ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿੰਨੀ ਕਹਾਣੀ ਆਲੋਚਕ ਤੇ ਲੇਖਕ – ਨਿਰੰਜਣ ਬੋਹਾ

ਮਿੰਨੀ ਕਹਾਣੀ ਆਲੋਚਕ ਤੇ ਲੇਖਕ – ਨਿਰੰਜਣ ਬੋਹਾ

ਮਿੰਨੀ ਕਹਾਣੀ ਦੇ ਵੱਡੇ ਸਿਰਜਕ - 6

 

ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

 

 

ਨਿਰੰਜਣ ਬੋਹਾ ਪੰਜਾਬੀ ਸਾਹਿਤ ਜਗਤ ਦਾ ਇੱਕ ਸੱਮਰਥ ਹਸਤਾਖਰ ਹੈ। ਪੰਜਾਬੀ ਕਹਾਣੀ, ਮਿੰਨੀ ਕਹਾਣੀ ਪੰਜਾਬੀ ਸਾਹਿਤ ਅਤੇ ਆਲੋਚਨਾ ਵਿੱਚ ਬੋਹਾ ਦਾ ਨਿੱਗਰ ਯੋਗਦਾਨ ਹੈ। ਉਨ੍ਹਾਂ ਦੀ ਆਲੋਚਨਾ ਦੀ ਭਾਸ਼ਾ ਬੜੀ ਸਰਲ ਅਤੇ ਹਰ ਇੱਕ ਦੇ ਸਮਝ ਵਿੱਚ ਆਉਣ ਵਾਲੀ ਹੈ। ਦਰਅਸਲ ਬੋਹਾ ਹੁਰਾਂ ਦਾ ਵਿਚਾਰ ਹੈ ਕਿ ਆਲੋਚਨਾ ਨੂੰ ਸਿਰਫ ਯੂਨੀਵਰਸਿਟੀਆਂ ਤੱਕ ਹੀ ਸੀਮਿਤ ਨਹੀਂ ਕਰਨਾ ਚਾਹੀਦਾ ਬਲਕਿ ਨਿਰੋਲ ਪੇਂਡੂ ਲੋਕਾਈ ਨਾਲ ਵੀ ਸਾਹਿਤ ਦੀ ਉੱਨਤੀ ਲਈ ਸੰਵਾਦ ਰਚਾਉਣੇ ਚਾਹੀਦੇ ਹਨ। ਮਾਲਵੇ ਦੇ ਪਛੜੇ ਖੇਤਰ ਵਿੱਚ ਇਹ ਸਾਹਿਤਕ ਖੇਤਰ ਲਈ ਕੁਝ ਨਵਾਂ ਕਰਨ ਲਈ ਤਤਪਰ ਹਨ।ਇੰਨਾ ਦਾ ਜਿੰਨਾ ਯੋਗਦਾਨ ਮਿੰਨੀ ਕਹਾਣੀ ਲੇਖਣ ਵਿੱਚ ਹੈ ਉਸ ਤੋਂ ਕਿਤੇ ਜਿਆਦਾ ਮਿੰਨੀ ਕਹਾਣੀ ਆਲੋਚਨਾ ਵਿੱਚ।

 

 

ਅਸਲ ਵਿੱਚ ਬੋਹਾ ਹੋਰੀਂ ਉਨਾਂ ਸ਼ਖਸ਼ਾਂ ਵਿੱਚ ਸ਼ਾਮਿਲ ਹਨ ਜਿੰਨਾ ਨੇ ਮਿੰਨੀ ਕਹਾਣੀ ਦੇ ਸ਼ੁਰੂਆਤੀ ਦੌਰ ਵਿੱਚ ਇਸ ਤੇ ਆਲੋਚਨਾਤਮਕ ਕਾਰਜ ਕਰਕੇ ਇਸ ਨਵੀ ਸਿਨਫ਼ ਵੱਲ ਧਿਆਨ ਦਿਵਾਇਆ। ਇਹ  ਪੰਜਾਬੀ ਮਿੰਨੀ ਕਹਾਣੀ ਤੇ ਆਲੋਚਨਾ ਦੀ ਇੱਕ ਪੁਸਤਕਪੰਜਾਬੀ ਮਿੰਨੀ ਕਹਾਣੀ _ਵਿਸ਼ਾਗਤ ਸਰੂਪ ਤੇ ਸ਼ਿਲਪ ਵਿਧਾਨ’, ਇੱਕ ਮਿੰਨੀ ਕਹਾਣੀ ਸੰਗ੍ਰਹਿਪਲ ਪਲ ਬਦਲਦੀ ਜ਼ਿੰਦਗੀ’ , ਇੱਕ ਕਹਾਣੀ ਸੰਗ੍ਰਹਿਪੂਰਾ ਮਰਦਤੇ ਇੱਕ ਆਪਣੇ ਜੀਵਨ ਦੇ ਅਨੁਭਵ ਦਾ ਸੰਗ੍ਰਹਿਮੇਰੇ ਹਿੱਸੇ ਦਾ ਅਦਬੀ ਸੱਚਪੰਜਾਬੀ ਸਾਹਿਤ ਜਗਤ ਦੀ ਝੋਲੀ ਵਿੱਚ ਪਾ ਚੁੱਕੇ ਹਨ। ਇਨਾਂ ਦੇ ਮਿੰਨੀ ਕਹਾਣੀ ਸੰਗ੍ਰਹਿ ਨੂੰ ਸ਼੍ਰੀ ਯੋਗਰਾਜ ਪ੍ਰਭਾਕਰ ਹਿੰਦੀ ਵਿਚ ਅਨੁਵਾਦ ਕਰ ਚੁੱਕੇ ਹਨ। ਇਹ ਖੁਦ ਸੈਂਕੜੇ ਪੁਸਤਕਾਂ ਦੇ ਰੀਵਿਊ ਲਿਖਣ ਤੋਂ ਇਲਾਵਾ ਕਈ ਅਖਬਾਰਾਂ/ਮੈਗਜ਼ੀਨਾਂ ਲਈ ਨਿਰੰਤਰ ਕਾਲਮ ਵੀ ਲਿਖ ਰਹੇ ਹਨ।

