ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿੰਨੀ ਕਹਾਣੀ ਦਾ ਚਰਚਿਤ ਹਸਤਾਖਰ – ਡਾ. ਕਰਮਜੀਤ ਸਿੰਘ ਨਡਾਲਾ

ਮਿੰਨੀ ਕਹਾਣੀ ਦਾ ਚਰਚਿਤ ਹਸਤਾਖਰ – ਡਾ. ਕਰਮਜੀਤ ਸਿੰਘ ਨਡਾਲਾ

ਮਿੰਨੀ ਕਹਾਣੀ ਦੇ ਵੱਡੇ ਸਿਰਜਕ - 15


ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ 

 

ਡਾ. ਕਰਮਜੀਤ ਸਿੰਘ ਨਡਾਲਾ ਵੀ ਪੰਜਾਬੀ ਮਿੰਨੀ ਕਹਾਣੀ ਨਾਲ ਜੁੜਿਆ ਹੋਇਆ, ਇੱਕ ਚਰਚਿਤ ਹਸਤਾਖਰ ਹੈ; ਜੋ ਆਪਣੀ ਸਿਰਜਣਾਤਾਮਕ ਕਲਾ ਦੇ ਬਲਬੂਤੇ ਇਸ ਵਿਧਾ ਦੇ ਨਕਸ਼ ਉਘੇੜਨ ਲਈ ਯਤਨ ਕਰ ਰਿਹਾ ਹੈ। ਉਸ ਦੀਆਂ ਮਿੰਨੀ ਕਹਾਣੀਆਂ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਹੋਈਆ ਨੇ ਤੇ ਇੱਕ ਵਧੀਆਂ ਤੇ ਨੈਤਿਕ ਕਦਰਾਂ-ਕੀਮਤਾਂ ਵਾਲਾ ਸਮਾਜ ਸਿਰਜਣ ਦਾ ਹੋਕਾ ਦਿੰਦੀਆਂ ਹਨ।


ਉਨ੍ਹਾਂ ਦੇ ਦੋ ਮਿੰਨੀ ਕਹਾਣੀ ਸੰਗ੍ਰਹਿ ‘ਨਿੱਕੇ ਵੱਡੇ ਹਿਟਲਰ’ ਅਤੇ ‘ਇੱਕਤੀ ਮਾਰਚ’ ਛਪ ਚੁੱਕੇ ਹਨ ਅਤੇ ‘ਇੱਕ ਅਜੂਬਾ ਹੋਰ’ ਦੇ ਨਾਂ ਨਾਲ ਇੱਕ ਮਿੰਨੀ ਕਹਾਣੀ ਸੰਗ੍ਰਹਿ ਸੰਪਾਦਿਤ ਵੀ ਕੀਤਾ ਹੈ। ਕਹਾਣੀ ਦੀਆਂ ਵੀ ਪੁਸਤਕਾਂ ਛਪ ਚੁੱਕੀਆਂ ਹਨ।


16 ਅਕਤੂਬਰ 1969 ਨੂੰ ਨਡਾਲਾ ਜਿਲਾ ਕਪੂਰਥਲਾ ਵਿਚ ਉਨ੍ਹਾਂ ਦਾ ਜਨਮ ਹੋਇਆ। ਉਹ ਇੱਕ ਬੀ.ਏ.ਐਮ.ਐਸ. ਡਾਕਟਰ ਹਨ ਅਤੇ ਆਪਣਾ ਹਸਪਤਾਲ ਚਲਾ ਰਹੇ ਹਨ। ਉਨ੍ਹਾਂ ਦੀਆਂ ਬਹੁਤੀਆਂ ਰਚਨਾਵਾਂ ਦੇ ਵਿਸ਼ੇ ਗਰੀਬੀ, ਬਿਮਾਰੀ , ਵਿਦੇਸ਼ ਜਾਣ ਦੀ ਲਾਲਸਾ, ਅਨੈਤਿਕ ਰਿਸ਼ਤਿਆਂ ਅਤੇ ਨਸ਼ੇ ਦੇ ਪ੍ਰਕੋਪ ਨੂੰ ਬਿਆਨਦੇ ਹਨ। ਇਨਾਂ ਦੀਆਂ ਮਿੰਨੀ ਕਹਾਣੀਆਂ ਨੂੰ ਕਈ ਮਾਨ_ਸਨਮਾਨ ਪ੍ਰਾਪਤ ਹੋ ਚੁੱਕੇ ਹਨ। ਪੜ੍ਹਦੇ ਹਾਂ ਉਨ੍ਹਾਂ ਦੀਆਂ ਕੁਝ ਮਿੰਨੀ ਕਹਾਣੀਆਂ ਨੂੰ:


