ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿੰਨੀ ਕਹਾਣੀ ਦੇ ਮੁਢਲੇ ਰਾਹਾਂ ਦਾ ਸਿਰਕੱਢ ਰਚੇਤਾ – ਜਗਦੀਸ਼ ਅਰਮਾਨੀ

ਮਿੰਨੀ ਕਹਾਣੀ ਦੇ ਮੁਢਲੇ ਰਾਹਾਂ ਦਾ ਸਿਰਕੱਢ ਰਚੇਤਾ – ਜਗਦੀਸ਼ ਅਰਮਾਨੀ

ਮਿੰਨੀ ਕਹਾਣੀ ਦੇ ਵੱਡੇ ਸਿਰਜਕ – 7

 

ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ    

 

ਪੰਜਾਬੀ ਮਿੰਨੀ ਕਹਾਣੀ ਦੇ ਮੁਢਲੇ ਦੌਰ ਦੇ ਲੇਖਕ ਜਿੰਨਾਂ ਨੇ ਇਸ ਵਿਧਾ ਦੀ ਸਥਾਪਤੀ ਲਈ ਯਤਨ ਕੀਤੇ ਉਨਾਂ ਵਿਚ ਜਗਦੀਸ਼ ਅਰਮਾਨੀ ਜੀ ਦਾ ਨਾਂ ਸਿਰਕੱਢ ਲੇਖਕਾਂ ਵਿਚ ਆਉਂਦਾ ਹੈ। ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਪਟਿਆਲਾ ਦੀ ਸਥਾਪਨਾ ਤੋਂ ਲੈ ਕੇ ਮਿੰਨੀ ਕਹਾਣੀ ਦੇ ਵਿਕਾਸ ਲਈ ਹੋਰ ਵੀ ਕਈ ਕਾਰਜ ਕੀਤੇ। ਕਈ ਨਵ ਲੇਖਕਾਂ ਨੂੰ ਇਸ ਵਿਧਾ ਨਾਲ ਜੋੜਿਆ ਤੇ ਉਨਾਂ ਦਾ ਇਸ ਵਿਧਾ ਵਿਚ ਮਾਰਗਦਰਸ਼ਨ ਕੀਤਾ। ਜਿਸ ਵਿਚ ਹਰਪ੍ਰੀਤ ਸਿੰਘ ਰਾਣਾ, ਮਨਪ੍ਰੀਤ ਕੌਰ ਭਾਟੀਆ ਤੇ ਗੁਰਮੀਤ ਸਿੰਘ ਬਿਰਦੀ ਦਾ ਨਾਂ ਲਿਆ ਜਾ ਸਕਦਾ ਹੈ। 


ਡਾ. ਹਰਪ੍ਰੀਤ ਸਿੰਘ ਰਾਣਾ ਦੇ ਦੱਸਣ ਅਨੁਸਾਰ,‘‘ਜਗਦੀਸ਼ ਅਰਮਾਨੀ ਦੀਆਂ ਮਿੰਨੀ ਕਹਾਣੀਆਂ ਸਾਲ ੧੯੫੯ ਵਿਚ ‘ਰਿਸ਼ਮਾ’ ਅਤੇ ‘ਜੀਵਨ ਪ੍ਰੀਤੀ’ ਮੈਗਜ਼ੀਨਾਂ ਵਿਚ ਛਪਦੀਆਂ ਰਹੀਆਂ ਹਨ।’’ ਸਾਲ 1967 ਦੌਰਾਨ ਛਪੇ ਇਨਾਂ ਦੇ ਕਹਾਣੀ ਸੰਗ੍ਰਹਿ ‘ਧੂੰਆਂ ਤੇ ਬੱਦਲ’ ਤੇ ਵਿਚ ਗਿਆਰਾਂ ਕਹਾਣੀਆਂ ਤੇ ਗਿਆਰਾਂ ਮਿੰਨੀ ਕਹਾਣੀਆਂ ਸ਼ਾਮਿਲ ਹਨ ਜੋ ਬਾਦ ਵਿਚ ਮਿੰਨੀ ਕਹਾਣੀ ਦੇ ਨਾਂ ਹੇਠ ਛਪੇ ਇਨਾਂ ਦੇ ਸੰਗ੍ਰਹਿਾਂ ਵਿਚ ਵੀ ਸ਼ਾਮਿਲ ਹੋਈਆਂ। ਉਸ ਸਮੇਂ ‘ਮਿੰਨੀ ਕਹਾਣੀ’ ਦਾ ਨਾਮਕਰਨ ਨਹੀਂ ਹੋਇਆ ਸੀ। 