 

 

ਨਿਰੰਜਣ ਬੋਹਾਂ ਦਾ ਜਨਮ 6 ਸਤੰਬਰ, 1956 ਨੂੰ ਬੋਹਾ ਵਿਖੇ ਹੋਇਆ। ਸਾਹਿਤਕ ਖੇਤਰ ਤੋਂ ਇਲਾਵਾ ਇਨਾਂ ਵੱਲੋਂ ਉਸਾਰੂ ਅਤੇ ਸਾਰਥਿਕ ਪੱਤਰਕਾਰੀ ਦੇ ਨਾਲ ਨਾਲ ਇਲਾਕੇ ਵਿਚ ਇੱਕ ਸਮਾਜ ਸੇਵੀ ਵਜੋਂ ਵੀ ਚੰਗਾ ਨਾਮਣਾ ਖੱਟਿਆ ਹੈ। ਭਾਵੇਂ ਇਨਾਂ ਨੇ ਬੀ. ਤੱਕ ਦੀ ਸਕੂਲੀ ਵਿੱਦਿਆ ਹਾਸਿਲ ਕੀਤੀ ਹੈ, ਪਰ ਜਦੋਂ ਸਾਹਿਤਕ ਖੇਤਰ ਵਿਚ ਇਨਾਂ ਦੀ ਆਲੋਚਨਾ ਦੇ ਪੱਧਰ ਨੂੰ ਮਾਪਦੇ ਹਾਂ ਤਾਂ ਉਹ ਕਿਸੇ ਵੀ ਪੱਖੋਂ ਡਾਕਟਰੇਟ ਤੋਂ ਘੱਟ ਨਹੀਂ।

 

 

 ਇਨਾਂ ਦੀਆਂ ਮਿੰਨੀ ਕਹਾਣੀਆਂ ਜਿਆਦਾਤਰ ਮਨੁੱਖੀ ਮਾਨਸਿਕਤਾ, ਉਸਦੇ ਅੰਦਰਲੇ ਦਵੰਦ ਅਤੇ ਉਸ ਦੀ ਮਨੋਬਿਰਤੀ ਵਿਚ ਪਲ ਪਲ ਬਦਲਦੇ ਵਿਚਾਰਾਂ ਤੇ ਵਿਸ਼ਵੀਕਰਨ ਦੇ ਦੌਰ ਵਿਚ ਮਰ ਰਹੇ ਰਿਸ਼ਤਿਆਂ ਨੂੰ ਪੇਸ਼ ਕਰਦੀਆਂ ਹਨ। ਪੇਸ਼ ਹਨ ਇੰਨਾਂ ਦੀਆਂ ਖੂਬਸੂਰਤ ਮਿੰਨੀ ਕਹਾਣੀਆਂ:-

 

ਸਬੰਧ

 

ਆਪਣੀ ਭੈਣ ਦੀ ਸਹੇਲੀ ਰੀਮਾ ਉਸ ਨੂੰ ਚੰਗੀ-ਚੰਗੀ ਲੱਗਦੀ। ਜਦੋਂ ਉਹ ਉਸ ਦੀ ਭੈਣ ਕੋਲ ਬੈਠੀ ਹੰੁਦੀ ਤਾਂ ਉਹ ਆਨੇ ਬਹਾਨੇ ਉਨਾਂ ਕੋਲ ਚੱਕਰ ਮਾਰਦਾ। ਰੀਮਾ ਵੀ ਉਸਦੀ ਚੋਰ ਅੱਖ ਨੂੰ ਤਾੜਨ ਲੱਗ ਪਈ ਸੀ ਪਰ ਉਹ ਹਮੇਸ਼ਾ ਸ਼ਰਮ ਨਾਲ ਆਪਣੀਆਂ ਅੱਖਾਂ ਨੀਵੀਂਆਂ ਪਾਈ ਰੱਖਦੀ।

 

