ਅੱਜ ਪੰਜਾਬ ਦੇ ਕੁਝ ਖੇਤਰਾਂ, ਚੰਡੀਗੜ੍ਹ, ਹਰਿਆਣਾ ਤੇ ਦਿੱਲੀ ’ਚ ਹਲਕੀ ਤੇ ਦਰਮਿਆਨੀ ਵਰਖਾ ਹੋ ਰਹੀ ਹੈ ਤੇ ਨਾਲ ਹੀ ਧੁੱਪ ਵੀ ਲਿੱਕਲੀ ਹੋਈ ਹੈ। ਅੱਜ ਦੇਰ ਸ਼ਾਮੀਂ 35–40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਤੇ ਗਰਜ ਨਾਲ ਛਿੱਟਾਂ ਪੈ ਸਕਦੀਆਂ ਹਨ। ਆਉਂਦੀ 24 ਮਾਰਚ ਨੂੰ ਮੀਂਹ ਕੁਝ ਤੇਜ਼ ਹੋ ਸਕਦਾ ਹੈ ਕਿਉਂਕਿ ਤਦ ਜੰਮੂ–ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਦੇ ਉੱਚੇ ਪਹਾੜਾਂ ’ਤੇ ਬਰਫ਼ਬਾਰੀ ਹੋ ਸਕਦੀ ਹੈ।
ਸ਼ਾਮੀਂ ਸਾਢੇ ਤਿੰਨ ਵਜੇ ਤੋਂ ਬਾਅਦ ਇਹ ਖ਼ਬਰ ਲਿਖੇ ਜਾਣ ਤੱਕ ਮੋਹਾਲੀ, ਚੰਡੀਗੜ੍ਹ ਤੇ ਆਲੇ–ਦੁਆਲੇ ਦੇ ਇਲਾਕਿਆਂ ਵਿੱਚ ਹਲਕੀ ਵਰਖਾ ਸ਼ੁਰੂ ਹੋ ਗਈ ਸੀ।
ਮੌਸਮ ਵਿਭਾਗ ਅਨੁਸਾਰ ਪੱਛਮੀ ਗੜਬੜੀ ਕਾਰਨ ਮੌਸਮ ਖ਼ਰਾਬ ਹੋ ਰਿਹਾ ਹੈ। ਹੁਣ ਜਦੋਂ ਕਣਕ ਦੀ ਫ਼ਸਲ ਲਗਭਗ ਪੱਕਣ ਦੇ ਨੇੜੇ ਹੈ, ਅਜਿਹੇ ਵੇਲੇ ਮੀਂਹ ਤੇ ਗੜੇਮਾਰ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ।
ਅਗਲੇ ਦੋ–ਤਿੰਨ ਲਗਾਤਾਰ ਹਲਕੀ ਵਰਖਾ ਜਾਂ ਬਰਫ਼ਬਾਰੀ ਹੁੰਦੀ ਰਹੇਗੀ ਪਰ ਮੰਗਲਵਾਰ 24 ਮਾਰਚ ਨੂੰ ਮੀਂਹ ਤੇ ਬਰਫ਼ਬਾਰੀ ਦੋਵਾਂ ’ਚ ਹੀ ਤੇਜ਼ੀ ਆ ਜਾਵੇਗੀ।
ਅਜਿਹਾ ਮੌਸਮ ਆਉਂਦੀ 25 ਮਾਰਚ ਤੱਕ ਬਣਿਆ ਰਹੇਗਾ। ਇਸ ਦੌਰਾਨ ਹਿਮਾਚਲ ਪ੍ਰਦੇਸ਼, ਲੱਦਾਖ ਤੇ ਉਤਰਾਖੰਡ ਦੇ ਜ਼ਿਆਦਾਤਰ ਇਲਾਕਿਆਂ ’ਚ ਵਰਖਾ ਤੇ ਬਰਫ਼ਬਾਰੀ ਲਗਾਤਾਰ ਹੁੰਦੀ ਰਹੇਗੀ। ਜਿਸ ਕਾਰਨ ਅਗਲੇ ਕੁਝ ਦਿਨਾਂ ਤੱਕ ਤਾਪਮਾਨ ’ਚ ਭਾਰੀ ਗਿਰਾਵਟ ਆਵੇਗੀ।
ਜ਼ਿਆਦਾਤਰ ਥਾਵਾਂ ’ਤੇ ਤਾਪਮਾਨ 8 ਤੋਂ 10 ਡਿਗਰੀ ਸੈਲਸੀਅਸ ਰਹੇਗਾ। ਫਿਰ 26 ਮਾਰਚ ਨੂੰ ਤੇਜ਼ ਧੁੱਪ ਨਿੱਕਲੇਗੀ ਤੇ ਤਾਪਮਾਨ ਵਿੱਚ ਵਾਧਾ ਹੋਣ ਲੱਗ ਪਵੇਗਾ।
ਉਸ ਤੋਂ ਬਾਅਦ ਦੋ–ਤਿੰਨ ਦਿਨ ਮੌਸਮ ਖੁਸ਼ਕ ਹੀ ਬਣਿਆ ਰਹੇਗਾ। 30 ਅਤੇ 31 ਮਾਰਚ ਨੂੰ ਫਿਰ ਉੱਤਰੀ ਭਾਰਤ ਦੇ ਮੈਦਾਨਾਂ ’ਚ ਮੀਂਹ ਤੇ ਪਹਾੜਾਂ ’ਤੇ ਬਰਫ਼ਬਾਰੀ ਦਾ ਮੌਸਮ ਬਣ ਸਕਦਾ ਹੈ ਪਰ ਤਦ ਠੰਢ ਵਿੱਚ ਓਨੀ ਤੇਜ਼ੀ ਨਹੀਂ ਰਹੇਗੀ।
ਇਸ ਵਾਰ ਮਾਰਚ ਮਹੀਨੇ ਦੌਰਾਨ ਜੰਮੂ–ਕਸ਼ਮੀਰ, ਹਿਮਾਚਲ ਪ੍ਰਦੇਸ਼, ਲੱਦਾਖ ਤੇ ਉੱਤਰਾਖੰਡ ’ਚ ਆਮ ਨਾਲੋਂ ਕਾਫ਼ੀ ਜ਼ਿਆਦਾ ਵਰਖਾ ਹੋਈ ਹੈ। ਉੱਤਰੀ ਹਿੱਸਿਆਂ ’ਚ 1 ਮਾਰਚ ਤੋਂ 20 ਮਾਰਚ ਤੱਕ ਆਮ ਨਾਲੋਂ 90 ਫ਼ੀ ਸਦੀ ਵੱਧ ਵਰਖਾ ਹੋਈ ਹੈ।