ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿੰਨੀ ਕਹਾਣੀ ਦੇ ਪ੍ਰੌ੍ੜ੍ਹ ਲੇਖਕ - ਹਰਭਜਨ ਖੇਮਕਰਨੀ

ਮਿੰਨੀ ਕਹਾਣੀ ਦੇ ਪ੍ਰੌ੍ੜ੍ਹ ਲੇਖਕ - ਹਰਭਜਨ ਖੇਮਕਰਨੀ

ਮਿੰਨੀ ਕਹਾਣੀ ਦੇ ਵੱਡੇ ਸਿਰਜਕ–5

ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

 

ਹਰਭਜਨ ਸਿੰਘ ਖੇਮਕਰਨੀ ਪੰਜਾਬੀ ਸਾਹਿਤ ਜਗਤ ਦੀ ਚਰਚਿਤ ਸ਼ਖਸੀਅਤ ਹਨ। ਕਹਾਣੀ, ਮਿੰਨੀ ਕਹਾਣੀ ਅਤੇ ਕਵਿਤਾ ਦੇ ਖੇਤਰ ਵਿੱਚ ਚੰਗਾ ਨਾਂਅ ਹੈ। ਪੰਜਾਬੀ ਮਿੰਨੀ ਕਹਾਣੀ ਦੇ ਖੇਤਰ ਵਿੱਚ ਖੇਮਕਰਨੀ ਸਾਹਿਬ ਦਾ ਨਾਂ ਮੋਹਰਲੀਆਂ ਸਫਾਂ ਵਿੱਚ ਆਉਦਾ ਹੈ। ਇਹ ਮਿੰਨੀ ਕਹਾਣੀ ਵਿੱਚ ਰਚਨਾਤਮਕ ਯੋਗਦਾਨ ਦੇ ਨਾਲ ਇਸ ਦੇ ਵਿਕਾਸ ਵਿੱਚ ਵੀ ਭਰਵਾਂ ਯੋਗਦਾਨ ਪਾ ਰਹੇ ਹਨ। ਹਰ ਸਾਲ ਮਿੰਨੀ ਕਹਾਣੀ ਮੁਕਾਬਲਾ ਕਰਵਾ ਕੇ ਨਵੇ ਅਤੇ ਪੁਰਾਣੇ ਲੇਖਕਾਂ ਨੂੰ ਹੌਸਲਾ ਦੇਣਾ ਵੀ ਖੇਮਕਰਨੀ ਦੇ ਹਿੱਸੇ ਹੀ ਆਇਆ ਹੈ। ਬੁਜ਼ਰਗ ਹੋਣ ਦੇ ਬਾਵਜੂਦ  ਇਹ ਦੂਰ ਦਰਾਡੇ ਹੁੰਦੇ ਸਾਹਿਤਕ ਪ੍ਰੋਗਰਾਮਾਂ ਵਿੱਚ ਨੌਜਵਾਨਾਂ ਵਾਂਗ ਭਾਗ ਲੈਦੇ ਹਨ।

 

 

ਹਰਭਜਨ ਸਿੰਘ ਖੇਮਕਰਨੀ ਹੁਰਾਂ ਦੀਆਂ ਰਚਨਾਵਾਂ ਸਮਾਜਿਕ ਵਿਤਕਰੇ, ਗਿਰ ਰਹੀਆਂ ਨੈਤਿਕ ਕਦਰਾਂ ਕੀਮਤਾਂ, ਮਨੁੱਖ ਦੇ ਦੰਭੀ ਕਿਰਦਾਰ, ਬੁਜ਼ਰਗਾਂ ਦੀ ਦੁਰਦਸ਼ਾ, ਰਿਸ਼ਤਿਆ ਦੀ ਟੁੱਟ–ਭੱਜ ਆਦਿ ਵਿਸ਼ਿਆਂ ਨੂੰ ਬਾਖੂਬੀ ਉਭਾਰਦੀਆਂ ਹਨ। ਹੁਣ ਤੱਕ ਉਨ੍ਹਾਂ ਦੇ ਚਾਰ ਮੌਲਿਕ ਕਹਾਣੀ ਸੰਗ੍ਰਹਿਗਲੀ ਦਾ ਸਫ਼ਰ, ਵੇਲਾ ਕੁਵੇਲਾ, ਸੁਮੇਲ ਤੋਂ ਪਾਰ ਤੇ ‘‘ਕੋਕੂਨ ਵਿਚਲਾ ਆਦਮੀ’’, ਦੋ ਮਿੰਨੀ ਕਹਾਣੀ ਸੰਗ੍ਰਹਿਥਿੰਦਾ ਘੜਾ’’ ਤੇਚਾਨਣ’’ ਤੇ ਦੋ ਕਾਵਿ ਸੰਗ੍ਰਹਿਠੰਡੀ ਤੱਤੀ ਰੇਤ’’ ਅਤੇਖ਼ੁਸਬੂ ਦਾ ਦਰਦ’’ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਉਨਾਂ ਦੀਆਂ ਮਿੰਨੀ ਕਹਾਣੀਆਂ ਨੂੰ ਡਾ. ਸਿਆਮ ਸੁੰਦਰ ਦੀਪਤੀਜਾਗਤੀ ਆਖੋਂ ਕਾ ਸੁਪਨਾਪੁਸਤਕ ਤਹਿਤ ਹਿੰਦੀ ਵਿਚ ਅਨੁਵਾਦ ਕਰ ਚੁੱਕੇ ਹਨ। ਇਸ ਤੋਂ ਇਲਾਵਾ ਇਨਾਂ ਦੀਆਂ ਮਿੰਨੀ ਕਹਾਣੀਆਂ ਉਰਦੂ, ਮਰਾਠੀ, ਸ਼ਾਹਮੁਖੀ, ਅੰਗ੍ਰੇਜ਼ੀ ਆਦਿ ਭਾਸ਼ਾਵਾਂ ਵਿਚ ਵੀ ਅਨੁਵਾਦ ਹੋ ਚੁੱਕੀਆਂ ਹਨ।