                ਪਿਛਲੇ ਕਈ ਦਿਨਾਂ ਤੋਂ ਰੀਮਾ ਉਨਾਂ ਤੇ ਘਰ ਨਹੀਂ ਰਹੀ ਸੀ। ਉਸਦਾ ਦਿਲ ਕਰਦਾ ਸੀ ਕਿ ਉਹ ਆਪਣੀ ਭੈਣ ਤੋਂ ਉਸਦੀ ਗ਼ੈਰਹਾਜ਼ਰੀ ਦਾ ਕਾਰਣ ਪੁੱਛੇ ਪਰ ਵੱਡੀ ਭੈਣ ਤੋਂ ਅਜਿਹਾ ਪੁੱਛਣ ਦੀ ਹਿੰਮਤ ਉਹ ਨਾ ਜੁਟਾ ਸਕਦਾ। ਉਹ ਇਹ ਸੋਚ ਕੇ ਬੇ-ਚੈਨ ਸੀ ਕਿ ਕਿਤੇ ਰੀਮਾ ਉਸ ਦੀ ਚਾਹਤ ਦੀ ਗੱਲ ਉਸਦੀ ਭੈਣ ਨੂੰ ਨਾ ਦੱਸ ਦੇਵੇ। ਉਸਦੀ ਭੈਣ ਦਾ ਰੀਮਾ ਦੇ ਘਰ ਆਮ ਆਉਣ-ਜਾਣ ਸੀ।

 

                ਉਸ ਦਿਨ ਉਹ ਆਪਣੀ ਭੈਣ ਨਾਲ ਕੈਰਮ ਬੋਰਡ ਖੇਡ ਰਿਹਾ ਸੀ ਤਾਂ ਕਮਰੇ ਵਿੱਚ ਪ੍ਰਵੇਸ਼ ਕਰਦਿਆਂ ਇੱਕ ਸੋਹਣੇ ਸੁਨੱਖੇ ਨੌਜਵਾਨ ਨੇ ਸਿੱਧਾ ਉਸ ਦੀ ਭੈਣ ਬਿਮਲਾ ਵੱਲ ਝਾਕਦਿਆਂ ਪੁੱਛਿਆ, ‘‘ਏਧਰ ਰੀਮਾ ਤੇ ਨਹੀਂ ਆਈ?’’

 

                ‘‘ਨਹੀਂ, ਏਧਰ ਤੇ ਨਹੀਂ ਆਈ.....ਤੁਸੀਂ ਬੈਠੋ, ਮੈਂ ਚਾਹ ਬਣਾ ਕੇ ਲਿਆਉਦੀ ਹਾਂ।’’ ਉਸਦੀ ਭੈਣ ਨੇ ਉਚੇਚ ਨਾਲ ਉਸ ਨੌਜਵਾਨ ਨੂੰ ਬੈਠਣ ਲਈ ਕਿਹਾ ਤੇ ਨਾਲ ਹੀ ਉਸਦੀ ਜਾਣ-ਪਹਿਚਾਣ ਕਰਵਾਈ, ‘‘ਵੀਰ ਜੀ, ਇਹ ਰੀਮਾ ਦੇ ਭਰਾ ਪਵਨ ਨੇ।’’

 

                ਉਸਨੂੰ ਲੱਗਿਆ ਜਿਵੇਂ ਰੀਮਾ ਦੇ ਭਰਾ ਨੂੰ ਵੇਖ ਕੇ ਉਸਦੀ ਭੈਣ ਦੀਆਂ ਅੱਖਾਂ ਵਿਚ ਵਿਸ਼ੇਸ਼ ਚਮਕ ਗਈ ਹੈ। ਉਸ ਦਿਨ ਤੋਂ ਬਾਅਦ ਹੀ ਰੀਮਾ ਦਾ ਉਨਾਂ ਦੇ ਆਉਣਾ-ਜਾਣਾ ਬਾ-ਦਸਤੂਰ ਜ਼ਾਰੀ ਰਿਹਾ ਪਰ ਹੁਣ ਉਹ ਲਗਦੀ ਵਾਹ ਉਸ ਪਾਸੇ ਘੱਟ ਹੀ ਆਉਦਾ ਜਿਧਰ ਉਸਦੀ ਭੈਣ ਨਾਲ ਬੈਠੀ ਹੰੁਦੀ। ਰੀਮਾ ਦੀ ਆਪਣੇ ਘਰ ਵਿੱਚ ਮੋਜੂਦਗੀ ਉਸਨੂੰ ਭੈੜੀ-ਭੈੜੀ ਲੱਗਦੀ ਤੇ ਉਹ ਦਿਨ ਰਾਤ ਸੋਚਦਾ ਰਹਿੰਦਾ ਕਿ ਦੋਹਾਂ ਸਹੇਲੀਆਂ ਦੇ ਸਬੰਧਾਂ ਨੂੰ ਉਹ ਕਿਵੇਂ ਤੁੜਾਵੇ!