ਪਰਾਲੀ ਦਾ ਸੇਕ

ਮਿੱਲ ਦੀਆਂ ਭੱਠੀਆਂ ਨੂੰ ਚਲਾਉਣ ਲਈ ਪਰਾਲੀ ਬਾਲੀ ਜਾਂਦੀ ਸੀ ਤੇ ਜਦੋਂ ਦੀ ਇਹ ਮਿੱਲ ਲੱਗੀ, ਉਹ ਉਦੋਂ ਤੋਂ ਹੀ ਗੱਡੇ ਉੱਤੇ ਪਰਾਲੀ ਢੋਅ ਰਿਹਾ ਸੀ। ਸੀਜ਼ਨ ਵਿੱਚ ਮਸਾਂ ਪੰਜ-ਸੱਤ ਹਜ਼ਾਰ ਬਣਦਾ। ਬਥੇਰਾ ਜ਼ੋਰ ਲਾਉਂਦਾ। ਪਰ ਆਖ਼ਰ ਗੱਡੇ ਅਤੇ ਝੋਟਿਆਂ ਨੇ ਤਾਂ ਆਪਣੀ ਹੀ ਚਾਲੇ ਚੱਲਣੈਂ। ਘਰਾਂ ਦੇ ਸੌ ਖ਼ਰਚੇ।

 

ਆਂਢੀ-ਗੁਆਂਢੀ ਟਰੈਕਟਰਾਂ ਵਾਲੇ ਫੇਰੇ ਲਾ-ਲਾ ਕੇ ਮਾਲੋ-ਮਾਲ ਹੋ ਗਏ ਸਨ। ਭੰਤੇ ਨੂੰ ਇਹ ਕੁਝ ਦੇਖ ਕੇ ਆਪਣਾ-ਆਪ ਖੇਤ ਵਿੱਚ ਖੜੇ ਡਰਨੇ ਵਰਗਾ ਮਹਿਸੂਸ ਹੋਣ ਲੱਗ ਜਾਂਦਾ। ਉਹ ਗੁੱਸੇ ਵਿੱਚ ਡੰਗਰਾਂ ਦੀ ਚਾਲ ਤੇਜ਼ ਕਰਨ ਲਈ ਅੰਨੇਵਾਹ ਸੋਟੀਆਂ ਮਾਰਦਾ।

 

ਉਸ ਦੇ ਨਾਲ ਮਿੱਟੀ ਹੋਈ ਰਹਿੰਦੀ ਮਿੰਦੋ ਨੂੰ ਕਦੇ ਵੀ ਚੱਜ ਦਾ ਲੀੜਾ ਨਹੀਂ ਸੀ ਜੁੜਿਆ। ਪਰ ਜਦੋਂ ਟਰੈਕਟਰ ਲੈਣ ਦੀ ਗੱਲ ਹੋਈ ਤਾਂ ਉਸ ਨੇ ਸਾਰੀਆਂ ਟੂੰਮਾਂ ਅੱਗੇ ਲਿਆ ਧਰੀਆਂ। ਕਹਿੰਦੀ ਇਹ ਮੇਰੇ ਕਿਸ ਕੰਮ ਨੇ।

 

ਮੁੰਡੇ ਦੀ ਦੁਬਈ ਜਾ ਕੇ ਕਮਾਈ ਕਰਨ ਦੀ ਰੀਝ ਨੂੰ ਉਹ ਹਰ ਵਾਰ ਅਗਲੇ ਸੀਜ਼ਨ ਬਾਅਦ ਜ਼ਰੂਰ ਭੇਜਣ ਲਈ ਕਹਿ ਕੇ ਟਾਲ ਦਿੰਦਾ।
ਘਰਵਾਲੀ ਦੀਆਂ ਟੂੰਮਾਂ ਤੇ ਥੋੜੀ ਜ਼ਮੀਨ ਗਹਿਣੇ ਪਾ, ਪੈਸੇ ਬੈਂਕ ਵਿੱਚ ਜਮਾਂ ਕਰਵਾ ਕੇ ਟਰੈਕਟਰ ਕਰਜ਼ੇ ’ਤੇ ਲੈ ਲਿਆ।

 

