ਪਿਛਲੇ ਕੁਝ ਸਮੇਂ ਦੌਰਾਨ ਮੋਹਲੀ ਅਤੇ ਖਰੜ ਦੀਆਂ ਏਟੀਐੱਮ ਮਸ਼ੀਨਾਂ `ਚੋਂ ਜਾਅਲੀ ਕਾਰਡਾਂ ਰਾਹੀਂ ਲੱਖਾਂ ਰੁਪਏ ਕਢਵਾਉਣ ਵਾਲਾ ਵਿਅਕਤੀ ਲਖਨਊ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਆਧੁਨਿਕ ਸ਼ਾਤਿਰ ਚੋਰ ਦਾ ਨਾਂਅ ਸੁਮਿਤ ਕੁਮਾਰ ਹੈ, ਜਿਸ ਨੇ ਆਪਣੀ ਐੱਮਬੀਏ ਦੀ ਪੜ੍ਹਾਈ ਅਧਵਾਟੇ ਛੱਡ ਦਿੱਤੀ ਸੀ। ਉਹ ਇੱਕ ਪੱਬ ‘ਬ੍ਰਿਯੂ-ਮਾਸਟਰ` `ਚ ਕੰਮ ਕਰਦਾ ਸੀ ਤੇ ਉੱਥੇ ਜਿਹੜੇ ਵੀ ਗਾਹਕ ਆਪਣੇ ਕਾਰਡ ਸਵੈਪ ਕਰਵਾਉਂਦੇ ਸਨ, ਉਹ ਉਨ੍ਹਾਂ ਦੇ ਕਾਰਡਾਂ ਦੇ ਵੇਰਵੇ ਚੋਰੀ ਕਰ ਲੈਂਦਾ ਸੀ। ਜਿ਼ਆਦਾਤਰ ਵੇਰਵੇ ਐੱਚਡੀਐੱਫ਼ਸੀ ਤੇ ਆਈਸੀਆਈਸੀਆਈ ਦੇ ਬੈਂਕ ਖਾਤਾ ਧਾਰਕਾਂ ਦੇ ਹੀ ਚੋਰੀ ਹੋਈ ਸਨ।
ਸਾਈਬਰ ਸੈੱਲ ਦੇ ਸੂਤਰਾਂ ਨੇ ਦੱਸਿਆ ਕਿ ਸੁਮਿਤ ਨੇ ਹੀ ਮੋਹਾਲੀ ਦੇ ਫ਼ੇਸ-ਪੰਜ `ਚ ਸਥਿਤ ਬ੍ਰਿਯੂ-ਮਾਸਟਰ ਦੇ ਇੱਕ ਹੋਰ ਮੁਲਾਜ਼ਮ ਸੌਰਭ ਨੂੰ ਕਾਰਡ ਸਕਿੱਮ ਕਰਨ ਦੇ ਯੰਤਰ ਮੁਹੱਈਆ ਕਰਵਾਏ ਸਨ। ਉਹ ਡੇਬਿਟ ਕਾਰਡਾਂ ਦੇ ਕਲੋਨ ਤਿਆਰ ਕਰਨ ਲਈ ਵਰਤਦਾ ਸੀ।
ਪੰਜਾਬ ਰਾਜ ਦੇ ਸਾਈਬਰ ਸੈੱਲ ਨੇ ਬੀਤੀ 14 ਅਗਸਤ ਨੂੰ ਮੁੱਖ ਮੁਲਜ਼ਮ ਸੁਮਿਤ ਨੂੰ ਗ੍ਰਿਫ਼ਤਾਰ ਕਰ ਕੇ ਬੁੱਧਵਾਰ ਨੂੰ ਅਦਾਲਤ ਸਾਹਵੇਂ ਪੇਸ਼ ਕੀਤਾ ਸੀ, ਜਿੱਥੇ ਉਸ ਨੂੰ 18 ਅਗਸਤ ਤੱਕ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਸੀ। ਸੌਰਭ ਦਾ ਪਹਿਲਾਂ ਹੀ ਪੁਲਿਸ ਰਿਮਾਂਡ ਦਿੱਤਾ ਹੋਇਆ ਹੈ।