 

 

ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਦੇ ਬਤੌਰ ਕਨਵੀਨਰ ਕਾਰਜ ਕਰਦਿਆਂ ਉਹ ਮਿੰਨੀ ਕਹਾਣੀ ਵਿਧਾ ਦੇ ਵਿਕਾਸ ਲਈ ਉਚੇਚੇ ਯਤਨ ਕਰ ਰਹੇ ਹਨ। ਮਿੰਨੀ ਕਹਾਣੀ ਵਿਧਾ ਨਾਲ ਕੁੱਝ ਅਜਿਹੇ ਲੇਖਕ ਪ੍ਰਤੀਬੱਧਤਾ ਨਾਲ ਜੁੜੇ ਹੋਏ ਹਨ ਜਿੰਨਾਂ ਦੇ ਜੇਕਰ ਸਮੁੱਚੇ ਕਾਰਜ ਨੂੰ ਵਾਚਿਆ ਜਾਵੇ ਤਾਂ ਉਹ ਕਿਸੇ ਸੰਸਥਾ ਤੋਂ ਘੱਟ ਨਹੀਂ। ਤ੍ਰੈਮਾਸਿਕਮਿੰਨੀਦੇ ਸੰਪਾਦਕੀ ਮੰਡਲ ਵਿਚ ਵੀ ਖੇਮਕਰਨੀ ਹੁਰਾਂ ਦਾ ਯੋਗਦਾਨ ਗੌਲਣਯੋਗ ਹੈ। ਇੰਨਾਂ ਦੀਆਂ ਰਚਨਾਵਾਂ ਨੂੰ ਕਈ ਮਾਨ-ਸਨਮਾਨ ਵੀ ਮਿਲ ਚੁੱਕੇ ਹਨ।ਪੇਸ਼ ਹਨ ਉਨ੍ਹਾਂ ਦੀਆਂ ਖੁਬਸੂਰਤ ਮਿੰਨੀ ਕਹਾਣੀਆਂ:-

===========

 

 

ਮਹੱਤਵਪੂਰਨ ਦਿਨ

 

ਮਹੀਨੇ ਦੀ ਪਹਿਲੀ ਤਰੀਕ ਨੂੰ ਬੈਂਕਚੋਂ ਪੈਸੇ ਕਢਵਾਉਣ ਦੀ ਮਜ਼ਬੂਰੀ-ਵੱਸ ਮੈਨੂੰ ਵੀ ਲੰਬੀ ਕਤਾਰ ਦਾ ਹਿੱਸਾ ਬਨਣਾ ਪਿਆ। ਕਾਉਂਟਰ ਵੱਲ ਹੌਲੀ-ਹੌਲੀ ਸਰਕ ਰਹੀ ਕਤਾਰ ਵਿਚ ਬਹੁਤੇ ਬਜ਼ੁਰਗ ਹੀ ਸਨ, ਜੋ ਸ਼ਾਇਦ ਪੈਨਸ਼ਨ ਦੇ ਪੈਸੇ ਕਢਵਾਉਣ ਆਏ ਸਨ। ਸਮਾਂ ਕੱਟਣ ਲਈ ਅਨਜਾਣ ਬੰਦਿਆਂ ਨਾਲ ਵੀ ਗੱਲਾਂ ਦੀ ਸਾਂਝ ਪਾਈ ਜਾ ਰਹੀ ਸੀ। ਕੁਝ ਜੀਵਨ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਨੂੰ ਸਾਂਝਿਆਂ ਕਰ ਰਹੇ ਸਨ ਤੇ ਕੁਝ ਘਰੋਗੀ ਹਾਲਾਤ ਦਾ ਰੋਣਾ ਰੋ ਰਹੇ ਸਨ। ਉਦੋਂ ਹੀ ਮੈਥੋਂ ਤਿੰਨ ਕੁ ਆਦਮੀਆਂ ਬਾਅਦ ਖੜੇ ਬਜ਼ੁਰਗ ਦੇ ਬੋਲ ਕੰਨੀਂ ਪਏ ਕਿ, ‘ ਕਿਸਮਤ ਵਾਲਿਆਂ ਦੇ ਬੱਚੇ ਹੀ ਆਪਣੇ ਮਾਪਿਆਂ ਨੂੰ ਪਿਛਲੀ ਉਮਰੇ ਪੂਜਣ-ਯੋਗ ਸਮਝਦਿਆਂ ਸੇਵਾ ਕਰਦੇ ਨੇ। ਬਹੁਤਿਆਂ ਕੋਲੋਂ ਤਾਂ ਹਰ ਮਹੀਨੇ ਕਿਸੇ ਨਾ ਕਿਸੇ ਬਹਾਨੇ ਪੈਨਸ਼ਨ ਵੀ ਖੋਹ ਲਈ ਜਾਂਦੀ ਤੇ ਉਹਨਾਂ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਮੰਗਤਿਆਂ ਵਾਂਗ ਪੁੱਤਰਾਂ-ਨੂੰਹਾਂ ਅੱਗੇ ਹੱਥ ਅੱਡਣੇ ਪੈਂਦੇ ਨੇ।

 