=============

 

ਅਧੂਰਾ ਰਾਗ

 

ਵਿਆਹ ਤੋਂ ਕੁਝ ਮਹੀਨੇ ਬਾਦ ਤੱਕ ਉਹ ਹਰ ਦੀਵਾਨ ਤੇ ਸੁਰਮੇਲ ਦੇ ਨਾਲ ਜਾਂਦੀ ਰਹੀ। ਸੰਗਤਾਂ ਦਾ ਚਹੇਤਾ ਸੁਰਮੇਲ ਜਦੋਂ ਪਿਪਲਾਣੇ ਵਾਲੇ ਸੰਤਾ ਦੇ ਦੀਵਾਨ ਵਿਚ ਸ਼ਬਦ ਗਾਉਂਦਾ ਤਾਂ ਉਸ ਦੀ ਮਿੱਠੀ ਤੇ ਸੁਰੀਲੀ ਅਵਾਜ਼ ਹਰ ਇਕ ਸੁਨਣ ਵਾਲੇ ਦੇ ਧੁਰ ਅੰਦਰ ਤੱਕ ਲਹਿ ਜਾਦੀ ਸੰਗਤਾਂ  ਵੱਲੋਂ ਸੁਰਮੇਲ ਦੇ ਸ਼ਬਦਾਂ ਦੀ ਤਾਰੀਫ਼ ਕੀਤੇ ਜਾਣਤੇ ਉਹ ਮਾਣ ਨਾਲ ਭਰ ਜਾਂਦੀ ਹੁਣ ਸੰਤਾਂ ਨੇ ਡੇਰੇ ਤੋਂ ਬਾਹਰਲੇ ਦੀਵਾਨਾਂ ਸਮੇਂ ਵੀ ਸੁਰਮੇਲ ਨੂੰ ਆਪਣੇ ਨਾਲ ਲਿਜਾਣਾ ਸ਼ੁਰੂ ਕਰ ਦਿੱਤਾ ਸੀ।

 

ਮਿੱਠੀ ਅਵਾਜ਼ ਕਾਰਨ ਜਿਉਂ ਜਿਉਂ ਸੁਰਮੇਲ ਦੀ ਪ੍ਰਸਿੱਧੀ ਵਧਦੀ ਗਈ ਤਿਉਂ ਤਿਉਂ ਉਸ ਦਾ ਪਿਤਾ ਪੁਰਖੀ ਦਰਜ਼ੀ ਦੇ ਕਿੱਤੇ ਵੱਲ ਧਿਆਨ ਹੱਟਦਾ ਗਿਆ। ਆਮਦਨ ਘਟਣ ਲੱਗੀ ਤੇ ਘਰ ਦੇ ਖਰਚੇ ਵਧਣ ਲੱਗੇ ਤਾਂ ਘਰ ਵਿਚ ਤਣਾਅ ਰਹਿਣ ਲੱਗਾ ਸੁਰਮੇਲ ਇਸ ਬਾਰੇ ਚਿਤੰਤ ਤਾਂ ਸੀ ਪਰ ਜਦੋਂ ਸੰਤਾ ਦਾ ਸੱਦਾ ਪਹੁੰਚਦਾ ਉਹ ਨਾਂਹ ਨਾ ਕਰ ਸਕਦਾ।

 

ਬਈ ਹੁਣ ਤੇ ਆਪਣਾ ਸੁਰਮੇਲ ਪੱਕਾ ਰਾਗੀ ਬਣ ਗਿਐ।ਦੀਵਾਨ ਦੀ ਸਮਾਪਤੀ ਤੋਂ ਬਾਦ ਸੰਤਾ ਨੇ ਉਸ ਨੂੰ ਥਾਪੀ ਦੇਂਦਿਆ ਕਿਹਾ।

 

 ‘ ਸੰਤ ਜੀ ਰੱਬ ਦੇ ਘਰ ਦੇ ਸਾਰੇ ਰਾਗ ਤਾਂ ਤੁਸੀਂ ਇਸ ਨੂੰ ਸਿਖਾ ਦਿੱਤੇੇ ਪਰ ਰੋਟੀ ਦਾ ਰਾਗ ਗਾਉਣਾ ਨਹੀਂ ਸਿਖਾਇਆਉਸ ਤੋਂ ਬਿਨਾਂ ਇਹ ਕਾਹਦਾ ਪੱਕਾ ਰਾਗੀ ਐ।ਉਸ ਸੰਗਤਾਂ ਵੱਲੋਂ ਸੰਤਾ ਅੱਗੇ ਟੇਕੇ ਮੱਥੇ ਨਾਲ ਇੱਕਠੀ ਹੋਈ ਮਾਇਆ ਵੱਲ ਕੈਰੀ ਨਜ਼ਰ ਸੁੱਟਦਿਆਂ ਕਿਹਾ ਸੀ।

 

 ਸੰਤ ਕਦੇਂ ਉਸ ਵੱਲ , ਕਦੇ ਸੁਰਮੇਲ ਵੱਲ ਤੇ ਕਦੇਂ ਮਾਇਆ ਦੀ ਢੇਰੀ ਵੱਲ ਹੈਰਾਨ ਪ੍ਰੇਸ਼ਾਨ ਜਿਹੇ ਵੇਖ ਰਹੇ ਸਨ।

===============

 

ਫੇਸਬੁਕੀ ਰਿਸ਼ਤੇ

 

