ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੱਚਿਆਂ ਦੇ ਮਾਪਿਆਂ ਲਈ ਕਈ ਸੁਆਲ ਛੱਡ ਗਿਐ ਲੌਂਗੋਵਾਲ ਸਕੂਲ–ਵੈਨ ਹਾਦਸਾ

ਬੱਚਿਆਂ ਦੇ ਮਾਪਿਆਂ ਲਈ ਕਈ ਸੁਆਲ ਛੱਡ ਗਿਐ ਲੌਂਗੋਵਾਲ ਸਕੂਲ–ਵੈਨ ਹਾਦਸਾ

ਲੌਂਗੋਵਾਲ ਦੇ ਇੱਕ ਪ੍ਰਾਈਵੇਟ ਸਕੂਲ ਦੀ ਕਬਾੜ ਵੈਨ ਨੂੰ ਹਾਦਸਾ ਵਾਪਰਿਆਂ ਤਿੰਨ ਦਿਨ ਬੀਤ ਚੁੱਕੇ ਹਨ ਤੇ ਇਹ ਹਾਦਸਾ ਇਸ ਸਕੂਲ ਦੇ ਬੱਚਿਆਂ ਦੇ ਮਾਪਿਆਂ ਲਈ ਕਈ ਤਰ੍ਹਾਂ ਦੇ ਸੁਆਲ ਛੱਡ ਗਿਆ ਹੈ। ਕਬਾੜ ’ਚੋਂ ਲਿਆਂਦੀ ਉਸ ਮਾਰੂਤੀ ਵੈਨ ਦਾ ਕੋਈ ਰਜਿਸਟ੍ਰੇਸ਼ਨ ਨੰਬਰ ਵੀ ਨਹੀਂ ਸੀ। ਉਸ ਵੈਨ ਨੂੰ ਸ਼ਾਰਟ–ਸਰਕਟ ਕਾਰਨ ਅੱਗ ਲੱਗ ਗਈ ਸੀ; ਜਿਸ ਕਾਰਨ 3 ਤੋਂ 6 ਸਾਲ ਉਮਰ ਦੇ ਚਾਰ ਬੱਚੇ ਮਾਰੇ ਗਏ ਸਨ; ਜਿਨ੍ਹਾਂ ਵਿੱਚੋਂ ਤਿੰਨ ਲੜਕੀਆਂ ਸਨ।

 

 

ਸਿਮਰਨ ਪਬਲਿਕ ਸਕੂਲ ਤਦ ਤੋਂ ਬੰਦ ਪਿਆ ਹੈ। ਇਸ ਸਕੂਲ ਦੇ 200 ਵਿਦਿਆਰਥੀਆਂ ਦੇ ਮਾਪੇ ਕਾਫ਼ੀ ਚਿੰਤਤ ਹਨ ਕਿਉਂਕਿ ਵਧੇਰੇ ਸੰਭਾਵਨਾ ਇਸ ਗੱਲ ਦੀ ਹੈ ਕਿ ਸ਼ਾਇਦ ਪੰਜਾਬ ਸਕੂਲ ਸਿੱਖਿਆ ਬੋਰਡ ਇਸ ਸਕੂਲ ਦੀ ਮਾਨਤਾ ਰੱਦ ਕਰ ਦੇਵੇ।

 

 

ਜੇ ਇਸ ਸਕੂਲ ਦੀ ਮਾਨਤਾ ਰੱਦ ਹੁੰਦੀ ਹੈ, ਤਾਂ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਕੋਈ ਹੋਰ ਸਕੂਲ ਵੇਖਣਾ ਪਵੇਗਾ; ਜਿੱਥੇ ਉਨ੍ਹਾਂ ਨੂੰ ਨਵੀਂ ਦਾਖ਼ਲਾ ਫ਼ੀਸ ਤੇ ਹੋਰ ਖ਼ਰਚੇ ਅਦਾ ਕਰਨੇ ਪੈਣਗੇ; ਜਦ ਕਿ ਅਜਿਹੇ ਸਾਰੇ ਖ਼ਰਚੇ ਉਹ ਸਿਮਰਨ ਪਬਲਿਕ ਸਕੂਲ ਨੂੰ ਪਹਿਲਾਂ ਹੀ ਦੇ ਚੁੱਕੇ ਹਨ।

 

 

ਹੁਣ ਸਾਲਾਨਾ ਇਮਤਿਹਾਨ ਹੋਣ ਵਾਲੇ ਹਨ; ਇੱਕ ਮਹੀਨੇ ਤੱਕ ਉਂਝ ਵੀ ਅਕਾਦਮਿਕ ਸੈਸ਼ਨ ਖ਼ਤਮ ਹੋਣ ਵਾਲਾ ਹੈ। ਇਸ ਸਕੂਲ ਤੋਂ ਹੁਣ ਮਾਪਿਆਂ ਨੂੰ ਕੋਈ ਰੀਫ਼ੰਡ ਵੀ ਮਿਲਦਾ ਨਹੀਂ ਜਾਪਦਾ ਕਿਉਂਕਿ ਇਸ ਸਕੂਲ ਦਾ ਪ੍ਰਿੰਸੀਪਲ ਤੇ ਮਾਲਕ ਲਖਵਿੰਦਰ ਸਿੰਘ ਇਸ ਵੇਲੇ ਪੁਲਿਸ ਹਿਰਾਸਤ ’ਚ ਹੈ ਤੇ ਅਦਾਲਤ ਨੇ ਉਸ ਦਾ ਤਿੰਨ–ਦਿਨਾ ਪੁਲਿਸ ਰਿਮਾਂਡ ਦਿੱਤਾ ਹੈ।