ਟਰੈਕਟਰ ਖ਼ਰੀਦਣ ਤੋਂ ਬਾਅਦ ਉਸ ਨੇ ਮਨ ਵਿੱਚ ਸੋਚ ਲਿਆ ਕਿ ਮੁਟਿਆਰ ਧੀ ਦੇ ਵਿਆਹ, ਘਰ ਦਾ ਮੂੰਹ-ਮੱਥਾ ਤੇ ਘਰਵਾਲੀ ਦੀ ਦਿੱਖ ਸੰਵਾਰਨ ਲਈ ਇਸ ਵਾਰੀ ਦੱਬ ਕੇ ਮਿਹਨਤ ਕਰੇਗਾ ਤੇ ਸਾਰੇ ਧੋਣੇ ਧੋ ਦੇਵੇਗਾ।

 

ਝੋਨਾ ਵੱਢਣ ਤੋਂ ਪਹਿਲਾਂ ਹੀ ਉਸ ਨੇ ਲੋਕਾਂ ਨਾਲ ਸਾਈਆਂ ਲਾ ਲਈਆਂ। ਮੁੰਡਾ ਵੀ ਐਤਕੀਂ ਰੀਝ ਪੂਰੀ ਹੁੰਦੀ ਦੇਖਕੇ, ਪੂਰੀ ਤਰਾਂ ਬਾਪੂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਨੂੰ ਤਿਆਰ ਸੀ।

 

ਰੇਟ ਵੀ ਐਤਕੀਂ ਵੱਧ ਨਿਕਲਿਆ। ਉਹ ਹੋਰ ਵੀ ਅੰਦਰੋਂ-ਅੰਦਰ ਛਾਲਾਂ ਮਾਰ ਰਿਹਾ ਸੀ। ਬੈਂਕ ਦੀਆਂ ਕਿਸ਼ਤਾਂ ਸਮੇਂ-ਸਿਰ ਚੁਕਾ ਦਿਆਂਗਾ।
ਝੋਨੇ ਦੀ ਵਾਢੀ ਸ਼ੁਰੂ ਹੋ ਗਈ। ਪਰਾਲੀ ਦੀ ਪਹਿਲੀ ਟਰਾਲੀ ਲੱਦ ਕੇ ਉਹ ਚਾਈਂ-ਚਾਈਂ ਲੋਕਾਂ ਸਮੇਤ ਮਿੱਲ ਦੇ ਗੇਟ ਦੇ ਸਾਹਮਣੇ ਪਹੁੰਚਿਆਂ ਤਾਂ ਗੇਟਕੀਪਰ ਨੇ ਸਹਿਜ ਭਾਅ ਨਾਲ ਕਿਹਾ, “ਇਸ ਵਾਰ ਪਰਾਲੀ ਨਹੀਂ ਸੁਟਵਾਉਣੀ।”

 

“ਕਿਉਂ?”

 

“ਗੌਰਮਿੰਟ ਨੇ ਧੂੰਏਂ ਤੇ ਸੁਆਹ ਦੇ ਪਰਦੂਸ਼ਨ ਤੋਂ ਬਚਣ ਲਈ ਬਿਜਲੀ ’ਤੇ ਚੱਲਣ ਵਾਲਾ ਬਾਇਲਰ ਲਗਾ ਦਿੱਤੈ।”
“ਹੈਂ!”

 

ਭੰਤੇ ਨੂੰ ਇੰਜ ਲੱਗਾ ਜਿਵੇਂ ਉਹ ਮਿੱਲ ਦੀ ਭੱਠੀ ਦੇ ਸੇਕ ਵਿੱਚ ਪੂਰੇ ਦਾ ਪੂਰਾ ਸੜ ਗਿਆ ਹੋਵੇ।

 

=============

 

ਭੁਚਾਲ

 

ਪੁੱਤਰ ਸੋਲਾਂ ਕੁ ਵਰਿਆਂ ਦਾ ਹੋਇਆ ਤਾਂ ਉਹ ਉਹਨੂੰ ਵੀ ਨਾਲ ਲੈ ਜਾਣ ਲੱਗ ਪਿਆ।

 

“... ਕਿਵੇਂ ਅੰਗ-ਪੈਰ ਵਿੰਗੇ -ਟੇਢੇ ਬਣਾ ਕੇ ਚੌਂਕ ਦੀ ਨੁੱਕਰੇ ਬੈਠ ਜਾਈਦੈ.... ਬੰਦਾ... ਕੁਬੰਦਾ ਵੇਖ ਕੇ ਕਿਵੇਂ ਢਿੱਲੜ ਜਿਹਾ ਮੂੰਹ ਬਣਾ ਲਈਦਾ ਹੁੰਦੈ.... ਲੋਕਾਂ ਨੂੰ ਬੁੱਧੂ ਬਣਾਉਣ ਲਈ ਤਰਸ ਦੇ ਪਾਤਰ ਬਣ ਕੇ ਕਿੰਜ ਆਪਣੈ ਵੱਲ ਖਿੱਚੀਦੈ ... ਇੰਜ ਬਣ ਜਾਵੋ ਕਿ ਲੰਘ ਰਹੇ ਰਾਹੀ ਦਾ ਦਿਲ ਪਿਘਲ ਜਾਵੇ ਤੇ ਸਿੱਕਾ ਭੁੜਕ ਕੇ ਤੁਹਾਡੇ ਕੌਲੇ ’ਚ ਆ ਡਿੱਗੇ.....।ਉਹ ਸਿੱਖਦਾ ਰਿਹਾ ਤੇ ਉਹਦੇ ਵਾਂਗੂੰ ਬਣਨ ਦੀ ਕੋਸ਼ਿਸ਼ ਵੀ ਕਰਦਾ ਰਿਹਾ।