ਫੇਸ ਬੁਕ ਤੇ ਦੋਸਤ ਬਣੇ ਮਾਮੇ ਦੇ ਦੋਹਾਂ ਮੁੰਡਿਆਂ ਨਾਲ ਚੈਟਿੰਗ ਹੁੰਦੀ ਤਾਂ ਉਹ ਅਕਸਰ ਗਿਲਾ ਕਰਦੇ ਕਿ ਮੈ ਹੁਣ ਕਾਰੋਬਾਰੀ ਬੰਦਾ ਬਣ ਕੇ ਆਪਣਾ ਨਾਨਕਾ ਪਿੰਡ ਭੁੱਲ ਗਿਆ ਹਾਂ।ਜੁਆਬ ਵਿਚ ਮੈਂ ਵੀ ਉਹਨਾਂ ਨਾਲ ਅਜਿਹਾ ਹੀ ਗਿਲਾ ਦੁਹਰਾਉਂਦਿਆਂ ਛੇਤੀ ਉਹਨਾਂ ਦੇ ਪਿੰਡ ਗੇੜਾ ਮਾਰਨ ਦਾ ਵਾਅਦਾ ਕਰ ਛੱਡਦਾ।

 

ਅਜਿਹੇ ਸਮੇਂ ਬਚਪਨ ਵਿਚ ਨਾਨਕੇ ਘਰ ਬਿਤਾਈਆ ਦੋ ਦੋ ਮਹੀਨਿਆਂ ਦੀਆਂ ਛੁਟੀਆਂ ਦੇ ਦਿਨ ਤੇ ਆਪਣੇ ਹਾਣੀ ਮਮੇਰੇ ਭਰਾਵਾਂ ਸਤੀਸ਼ ਤੇ ਮਦਨ ਨਾਲ ਖੇਡੀਆਂ ਨਿੱਕੀਆ ਨਿੱਕੀਆਂ ਖੇਡਾਂ ਨੂੰ ਯਾਦ ਕਰਕੇ ਮੇਰੇ ਬੁੱਲਾਂ ਤੇ ਮਿੱਠੀ ਜਿਹੀ ਮੁਸ਼ਕਰਾਹਟ ਜਾਂਦੀ

 

 ਨਾਨਕੇ ਪਿੰਡ ਤੋਂ 200 ਕਿਲੋਮੀਟਰ ਦੀ ਵਿੱਥ ਤੇ ਵੱਧੇ ਹੋਏ ਕਾਰੋਬਾਰ ਨੇ ਮੇਰਾ ਉੱਥੇ ਜਾਣ ਦਾ ਸਿਲਸਲਾ ਲੱਗ ਭੱਗ ਖ਼ਤਮ ਹੀ ਕਰ ਦਿੱਤਾ ਸੀ ਤੇ ਨਾ ਹੀ ਲੰਮੇ ਸਮੇ ਤਂੋ ਸਤੀਸ਼ ਤੇ ਮਦਨ ਮੇਰੇ ਕੋਲ ਆਏ ਸਨ। ਹੁਣ ਫੇਸ ਬੁਕ ਨੇ ਸਾਡੇ ਰਿਸ਼ਤੇ ਵਿਚ ਫਿਰ ਤੋਂ ਤਾਜ਼ਗੀ ਜਿਹੀ ਪੈਦਾ ਕਰ ਦਿੱਤੀ ਸੀ। ਮਾਰਕਿਟ ਵਿਚ ਹੜਤਾਲ ਚਲ ਰਹੀ ਹੋਣ ਕਾਰਨ ਮੈ ਮਨ ਬਣਾ ਹੀ ਲਿਆ ਕਿ ਸਤੀਸ਼ ਤੇ ਮਦਨ ਦਾ ਉਲਾਂਭਾ ਲਾਹ ਦਿੱਤਾ ਜਾਵੇ ਮੈ ਆਪਣੀ ਪਤਨੀ ਨੂੰ ਵੀ ਆਪਣੇ ਨਾਲ ਜਾਣ ਲਈ ਤਿਆਰ ਕਰ ਲਿਆ

 

 ‘ਹਾਂ ਬਈ ਮਦਨ ਕੱਲ ਮਂੈ ਤੇ ਤੇਰੀ ਭਰਜਾਈ ਤੇਰੇ ਕੋਲ ਰਹੇ ਹਾਂ।ਮੈਂ ਮਦਨ ਨੂੰ ਆਪਣੇ ਆਉਣ ਦੀ ਅਗਾਊਂ ਸੂਚਨਾ ਦੇਣ ਲਈ ਬੜੇ ਉਤਸ਼ਾਹ ਨਾਲ ਫੋਨ ਕੀਤਾ।

 

ਧੰਨ ਭਾਗ ! ਪਰ ਕੱਲ ਤਾਂ ਯਾਰ ਅਸੀਂ ਕਿਸੇ ਜ਼ਰੂਰੀ ਕੰਮ ਲੁਧਿਆਣੇ ਜਾਣ ਦਾ ਮਨ ਬਣਾਈ ਬੈਠੇ ਹਾਂ। ਮੈਨੂੰ ਬੜਾ ਦੁੱਖ ਹੋਵੇਗਾ ਕਲ ਮੈ ਤੁਹਾਨੂੰ ਮਿਲ ਨਹੀਂ ਸਕਾਂਗਾ

