ਹਰੇਕ ਵਿਅਕਤੀ ਨਵੇਂ ਸਾਲ ਦਾ ਜਸ਼ਨ ਆਪਣੀ ਮਨਪਸੰਦ ਥਾਂ 'ਤੇ ਜਾ ਕੇ ਮਨਾਉਣਾ ਚਾਹੁੰਦਾ ਹੈ। ਪਰ ਸਿੱਖਾਂ ਦੇ ਲਈ ਨਵਾਂ ਸਾਲ ਮਨਾਉਣ ਲਈ ਹਰਿਮੰਦਰ ਸਾਹਿਬ ਤੋਂ ਪਾਵਨ ਤੇ ਪਵਿੱਤਰ ਸਥਾਨ ਧਰਤੀ 'ਤੇ ਹੋਰ ਕੋਈ ਨਹੀਂ ਹੋਵੇਗਾ।

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਂ ਨੇ ਹਰਿਮੰਦਰ ਸਾਹਿਬ ਵਿਖੇ ਪੁਰਾਣੇ ਸਾਲ ਅਲਵਿਦਾ ਆਖਿਆ ਅਤੇ ਨਵੇਂ ਸਾਲ ਨੂੰ ਜੀ ਆਇਆਂ ਨੂੰ ਕਿਹਾ। ਬੀਤੀ 31 ਦਸੰਬਰ ਦੀ ਰਾਤ ਤੋਂ ਹੀ ਭਾਰੀ ਗਿਣਤੀ 'ਚ ਸ਼ਰਧਾਲੂਆਂ ਦਾ ਦਰਬਾਰ ਸਾਹਿਬ ਆਉਣਾ ਸ਼ੁਰੂ ਹੋ ਗਿਆ ਸੀ। ਅੱਜ ਵੀ ਵੱਡੀ ਗਿਣਤੀ 'ਚ ਲੋਕ ਮੱਥਾ ਟੇਕਣ ਲਈ ਪਹੁੰਚੇ। ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਸੰਗਤ ਦੇ ਪੈਰ ਧਰਨ ਨੂੰ ਵੀ ਜਗ੍ਹਾ ਨਹੀਂ ਸੀ। ਸਾਰੀਆਂ ਸਰਾਵਾਂ ਦੇ ਨਾਲ-ਨਾਲ ਨੇੜੇ ਤੇੜੇ ਦੇ ਸਾਰੇ ਹੋਟਲ ਸੰਗਤ ਨੇ ਬੁੱਕ ਕਰਵਾਏ ਹੋਏ ਸਨ। ਕੋਈ ਵੀ ਕਮਰਾ ਖਾਲੀ ਨਹੀਂ ਸੀ।

ਅੱਜ ਸਵੇਰੇ ਅੰਮ੍ਰਿਤਸਰ 'ਚ ਤਾਪਮਾਨ 2.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੰਗਤ ਦੀ ਭਾਰੀ ਆਮਦ ਕਾਰਨ ਸੜਕਾਂ ’ਤੇ ਦੂਰ ਤੱਕ ਵਾਹਨਾਂ ਦੀ ਕਤਾਰ ਲੱਗੀ ਹੋਈ ਹੈ। ਸ਼ਰਧਾਲੂਆਂ ਨੇ ਮੰਗਲਵਾਰ ਰਾਤ 12 ਵਜੇ ਤੋਂ ਬਾਅਦ ਸਰੋਵਰ ’ਚ ਇਸ਼ਨਾਨ ਕਰ ਕੇ ਨਵੇਂ ਵਰ੍ਹੇ ਨੂੰ ਜੀ ਆਇਆਂ ਆਖਿਆ। ਇਸ ਤਹਿਤ ਸ੍ਰੀ ਗੁਰੂ ਰਾਮਦਾਸ ਲੰਗਰ ਘਰ ’ਚ ਵੀ ਵਧੇਰੇ ਸ਼ਰਧਾਲੂਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਅਤੇ ਲੰਗਰ ਸਾਰੀ ਰਾਤ ਜਾਰੀ ਰਿਹਾ।

ਦੂਜੇ ਪਾਸੇ ਸ਼ਹਿਰ ਵਿੱਚ ਪੁਲਿਸ ਵੱਲੋਂ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਖਾਸ ਕਰਕੇ ਲਾਰੇਂਸ ਰੋਡ, ਰਣਜੀਤ ਐਵੀਨਿਊ ਆਦਿ ਇਲਾਕਿਆਂ ਵਿੱਚ ਸਖ਼ਤੀ ਵਰਤੀ ਜਾ ਰਹੀ ਹੈ।