ਇਸ ਲਈ ਪ੍ਰੋ. ਕ੍ਰਿਸ਼ਨ ਮਦਹੋਸ਼ ਐੱਮ.ਏ. ਨੇ ਇਨਾਂ ਰਚਨਾਵਾਂ ਨੂੰ ‘ਸੁਰਖ ਹਾਸ਼ੀਏ’ ਕਿਹਾ ਹੈ। ਇਸ ਤੋਂ ਬਾਦ ‘ਕੂੜ ਫਿਰੇ ਪ੍ਰਧਾਨ’ (1989) ਤੇ ‘ਇਕੱਵੀ ਸਦੀ’ (1994) ਦੋ ਮਿੰਨੀ ਕਹਾਣੀ ਸੰਗ੍ਰਹਿਾਂ ਤੋਂ ਇਲਾਵਾ ਇੱਕ ਆਲੋਚਨਾ ਦੀ ਪੁਸਤਕ ਵੀ ਪੰਜਾਬੀ ਸਾਹਿਤ ਨੂੰ ਮਿਲੀ। ਇਨਾਂ ਨੇ ਪੰਜ ਕਹਾਣੀ ਸੰਗ੍ਰਹਿ ਵੀ ਪ੍ਰਕਾਸ਼ਿਤ ਕਰਵਾਏ। ਇਹ ਨਿਰੋਲ ਮਿੰਨੀ ਕਹਾਣੀ ਦੇ ਪਰਚੇ ‘ਖੁਸ਼ਬੂ’ ਦਾ ੧੯੮੯ ਤੋਂ ਲੈ ਕੇ ੧੯੯੯ ਤੱਕ ਸੰਪਾਦਨ ਕਰਦੇ ਰਹੇ।


           ਜਗਦੀਸ਼ ਅਰਮਾਨੀ ਦਾ ਜਨਮ 10 ਸਤੰਬਰ 1936 ਨੂੰ ਹੋਤੀ ਮਰਦਾਨ (ਪਾਕਿਸਤਾਨ) ਵਿਖੇ ਹੋਇਆ ਅਤੇ ਅਧਿਆਪਨ ਦੇ ਕਿੱਤੇ ਨਾਲ ਜੁੜੇ ਰਹੇ। ਮਿਤੀ 8 ਜੁਲਾਈ 1999 ਨੂੰ ਇਹ ਇਸ ਸੰਸਾਰ ਤੋਂ ਅਲਵਿਦਾ ਆਖ ਗਏ। ਇਨਾਂ ਦੀਆਂ ਮਿੰਨੀ ਕਹਾਣੀਆਂ ਫ਼ਿਰਕੂ ਰੰਗ ਵਿਚ ਰੰਗੇ ਆਦਮੀ ਦੀ ਮਾਨਸਿਕਤਾ, ਪੰਜਾਬ ਦੇ ਕਾਲੇ ਦੌਰ ਤੇ ਮਨੁੱਖ ਅੰਦਰੋਂ ਮਨਫ਼ੀ ਹੁੰਦੀ ਮਾਨਵਤਾ ਨੂੰ ਬਿਆਨ ਕਰਦੀਆਂ ਹਨ। ਦੇਖੋ ਇਨਾਂ ਦੀਆਂ ਮਿੰਨੀ ਕਹਾਣੀਆਂ ਦੇ ਰੰਗ:

=============

ਕਮਾਣੀਦਾਰ ਚਾਕੂ

    ਸ਼ਹਿਰ ਦੀ ਫ਼ਿਜ਼ਾ ਬੜੀ ਮਾੜੀ ਸੀ। ਇੰਨੀ ਮਾੜੀ ਕਿ ਕਿਸੇ ਵੀ ਸਮੇਂ ਕੋਈ ਘਟਨਾ ਘਟ ਸਕਦੀ ਸੀ। ਅੱਗਜ਼ਨੀ, ਖੂਨ_ਖ਼ਰਾਬੇ ਤੇ ਲੁੱਟਮਾਰ ਦੀਆਂ ਘਟਨਾਵਾਂ ਆਮ ਸਨ।