 ‘‘ਭਾਈ ਸਾਹਿਬ! ਤੁਸੀਂ ਠੀਕ ਕਹਿੰਦੇ ਹੋ। ਮੇਰਾ ਮੁੰਡਾ ਬਾਹਰ ਗੇਟ ਮੱਲ ਕੇ ਖੜਾ ਕਿ ਕਦੋਂ ਮੈਂ ਬਾਹਰ ਆਵਾਂ ਤੇ ਉਹ ਮੈਥੋਂ ਪੈਸੇ ਖੋਹੇ। ਇਕ ਹੋਰ ਨੇ ਗੱਲ ਅੱਗੇ ਤੋਰੀ।’’

 

‘‘ਬਈ ਮੇਰੇ ਬੱਚੇ ਤਾਂ ਪੈਨਸ਼ਨ ਨੂੰ ਹੱਥ ਨਹੀਂ ਲਾਉਂਦੇ। ਜਿੱਥੇ ਮਰਜੀ ਖਰਚਾਂ। ਪਹਿਲੀ ਨੂੰ ਦੋਸਤ-ਮਿੱਤਰਾਂ ਨੂੰ ਮਿਲ ਜਾਈਦਾ ਤੇ ਤਨਖਾਹ ਵਾਂਗ ਪੈਨਸ਼ਨ ਜੇਬ ਵਿਚ ਪਾ ਕੇ ਖੁਸ਼ੀ ਜਿਹੀ ਵੀ ਹੁੰਦੀ ਏ।’’ ਇਕ ਹੋਰ ਆਦਮੀ ਆਪਣੀ ਗੱਲ ਕਹਿੰਦਿਆ ਮੁਸਕਰਾ ਰਿਹਾ ਸੀ।

 

‘‘ਘਰੋਗੀ ਹਾਲਾਤ ਤਾਂ ਬਈ ਸਭ ਦੇ ਆਪਣੇ-ਆਪਣੇ ਹੁੰਦੇ ਨੇ। ਮੇਰਾ ਇਕ ਲੜਕਾ ਡਾਕਟਰ ਰੇਲਵੇ ਵਿਚ ਤੇ ਇਕ ਫੌਜ ਵਿਚ ਮੇਜਰ ਏ। ਖੁੱਲਾ ਖਰਚਣ ਨੂੰ ਦਿੰਦੇ ਨੇ। ਧੀਆਂ ਆਪਣੇ ਘਰੀਂ ਨੇ। ਕੋਈ ਜਿੰਮੇਵਾਰੀ ਨਹੀਂ। ਮੈਂ ਪੈਨਸ਼ਨ ਦਾ ਇਕ ਪੈਸਾ ਵੀ ਘਰ ਨਹੀਂ ਲਿਜਾਂਦਾ। ਚਾਰ ਗਰੀਬ ਪਰਿਵਾਰਾਂ ਦੀ ਮਦਦ ਹਰ ਮਹੀਨੇ ਬੰਨੀ ਹੋਈ ਏ।’’

 

ਉਸ ਬਜ਼ੁਰਗ ਦੀ ਆਵਾਜ਼ ਜਿੱਥੋਂ ਤੀਕ ਲਾਈਨ ਵਿਚ ਖੜੇ ਲੋਕਾਂ ਦੇ ਕੰਨੀਂ ਪਈ, ਸਭ ਨੇ ਆਪੋ-ਆਪਣੇ ਤੀਰ ਛੱਡੇ।

 

‘‘ਬਜ਼ੁਰਗਾਂ ਨੂੰ ਗੱਪ ਮਾਰਨ ਦੀ ਆਦਤ ਲਗਦੀ ਏ।’’

 

‘‘ਦਾਨ ਕਰਨ ਵਾਲੇ ਢਿੰਡੋਰਾ ਨਹੀਂ ਪਿੱਟਦੇ।’’

 

‘‘ਪਹਿਲੀ ਤਰੀਕ ਨੂੰ ਕੀ ਲੋੜ ਲਾਈਨ ਵਿਚ ਧੱਕੇ ਖਾਣ ਦੀ।’’

 

‘‘ਭਾਈ ਸਾਹਿਬ, ਜੇਕਰ ਤੁਸਾਂ ਪੈਨਸ਼ਨ ਕਢਾ ਕੇ ਦਾਨ ਹੀ ਕਰਨੀ ਤਾਂ ਦਸ-ਬਾਰਾਂ ਤਰੀਕ ਨੂੰ ਆਇਆ ਕਰੋ। ਧੱਕਿਆਂ ਤੋਂ ਬਚਾ ਹੋਜੇਗਾ।’’ ਸੋਟੀ ਆਸਰੇ ਖੜੇ ਇਕ ਬਜ਼ੁਰਗ ਨੇ ਕਹਿ ਹੀ ਦਿੱਤਾ।

 

‘‘ਤੁਸੀਂ ਠੀਕ ਕਹਿੰਦੇ ਹੋ, ਪਰ ਜਿਨਾਂ ਪਰਿਵਾਰਾਂ ਦੀ ਮੈਂ ਮਦਦ ਕਰਦਾ ਹਾਂ, ਉਹਨਾਂ ਦੀਆਂ ਲੋੜਾਂ ਵੀ ਤਾਂ ਪਹਿਲੀ ਤਰੀਕ ਨਾਲ ਜੁੜੀਆਂ ਹੋਈਆਂ ਨੇ।’’

 

ਲਾਈਨ ਵਿਚ ਕੁਝ ਪਲ ਲਈ ਖਾਮੋਸ਼ੀ ਛਾ ਗਈ।

==============

 

ਬਹਾਨਾ

 