 

ਫੇਰ ਇੱਕ ਦਿਨ ਉਸ ਨੇ ਪੁੱਤਰ ਨੂੰ ਕਿਹਾ, “ਜਾ ਹੁਣ ਤੂੰ ਆਪਣੇ ਆਪ ਮੰਗਿਆ ਕਰ।”

 

ਉਹ ਸ਼ਾਮ ਨੂੰ ਘਰ ਆਇਆ। ਆਉਂਦਿਆਂ ਹੀ ਉਸ ਨੇ ਰੁਪਈਏ ਜੇਬ ’ਚੋਂ ਕੱਢਦਿਆਂ ਪਿਉ ਵੱਲ ਵਧਾਏ, “ਲੈ ਭਾਪਾ! ਮੇਰੀ ਪਹਿਲੀ ਕਮਾਈ....।”

 

“ਹੈਂ! ਉਏ ਕੰਜਰਦਿਆਂ, ਪਹਿਲੇ ਦਿਨ ਹੀ ਸੌ ਰੁਪਈਆ .... ਏਨੇ ਤਾਂ ਮੈਂ ਅੱਜ ਤੱਕ ਨਹੀਂ ਮੰਗ ਕੇ ਲਿਆ ਸਕਿਆ.... ਤੈਨੂੰ ਕਿੱਥੋਂ ਮਿਲ ਗਏ.....।”

 

“ਬਸ ਇਵੇਂ ਹੀ ਏ ਭਾਪਾ.... ਦੇਖ ਲੈ ਤੈਨੂੰ ਕੱਟ ਗਿਆਂ....।”

 

“ਉਏ ਕਿਤੇ ਕਿਸੇ ਦੀ ਜੇਬ ਤਾਂ ਨਹੀਂ ਕੱਟ ਲਈ....?”

 

“ਨਹੀਂ ... ਬਿਲਕੁਲ ਨਹੀਂ......।”

 

“ਉਏ ਅੱਜ ਕਲ ਦੇ ਲੋਕ ਤਾਂ ਰੁਪਈਆ-ਅਠਿਆਨੀ ਮਸੀਂ ਫਿਟਕਾਰਾਂ ਮਾਰ-ਮਾਰ ਕੇ ਦਿੰਦੇ ਨੇ.... ਤੇਰੇ ਉੱਤੇ ਕਿਹੜੇ ਦੇਵਤੇ ਦੀ ਵਰਖਾ ਹੋ ਗਈ....?”

 

ਏਸ ਰੌਲੇ-ਰੱਪੇ ‘ਚ ਉਹਨਾਂ ਦੀ ਬਰਾਦਰੀ ਦੇ ਕਿੰਨੇ ਸਾਰੇ ਝੁੱਗੀਆਂ ਝੋਂਪੜੀਆਂ ਵਾਲੇ ਮੰਗ ਖਾਣੇ, ਉਹਨਾਂ ਦੁਆਲੇ ਇਕੱਠੇ ਹੋ ਕੇ ਤਮਾਸ਼ਾ ਵੇਖਣ ਲਗ ਪਏ।

 

“ਭਾਪਾ ਜੇ ਢੰਗ ਨਾਲ ਮੰਗੀਏ ਤਾਂ ਲੋਕ ਪੈਸੇ ਆਪ ਖੁਸ਼ੀ ਨਾਲ ਦਿੰਦੇ ਨੇ.....।”

 