 

 

ਸੜ ਰਹੀ ਵੈਨ ’ਚੋਂ ਚਾਰ ਬੱਚਿਆਂ ਨੂੰ ਬਚਾਉਣ ਵਾਲੀ 14 ਸਾਲਾ ਅਮਨਦੀਪ ਕੌਰ ਦੀ ਮਾਂ ਗੁਰਜੀਤ ਕੌਰ ਨੇ ਕਿਹਾ ਕਿ ਹੁਣ ਸਰਕਾਰ ਹੀ ਉਨ੍ਹਾਂ ਨੂੰ ਕੋਈ ਰਾਹ ਵਿਖਾਏਗੀ। ‘ਹੁਣ ਸਾਨੂੰ ਸਮਝ ਨਹੀਂ ਆਉਂਦੀ ਕਿ ਹੁਣ ਅਸੀਂ ਆਪਣੇ ਬੱਚੇ ਕਿੱਥੇ ਦਾਖ਼ਲ ਕਰਵਾਈਏ?’

 

 

ਮਾਰੂਤੀ ਵੈਨ ਅਗਨੀ–ਕਾਂਡ ’ਚੋਂ ਬਚੇ ਦੋ ਬੱਚਿਆਂ ਦੀ ਮਾਂ ਗੁਰਪ੍ਰੀਤ ਕੌਰ ਨੇ ਮੰਗ ਕੀਤੀ ਕਿ ਸਕੂਲ ਦੇ ਸਮੇਂ ਦੌਰਾਨ ਸਰਕਾਰ ਨੂੰ ਬੱਚਿਆਂ ਦੀ ਸਿੱਖਿਆ ਤੇ ਸੁਰੱਖਿਆ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਮਨਵੀਰ ਸਿੰਘ ਲਈ 11,000 ਰੁਪਏ ਫ਼ੀਸ ਅਦਾ ਕੀਤੀ ਸੀ। ਹੁਣ ਬੱਚੇ ਨੂੰ ਕਿਸੇ ਹੋਰ ਸਕੂਲ ਦਾਖ਼ਲ ਕਰਵਾਉਣਾ ਪਵੇਗਾ ਤੇ ਦੋਬਾਰਾ ਫ਼ੀਸ ਅਦਾ ਕਰਨੀ ਹੋਵੇਗੀ।

 

 

ਲਖਵੀਰ ਸਿੰਘ, ਜਿਨ੍ਹਾਂ ਦੀ ਧੀ ਤੇ ਭਤੀਜਾ ਸਿਮਰਨ ਪਬਲਿਕ ਸਕੂਲ ’ਚ ਪੜ੍ਹਦੇ ਰਹੇ ਹਨ, ਨੇ ਦੱਸਿਆ ਕਿ ਉਨ੍ਹਾਂ ਨੇ ਵੀ 12,000 ਰੁਪਏ ਫ਼ੀਸ ਅਦਾ ਕੀਤੀ ਸੀ। ਪਹਿਲਾਂ ਸੁਨਾਮੀ ਪੱਤੀ ਵਾਲਾ ਸਰਕਾਰੀ ਪ੍ਰਾਇਮਰੀ ਸਕੂਲ ਤਬਦੀਲ ਹੋ ਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਬੱਚੇ ਸਿਮਰਨ ਪਬਲਿਕ ਸਕੂਲ ’ਚ ਦਾਖ਼ਲ ਕਰਵਾਉਣੇ ਪਏ ਸਨ।

 

 

ਡਿਪਟੀ ਕਮਿਸ਼ਨਰ ਘਣਸ਼ਿਆਮ ਥੋੜੀ ਨੇ ਦੱਸਿਆ ਕਿ ਸਕੂਲ ਵਿਰੁੱਧ ਅਗਲੇਰੀ ਕਾਰਵਾਈ ਹੁਣ ਮੈਜਿਸਟ੍ਰੇਟੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਕੀਤੀ ਜਾਵੇਗੀ। ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ’ਚ ਦਾਖ਼ਲ ਕਰਵਾ ਦਿੱਤਾ ਜਾਵੇਗਾ ਤੇ ਜੇ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ’ਚ ਦਾਖ਼ਲ ਕਰਨਾ ਚਾਹੁਣਗੇ, ਤਾਂ ਇਹ ਉਨ੍ਹਾਂ ਦੀ ਆਪਣੀ ਮਰਜ਼ੀ ਹੋਵੇਗੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Many Questions for Parents of Students after Longowal School Van mishap