ਮੋਹਾਲੀ ਦੇ ਸੈਕਟਰ–70 ਸਥਿਤ ਵਾਰਡ ਨੰਬਰ 47 ਤੋਂ ਨਗਰ ਕੌਂਸਲਰ ਸ੍ਰੀ ਸੁਖਦੇਵ ਸਿੰਘ ਪਟਵਾਰੀ ਨੇ ਸਬਜ਼ੀ–ਵਿਕਰੇਤਾਵਾਂ ਵੱਲੋਂ ਕੀਤੀ ਜਾ ਰਹੀ ਆਮ ਜਨਤਾ ਦੀ ਲੁੱਟ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਸ੍ਰੀ ਪਟਵਾਰੀ ਪਿਛਲੇ ਕਈ ਦਿਨਾਂ ਤੋਂ ਸਰਗਰਮ ਹਨ।
ਇੰਥੇ ਵਰਨਣਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਸਮੂਹ ਭਾਰਤ ਵਾਸੀਆਂ ਨੂੰ ਹੁਣ ਲੌਕਡਾਊਨ/ਕਰਫ਼ਿਊ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਲੋਕ–ਨੁਮਾਇੰਦਿਆਂ ਨੂੰ ਜਨਤਾ ਦੀ ਆਵਾਜ਼ ਬਣਨ ਦੀ ਲੋੜ ਹੁੰਦੀ ਹੈ। ਮੋਹਾਲੀ ’ਚ 50 ਨਗਰ ਕੌਂਸਲਰ (MC) ਹਨ ਤੇ ਉਨ੍ਹਾਂ ਸਭਨਾਂ ਨੂੰ ਹੀ ਆਮ ਜਨਤਾ ਨੂੰ ਦਰਪੇਸ਼ ਸਮੱਸਿਆਵਾਂ ਦਾ ਫੌਰੀ ਹੱਲ ਲੱਭਣ ਲਈ ਲੋਕਾਂ ਤੇ ਪ੍ਰਸ਼ਾਸਨ ਵਿਚਾਲੇ ਮਜ਼ਬੂਤ ਪੁਲ਼ ਦਾ ਕੰਮ ਕਰਨਾ ਚਾਹੀਦਾ ਹੈ।
ਕੋਰੋਨਾ–ਲੌਕਡਾਊਨ ਦੌਰਾਨ MC ਸ੍ਰੀ ਸੁਖਦੇਵ ਸਿੰਘ ਪਟਵਾਰੀ ਨੇ ਇਹ ਕੰਮ ਬਾਖੂਬੀ ਸੰਭਾਲਿਆ ਹੈ। ਉਨ੍ਹਾਂ DMO ਮੋਹਾਲੀ ਨੂੰ ਸਬਜ਼ੀ ਵਿਕਰੇਤਾਵਾਂ ਵੱਲੋਂ ਕੀਤੀ ਜਾ ਰਹੀ ਲੁੱਟ ਦੀ ਸ਼ਿਕਾਇਤ ਕੀਤੀ ਸੀ। DMO ਨੇ ਇਸ ਸਬੰਧੀ ਮਟੌਰ ਦੇ SHO ਨੂੰ ਸ਼ਿਕਾਇਤ ਕਰਨ ਲਈ ਕਿਹਾ ਹੈ।
‘ਹਿੰਦੁਸਤਾਨ ਟਾਈਮਜ਼ ਪੰਜਾਬੀ’ ਨਾਲੀ ਗੱਲਬਾਤ ਦੌਰਾਨ ਸ੍ਰੀ ਸੁਖਦੇਵ ਸਿੰਘ ਪਟਵਾਰੀ ਨੇ ਦੱਸਿਆ ਕਿ ਮੋਹਾਲੀ ਦੇ ਸੈਕਟਰ–70 ’ਚ ਸਬਜ਼ੀ ਵੇਚ ਰਹੇ ਵਿਕਰੇਤਾਵਾਂ ਦੀ ਲੁੱਟ ਤੋਂ ਲੋਕਾਂ ਨੂੰ ਬਚਾਉਣਾ ਚਾਹੀਦਾ ਹੈ। ਉਨ੍ਹਾਂ ਦੰਸਿਆ ਕਿ ਉਨ੍ਹਾਂ ਖੁਦ ਮੌਕੇ ’ਤੇ ਜਾ ਕੇ ਵੇਖਿਆ ਹੈ।
ਸ੍ਰੀ ਪਟਵਾਰੀ ਨੇ ਡੀਐੱਮਓ ਨੂੰ ਇਹ ਸਲਾਹ ਵੀ ਦਿੱਤੀ ਹੈ ਕਿ ਉਹ ਮੰਡੀ ਸੁਪਰਵਾਈਜ਼ਰ ਨੂੰ ਨਾਲ ਲੈ ਕੇ ਚੋਰੀ ਛਿਪੇ ਜਾ ਕੇ ਚੈਕਿੰਗ ਕਰਨ। ਅਜਿਹੇ ਵੇਲੇ ਉਨ੍ਹਾਂ ਨਾਲ ਸਾਦੇ ਕੱਪੜਿਆਂ ’ਚ ਪੁਲਿਸ ਵੀ ਮੌਜੂਦ ਰਹੇ।
ਸ੍ਰੀ ਪਟਵਾਰੀ ਵੱਲੋਂ ਡੀਐੱਮਓ ਨੂੰ ਕੀਤੀ ਸ਼ਿਕਾਇਤ ਮੁਤਾਬਕ ਪਿਆਜ਼ ਇਸ ਵੇਲੇ 50 ਤੋਂ 100 ਰੁਪਏ, ਟਮਾਟਰ 55 ਤੋਂ 80 ਰੁਪਏ, ਗਾਜਰ 50 ਰੁਪਏ ਫ਼ੀ ਕਿਲੋਗ੍ਰਾਮ, ਪਾਲਕ ਦੀ ਗੁੰਛੀ 40 ਰੁਪਏ, ਅਦਰਕ 250 ਰੁਪਏ, ਪਿਆਜ਼ 40 ਰੁਪਏ ਪ੍ਰਤੀ ਕਿਲੋਗ੍ਰਾਮ, ਮਟਰ 60 ਰੁਪਏ ਪ੍ਰਤੀ ਕੋਗ੍ਰਾਮ, ਅਦਰਕ 280 ਰੁਪਏ, ਹਰੀ ਮਿਰਚ 320 ਰੁਪਏ ਪ੍ਰਤੀ ਕਿਲੋਗ੍ਰਾਮ ਵੇਚ ਰਹੇ ਹਨ। ਇਸ ਤੋਂ ਇਲਾਵਾ ਸੇਬ 200 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਵੇਚੇ ਜਾ ਰਹੇ ਹਨ।
ਸ਼ਿਕਾਇਤ ’ਚ ਬੇਨਤੀ ਕੀਤੀ ਗਈ ਹੈ ਕਿ ‘ਆਪਣੀ ਮੰਡੀ’ ਵਾਂਗ ਰੇੜ੍ਹੀਆਂ ਉੱਤੇ ਸੂਚੀ ਰਖਵਾ ਕੇ ਸਬਜ਼ੀਆਂ ਵੇਚਣ ਦੀ ਹਦਾਇਤ ਜਾਰੀ ਕੀਤੀ ਜਾਵੇ।