 

 ਬੇਸ਼ਕ ਉਸਦੇ ਜੁਆਬ ਨੇ ਮੇਰਾ ਸਾਲਾਂ ਬਾਦ ਨਾਨਕੇ ਘਰ ਜਾਣ ਦਾ ਚਾਅ ਵੀ ਮੱਠਾ ਪਾ ਦਿੱਤਾ ਸੀ ਪਰ ਤਿਆਰੀ ਕੀਤੀ ਹੋਣ ਕਰਕੇ ਮੈ ਸਤੀਸ਼ ਨੂੰ ਵੀ ਆਪਣੇ ਆਉਣ ਦੀ ਖ਼ਬਰ ਦੇਣ ਲਈ ਫੋਨ ਕਰ ਦਿੱਤਾ।

 

 ‘ਭਰਾ ਜੀ, ਸਾਡੇ ਦਫ਼ਤਰ ਵਿਚ ਇਂਨਪੈਕਸ਼ਨ ਚੱਲ ਰਹੀ ਹੈ। ਮੈਨੂੰ ਛੁੱਟੀ ਨਹੀਂ ਮਿਲ ਸਕੇਗੀ ਤੁਸੀ ਮਦਨ ਨਾਲ ਗੱਲ ਕਰ ਲਵੋ।

 

 ਸਤੀਸ਼ ਦੀ ਗੱਲ ਪੂਰੀ ਤਰਾਂ ਸੁਣੇ ਹੀ ਮੈ ਫੋਨ ਕੱਟ ਦਿੱਤਾ ਤੇ ਪਤਨੀ ਵੱਲ ਮੂੰਹ ਕਰਦਿਆ ਬੋਲਿਆ, ‘ ਕਿਤੇ ਨਹੀਂ ਜਾਣਾ ਆਪਾਂ। ਮੇਰਾ ਨਾਨਕਾ ਪਿੰਡ ਹੁਣ ਸ਼ਹਿਰ ਬਣ ਗਿਆ ਹੈ ਜਿੱਥੇ ਕੇਵਲ ਫੇਸ ਬੁਕੀ ਰਿਸ਼ਤੇ ਹੀ ਜਿਉਂਦੇ ਨੇ।

 

ਮੇਰੀ ਪਤਨੀ ਮੇਰੀ ਗੱਲ ਨੂੰ ਸਮਝਣ ਲਈ ਮੇਰੇ ਮੂੰਹ ਵੱਲ ਝਾਕ ਰਹੀ ਸੀ।

================

 

ਪਲ ਪਲ ਬਦਲਦੀ ਜ਼ਿੰਦਗੀ

 

ਭੀੜ ਭਰੀ ਬੱਸ ਵਿਚ ਮੈਨੂੰ ਤੇ ਮੇਰੀ ਪਤਨੀ ਨੂੰ ਖੜ ਕੇ ਸਫ਼ਰ ਕਰਨਾ ਪੈ ਰਿਹਾ ਸੀ। ਦੋ ਸਵਾਰੀਆਂ ਵਾਲੀ ਸੀਟ ਤੇ ਬੈਠੇ ਦੋ ਕਾਲਜੀਏਟ ਨੌਜਵਾਨਾਂ ਵਿਚੋਂ ਇੱਕ ਨੇ ਮੇਰੀ ਪਤਨੀ ਲਈ ਸੀਟ ਖ਼ਾਲੀ ਕਰਦਿਆਂ ਬੜੇ ਸਤਿਕਾਰ ਨਾਲ ਕਿਹਾਅੰਟੀ ਜੀ ਤੁਸੀਂ ਇੱਥੇ ਬੈਠ ਜਾਓ।

 

ਪਤਨੀ ਖ਼ਾਲੀ ਸੀਟ ਤੇ ਬੈਠ ਗਈ ਤਾਂ ਦੋ ਕੁ ਮਿੰਟ ਬਾਦ ਦੂਜਾ ਨੌਜਵਾਨ ਵੀ ਆਪਣੀ ਸੀਟ ਤੋਂ ਉਠ ਖਲੋਤਾ ਤੇ ਮੈਨੂੰ ਸੀਟ ਤੇ ਬੈਠਣ ਲਈ ਇਸ਼ਾਰਾ ਕਰਦਿਆਂ ਨਿਰਮਤਾ ਪੂਰਬਕ ਬੋਲਿਆ ਤੁਸੀਂ ਵੀ ਬੈਠ ਜਾਓ ਬਾਬਾ ਜੀ।

 