ਸਕੂਟਰ ਦੇ ਪਿੱਛੇ ਬੈਠੀ ਪਤਨੀ ਦੀ ਅੱਖ ਲਾਗੇ, ਹਵਾ ਵਿਚ ਉੱਡਦੀ ਕਿਸੇ ਜ਼ਹਿਰੀਲੀ ਚੀਜ਼ ਨੇ ਡੰਗ ਮਾਰਿਆ ਤਾਂ ਉਹ ਤੜਪ ਉੱਠੀ। ਵੇਖਦਿਆਂ-ਵੇਖਦਿਆਂ ਹੀ ਅੱਖ ਤੇ ਸੋਜ਼ ਆਉਣੀ ਸ਼ੁਰੂ ਹੋ ਗਈ। ਰਸਤੇ ਵਿਚ ਡਾਕਟਰ ਦਾ ਕਲਿਨਿਕ ਵੇਖ, ਉਹ ਰੁਕ ਗਏ।

 

ਡਾਕਟਰ ਨੇ ਚੈੱਕ ਕਰਨ ਉਪਰੰਤ ਅੰਦਾਜ਼ੇ ਨਾਲ ਕਿਹਾ, ਭੂੰਡ ਲੜ ਗਿਆ ਜਾਪਦੈ, ਘਬਰਾਉਣ ਦੀ ਕੋਈ ਗੱਲ ਨਹੀਂ। ਛੇ-ਅੱਠ ਘੰਟਿਆਂ ਵਿਚ ਸੋਜ਼ ਉਤਰ ਜਾਵੇਗੀ। ਐਹ ਦਰਦ ਵਾਸਤੇ ਗੋਲੀਆਂ ਨੇ, ਤਿੰਨ-ਤਿਨ ਘੰਟੇ ਬਾਦ ਖਾ ਲੈਣੀਆਂ।

 

ਭੂੰਡਾਂ ਦੀਆਂ ਖੱਖਰਾਂ ਤਾਂ ਮੇਰੇ ਵਿਹੜੇ ਦੀ ਨਿੰਮ ਤੇ ਵੀ ਨੇ। ਉਹਨਾਂ ਨੂੰ ਲਾਹੁਣਾ ਮੈਂ ਪਿੰਡ ਤਬਾਹ ਕਰਨ ਦੇ ਬਰਾਬਰ ਸਮਝਦੈਂ। ਪਰ ਹੁਣ ਕੁਝ ਕਰਨਾ ਹੀ ਪੈਣੈ।ਘਰ ਵੱਲ ਸਕੂਟਰ ਚਲਾਉਂਦਿਆਂ ਪਤਨੀ ਦੀ ਅੱਖ ਤੇ ਵਧ ਰਹੀ ਸੋਜ਼ ਨੂੰ ਵੇਖਦਿਆਂ ਉਹ ਮਨ ਹੀ ਮਨ ਬੁੜਬੁੜਾਇਆ।

 

ਘਰ ਆਉਂਦਿਆਂ ਹੀ ਉਸਨੇ ਡਾਂਗ ਦੇ ਸਿਰੇ ਤੇ ਕਪੜਾ ਬੰਨ, ਮਿੱਟੀ ਦਾ ਤੇਲ ਪਾ ਕੇ ਅੱਗ ਲਾਈ ਤਾਂ ਧੂਆਂ ਦੇਖ ਗੁਆਂਢੀ ਭੱਜਾ-ਭੱਜਾ ਆਇਆ।

 

‘‘ਇਹ ਕੀ ਕਰਨ ਲੱਗੇ ?’’

 

‘‘ਯਾਰ, ਸਕੂਟਰ ਤੇ ਆਉਂਦਿਆਂ ਪਤਨੀ ਦੀ ਅੱਖ ਤੇ ਭੂੰਡ ਲੜ ਗਿਆ, ਮੈਂ ਸਾਰੇ ਮਾਰ ਦੇਣੇ ਨੇ।’’ ਵਿਹੜੇ ਦੀ ਨਿੰਮ ਤੇ ਲੱਗੀ ਭੂੰਡਾਂ ਦੀ ਖੱਖਰ ਵੱਲ ਇਸ਼ਾਰਾ ਕਰਦਿਆਂ ਉਹ ਬੋਲਿਆ।

 

‘‘ਪਰ ਯਾਰ, ਕਸੂਰ ਤਾਂ ਸੜਕ ਵਾਲੇ ਭੂੰਡ ਦਾ ਸੀ। ਇਹ ਤਾਂ ਬੇਦੋਸ਼ੇ ਨੇ।’’

 

 ‘‘ਬੇਦੋਸ਼ੇ! ਹਮਲਾਵਰ ਤਾਂ ਇਹਨਾਂ ਦੀ ਕੌਮ ਦਾ ਸੀ।’’ ਕਹਿੰਦਿਆਂ ਉਹ ਨਿੰਮ ਤੇ ਲੱਗੀਆਂ ਖੱਖਰਾਂ ਸਾੜਨ ਲੱਗ ਪਿਆ।

 

==============

 

ਥਿੰਦਾ ਘੜਾ

 

ਬੀ.ਐਸ. ਗਿੱਲ ਦੀ ਨੇਮ-ਪਲੇਟ ਪੜਦਿਆਂ ਅਮਰੀਕ ਸਿੰਘ ਗਿੱਲ ਨੇ ਬੈੱਲ ਵਜਾਈ ਤਾਂ ਇਕ ਬਜ਼ੁਰਗ ਨੇ ਗੇਟ ਖੋਲਿਆ।

 

‘‘ਗਿੱਲ ਸਾਹਿਬ ਨੂੰ ਮਿਲਣੈ, ਦਫਤਰੋਂ ਆਇਐਂ ’’ ਬਜ਼ੁਰਗ ਨੂੰ ਸਤਿਕਾਰ ਦੇਂਦਿਆਂ ਉਸ ਨੇ ਕਿਹਾ

 

‘‘ਲੰਘ ਆਓ, ਬੈਠਕ ਵਿਚ ਬੈਠੇ ਨੇ ’’