ਉਹ ਜਦੋਂ ਵੀ ਘਰੋਂ ਨਿਕਲਦਾ, ਉਹਦੀ ਪਤਨੀ ਉਹਦੇ ਘਰ ਮੁੜਨ ਦੀਆਂ ਸੌ ਸੌ ਸੁੱਖਣਾ ਸੁੱਖਦੀ ਸੀ। ਉਹ ਜਦ ਤਕ ਘਰ ਪਰਤ ਕੇ ਨਾ ਆਉਂਦਾ, ਉਹਦੀ ਪਤਨੀ  ਨੂੰ ਚੈਨ ਨਾ ਆਉਂਦਾ। ਉਹਦਾ ਇਕ ਪੈਰ ਘਰ ਦੇ ਅੰਦਰ ਤੇ ਇਕ ਬਾਹਰ ਹੁੰਦਾ। ਉਹ ਬਾਰ_ਬਾਰ ਡਿਉਢੀ ਦੇ ਬੂਹੇ ਕੋਲ ਜਾਂਦੀ ਤੇ ਬਾਰ_ਬਾਰ ਮੁੜ ਆਉਂਦੀ। ਉਹ ਵੀ ਹੁਣ ਜਦੋਂ ਘਰੋਂ ਬਾਹਰ ਨਿਕਲਦਾ, ਆਪਣੀ ਜੇਬ ਵਿਚ ਸਦਾ ਇਕ ਕਮਾਣੀਦਾਰ ਚਾਕੂ ਰੱਖਦਾ ਤੇ ਸੋਚਦਾ, ਜੇ ਕਦੇ ਮੇਰੇ ਕਾਬੂ ਕੋਈ ਭੈੜਾ ਅਨਸਰ ਆ ਗਿਆ ਤਾਂ ਉਹਦੀਆਂ ਇਕ ਵਾਰ ਤਾਂ ਆਂਦਰਾਂ ਕੱਢ ਦਿਆਂਗਾ।


ਉਹ ਸੋਚਦਾ ਸੋਚਦਾ ਹੀ ਜਾ ਰਿਹਾ ਸੀ ਕਿ ਅਚਾਨਕ ਬਾਜ਼ਾਰ ਦਾ ਇਕ ਮੋੜ ਆਉਣ ਤੇ ਉਹਦਾ ਸਕੂਟਰ ਕਿਰ...ਰਿਚ ਕਰਦਾ ਸੜਕ ’ਤੇ ਫਿਸਲ ਗਿਆ ਤੇ ਉਹ ਮੂੰਹ ਦੇ ਮੂੰਹ ਡਿੱਗ ਪਿਆ।


ਉਸੇ ਵੇਲੇ ਦੂਜੇ ਫਿਰਕੇ ਦੇ ਅੱਧ_ਖੜ ਉਮਰ ਦੇ ਦੋ ਆਦਮੀ ਉਹਦੇ ਵਲ ਦੌੜੇ ਦੌੜੇ ਆਏ।

 

ਉਹ ਦਹਿਲ ਗਿਆ ਪਰ ਹਿੰਮਤ ਕਰਕੇ ਫੌਰਨ ਉਠਿਆ। ਉਹਨੇ ਜਿਸਮ ਦੇ ਕਈ ਥਾਂਵਾਂ ਤੇ ਆਈਆਂ ਖਰੋਚਾਂ ਦੀ ਵੀ ਪ੍ਰਵਾਹ ਨਾ ਕੀਤੀ। ਉਹਨੇ ਛੇਤੀ ਨਾਲ ਆਪਣਾ ਹੱਥ ਆਪਣੀ ਜੇਬ ਵੱਲ ਵਧਾਇਆ।

 

ਪਰ ਜੇਬ ਵਿਚ ਕੁਝ ਨਹੀਂ ਸੀ।

 

“ਪੁੱਤਰ, ਸੱਟ ਤਾਂ ਨਹੀਂ ਲੱਗੀ!” ਦੋ ਆਦਮੀਆਂ ਵਿਚੋਂ ਇਕ ਨੇ ਉਹਨੂੰ ਆਖਿਆ।

 

“ਨਹੀਂ !” ਉਹਨੇ ਹੌਲੀ ਜਿਹੀ ਕਿਹਾ ਤੇ ਸਕੂਟਰ ਸਿੱਧਾ ਖੜਾ ਕਰਕੇ ਸਟਾਰਟ ਕਰਨ ਲੱਗਾ।

 

“ਪੁੱਤਰ, ਤੇਰਾ ਚਾਕੂ!” ਦੂਜੇ ਆਦਮੀ ਨੇ ਥੋੜੀ ਵਿੱਥ ਤੋਂ ਉਹਦਾ ਡਿਗਿਆ ਹੋਇਆ ਚਾਕੂ ਚੁੱਕ ਕੇ, ਉਹਨੂੰ ਫੜਾਂਦਿਆਂ ਆਖਿਆ।

 

ਉਹਨੇ ਇਕ ਨਜ਼ਰ ਦੋਵਾਂ ਆਦਮੀਆਂ ਵਲ ਵੇਖਿਆ ਤੇ ਨੀਵੀਂ ਪਾਈ ਚਾਕੂ ਫੜੇ ਬਿਨਾਂ ਹੀ, ਸਕੂਟਰ ਸਟਾਰਟ ਕਰਕੇ ਉਥੋਂ ਚਲ ਪਿਆ।

===========

 

ਜਿੰਨਾ ਨੇੜੇ ਉਨਾਂ ਦੂਰ

 

“ਮਿਸਟਰ ਸਿੰਘ! ਅਸੀਂ ਬੜੀ ਕੋਿਸ਼ਸ਼ ਕੀਤੀ ਪਰ ਕੁਝ ਨਹੀਂ ਕਰ ਸਕੇ _ਆਖਰ ਤੁਹਾਡੇ ਦੋਵੇਂ ਬਾਜੂ ਕੱਟਣੇ ਹੀ ਪਏ! ਤੁਹਾਡੀ ਕੋਈ ਖਾਹਿਸ਼!”