ਭਾਵੇਂ ਮੈਂ ਉਮਰ ਦੇ ਅੱਠਵੰਜਵੇਂ ਵਰੇ ਵਿਚ ਪ੍ਰਵੇਸ਼ ਪਾ ਚੁੱਕਾ ਹਾਂ, ਪਰ ਜ਼ਿੰਦਗੀ ਵਿਚ ਪਹਿਲੀ ਵਾਰ ਮੈਨੂੰ ਆਪਣੇ ਲਈਬਾਬਾ ਜੀਦਾ ਸੰਬੋਧਨ ਸੁਣਨ ਨੂੰ ਮਿਲਿਆ ਸੀ। ਆਪਣੇ ਲਈ ਇਹ ਸੰਬੋਧਨ ਸੁਣ ਕੇ ਮੈਨੂੰ ਇਸ ਗੱਲ ਦਾ ਇਕ ਦਮ ਤੀਬਰ ਅਹਿਸਾਸ ਹੋਇਆ ਕਿ ਮੈਂ ਹੁਣ ਬੁੱਢਾ ਹੋ ਗਿਆਂ ਤੇ ਮੇਰੇ ਸਿਰ ਦੇ ਵਾਲਾਂ ਤੇ ਕੀਤੀ ਡਾਈ ਵੀ ਮੇਰੀ ਉਮਰ ਨੂੰ ਨਹੀਂ ਛੁਪਾ ਸਕਦੀ।

 

ਨੌਜਵਾਨ ਵੱਲੋਂ ਖ਼ਾਲੀ ਕੀਤੀ ਸੀਟ ਤੇ ਬੈਠਦਿਆਂ ਮੈਂ ਕੁਝ ਬੇਚੈਨੀ ਜਿਹੀ ਮਹਿਸੁਸ ਕਰ ਰਿਹਾ ਸਾਂ। ਮੈਂ ਚੋਰ ਅੱਖ ਨਾਲ ਆਪਣੀ ਪਤਨੀ ਵੱਲ ਵੇਖਿਆ ਮੈਨੂੰ ਲੱਗਿਆ ਕਿ ਉਹ ਵੀ ਮੇਰੇ ਚਿਹਰੇ ਨੂੰ ਬੜੀ ਨੀਝ ਨਾਲ ਵੇਖ ਰਹੀ ਹੈ,ਜਿਵੇਂ ਮੈਂ ਪਲ ਵਿਚ ਹੀ ਬਹੁਤ ਬਦਲ ਗਿਆ ਹੋਵਾਂ।

 

ਬੱਚੇ ਚੰਗੇ ਨੇ ,ਪਰ ਥੋੜਾ ਸ਼ਰਾਰਤੀ ਨੇ ਮੈ ਆਪਣੀ ਪਤਨੀ ਨਾਲੋਂ ਵੀ ਵੱਧ ਆਪਣੇ ਆਪ ਨੂੰ ਹੌਸਲਾਂ ਦੇਣ ਲਈ ਹੌਲੀ ਜਿਹੀ ਕਿਹਾ।

 

ਪਤਨੀ ਕੁਝ ਨਹੀ ਬੋਲੀ ਬੱਸ ਮੇਰੇ ਵੱਲ ਇੱਕ ਟੱਕ ਵੇਖਦੀ ਰਹੀ।

 

ਬੱਸ ਦੀ ਸੀਟ ਦੀ ਨਰਮ ਸਪੰਜ ਵੀ ਮੈਨੂੰ ਚੁਭਦੀ ਜਿਹੀ ਲੱਗ ਰਹੀ ਸੀ।

 

ਅੰਕਲ , ਥੋੜਾ ਪਾਸਾ ਮਾਰਨਾ।ਅੱਗਲੇ ਸਟਾਪ ਤੋਂ ਬੱਸ ਵਿਚ ਸਵਾਰ ਹੋਈ ਅਲੜ ਤੇ ਪਿਆਰੀ ਜਿਹੀ ਕੁੜੀ ਨੇ ਮੈਨੂੰ ਆਪਣੇ ਵਾਲੀ ਸੀਟ ਤੇ ਨਾਲ ਬਿਠਾਉਣ ਦੀ ਗੁਜਾਰਿਸ਼ ਕੀਤੀ ਮੈਂ ਹੈਰਾਨੀ ਨਾਲ ਉਸ ਵੱਲ ਵੇਖਿਆ ,ਉਸ ਦੇ ਬੁਲਾਂ ਤੇ ਮਾਸੂਮ ਜਿਹੀ ਮੁਸਕਰਾਹਟ ਸੀ

 

ਹਾਂ ਹਾਂ ਕਿਉਂ ਨਹੀਂ!’ ਮੈ ਡਾਢੀ ਅਪਣੱਤ ਜਿਹੀ ਨਾਲ ਉਸ ਲਈ ਸੀਟ ਬਣਾਉਂਦਿਆਂ ਕਿਹਾ

 

ਹੁਣ ਮੈ ਆਪਣੀ ਪਤਨੀ ਵੱਲ ਇਕ ਜੇਤੂ ਦੀ ਨਜ਼ਰ ਨਾਲ ਝਾਤ ਮਾਰ ਰਿਹਾ ਸਾਂ।

===============

 

ਨਵੇਂ ਦਿਸਹਦੇ

 