 

ਉਹ ਬੈਠਕ ਵੱਲ ਹੋ ਗਿਆ ਤਾਂ ਉਹ ਬਜ਼ੁਰਗ ਵੀ ਗਿਆ ਗਿੱਲ ਸਾਹਿਬ ਨੇ ਆਪਣੇ ਪਿਤਾ ਜੀ ਨਾਲ ਉਸਦੀ ਜਾਣ ਪਛਾਣ ਕਰਾਈ, ‘‘ਬਾਪੂ ਜੀ, ਇਹ ਅਮਰੀਕ ਸਿੰਘ ਗਿੱਲ ਮੇਰੇ ਨਾਲ ਹੀ ਅਫਸਰ ਨੇ ’’

 

‘‘ਇਹ ਤਾਂ ਫਿਰ ਆਪਣੇ ਹੀ ਹੋਏ ਕਿ ?’’ ਚਿਹਰੇ ਤੇ ਮੁਸਕਰਾਹਟ ਲਿਆਉਂਦਿਆਂ ਬਜ਼ੁਰਗ ਨੇ ਕਿਹਾ।

 

ਦਫਤਰੀ ਮਸਲਿਆਂ ਤੋਂ ਵਿਹਲੇ ਹੋ ਉਹ ਘੁੱਟ ਘੁੱਟ ਲਾਉਣ ਲੱਗ ਪਏ ਤਾਂ ਬਜ਼ੁਰਗ ਵੀ ਉਨਾਂ ਦਾ ਸਾਥੀ ਬਣ ਗਿਆ ਅਮਰੀਕ ਸਿੰਘ ਗਿੱਲ ਨੂੰ ਧਰਮ ਪਾਲ ਵੱਲੋਂ ਖਲਾਅ ਵਿਚ ਛੱਡੇ ਅਧੂਰੇ ਵਾਕਗਿੱਲ ਸਾਹਿਬ ਦਾ ਗੋਤੀ ਅਫਸਰ ਰਿਐ, ਹੁਣ ਲੱਗ ਜਾਣਗੇ ਪਤੇ ਬਈ ਕਹਿੰਦੇ ਨਾ ਕਿ ਇਕ ਇਕ ਤੇ ਦੋ ਯਾਰਾਂਨੇ ਸਵੇਰ ਤੋਂ ਹੀ ਪ੍ਰੇਸ਼ਾਨ ਕੀਤਾ ਹੋਇਆ ਸੀ ਇਸ ਅਧੂਰੇ ਵਾਕ ਵਿਚ ਕੜਵਾਹਟ, ਈਰਖਾ, ਡਰ ਕਿੰਨਾ ਕੁਝ ਆਪਣੇ ਆਪ ਰਲਿਆ ਸੀ ਸ਼ਾਇਦ ਗੋਤ-ਭਾਈ ਸਮਝਦਿਆਂ ਹੀ ਮੈਨੂੰ ਘਰ ਬੁਲਾਇਆ ਹੋਵੇ ਤੀਸਰੇ ਪੈੱਗ ਦੇ ਖਤਮ ਹੁੰਦਿਆਂ ਹੀ ਉਹ ਨਸ਼ੇ ਦੇ ਲੋਰ ਵਿਚ ਬੋਲਿਆ, ‘‘ਗਿੱਲ ਸਾਹਿਬ ! ਸ਼ਾਇਦ ਗੋਤ-ਭਾਈ ਹੋਣ ਕਰਕੇ ਤੁਸੀਂ ਆਹ ਖੇਚਲ ਕੀਤੀ , ਪਰ ਜਿਹੜੀ ਗੱਲ ਚਾਰ ਦਿਨਾਂ ਨੂੰ ਕਿਸੇ ਨੇ ਕਹਿਣੀ ਉਹ ਮੈਂ ਹੀ ਦਸ ਦੇਣਾ ਚਾਹਾਂਗਾ ਕਿ ਮੈਂ ਗਿੱਲ ਨਹੀਂ ਹਾਂ ਇਹ ਤਾਂ ਮੇਰਾ ਪਿੰਡ ਗਿੱਲ-ਕਲਾਂ ਹੋਣ ਕਰਕੇ ਮੇਰੇ ਨਾਂ ਨਾਲ ਜੁੜ ਗਿਐ ’’

 

‘‘ ਛੱਡ ਯਾਰ ਇਹਨਾਂ ਗੱਲਾਂ ਨੂੰ ਪੰਜਾਹ ਸਾਲ ਹੋ ਗਏ ਆਪਾਂ ਨੂੰ ਆਜ਼ਾਦ ਹੋਇਆਂ, ਪਰ ਇਸ ਜਾਤ ਗੋਤ ਨੇ ਸਾਨੂੰ ਅਜੇ ਵੀ ਓਨਾ ਜਕੜਿਆ , ਜਿੰਨਾ ਪੰਜ ਸੌ ਸਾਲ ਪਹਿਲਾਂ ਤੇਰੀ ਇਸ ਸਾਫਗੋਈ ਨੇ ਮੇਰੇ ਦਿਲ ਵਿਚ ਹੋਰ ਇੱਜ਼ਤ ਵਧਾ ਦਿੱਤੀ , ਉਂਜ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਤੂੰ ਮਜ਼ਬੀ-ਗਿੱਲ ਏਂ ’’

 