‘‘ਉਏ ਤੂੰ ਕਿਹੜੇ ਨਵੇਂ ਢੰਗਾਂ ਦੀਆਂ ਗੱਲਾਂ ਕਰਦੈਂ... ਕੰਜਰ ਦਿਆਂ ਬੁਝਾਰਤਾਂ ਜਿਹੀਆਂ ਨਾ ਪਾ.... ਪੁਲੀਸ ਦੀ ਮਾਰ ਖਾਏਂਗਾ ਤੇ ਸਾਨੂੰ ਵੀ ਮਰਵਾਏਂਗਾ..... ਕਾਕਾ ਜੇ ਮੰਗ-ਤੰਗ ਕੇ ਗੁਜ਼ਾਰਾ ਹੋਈ ਜਾਵੇ ਤਾਂ ਚੋਰੀ-ਚਕਾਰੀ ’ਚ ਕੀ ਪਿਐ.... ਘੜੀ ਅੱਖ ਦੀ ਸ਼ਰਮ ਹੀ ਏ.... ਸਾਡੇ ਵੱਡੇ-ਵਡੇਰੇ ਵੀ ਇੰਜ ਹੀ ਕਰਦੇ ਰਹੇ।’’

 

‘‘ਅਸੀਂ ਵੀ ਇਵੇਂ ਹੀ ਕਰਨੈ.... ਸਾਡੀਆਂ ਨਾੜਾਂ ’ਚ ਮੰਗਤਿਆਂ ਵਾਲਾ ਖਾਨਦਾਨੀ ਖੂਨ ਐ..... ਸਾਡਾ ਇਹੋ ਹੀ ਰੋਜ਼ਗਾਰ ਤੇ ਇਹੋ ਕਾਰੋਬਾਰ ਐ..... ਇਹ ਖਾਨਦਾਨੀ ਪਿਰਤਾਂ ਕਦੇ ਬਦਲੀਐਂ.... ਤੂੰ ਬੰਦਾ ਬਣਜਾ....।”

 

“ਭਾਪਾ, ਬੰਦਾ ਬਣਿਆਂ ਤਾਂ ਹੀ ਕਹਿੰਨਾ .... ਮੈਂ ਪੁਰਾਣੀਆਂ ਪਿਰਤਾਂ ਤੋੜ ਦਿੱਤੀਆਂ ਨੇ.... ਮੈਂ ਅੱਜ ਰਾਜ ਮਿਸਤਰੀਆਂ ਨਾਲ ਦਿਹਾੜੀ ਕਰਕੇ ਆਇਆਂ। ਕਿਸੇ ਦਾ ਕਲੋਨੀ ’ਚ ਮਕਾਨ ਬਣਦਾ ਪਿਐ। ਉਹਨਾਂ ਸ਼ਾਮ ਨੂੰ ਸੌ ਰੁਪਈਆ ਦਿੱਤੈ.... ਸਰਦਾਰ ਕਹਿੰਦਾ ਸੀ ਰੋਜ਼ ਇਵੇਂ ਆਵੀਂ, ਸੌ ਲਈ ਜਾਵੀਂ....”

 

ਪਿਉ ਹੈਰਾਨ ਹੋਇਆ ਕਦੇ ਪੁੱਤਰ ਵੱਲ ਦੇਖਦਾ ਕਦੇ ਪੈਸਿਆਂ ਵੱਲ। ਇਹ ਮੁੰਡਾ ਕਿਹੋ ਜਿਹੀਆਂ ਗੱਲਾਂ ਪਿਆ ਕਰਦੈ। ਜਿਵੇਂ ਅੱਜ ਉਸ ਦੀ ਜੱਦੀ ਰਿਆਸਤ ’ਚ ਭੁਚਾਲ ਨਾਲ ਹੇਠਲੀ ਉਪਰ ਆ ਗਈ ਹੋਵੇ।

 

===========

 

ਇਕੱਤੀ ਮਾਰਚ

 

ਇਕੱਤੀ ਮਾਰਚ ਨੂੰ ਠੇਕੇ ਕੀ ਟੁੱਟੇ, ਗੱਜਣ ਦਾ ਮਨ ਵੀ ਲਲਚਾ ਉੱਠਿਆ। ਉਸ ਨੇ ਵੀ ਸ਼ਰਾਬ ਦੀ ਪੇਟੀ ਖਰੀਦਕੇ ਸਕੂਟਰ ’ਤੇ ਰੱਖ ਲਈ। ਫਿਰ ਉਡਾਰੀਆਂ ਮਾਰਦਾ ਘਰ ਨੂੰ ਚਲ ਪਿਆ। ਪਰ ਰਸਤੇ ’ਚ ਟੁੱਟੀ ਸੜਕ ਤੋਂ ਸਕੂਟਰ ਐਸਾ ਡੋਲਿਆ ਕਿ ਉਹ ਟੋਏ ’ਚ ਜਾ ਡਿੱਗਾ। 

 

