ਸਕੂਲ ਸਿੱਖਿਆ ਵਿਭਾਗ ਵੱਲੋਂ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਪ੍ਰੋਜੈਕਟ ਤਹਿਤ ਸਮੂਹ ਸਰਕਾਰੀ ਸਕੂਲਾਂ ਵਿੱਚ 27 ਜੁਲਾਈ ਤੋਂ 7 ਅਗਸਤ ਤੱਕ ਲਗਾਏ ਗਣਿਤ ਮੇਲਿਆਂ ਦਾ ਦੂਜਾ ਗੇੜ ਅੱਜ ਖਤਮ ਹੋ ਗਿਆ। ਇਹ ਮੇਲੇ ਗਣਿਤ ਵਿਸ਼ੇ ਦੇ ਗੁਣਾਤਮਕ ਸੁਧਾਰ ਲਈ ਸ਼ੁਰੂ ਕੀਤੇ ਪ੍ਰੋਗਰਾਮ ਤਹਿਤ ਲਗਾਏ ਗਏ ਹਨ।
ਵਿਭਾਗ ਵੱਲੋਂ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਤਹਿਤ ਰਾਜ ਦੇ ਸਮੂਹ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਯੋਗ ਅਗਵਾਈ ਵਿੱਚ ਪ੍ਰੀ -ਫੇਅਰ ਤਹਿਤ ਗਣਿਤ ਦੇ ਸਿਲੇਬਸ ਦੇ ਵੱਖ-ਵੱਖ ਅਧਿਆਇ ਜਿਵੇਂ ਅਲਜ਼ਬਰਾ, ਤਿਕੋਣਮਿਤੀ, ਸੰਖਿਆ ਪ੍ਰਣਾਲੀ, ਬੀਜ ਗਣਿਤ ਅਤੇ ਖੇਤਰ ਮਿਤੀ ਆਦਿ ਨਾਲ਼ ਸੰਬੰਧਿਤ ਗਣਿਤਿਕ ਧਾਰਨਾਵਾਂ ਨੂੰ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਚਾਰਟਾਂ ਅਤੇ ਥ੍ਰੀ ਡੀ ਮਾਡਲਾਂ ਦੇ ਰੂਪ ਵਿੱਚ ਤਿਆਰ ਕੀਤੇ ਗਏ।
ਵਿਦਿਆਰਥੀਆਂ ਨੇ ਖਰੀਦ ਮੁੱਲ, ਵੇਚ ਮੁੱਲ, ਕਟੌਤੀ, ਸਮਾਂ ਅਤੇ ਜਨਮ ਮਿਤੀ ਪਤਾ ਕਰਨਾ ਆਦਿ ਕਿਰਿਆਵਾਂ ਨੂੰ ਬੜੇ ਹੀ ਪ੍ਰਭਾਵਸ਼ਾਲੀ ਮਾਡਲਾਂ ਦੇ ਰੂਪ ਵਿੱਚ ਪੇਸ਼ਕਾਰੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਪੰਜਵੇਂ ਦਿਨ ਸਕੂਲਾਂ ਵੱਲੋਂ ਤਿਆਰ ਕੀਤੇ ਚਾਰਟਾਂ ਅਤੇ ਮਾਡਲਾਂ ਦੀ ਸਕੂਲ ਪੱਧਰ 'ਤੇ ਪ੍ਰਦਰਸ਼ਨੀ ਲਗਾਈ ਗਈ । ਮਾਪਿਆਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਨੇ ਇਹਨਾਂ ਮੇਲਿਆਂ ਵਿੱਚ ਸ਼ਿਰਕਤ ਕਰਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਉਤਸ਼ਾਹ ਵਧਾਇਆ।
ਅਧਿਆਪਕਾਂ ਅਨੁਸਾਰ ਗਣਿਤ ਮੇਲਿਆਂ ਦੇ ਆਯੋਜਨ ਨਾਲ਼ ਵਿਦਿਆਰਥੀਆਂ ਦੀ ਗਣਿਤ ਵਿਸ਼ੇ ਵਿੱਚ ਦਿਲਚਸਪੀ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ। ਵਿਦਿਆਰਥੀਆਂ ਨੇ ਗਣਿਤ ਵਿਸ਼ੇ ਦੀਆਂ ਗੁੰਝਲਦਾਰ ਸਮੱਸਿਆਵਾਂ ਨੂੰ ਆਪਣੇ ਹੱਥੀਂ ਵਿਵਹਾਰਕ ਤਰੀਕੇ ਨਾਲ਼ ਪੇਸ਼ ਕਰਕੇ ਉੱਪ-ਵਿਸ਼ਿਆਂ ਨੂੰ ਪੂਰੀ ਪਕੜ ਅਤੇ ਰੌਚਕਤਾ ਨਾਲ ਸਿੱਖਿਆ ਹੈ।