ਇੰਨੀ ਗੱਲ ਸੁਣਦਿਆਂ ਹੀ ਬਜ਼ੁਰਗ ਦੇ ਮੱਥੇ ਤੇ ਤਿਉੜੀਆਂ ਉਭਰ ਆਈਆਂ ਅਮਰੀਕ ਸਿੰਘ ਪੈੱਗ ਖਾਲੀ ਕਰਦਿਆਂ ਉੱਠਿਆ ਤੇ ਇਜ਼ਾਜ਼ਤ ਲੈ ਗੇਟ ਵੱਲ ਵਧਿਆ ਅਜੇ ਉਹ ਸਕੂਟਰ ਸਟਾਰਟ ਕਰਨ ਹੀ ਲੱਗਾ ਸੀ ਕਿ ਉਸ ਨੇ ਕੱਚ ਦਾ ਗਲਾਸ ਟੁੱਟਣ ਦੀ ਆਵਾਜ਼ ਇਸ ਤਰਾਂ ਦੀ ਸੁਣੀ ਜਿਉਂ ਗਲਾਸ ਨੂੰ ਜਾਣ ਬੁੱਝ ਕੇ ਕੰਧ ਨਾਲ ਮਾਰਿਆ ਗਿਆ ਹੋਵੇ

 

===========

 

ਖ਼ੁਰਦੀਆਂ ਪੈੜਾਂ          

 

ਸ਼ਾਮੀ ਲੱਗ-ਭੱਗ ਸੱਤ ਕੁ ਵਜੇ ਮਾਂ ਦੀ ਹੋਈ ਅਚਾਨਕ ਮੌਤ ਨੇ ਗਗਨਜੋਤ ਤੇ ਉਸ ਦੇ ਪਰਵਾਰ ਨੂੰ ਗ਼ਮ ਦੇ ਬਦਲਾਂ ਨੇ ਘੇਰ ਲਿਆ ਸੀ। ਗਗਨਜੋਤ ਦੀ ਨਿਕਲੀ ਲੇਰ ਸੁਣਕੇ ਆਂਢੀ-ਗੁਆਂਢੀ ਭੱਜੇ ਆਏ ਸਨ। ਉਹ ਹਰ ਆਉਣ ਵਾਲੇ ਨੂੰ ਮਾਂ ਦੀ ਮੌਤ ਬਾਰੇ ਹਟਕੋਰੇ ਲੈਦਿਆਂ ਸੰਖੇਪ ਜਿਹਾ ਵੇਰਵਾ ਸੁਣਾਉਦੀ ਤਾਂ ਸੁਣਨ ਵਾਲਾ ਦਿਲਾਸੇ ਭਰੇ ਸ਼ਬਦ ਕਹਿ ਕੇ  ਪ੍ਰਾਣੀ ਨੂੰ ਸਵੇਰੇ ਸਸਕਾਰ ਲਈ ਲਿਜਾਣ ਦੇ ਸਮੇਂ ਬਾਰੇ ਅੱਖਾਂ ਰਾਹੀ ਸੁਆਲ ਕਰਦਾ ਕਹਿੰਦਾ, “ਕੋਈ ਜ਼ਰੂਰਤ ਹੋਵੇ ਤਾਂ ਦੱਸਣਾ!” ਗ਼ਮਗੀਨ ਹੋਇਆ ਜਗਜੀਵਨ ਸਿੰਘ ਰਿਸ਼ਤੇਦਾਰਾਂ ਨੂੰ ਮੋਬਾਇਲ ਤੇ ਅਪਣੀ ਸੱਸ ਦੀ ਮੌਤ ਦੀ ਸੂਚਨਾ ਦਿੰਦਾ ਤਾਂ ਸੁਣਨ ਵਾਲਾ ਹੌਂਸਲੇ ਭਰੇ ਸ਼ਬਦ ਬੋਲਦਿਆਂ ਦੱਬੀ ਆਵਾਜ਼ ਵਿਚ ਸਸਕਾਰ ਦੇ ਸਮਂੇ ਬਾਰੇ ਜ਼ਰੂਰ ਪੁੱਛਦਾ।   

     

ਸਵੇਰੇ ਦੱਸ ਕੁ ਵਜੇ ਦੂਰੋਂ-ਨੇੜਿਉ ਪਹੁੰਚੇ ਰਿਸ਼ਤੇਦਾਰਾਂ ਦਾ ਅੰਦਾਜ਼ਾ ਲਾਉਦਿਆਂ ਇੱਕ ਨਜ਼ਦੀਕੀ ਰਿਸ਼ਤੇਦਾਰ ਪ੍ਰਾਣੀ ਨੂੰ ਮੜੀਆਂ ਵਿਚ ਲਿਜਾਣ ਬਾਰੇ ਪੁੱਛਣ ਦੇ ਅੰਦਾਜ਼ ਵਿਚ ਬੋਲਿਆ, “ਕਰਤਾਰ ਸਿਹਾਂ, ਤੂੰ ਹੀ ਘਰ ਵਿਚ ਵੱਡਾ ਏਂ ਤੇ ਇਹ ਸਾਰੀ ਜਿੰਮੇਵਾਰੀ ਤੇਰੇ ਤੇ ਆਣ ਪਈ , ਅੰਦਰ ਜਾ ਕੇ ਬੀਬੀਆਂ ਨੂੰ ਕਹਿ ਕਿ ਪ੍ਰਾਣੀ ਦਾ ਇਸ਼ਨਾਨ ਕਰਾਉਣ।ਕਰਤਾਰ ਸਿੰਘ ਨੇ ਕੋਲ ਬੈਠੇ ਵੱਡੇ ਮੂੰਡੇ ਨੂੰ ਸੈਣਤ ਨਾਲ ਅੰਦਰ ਜਾ ਕੇ ਉਹੀ ਗੱਲ ਦੁਹਰਾਉਣ ਦਾ ਇਸ਼ਾਰਾ ਕੀਤਾ। ਜਦੋਂ ਮੁੰਡਾ ਅੰਦਰ ਚਲਿਆ ਗਿਆ ਤਾਂ ਇੱਕ ਹੋਰ ਰਿਸ਼ਤੇਦਾਰ ਬੋਲਿਆ, “ਭਾਊ ਜੀ, ਮੁੰਡੇ ਨੂੰ ਅਪਣੀ ਚਾਚੀ ਦੀਆਂ ਆਖ਼ਰੀ ਰਸਮਾਂ ਪੂਰੀਆਂ ਕਰਨ ਬਾਰੇ ਦੱਸ ਦਿੱਤਾ ਹੋਣੈ, ਵਿਚਾਰੀ ਦਾ ਅਪਣਾ ਪੁੱਤ ਜੁ ਨਹੀਂ !”