“ਡਾਕਟਰ! ਡਾਕਟਰ!! ਮੇਰੇ ਪਿਆਰੇ ਡਾਕਟਰ!!! ਤੁਹਾਡੀ ਇਸ ਧਰਤੀ ਤੇ ਮੇਰੀ ਪਿਆਰੀ, ਬਹੁਤ ਹੀ ਪਿਆਰੀ ਰੇਨਿਕਾ ਰਹਿੰਦੀ ਏ। ਜੇ ਉਹਨੂੰ ਬੁਲਾਣ ਦਾ ਪ੍ਰਬੰਧ ਕਰ ਸਕੋ। ਉਹਦਾ ਐਡਰੈਸ, ਵੇਖਣਾ ਮੇਰੀ ਅਟੈਚੀ ਦੀ ਜੇਬ ’ਚ ਪਿਆ ਹੋਣਾ ਏ।”

 

“ਮਿਸਟਰ ਸਿੰਘ! ਜਿਸ ਦਿਨ ਤੁਹਾਡਾ ਓਪ੍ਰੇਸ਼ਨ ਹੋਇਆ ਸੀ, ਉਸ ਦਿਨ ਪਤਲੇ ਕੱਦ_ਕਾਠ ਵਾਲੀ, ਇਕ ਡਾਢੀ ਸੋਹਣੀ ਯੁਵਤੀ ਤੁਹਾਡੀ ਖ਼ਬਰ ਸਾਰ ਲੈਣ ਆਈ ਸੀ।”

 

“ਹਾਂ ਹਾਂ_ਓਹੋ ਰੇਨਿਕਾ ਸੀ ਡਾਕਟਰ। ਓ ਮੇਰੀ ਪਿਆਰੀ ਰੇਨੂ_ਤੈਨੂਂੰ ਹਾਦਸੇ ਦਾ ਪਤਾ ਲਗ ਗਿਆ ਸੀ _ਕਿਉਂ ਨਾ ਲਗਦਾ_ਮੈਂ ਤੈਨੂੰ ਤੇਰੀ ਧਰਤੀ ਤੇ ਆਉਣ ਦੀ ਟੈਲੀਗ੍ਰਾਮ ਜੁ ਦਿੱਤੀ ਸੀ। ਤੂੰ ਕਿਉਂ ਨਾ ਆਉਂਦੀ। ਡਾਕਟਰ! ਡਾਕਟਰ! ਫੇਰ_ਫੇਰ ਉਹ ਹੁਣ ਕਦ ਆਵੇਗੀ_ਕੀ ਕਹਿ ਗਈ ਏ ਮੇਰੀ ਰੇਨੂੰ”

 

“ਮਿਸਟਰ ਸਿੰਘ! ਜਦ ਉਹ ਪੁੱਛਦੀ ਪੁੱਛਦੀ ਆਈ_ਤੁਹਾਡੇ ਬੈਡ ਕੋਲ ਅਪੜੀ ਤਾਂ ਉਹ ਤੁਹਾਨੂੰ ਦੇਖਦਿਆਂ ਹੀ ਤੁਹਾਡੇ ਨਾਲ ਲਿਪਟ ਗਈ ਤੇ ਧਾਹਾਂ ਮਾਰ ਮਾਰ ਕੇ ਰੋਣ ਲੱਗੀ। ਬੜਾ ਚਿਰ ਰੋਂਦੀ ਰਹੀ। ਫੇਰ ਉਸ ਨੇ ਹੌਲੀ ਹੌਲੀ ਤੁਹਾਡੇ ਸਰੀਰ ਤੋਂ ਕੰਬਲ ਚੁੱਕਿਆ। ਦੇਖਕੇ ਉਹਦਾ ਤਰਾਹ ਨਿਕਲ ਗਿਆ। ਇਕ ਦਮ ਡਰ ਕੇ ਉਹ ਕਈ ਕਦਮ ਪਿੱਛੇ ਹੱਟ ਗਈ। ਉਹਦਾ ਰੋਣਾ ਬੰਦ ਹੋ ਗਿਆ। ਉਹ ਉਸ ਤੋਂ ਮਗਰੋਂ ਕੁਝ ਹੀ ਪਲ ਇਥੇ ਠਹਿਰ ਸਕੀ।”

 

“ਤਾਂ ਡਾਕਟਰ, ਉਹਨੂੰ ਨਾ ਬੁਲਾਓ ਫੇਰ। ਉਹਨੂੰ ਭਾਰੀ ਸ਼ਾਕ ਲੱਗਿਆ ਹੋਣਾ ਏ। ਉਹਦਾ ਫੋਟੋ ਹੀ ਮੇਰੇ ਅਟੈਚੀ ’ਚੋਂ ਕੱਢ ਦਿਓ_ਪਲੀਜ਼ ਡਾਕਟਰ!”