ਸ਼ਰਾਬ ਦੀਆਂ ਬੋਤਲਾਂ ਇਧਰ-ਉਧਰ ਨਿਵਾਣਾਂ ਵੱਲ ਰਿੜਦੀਆਂ ਫਿਰ ਰਹੀਆਂ। ਉਹ ਆਪ ਰਗੜਾਂ ਖਾ ਕੇ, ਹਾਏ -ਹਾਏ ਕਰ ਰਿਹਾ ਸੀ।
ਲਾਗੇ ਆਏ ਇੱਕ ਪੱਤਰਕਾਰ ਨੇ ਤੁਰੰਤ ਇਹਨਾਂ ਸੁਨਹਿਰੀ ਪਲਾਂ ਨੂੰ ਮੋਬਾਇਲ ਨਾਲ ਕੈਦ ਕਰਨਾ ਸ਼ੁਰੂ ਕਰ ਦਿੱਤਾ। ਇੰਨੇ ’ਚ ਇੱਕ ਲੰਘ ਰਹੀ ਬੱਸ ਦੇ ਕੰਡਕਟਰ ਨੇ ਮੰਜ਼ਿਰ ਦੇਖਿਆ ਤਾਂ ਉਸ ਸੀਟੀ ਮਾਰਕੇ ਬੱਸ ਰੋਕ ਲਈ। ਉਤਰਦਿਆਂ ਬੋਤਲਾਂ ਨੂੰ ਘੂਰਦਿਆਂ ਦੋ ਬੋਤਲਾਂ ਬੈਗ ’ਚ ਪਾ ਕੇ ਬੱਸ ਭਜਾ ਕੇ ਲੈ ਗਿਆ।

 

“ਓ ਹੋ ਕਿਵੇਂ ਵਿਚਾਰਾ ਟੋਏ ’ਚ ਡਿੱਗਕੇ, ਸੱਟਾ ਲਵਾ ਬੈਠਾ..... ਸਕੂਟਰ ਵੀ ਟੁੱਟ ਗਿਐ.....।’’ ਆਉਂਦਾ-ਜਾਂਦਾ ਜਿਹੜਾ ਵੀ ਰਾਹੀਂ ਰੁਕਦਾ, ਇਵੇਂ ਹਮਦਰਦੀ ਭਰੇ ਬੋਲ-ਬੋਲਦਾ ਤੇ ਇੱਕ ਅੱਧੀ ਬੋਤਲ ਚੁੱਕ ਕੇ ਤੁਰਦਾ ਬਣਦਾ।

 

“ਓਏ ਮੇਰੀਆਂ ਬੋਤਲਾਂ ਲਈ ਜਾਂਦੇ ਹੋ...... ਸ਼ਰਮ ਕਰੋ ਬੇਸ਼ਰਮੋ.....।’’ ਉਹ ਬੇਵੱਸ ਹੋਇਆ ਰੌਲਾ ਪਾ ਰਿਹਾ ਸੀ। ਪਰ ਰਾਮ ਰੌਲੇ ’ਚ ਉਸ ਦੀ ਕੋਈ ਸੁਣਦਾ ਵੀ ਕਿੱਥੇ।

ਏਨੇ ’ਚ ਦੋ ਪੁਲਸੀਏ ਆ ਗਏ।


“ਔਹ ਦੇਖੋ ਜੀ..... ਲੋਕ ਮੇਰੀਆਂ ਬੋਤਲਾਂ ਚੁੱਕ-ਚੁੱਕ ਲੈ ਗਏ.....।’’

 

“ਲਹੂ ਸਫੈਦ ਹੋ ਗਿਐ ਸਾਲੇ ਲੋਕਾਂ ਦਾ........ ਸਾਲਿਆਂ ਕਿਸੇ ਡਿੱਗੇ ਨੂੰ ਚੁੱਕਣਾ ਤਾਂ ਕੀ....... ਸਾਲੀ ਭੁੱਖ ਪਈ ਹੋਈ.......।’’ ਇੱਕ ਸਿਪਾਹੀ ਗੁੱਸੇ ’ਚ ਬੋਲ ਰਿਹਾ ਸੀ।

 

ਫਿਰ ਪੁਲਿਸ ਵਾਲਿਆਂ ਮੌਕਾ ਸੰਭਾਲਿਆ। ਟੁੱਟੀ ਪੇਟੀ ’ਚ ਬਚੀਆਂ ਤਿੰਨਾਂ ’ਚੋਂ ਦੋ ਬੋਤਲਾਂ, ਉਹਨਾਂ ਵੀ ਕੱਛੇ ਮਾਰ ਲਈਆਂ।
“ਜੀ ਮੇਰੀਆਂ ਬੋਤਲਾਂ.......।’’