 

 “ਰਾਤੀਂ ਇਸ ਗੱਲ ਤੇ ਬੜੀ ਬਹਿਸ ਹੋਈ ਕਿ ਲਾਂਬੂ ਕੌਣ ਲਾਊ ਪਰ ਸਾਡੀ ਧੀ ਹੀ ਜਿਦ ਕਰੀ ਬੈਠੀ ਕਿ ਆਖਰੀ ਰਸਮਾਂ ਜੁਆਈ ਹੱਥੋਂ ਹੋਣਗੀਆਂ। ਅਖੇ, ਮਾਂ ਦੀ ਆਖਰੀ ਇੱਛਾ ਏ।

 

ਉਸਦੀ ਗੱਲ ਸੁਣਦਿਆਂ ਦਰੀ ਤੇ ਬੈਠੇ ਲੋਕਾਂ ਵੱਲੋਂ ਆਪੋ-ਆਪਣੇ ਬਾਣ-ਵਾਕ ਚਲਣੇ ਸ਼ੁਰੂ ਹੋ ਗਏ।

 

--ਹੱਕ ਤਾਂ ਜੁਆਈ ਦਾ ਹੀ ਬਣਦੈ, ਪੁੱਤ ਬਣ ਕੇ ਸੱਸ ਦੀ ਸੇਵਾ ਕੀਤੀ ਸੂ।

 

--ਪਰ  ਕਹਿੰਦੇ ਨੇ ਕਿ ਜੁਆਈ-ਭਾਈ ਨੂੰ  ਅਰਥੀ ਨੂੰ ਹੱਥ ਨਹੀਂ ਲਾਉਣ ਦੇਈਦਾ।

 

--ਤੁਸੀਂ ਠੀਕ ਕਹਿੰਦੇ , ਇਹ ਕੰਮ ਕਰਨ ਲਈ ਕੋਈ ਜੱਦ ਵਿਚੋਂ ਹੋਣਾ ਚੀਹੀਦੈ

 

-- ਅਖ਼ਬਾਰਾਂ ਵਿਚੋਂ ਮੈਂ ਪੜਿਐ ਕਿ ਧੀ ਨੇ ਹੀ ਪਿਓ ਦਾ ਸਸਕਾਰ ਕੀਤੇ

 

--ਗੱਲ ਤਾਂ ਇੱਜ਼ਤ-ਮਾਣ ਨਾਲ ਮਿੱਟੀ ਸਾਂਭਣ ਦੀ , ਤੁਸੀਂ ਸੋਚ-ਵਿਚਾਰ ਕਰ ਲਓ

 

--ਵੈਸੇ ਸੋਚਿਆ ਜਾਵੇ ਤਾਂ ਗੋਦ ਲਿਆ ਪੁੱਤਰ ਕਿਹੜਾ ਜੱਦ ਵਿੱਚੋਂ ਹੰੁਦੈ ਪਰ ਉਸਨੂੰ ਆਖਰੀ ਰਸਮਾਂ ਪੂਰੀਆਂ ਕਰਨ ਦਾ ਹੱਕ ਹੁੰਦੈ ਸਮੇਂ ਅਨੁਸਾਰ ਚੱਲਣ ਵਿਚ ਕੀ ਹਰਜ਼

 

--ਜੇ ਸਮਝਿਆ ਜਾਵੇ ਤਾਂ ਜੁਆਈ ਵੀ ਗੋਦ ਲਿਆਂ ਵਰਗੇ ਹੀ ਹੁੰਦੇ ਨੇ

 

--ਫਿਰ ਹੁਣ ਦੁਚਿਤੀ ਕਿਉ?

 

ਹਵਾ ਵਿਚ ਉਛਲੇ ਬੋਲਾਂ ਨਾਲ ਹੀ ਚਾਰੇ ਪਾਸੇ ਖ਼ਾਮੋਸ਼ੀ ਛਾ ਗਈ

==============

 

ਨੂੰਹ ਬਨਾਮ ਨੂੰਹ

 