 

“ਮਿਸਟਰ ਸਿੰਘ!”

 

“ਹਾਂ ਹਾਂ ਬੋਲੋ ਡਾਕਟਰ! ਡਾਕਟਰ!!”

 

“ਮਿਸਟਰ ਸਿੰਘ! ਜਾਣ ਲੱਗਿਆਂ ਉਹ ਤੁਹਾਡੇ ਅਟੈਚੀ ’ਚੋਂ ਆਪਣੀ ਫੋਟੋ ਵੀ ਕੱਢ ਕੇ ਲੈ ਗਈ ਏ!”

============

ਕਮਾਈ ਆਪੋ ਆਪਣੀ

 

ਬਸ ਉਹਦੇ ਸਿਰ ਦੇ ਵਾਲ ਹੀ ਨਹੀਂ ਸਨ ਖੜੇ ਹੋਏ_ਵਰਨਾ ਕੋਈ ਕਸਰ ਨਹੀਂ ਸੀ। ਤੱਕਣੀ ’ਚ ਉਹਦੇ ਕੌੜ ਸੀ ਤੇ ਮੂੰਹ ’ਚੋਂ ਜਿਵੇਂ ਉਹਦੇ ਝੱਗ ਡਿੱਗ ਰਹੀ ਸੀ।

 

ਗੇਟ ਤੇ ਖੜਾ ਮਾੜੂਆ ਜਿਹਾ ਚਪੜਾਸੀ ਉਹਨੂੰ ਅੰਦਰ ਦਾਖਲ ਹੋਣ ਤੋਂ ਰੋਕਣ ਦੀ ਜ਼ੁਰਅਤ ਨਹੀਂ ਸੀ ਕਰ ਸਕਿਆ।

 

ਉਹ ਸਿੱਧਾ ਪਿ੍ਰੰਸੀਪਲ ਦੀ ਕੁਰਸੀ ਦੇ ਸਾਹਮਣੇ ਵਾਲੀ ਮੇਜ਼ ਦੇ ਅੱਗੇ ਪਈਆਂ ਕੁਰਸੀਆਂ ’ਚੋਂ ਇਕ ਤੇ ਬਹਿ ਗਿਆ ਤੇ ਪਿ੍ਰੰਸੀਪਲ ਵੱਲ ਘੂਰ ਘੂਰ ਕੇ ਦੇਖਦਿਆਂ ਹਵਾ ’ਚ ਹੂਰੇ ਮਾਰਨ ਲੱਗਿਆ। ਫੇਰ ਬੜੀ ਗਰਮੀ ਨਾਲ ਬੋਲਿਆ, “ਜਨਾਬ, ਤੁਹਾਡੇ ਸਕੂਲ ਦੇ ਡਿਸਿਪਲਨ ਦਾ ਸਤਿਆਨਾਸ ਹੋ ਗਿਐ।”

 

“ਕਿਉਂ-ਕਿਵੇਂ?” ਪਿ੍ਰੰਸੀਪਲ ਨੇ ਹੈਰਾਨ ਹੋ ਕੇ ਪੁੱਛਿਆ।

 