ਸਕਿੱਮਿੰਗ ਉਪਕਰਨਾਂ ਦੇ ਅਸਲ ਸਰੋਤ ਦਾ ਵੀ ਪਤਾ ਲਾਇਆ ਜਾ ਰਿਹਾ ਹੈ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਸੁਮਿਤ ਐੱਮਬੀਏ ਕਰ ਰਿਹਾ ਸੀ ਪਰ ਉਹ ਪੜ੍ਹਾਈ ਵਿੱਚੇ ਹੀ ਛੱਡ ਕੇ ਸਾਈਬਰ ਅਪਰਾਧਾਂ ਦੀ ਦੁਨੀਆ `ਚ ਵੜ ਗਿਆ ਸੀ।
ਸੁਮਿਤ ਆਪਣੇ ਗਿਰੋਹ ਦੇ ਹੋਰ ਮੈਂਬਰਾਂ ਤੋਂ ਇਕੱਠੀ ਕੀਤੀ ਜਾਣਕਾਰੀ ਲੈ ਕੇ ਉਨ੍ਹਾਂ ਦੀ ਵਰਤੋਂ ਜਾਅਲੀ ਏਟੀਐੱਮ ਕਾਰਡ ਬਣਾਉਣ ਲਈ ਵਰਤਦਾ ਸੀ। ਸੁਮਿਤ ਦੇ ਗਿਰੋਹ ਦੇ ਚਾਰ ਹੋਰ ਮੈਂਬਰਾਂ - ਮਹੇਸ਼ (ਪੱਛਮੀ ਬੰਗਾਲ ਤੋਂ), ਕਰੁਣ ਇੰਦਰਪਾਲ ਸਿੰਘ (ਆਗਰਾ), ਰਾਹੁਲ (ਮੁੰਬਹੀ) ਅਤੇ ਅਰੁਣ (ਮੱਧ ਪ੍ਰਦੇਸ਼) ਨੂੰ ਵੀ ਸਾਈਬਰ ਸੈੱਲ ਨੇ ਗ੍ਰਿਫ਼ਤਾਰ ਕੀਤਾ ਹੈ।
ਮੁਢਲੀ ਜਾਂਚ ਦੌਰਾਨ ਇਹੋ ਤੱਥ ਸਾਹਮਣੇ ਆ ਰਿਹਾ ਹੈ ਕਿ ਬ੍ਰਿਯੂ-ਮਾਸਟਰ `ਚ ਹੀ ਗਾਹਕਾਂ ਦੇ ਕਾਰਡਾਂ ਦੇ ਕਲੋਨ ਤਿਆਰ ਕੀਤੇ ਜਾਂਦੇ ਸਨ ਤੇ ਉਨ੍ਹਾਂ ਰਾਹੀਂ ਬੀਤੀ 3 ਅਗਸਤ ਤੋਂ ਮੋਹਾਲੀ ਅਤੇ ਖਰੜ ਤੋਂ ਲੱਖਾਂ ਰੁਪਏ ਕਢਵਾਏ ਗਏ ਸਨ।
ਜਾਂਚ ਦੌਰਾਨ ਬ੍ਰਿਯੂ-ਮਾਸਟਰ ਦੇ ਮੁਲਾਜ਼ਮ ਸੌਰਭ `ਤੇ ਪੁਲਿਸ ਨੇ ਆਪਣਾ ਧਿਆਨ ਕੇਂਦ੍ਰਿਤ ਕੀਤਾ ਕਿਉਂਕਿ ਉਹ ਪਿਛਲੇ ਕਈ ਹਫ਼ਤਿਆਂ ਾਤੋਂ ਲਾਪਤਾ ਸੀ। ਆਖ਼ਰ ਉਸ ਨੂੰ ਬੀਤੀ 11 ਅਗਸਤ ਨੂੰ ਵਾਰਾਨਾਸੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਬਾਕੀ ਦੇ ਵੀ ਸਾਰੇ ਅਪਰਾਧੀਆਂ ਨੂੰ ਕਾਬੂ ਕੀਤਾ ਗਿਆ।
ਪੁਲਿਸ ਸੂਤਰਾਂ ਅਨੁਸਾਰ ਮੁਲਜ਼ਮ ਅਕਸਰ ਹੋਟਲਾਂ ਤੇ ਰੈਸਟੋਰੈਂਟਾਂ `ਚ ਨੌਕਰੀਆਂ ਲੱਭਦੇ ਸਨ ਤੇ ਫਿਰ ਕਾਰਡਾਂ ਦੇ ਡਾਟਾ ਚੋਰੀ ਕਰ ਕੇ ਗਾਹਕਾਂ ਦੇ ਖਾਤਿਆਂ `ਚੋਂ ਪੈਸੇ ਕਢਵਾਉਂਦੇ ਰਹਿੰਦੇ ਸਨ। ਉਹ ਡਾਟਾ ਚੋਰੀ ਕਰਨ ਲਈ ਬੈਰਿਆਂ ਵਜੋਂ ਕੰਮ ਕਰ ਰਹੇ ਸਨ।