਂਕਿ ਇੰਜੀਨੀਅਰਿੰਗ ਦੀਆਂ ਲਗਭਗ 50 ਫ਼ੀ ਸਦੀ ਸੀਟਾਂ ਖ਼ਾਲੀ ਪਈਆਂ ਹਨ। ਪ੍ਰੀਖਿਆ ਸ਼ਾਖਾ ਦਾ ਕੰਮਕਾਜ ਤਾਂ ਇੰਨੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਪਿਆ ਹੈ ਕਿ ਹਾਲੇ ਤੱਕ ਸਾਲ 2017 ਦੌਰਾਨ ਲਈਆਂ ਪ੍ਰੀਖਿਆਵਾਂ ਦੇ ਨਤੀਜੇ ਵੀ ਨਹੀਂ ਐਲਾਨੇ ਜਾ ਸਕੇ।


ਟੈਂਡਰ ਪ੍ਰਕਿਰਿਆ ਦੁਆਰਾ ਇੱਕ ਠੇਕੇਦਾਰ ਰਾਹੀਂ ਆਊਟਸੋਰਸ ਕੀਤੇ ਸਟਾਫ਼ ਨੇ ਯੂਨੀਵਰਸਿਟੀ ਅਧਿਕਾਰੀਆਂ `ਤੇ ਦਬਾਅ ਬਣਾ ਕੇ ਆਪਣੀਆਂ ਤਨਖ਼ਾਹਾਂ ਜ਼ਰੂਰ ਵਧਾ ਲਈਆਂ ਹਨ।


...ਤੇ ਜਦੋਂ ਵਾਈਸ ਚਾਂਸਲਰ ਕੋਈ ਫ਼ੈਸਲਾ ਲੈਂਦੇ ਹਨ, ਤਾਂ ਉਸ ਦਾ ਉਲਟਾ ਅਸਰ ਵੇਖਣ ਨੁੰ ਮਿਲਦਾ ਹੈ। ਵੀ.ਸੀ. ਨੇ ਇੱਕ ਕੋਚ ਦਲਬੀਰ ਰੰਧਾਵਾ ਨੂੰ ਮੁਅੱਤਲ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ `ਵਰਸਿਟੀ ਦੇ ਵਿੱਤ ਅਧਿਕਾਰੀ ਨਾਲ ਕਥਿਤ ਤੌਰ `ਤੇ ਦੁਰਵਿਹਾਰ ਕੀਤਾ ਸੀ ਪਰ ਬਾਅਦ `ਚ ਵੀ.ਸੀ. ਨੂੰ ਮੁਅੱਤਲੀ ਦਾ ਫ਼ੈਸਲਾ ਵਾਪਸ ਲੈਣਾ ਪਿਆ ਤੇ ਫ਼ਾਈਨਾਂਸ ਆਫ਼ੀਸਰ (ਵਿੱਂਤ ਅਧਿਕਾਰੀ) ਨੇ ਤਦ ਅਸਤੀਫ਼ਾ ਦਿੱਤਾ।


ਰੋਸ ਮੁਜ਼ਾਹਰਾਕਾਰੀ ਵਿਦਿਆਰਥੀਆਂ ਨੂੰ ਮਨਾਉਣ ਤੋਂ ਨਾਕਾਮ ਰਹੇ ਅੱਠ ਵਾਰਡਨਾਂ, ਪ੍ਰੋਵੋਸਤ, ਡਾਇਰੈਕਟਰ (ਵਿਦਿਆਰਥੀ ਭਲਾਈ) ਅਸਤੀਫ਼ਾ ਦੇ ਚੁੱਕੇ ਹਨ। ਰੋਹ `ਚ ਆਏ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਬੰਧਕ ਬਣਾ ਲਿਆ ਸੀ।


ਯੂਨੀਵਰਸਿਟੀ ਦੇ ਇੱਕ ਅਧਿਆਪਕ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ `ਤੇ ਦੱਸਿਆ ਕਿ ਉਹ ਡਾ. ਘੁੰਮਣ ਨੂੰ ਉਦੋਂ ਤੋਂ ਜਾਣਦੇ ਹਨ, ਜਦੋਂ ਉਹ ਹਾਲੇ ਪੰਜਾਬੀ ਯੂਨੀਵਰਸਿਟੀ `ਚ ਨਹੀਂ ਆਏ ਸਨ। ‘ਉਹ ਛੇਤੀ ਕਿਤੇ ਫ਼ੈਸਲਾ ਨਹੀਂ ਲੈ ਸਕਦੇ। ਉਨ੍ਹਾਂ ਵੱਲੋਂ ਕੋਈ ਫ਼ੈਸਲਾ ਨਾ ਲੈਣਾ ਯੂਨੀਵਰਸਿਟੀ ਨੂੰ ਹੁਣ ਮਹਿੰਗਾ ਪੈ ਰਿਹਾ ਹੈ। ਜਾਂਚ ਰਿਪੋਰਟਾਂ `ਚ ਸਾਹਮਣੇ ਆਉਣ ਵਾਲੇ ਭ੍ਰਿਸ਼ਟ ਅਧਿਕਾਰੀਆਂ ਵਿਰੁੱਧ ਵੀ ਜੇ ਉਹ ਕੋਈ ਕਾਰਵਾਈ ਕਰਦੇ, ਤਦ ਵੀ ਵਧੀਆ ਨਤੀਜੇ ਵੇਖਣ ਨੂੰ ਮਿਲਣੇ ਸਨ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:many eyebrows on performance of Pbi Uni VC