“ਜਨਾਬ ਤੁਹਾਡੇ ਸਕੂਲ ਦਾ ਕੋਈ ਟੀਚਰ ਪੀਰੀਅਡ ਨਹੀਂ ਲੈਂਦਾ। ਕੋਈ ਮੁੰਡਾ ਜਮਾਤ ’ਚ ਨਹੀਂ ਜਾਂਦਾ। ਬਸ ਕੋਈ ਪਿਕਚਰ ਹਾਲ ਵਿਚ ਵੜਿਆ ਰਹਿੰਦੈ, ਕੋਈ ਸਟੇਸ਼ਨ ਤੇ ਆਵਾਰਾਗਰਦੀ ਕਰਦਾ ਰਹਿੰਦੈ, ਕੋਈ ਬਾਜ਼ਾਰ ਵਿਚ ਘੁੰਮ ਰਿਹੈ ਹੁੰਦੈ, ਕੋਈ ਗੁੱਲੀ ਡੰਡਾ, ਕੋਈ ਸੀਪ, ਕੋਈ ਫਲੈਸ਼ ਖੇਡ ਰਿਹਾ ਹੁੰਦੈ। ਮੈਂ ਹੁਣੇ ਹੁਣ ਆਪਣੇ ਮੁੰਡੇ ਨੂੰ ਮਾਲ ਰੋਡ ਤੇ ਸੈਰ ਕਰਦਿਆਂ ਵੇਖ ਕੇ ਆਇਆਂ ਹਾਂ। ਉਹਦੇ ਨਾਲ ਸਕੂਲ ਦੇ ਕਈ ਹੋਰ ਮੁੰਡੇ ਵੀ ਸਨ। ਮੈਂ ਕਹਿਨਾਂ ਜੇ ਤੁਹਾਡੇ ਸਕੂਲ ਦਾ ਡਿਸਿਪਲਨ ਹੋਵੇ ਤਾਂ ਮੁੰਡਾ ਕੋਈ ਹਿੱਲ ਕਿਵੇਂ ਜਾਵੇ। ਬਸ ਤੁਸੀਂ ਸਭ ਹਰਾਮ ਦੀਆਂ ਖਾਂਦੇ ਹੋ। ਇਹ ਸਾਹਮਣੇ ਮੈਰਿਟ ਤੇ ਆਉਣ ਵਾਲੇ ਵਿਦਿਆਰਥੀਆਂ ਦੇ ਲਟਕ ਰਹੇ ਫੱਟੇ ਉਤੇ ਪੋਚਾ ਫੇਰ ਦਿਓ_ਹੁਣ ਨਹੀਂ ਆ ਸਕਣਾ ਤੁਹਾਡੇ ਸਕੂਲ ਦਾ ਮੁੰਡਾ ਕੋਈ ਫਸਟ।”

 

ਜਦੋਂ ਉਹ ਬਹੁਤ ਬੋਲ ਲਿਆ ਤਾਂ ਪਿ੍ਰੰਸੀਪਲ ਨੇ ਉਸਨੂੰ ਮੁਸਕਰਾ ਕੇ ਪੁੱਛਿਆ, “ਜੀ ਬੱਸ ਕਿ ਹੋਰ?”

 

ਉਸ ਬੜੇ ਕੌੜ ਨਾਲ ਇਕ ਵਾਰ ਮੁੜ ਪਿ੍ਰੰਸੀਪਲ ਵੱਲ ਤੱਕਿਆ।

 

“ਤੁਸੀਂ ਕਿਹੜੇ ਮਹਿਕਮੇ ਵਿਚ ਕੰਮ ਕਰਦੇ ਹੋ?” ਪਿ੍ਰੰਸੀਪਲ ਨੇ ਬੜੇ ਠਰਮੇ ਨਾਲ ਉਸ ਤੋਂ ਪੁੱਛਿਆ।

 

“ਜੀ ਮੈਂ ਸਿਵਲ_ਸਪਲਾਈ ਵਿਚ ਇੰਸਪੈਕਟਰ ਹਾਂ!” ਉਸਨੇ ਆਪਣੀਆਂ ਮੁੱਛਾਂ ਦੀਆਂ ਕੁੰਡਲੀਆਂ ਵਟਦਿਆਂ ਆਖਿਆ।

 

“ਤਾਂ ਜਨਾਬ”, ਪ੍ਰਿੰਸੀਪਲ ਬੋਲਿਆ, “ਇਹ ਕਸੂਰ ਸਾਡੀ ਪੜਾਈ ਦਾ ਨਹੀਂ, ਕਸੂਰ ਸਾਰਾ ਤੁਹਾਡੀ ਕਮਾਈ ਦਾ ਏ!”

==========

ਜਨੂੰਨ

 

ਸ਼ਹਿਰ ਦੇ ਉਤਰੀ ਹਿੱਸੇ ਵਿਚ ਜਿੱਥੇ ਹਿੰਦੂਆਂ ਦਾ ਜ਼ੋਰ ਸੀ, ਉਥੇ ਹਿੰਦੂ ਇਕੱਠੇ ਹੋ ਗਏ ਤੇ ਦੱਖਣੀ ਹਿੱਸੇ ਵਿਚ ਜਿਥੇ ਸਿੱਖਾਂ ਦੀ ਆਬਾਦੀ ਵਧੇਰੇ ਸੀ ਉਥੇ ਸਿੱਖ ਇਕੱਠੇ ਹੋ ਗਏ।

 