 

“ਅਜੇ ਤੈਨੂੰ ਅਕਲ ਨਹੀਂ ਆਈ..... ਮਸਾਂ ਮਰਨੋਂ ਬਚਿਐਂ....... ਤੈਨੂੰ ਅਜੇ ਵੀ ਡੱਫਣ ਦੀ ਪਈ ਏ...........।’’ ਬੋਤਲਾਂ ਨੂੰ ਨਿਹਾਰਦੇ ਸਿਪਾਹੀ ਗੁਟਕਦੇ ਚਲੇ ਗਏ।

 

ਮੋਬਾਇਲ ਵਾਲਾ ਪੱਤਰਕਾਰ ਹੁਣ ਜ਼ਖਮੀ ਦੇ ਕੋਲ ਹੁੰਦਾ ਬੋਲਿਆ, “ਦੇਖ ਭਰਾ ...... ਜ਼ਮਾਨਾ ਬਹੁਤ ਮਾੜਾ ਆ ਗਿਐ....... ਕੋਈ ਕਿਸੇ ਅੰਦਰ ਹਮਦਰਦੀ ਨਹੀਂ ਰਹਿ ਗਈ......... ਮੈਂ ਮੋਬਾਇਲ ’ਚ ਸਭ ਕੁਝ ਰਿਕਾਰਡ ਕਰ ਲਿਐ....... ਕੱਲ ਅਖ਼ਬਾਰ ਤੇ ਵੱਟਸਅੱਪ ਰਾਹੀਂ ਤੇਰੀ ਇਸ ਘਟਨਾ ਨੂੰ ਘਰ-ਘਰ ਪਹੁੰਚਾਅ ਦੇਵਾਂਗਾ.......... ਪਰ ਆਹ ਫੜਾ ਇੱਕ ਬੋਤਲ ....... ਇਹਦਾ ਹੁਣ ਤੂੰ ਕੀ ਕਰਨੈ.........।’’
ਏਨਾ ਕਹਿੰਦਿਆਂ, ਉਸ ਡਿੱਗੇ ਪਏ ਨੂੰ ਉੱਥੇ ਹੀ ਛੱਡਕੇ, ਉਹ ਔਹ ਗਿਆ।

 

=============

 

ਪਰਾਇਆ ਮੋਹ

 

ਉਹ ਸਹੁਰੀ ਕਿੱਥੇ ਮੰਨਦੀ। ਉਹਦੇ ਸਿਰ ਉੱਤੇ ਤਾਂ ਬਾਹਰਲਾ ਭੂਤ ਸੁਆਰ ਸੀ। ਕਨੇਡਾ ਰਹਿੰਦੇ ਘਰਵਾਲੇ ਨੇ ਫੋਨ ਕੀਤਾ, “ਤੂੰ ਜ਼ਿਦ ਨਾ ਕਰ। ਘਰ ਬੀਬੀ-ਭਾਪਾ ਤੇ ਨਿਆਣਿਆਂ ਨੂੰ ਸੰਭਾਲਣਾ ਤੇਰੀ ਜ਼ੁੰਮੇਵਾਰੀ ਏ। ਮੈਂ ਆ ਹੀ ਜਾਨਾਂ, ਸਾਲ ਬਾਅਦ। ਬਾਹਰ ਸੈਰ-ਸਪਾਟੇ ਨਹੀਂ ਹੁੰਦੇ। ਸਿਰ ਖੁਰਕਣ ਦਾ ਵਿਹਲ ਨਹੀਂ। ਇੱਥੇ ਵਿਹਲਿਆਂ ਨੂੰ ਕੋਈ ਰੋਟੀ ਨਹੀਂ ਦਿੰਦਾ। ਹਾਂ, ਜੇ ਤੂੰ ਨਹੀਂ ਰਹਿ ਸਕਦੀ ਤਾਂ ਤੈਨੂੰ ਕੋਈ ਨਾ ਕੋਈ ਕੋਰਸ ਕਰਨਾ ਪਊ। ਫੇਰ ਹੀ ਤੈਨੂੰ ਬਾਹਰ ਆਉਣ ਦਾ ਫਾਇਦੈ।” 

 

ਉਹ ਸ਼ਹਿਰ ਜਾਣ ਲੱਗ ਪਈ। ਸਵੇਰੇ ਹੀ ਪਹਿਨ-ਪੱਚਰ ਕੇ ਤੁਰ ਪੈਂਦੀ। ਪਿੱਛੇ ਬੁੱਢੇ ਸੱਸ-ਸਹੁਰਾ, ਨੂੰਹ ਦੀ ਘੂਰੀ ਤੋਂ ਡਰਦੇ ਰੋਟੀ-ਟੁੱਕ ਵੀ ਕਰਦੇ ਤੇ ਉਹਦੇ ਬੱਚਿਆਂ ਨੂੰ ਵੀ ਸੰਭਾਲਦੇ ਫਿਰਦੇ।