ਦਵਿੰਦਰ ਸਾਥੀ ਨਾਲ ਨਿਰਮਲਾ ਦੇਵੀ ਦੇ ਵਿਆਹ ਦੀ ਚਰਚਾ ਕਈ ਦਿਨ ਚਲਦੀ ਰਹੀ। ਉਹਨਾਂ ਦੇ ਆਲੇ ਦੁਆਲੇ ਦੇ ਸਮਾਜ ਤੇ ਨੇੜਲੇ ਰਿਸ਼ਤੇਦਾਰਾਂ ਲਈ ਇਹ ਵਿਆਹ ਇਕ ਗੰਭੀਰ ਚੁਣੌਤੀ ਵਾਂਗ ਸੀ। ਪਿਛਲੇ ਦਸ ਵਰਿਆਂ ਤੋਂ ਵਿਧਵਾ ਦਾ ਜੀਵਨ ਬਤੀਤ ਕਰ ਰਹੀ ਨਿਰਮਲਾ ਬਾਰਾਂ ਸਾਲਦੀ ਧੀ ਦੀ ਮਾਂ ਵੀ ਸੀ। ਆਪਣੀ ਉਮਰ ਦੇ ਚਾਲੀ ਵਰੇ ਪਾਰ ਕਰਕੇ ਉਸ ਵੱਲੋਂ ਆਪਣੀ ਹੀ ਉਮਰ ਦੇ ਇਕ ਲੇਖਕ ਅਤੇ ਯੂਨੀਅਨ ਆਗੂ ਨਾਲ ਅੰਤਰਜਾਤੀ ਵਿਆਹ ਕਰਵਾ ਕੇ ਨਿਸ਼ਚੈ ਉਸ ਲਕਸ਼ਮਣ ਰੇਖਾ ਨੂੰ ਪਾਰ ਕਰ ਲਿਆ ਸੀ, ਜਿਹੜੀ ਉਸ ਦੀ ਪਰਵਰਿਸ਼ ਕਰਨ ਵਾਲੇ ਮਾਹੌਲ ਨੇ ਖਿੱਚੀ ਸੀ।

 

ਇਸ ਵਿਆਹ ਦੀ ਖੁਸ਼ੀ ਵਿਚ ਉਸ ਆਪਣੇ ਸਕੂਲ ਦੇ ਸਟਾਫ਼ ਮੈਂਬਰਾਂ ਨੂੰ ਚਾਹ ਦੀ ਪਾਰਟੀ ਵੀ ਦਿੱਤੀ ਸੀ। ਇਕੋ ਸਕੂਲ ਵਿਚ ਪੜਾਉਂਦੇ ਹੋਣ ਦੀ ਸਾਂਝ ਦਾ ਸਹਾਰਾ ਲੈ ਕੇ ਮੈਂ ਇਸ ਵਿਆਹ ਬਾਰੇ ਆਪਣੀ ਪ੍ਰਤੀਕਿਰਿਆ ਦਾ ਪ੍ਰਗਟਾਵਾ ਕੀਤਾ, “ਭੈਣ ਜੀ, ਮੀਨਾ ਦੀ ਉਮਰ ਅਜੇ ਬਾਰਾਂ ਸਾਲ ਹੈ, ਦੋ ਸਾਲਾਂ ਵਿਚ ਉਸ ਦਾ ਵਿਆਹ ਕਰਨਾ ਹੋਵੇਗਾ, ਤੁਹਾਡਾ ਇਸ ਉਮਰ ਵਿਚ ਕਰਵਾਇਆ ਅੰਤਰਜਾਤ ਵਿਆਹ ਉਸ ਲਈ ਯੋਗ ਵਰ ਲੱਭਣ ਵਿਚ ਕਿੰਨੀ ਕੁ ਰੁਕਾਵਟ ਬਣੇਗਾ, ਕੀ ਤੁਸੀਂ ਇਸ ਬਾਰੇ ਕੀ ਸੌਚਿਆ ਹੈ?”

 

ਕੀ ਏਨੀ ਵੱਡੀ ਦੁਨੀਆਂ ਵਿਚ ਇਕ ਹੀ ਦਵਿੰਦਰ ਸਾਥੀ ਹੈ?” ਗੰਭੀਰ ਆਵਾਜ਼ ਵਿਚ ਬੋਲਦਿਆਂ ਉਸ ਨਿਗਾਹ ਉਪਰ ਉਠਾਈ ਜਿਵੇਂ ਕਿਸੇ ਨਵੇਂ ਦਿਸਹਦੇ ਵੱਲ ਇਸ਼ਾਰਾ ਕਰ ਰਹੀ ਹੋਵੇ।

=============

 

ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

ਜਗਦੀਸ਼ ਰਾਏ ਕੁਲਰੀਆਂ
   

 #46, ਇੰਪਲਾਈਜ਼ ਕਾਲੋਨੀ, ਬਰੇਟਾ, ਜਿਲਾ ਮਾਨਸਾ (ਪੰਜਾਬ) – 151501

ਮੋਬਾਈਲ: 95018 77033

ਈਮੇਲ: jagdishkulrian@gmail.com

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mini Kahani Critic and Writer - Niranjan Boha