ਉਤਰੀ ਹਿੱਸੇ ਵਿਚ ਇਕ ਸਿੱਖ ਹਿੰਦੂਆਂ ਦੇ ਢਹੇ ਚੜ ਗਿਆ। ਉਨਾਂ ਉਹਦੀ ਖੂਬ ਦੁਰਗਤ ਕੀਤੀ। ਇਥੋਂ ਤੱਕ ਕਿ ਉਹਦਾ ਹੁਲੀਆ ਹੀ ਵਿਗਾੜ ਦਿੱਤਾ। ਉਹਦੇ ਦਾੜ੍ਹੀ–ਕੇਸ ਇਸ ਢੰਗ ਨਾਲ ਮੁੰਨ ਦਿੱਤੇ ਕਿ ਉਹ ਪੂਰਾ ਹਿੰਦੂ ਜਾਪਣ ਲੱਗਾ।

 

ਤੇ ਫੇਰ ਉਸਨੂੰ ਉਨਾਂ ਛੱਡ ਦਿੱਤਾ।

 

ਉਸੇ ਦਿਨ ਸ਼ਾਮ ਵੇਲੇ ਦੱਖਣੀ ਹਿੱਸੇ ਵਿਚ ਇਕ ਹਿੰਦੂ ਸਿੱਖਾਂ ਦੇ ਟੇਟੇ ਚੜ ਗਿਆ। ਸਿੱਖਾਂ ਨੇ ਉਸ ਨੂੰ ਖੂਬ ਮਾਰਿਆ_ਕੁੱਟਿਆ। ਫੇਰ ਉਸਨੂੰ  ਇਕ ਥੰਮੀ ਨਾਲ ਬੰਨ੍ਹ ਦਿੱਤਾ। ਉਹਨੇ ਪੁਕਾਰ ਪੁਕਾਰ ਕੇ ਆਖਿਆ, “ਭਰਾਵੋ, ਮੈਂ ਹਿੰਦੂ ਨਹੀਂ, ਮੈਂ ਤਾਂ ਸਿੱਖ ਹਾਂ। ਭਾਵੇਂ ਮੇਰੇ ਤੋਂ ਸਾਰਾ ਜਪੁਜੀ ਸਾਹਿਬ ਜ਼ਬਾਨੀ ਸੁਣ ਲਓ।”

 

ਪਰ ਸਿੱਖਾਂ ਨੇ ਉਸਦੀ ਇਕ ਨਾ ਸੁਣੀ। ਉਨਾਂ ਆਖਿਆ, “ਜਪੁਜੀ ਸਾਹਿਬ ਤਾਂ ਬਹੁਤ ਸਾਰੇ ਹਿੰਦੂਆਂ ਨੂੰ ਵੀ ਜ਼ਬਾਨੀ ਯਾਦ ਹੈ। ਕਿਤੇ ਕੋਈ ਜਪੁਜੀ ਸਾਹਿਬ ਜ਼ਬਾਨੀ ਸੁਣਾਉਣ ਨਾਲ ਸਿੱਖ ਥੋੜਾ ਬਣ ਜਾਂਦੈ।”

 

ਇਸ ਲਈ ਉਨਾਂ ਉਸ ਦਾ ਸਿਰ ਚਾਕ ਕਰ ਦਿੱਤਾ।


==============

ਮੁਰਦ-ਘਾਟ ’ਤੇ ਖੜਾ ਆਦਮੀ

 

ਕੜੀ ਵਰਗੇ ਤਿੰਨ ਜੁਆਨ ਅੱਜ ਗੋਲੀਆਂ ਨਾਲ ਭੁੰਨ ਦਿੱਤੇ ਗਏ ਸਨ। ਸਾਰੇ ਸ਼ਹਿਰ ਵਿਚ ਹਾਹਾਕਾਰ ਮੱਚੀ ਹੋਈ ਸੀ।

 

ਤਿੰਨਾਂ ਜੁਆਨਾਂ ਦੀਆਂ ਲਾਸ਼ਾਂ ਪੋਸਟ-ਮਾਰਟਮ ਲਈ ਹਸਪਤਾਲ ਲਿਜਾਈਆਂ ਗਈਆਂ। ਪੋਸਟ-ਮਾਰਟਮ ਦੇ ਕਮਰੇ ਦੇ ਬਾਹਰ ਲੋਕਾਂ ਦੀ ਅੰਤਾਂ ਦੀ ਭੀੜ ਸੀ।

 

ਕਮਰੇ ਦੇ ਬੂਹੇ ਉੱਤੇ ਪਹਿਰੇਦਾਰ ਖੜਾ ਸੀ। ਪਹਿਰੇਦਾਰ ਅੰਦਰ ਕਿਸੇ ਨੂੰ ਜਾਣ ਨਹੀਂ ਸੀ ਦੇਂਦਾ। ਪਰ ਫੇਰ ਵੀ ਕੋਈ ਕਮਰੇ ਦੇ ਅੰਦਰ ਜਾ ਰਿਹਾ ਸੀ। ਕੋਈ ਕਮਰੇ ਦੇ ਅੰਦਰੋਂ ਬਾਹਰ ਨਿਕਲ ਰਿਹਾ ਸੀ।