ਨਵਾਂ ਸਕੂਟਰ ਖਰੀਦਣ ਬਾਰੇ ਘਰ ਵਿਚ ਚਰਚਾ ਚੱਲ ਰਹੀ ਸੀ ਕਦੇ ਬੈਂਕ ਤੋਂ ਵਿਆਜੀ ਪੈਸੇ ਲੈਣ ਦੀ ਗੱਲ ਚਲਦੀ ਤੇ ਕਦੇ ਕਿਸੇ ਸਮਰਥ ਰਿਸ਼ਤੇਦਾਰ ਕੋਲੋਂ ਹੱਥ ਉਧਾਰ ਫੜਣ ਦੀ, ਪਰ ਗੱਲ ਸਿਰੇ ਨਹੀਂ ਸੀ ਲੱਗ ਰਹੀ ਮਨਜੋਤ ਦੀ ਸੱਸ ਅਸਿੱਧੇ ਤੌਰ ਤੇ ਉਸ ਨੂੰ ਪੇਕਿਓਂ ਪੈਸੇ ਲਿਆਉਂ ਲਈ ਕਹਿ ਚੁੱਕੀ ਸੀ ਕਿ ਉਸ ਦੇ ਭਰਾ ਸਮਰੱਥ ਨੇ ਜੇਕਰ ਭੈਣ ਨੂੰ ਸਕੂਟਰ ਲੈ ਦੇਣਗੇ ਤਾਂ ਆਉਣ -ਜਾਣ ਦੀ ਭੈਣ ਨੂੰ ਵੀ ਤਾਂ ਮੌਜ਼ ਹੋ ਜਾਵੇਗੀ, ਪਰ ਮਨਜੋਤ ਸੁਣੀ-ਅਣਸੁਣੀ ਕਰ ਛੱਡਦੀ। ਹੁਣ ਕੁਝ ਦਿਨਾਂ ਤੋਂ ਪਤੀ ਦਾ ਰੁੱਖਾ ਵਿਵਹਾਰ ਵੀ ਮਨਜੋਤ ਨੂੰ ਇਸ ਗੱਲ ਦੀ ਪ੍ਰੋੜਤਾ ਕਰਦਾ ਜਾਪਦਾ। ਉਸ ਨੂੰ ਇੰਝ ਲੱਗਿਆ ਕਿ ਬਿਨਾਂ ਦਾਜ -ਦਹੇਜ ਤੋਂ ਕਰਵਾਏ ਆਦਰਸ਼ ਵਿਆਹ ਵੇਲੇ ਮਿੱਥੇ ਅਸੂਲਾਂ ਵਿਚ ਤਰੇੜਾਂ ਪੈਣ ਲੱਗ ਪਈਆਂ ਨੇ। ਛੇ ਮਹੀਨਿਆਂ ਵਿਚ ਹੀ ਘਰ ਦੇ ਕੁਝ ਮੈਂਬਰਾਂ ਦੇ ਵਿਵਹਾਰ ਵਿਚ ਆਈ ਤਬਦੀਲੀ ਤੋਂ ਵੀ ਉਹ   ਪਰੇਸ਼ਾਨ ਸੀ।ਉਸ ਦੀ ਸੋਚ ਇਸ ਗੱਲ ਤੇ ਕੇ ਅਟਕ ਜਾਂਦੀ ਕਿ ਇਕ ਮੰਗ ਪੂਰੀ ਹੋਣ ਤੇ ਦੂਸਰੀ ਮੂੰਹ ਅੱਡੀ ਖੜੀ ਹੋ ਜਾਣੀ ਏ। ਉਸ ਨੇ ਖਾਮੋਸ਼ੀ ਦਾ ਪੱਲਾ ਫੜੀ ਰੱਖਿਆ।

 

ਘਰ ਵਿਚ ਹੁੰਦੀ ਘੁਸਰ-ਮੁਸਰ ਨੂੰ ਭਾਂਪਦਿਆਂ ਮਨਜੋਤ ਦੇ ਸਹੁਰੇ ਨੇ ਆਪਣੀ ਪਤਨੀ ਨੂੰ ਕੋਲ ਬਿਠਾ ਸਮਝਾਉਦਿਆਂ ਕਿਹਾ ਕਿ ਉਹ ਪੇਕਿਓਂ ਪੈਸੇ ਲਿਆਉਣ ਲਈ ਨੂੰਹ ਨੂੰ ਤੰਗ ਨਾ ਕਰੇ ਤਾਂ ਅੱਗੋਂ ਪਤਨੀ ਤਮਕ ਕੇ ਬੋਲੀ, “ਰੱਖੋ ਜੀ ਆਪਣੇ ਆਦਰਸ਼ ਆਪਣੇ ਕੋਲ, ਵਿਆਹ ਵੇਲੇ ਤਾਂ ਪਿਓ-ਪੁੱਤਰ ਨੇ ਦਾਜ ਨਾ ਲੈ ਕੇ ਬੱਲੇ-ਬੱਲੇ ਕਰਾ ਲਈ, ਹੁਣ ਸਕੂਟਰ ਜੋਗੇ ਪੈਸੇ ਲੈ ਆਊ ਤਾਂ ਕੀ ਘਾਟਾ ਪੈਣ ਲਗਿਐ, ਬਥੇਰੇ ਪੈਸੇ ਵਾਲੇ ਨੇ, ਅੱਜ ਕੱਲ ਤਾਂ ਲੋਕੀ ਕਾਰਾਂ ਦਈ ਜਾਂਦੇ ਨੇ।

 

ਪੈਸੇ ਵਾਲੇ ਤਾਂ ਤੇਰੇ ਭਰਾ ਵੀ ਨੇ, ਉਨਾਂ ਕੋਲੋਂ ਸਕੂਟਰ ਜੋਗੇ ਪੈਸੇ ਮੰਗ ਲੈ, ਤੂੰ ਵੀ ਤਾਂ ਇਸ ਘਰ ਦੀ ਨੂੰਹ ਏ। ਮੈਨੂੰ ਕਿਹੜਾ ਉਨਾਂ ਉਦੋਂ ਸਕੂਟਰ ਦਿੱਤਾ ਸੀ।ਪਤੀ ਨੇ ਹੱਸਦਿਆਂ ਕਿਹਾ।

 

=============

 

ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

ਜਗਦੀਸ਼ ਰਾਏ ਕੁਲਰੀਆਂ
   

 #46, ਇੰਪਲਾਈਜ਼ ਕਾਲੋਨੀ, ਬਰੇਟਾ, ਜਿਲਾ ਮਾਨਸਾ (ਪੰਜਾਬ) – 151501

ਮੋਬਾਈਲ: 95018 77033

ਈਮੇਲ: jagdishkulrian@gmail.com

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mature Writer of Mini Kahani Harbhajan Khemkarni