ਪੰਜਾਬ `ਚ ਬਹੁਤ ਸਾਰੇ ਨੌਜਵਾਨ ਦਹਿਸ਼ਤਗਰਦ ਜੱਥੇਬੰਦੀ ਬੱਬਰ ਖ਼ਾਲਸਾ ਲਈ ਕੰਮ ਕਰ ਰਹੇ ਹਨ। ਇਹ ਜਾਣਕਾਰੀ ਬੱਬਰ ਖ਼ਾਲਸਾ ਦੇ ਅੱਤਵਾਦੀ ਜਸਵੰਤ ਸਿੰਘ ਉਰਫ਼ ਕਾਲਾ ਤੋਂ ਪੁੱਛਗਿੱਛ ਦੌਰਾਨ ਮਿਲੀ ਹੈ। ਕਾਲਾ ਨੇ ਪੰਜਾਬ ਤੇ ਉੱਤਰ ਪ੍ਰਦੇਸ਼ ਦੇ ਕਈ ਨੌਜਵਾਨਾਂ ਤੇ ਗੈਂਗਸਟਰਾਂ ਨੂੰ ਬੱਬਰ ਖ਼ਾਲਸਾ ਨਾਲ ਜੋੜਿਆ ਹੈ ਤੇ ਉਹ ਉਸ ਦੇ ਇਸ਼ਾਰੇ `ਤੇ ਕਈ ਕਤਲ ਵੀ ਕਰ ਚੁੱਕੇ ਹਨ।
ਖ਼ੁਫ਼ੀਆ ਸੂਤਰਾਂ ਮੁਤਾਬਕ ਫਿ਼ਰੋਜ਼ਪੁਰ ਦੇ ਮੱਲਾਂਵਾਲਾ ਥਾਣਾ ਇਲਾਕੇ ਦੇ ਪਿੰਡ ਕੋਹਲਾ `ਚ 11 ਜੁਲਾਈ 2017 ਨੂੰ ਬੱਬਰ ਖ਼ਾਲਸਾ ਲਈ ਕੰਮ ਕਰਦੇ ਅਸ਼ੋਕ ਕੁਮਾਰ ਉਰਫ਼ ਅਮਨ ਸੇਠ ਨੂੰ ਸਾਥੀ ਗੁਰਪ੍ਰੀਤ ਸਿੰਘ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਅਮਨ +2 `ਚ ਪੜ੍ਹਦਾ ਸੀ; ਤਦ ਤੋਂ ਬੱਬਰ ਖ਼ਾਲਸਾ ਦੇ ਅੱਤਵਾਦੀ ਕਾਲਾ ਦੇ ਸੰਪਰਕ ਵਿੱਚ ਸੀ। ਅਨਿਲ ਕੁਮਾਰ (ਅੳ) ਦੀ ਰਿਪੋਰਟ ਮੁਤਾਬਕ ਕਾਲਾ ਪੰਜਾਬ `ਚ ਸਰਗਰਮ ਸੀ, ਜਦੋਂ ਪੁਲਿਸ ਨੂੰ ਉਸ ਦੇ ਨੈੱਟਵਰਕ ਬਾਰੇ ਪਤਾ ਲੱਗਾ, ਤਾਂ ਪੰਜਾਬ ਛੱਡ ਕੇ ਯੂਪੀ ਭੱਜ ਗਿਆ ਸੀ।
ਪੰਜਾਬ ਦੇ ਕਈ ਨੌਜਵਾਨਾਂ ਤੇ ਗੈਂਗਸਟਰਾਂ ਨੂੰ ਬੱਬਰ ਖ਼ਾਲਸਾ ਲਈ ਕੰਮ ਕਰਨ ਵਾਸਤੇ ਕਾਲਾ ਨੇ ਜੋੜਿਆ ਹੈ। ਅਮਨ ਹੀ ਕਾਲਾ ਨੂੰ ਯੂਪੀ ਛੱਡ ਕੇ ਆਇਆ ਸੀ। ਫੜੇ ਜਾਣ ਤੋਂ ਬਾਅਦ ਅਮਨ ਨੇ ਕਾਲਾ ਦੇ ਯੁਪੀ `ਚ ਲੁਕੇ ਹੋਣ ਬਾਰੇ ਜਾਣਕਾਰੀ ਦਿੱਤੀ ਸੀ।
ਅਮਨ ਨੇ ਕਾਲਾ ਦੇ ਇਸ਼ਾਰੇ `ਤੇ 17 ਜੂਨ, 2014 ਨੂੰ ਮੋਗਾ `ਚ ਪਾਰਸ ਮੈਨੀ ਦੀ ਹੱਤਿਆ ਕੀਤੀ ਸੀ। ਇਸੇ ਲਈ ਜੋਗੇਵਾਲਾ ਦੇ ਗ੍ਰੰਥੀ ਸਤਨਾਮ ਸਿੰਘ ਉਰਫ਼ ਮਾਮਾ ਲੇ 50,000 ਰੁਪਏ ਦੀ ਪਿਸਤੌਲ ਯੂਪੀ ਤੋਂ ਖ਼ਰੀਦ ਕੇ ਦਿੱਤੀ ਸੀ।
ਪੁਲਿਸ ਨੇ ਲਵਪ੍ਰੀਤ ਸਿੰਘ, ਅਵਤਾਰ ਸਿੰਘ, ਤਨਵੀਰ ਸਿੰਘ ਵਾਸੀ ਹਰਿਆਣਾ ਤੇ ਕੁਲਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਨਿਵਾਸੀ ਪੇਵੇ (ਹਰਿਆਣਾ) ਅਤੇ ਰੂਪ ਸਿੰਘ ਨਿਵਾਸੀ ਪੇਵੇ ਨੂੰ ਗ੍ਰਿਫ਼ਤਾਰ ਕੀਤਾ ਸੀ।
ਅਮਨ ਨੇ ਕਾਲਾ ਦੇ ਇਸ਼ਾਰੇ `ਤੇ ਫ਼ਰੀਦਕੋਟ `ਚ ਸੱਚਾ ਸੌਦਾ ਦੇ ਪੈਰੋਕਾਰ ਗੁਰਦੇਵ ਸਿੰਘ ਤੇ ਹਨੂਮਾਨਗੜ੍ਹ (ਰਾਜਸਥਾਨ) `ਚ ਸੰਤ ਲਖਵਿੰਦਰ ਸਿੰਘ ਦਾ ਵੀ ਕਤਲ ਕੀਤਾ ਸੀ।