 

ਸਤਭਰਾਈ ਬੂਹੇ ਦੇ ਕੋਲ ਕੰਧ ਨਾਲ ਲੱਗੀ ਖੜੀ ਸੀ। ਉਹ ਨਾ ਜਿਉਂਦਿਆਂ ਵਿਚ ਸੀ ਨਾ ਮੋਇਆਂ ਵਿਚ।

 

ਮੈਂ ਉਹਦੀ ਹਾਲਤ ਵੇਖ ਕੇ ਗੋਟ ਉੱਤੇ ਖੜੇ ਪਹਿਰੇਦਾਰ ਨੂੰ ਆਖਿਆ, “ਇਸ ਵਿਚਾਰੀ ਨੂੰ ਵੀ ਇਕ ਮਿੰਟ ਲਈ ਅੰਦਰ ਚਲੀ ਜਾਣ ਦੇ।”
“ਸਰਦਾਰ ਜੀ,” ਉਹ ਬੜੀ ਕੁਰਖਤ ਨਜਰਾਂ ਨਾਲ ਮੇਰੇ ਵੱਲ ਵੇਖ ਕੇ ਬੋਲਿਆ, “ਉਹ ਤੁਹਾਡੀ ਕੀ ਲਗਦੀ ਹੈ? ਤੁਸੀਂ ਕਿਉਂ ਉਹਦੀ ਸਿਫਾਰਸ਼ ਕਰ ਰਹੇ ਹੋ?”

 

“ਨਹੀਂ, ਮੇਰੀ ਲਗਦੀ ਤਾਂ ਕੁਝ ਨਹੀਂ। ਮੈਂ ਸਿਰਫ ਮਾਨਵੀ-ਨਾਤੇ ਵੱਜੋਂ ਤੁਹਾਨੂੰ ਬੇਨਤੀ ਕਰ ਰਿਹੈਂ।”

 

“ਤਾਂ ਫਿਰ ਉਹ ਆਪ ਕਹੇ।”

 

ਸਤਭਰਾਈ ਕੰਧ ਨਾਲ ਲੱਗੀ ਖੜੀ ਸੁਣ ਰਹੀ ਸੀ। ਉਹ ਕੰਧ ਨਾਲੋਂ ਜਰਾ ਜਿਹਾ ਸਰਕ ਕੇ ਥੋੜਾ ਉਰਾਂ ਹੋ ਗਈ। ਮੈਂ ਥੋੜਾ ਪਿੱਛੇ ਹਟ ਗਿਆ।
“ਮਾਈ, ਤੇਰਾ ਮੁੰਡਾ ਮਾਰਿਆ ਗਿਆ?” ਉਹਨੇ ਉਸ ਤੋਂ ਪੁੱਛਿਆ।

 

“ਹਾਂ!” ਮਾਈ ਨੇ ਸਿਰ ਹਿਲਾ ਕੇ ਸ਼ਾਹਦੀ ਭਰੀ।

 

“ਤਾਂ ਮਾਈ, ਇਹ ਦੱਸ,” ਉਸਨੇ ਲਾਲ-ਪੀਲੇ ਹੁੰਦੇ ਆਖਿਆ, “ਤੂੰ ਮੁੰਡੇ ਦੇ ਦਾਹ-ਸੰਸਕਾਰ ’ਤੇ ਕੁਝ ਨਹੀਂ ਖਰਚਣਾ? ਲਕੜਾਂ ’ਤੇ ਨਹੀਂ ਖਰਚੇਂਗੀ ਜਾਂ ਕਫਨ ਨਹੀਂ ਬਣਾਵੇਂਗੀ। ਦੱਸ ਕੀ ਨਹੀਂ ਕਰੇਂਗੀ? ਜੇ ਸਭ ਕੁਝ ਕਰੇਂਗੀ ਤਾਂ ਮਾਈ ਫੇਰ ਸਾਡਾ ਹੱਕ ਕਿਉਂ ਰੱਖਦੀ ਏਂ?”

=============

 

ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

ਜਗਦੀਸ਼ ਰਾਏ ਕੁਲਰੀਆਂ
   

 #46, ਇੰਪਲਾਈਜ਼ ਕਾਲੋਨੀ, ਬਰੇਟਾ, ਜਿਲਾ ਮਾਨਸਾ (ਪੰਜਾਬ) – 151501

ਮੋਬਾਈਲ: 95018 77033

ਈਮੇਲ: jagdishkulrian@gmail.com

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mini Kahani s Prominent Pioneer Jagdish Armani