 

“ਯਾਰ, ਇਹ ਸੰਤ ਸਿੰਘ ਦੀ ਨੂੰਹ ਕਿੱਧਰ ਰੋਜ ਟੈਨ-ਸ਼ੈਨ ਹੋ ਕੇ ਤੁਰ ਪੈਂਦੀ ਏਘਰੇ ਸੱਸ-ਸਹੁਰੇ ਦੀ ਕੁੱਤੇ-ਖਾਣੀ ਕਰਦੀ ਰਹਿੰਦੀ ਏ।” ਇੱਕ ਦਿਨ ਗਲੀ ਦੇ ਦੋ ਬੰਦੇ ਉਹਨੂੰ ਦੇਖ ਕੇ ਗੱਲਾਂ ਕਰਨ ਲੱਗ ਪਏ।

 

“ਕਹਿੰਦੇ ਸ਼ਹਿਰ ਜਾਂਦੀ ਏਕੋਈ ਕੋਰਸ-ਕੂਰਸ ਕਰਦੀ ਏਬਾਹਰ ਜਾ ਕੇ ਕੰਮ ਸੌਖਾ ਮਿਲ ਜਾਂਦੈ।”

 

“ਕੋਰਸ ਹੁਣ ਦੋ ਨਿਆਣਿਆਂ ਦੀ ਮਾਂ ਬਣਕੇ ਕਿਹੜੇ ਕੋਰਸ ਕਰਨ ਡਹਿ ਪਈ ਏ.. ਘਰੋਂ ਸੌਖੇ ਨੇ ਖਾਣ-ਪੀਣ ਦੀ ਪੂਰੀ ਖੁੱਲ ਏ..ਬਾਹਰੋਂ ਘਰਵਾਲਾ ਬਥੇਰੇ ਰੁਪਈਏ ਭੇਜੀ ਜਾਂਦੈ ਸੌਅ ਸਹੂਲਤਾਂ ਨੇ।”

 

“ਕਹਿੰਦੇ ਕੋਈ ਨੈਨੀ ਦਾ ਕੋਰਸ ਪਈ ਕਰਦੀ ਏ।”

 

“ਨੈਨੀ! ਉਹ ਕੀ ਬਲਾਅ ਹੋਈ? ਇਹ ਕੋਰਸ”

 

“ਓਏ ਤੈਨੂੰ ਨਹੀਂ ਪਤਾ, ਉਧਰ ਕਨੇਡਾ ’ਚ ਜਿਹੜੇ ਲੋਕ ਆਪੋ-ਆਪਣੇ ਕੰਮਾਂ ਤੇ ਚਲੇ ਜਾਂਦੇ ਨੇ, ਪਿੱਛੋਂ ਉਨਾਂ ਦੇ ਬੁੱਢਿਆਂ ਤੇ ਨਿੱਕੇ ਨਿਆਣਿਆਂ ਦੇ ਨੱਕ-ਮੂੰਹ ਪੂੰਝਿਆ ਕਰੂ ਸੇਵਾ ਕਰਿਆ ਕਰੂ ਸੰਭਾਲਿਆ ਕਰੂ ਹੋਰ ਕੀ।”

 

“ਹੱਛਾ ਇਹ ਕੋਰਸ ਏਸ ਕਰਕੇ ਹੁੰਦੈ ਦੁਰ–ਫਿੱਟੇ ਮੂੰਹ ਸਾਡੇ ਲੋਕਾਂ ਦੇ, ਜੇ ਉੱਥੇ ਜਾ ਕੇ ਕਾਲਿਆਂ-ਗੋਰਿਆਂ ਦੇ ਬੱਚੇ ਤੇ ਬੁੱਢੇ ਹੀ ਸੰਭਾਲਣੇ ਨੇ ਤਾਂ ਇਹਦੇ ਨਾਲੋਂ ਫੇਰ ਆਪਣੇ ਜੰਮੇ ਨਿਆਣੇ ਤੇ ਸੱਸ-ਸਹੁਰੇ ਨੂੰ ਹੀ ਸੰਭਾਲ ਲਵੇ ਤਾਂ ਗਣੀਮਤ ਏ ਸਹੁਰੀ ਲਗਦੀ ਕਨੇਡਾ ਦੀ ਸਚੀਂ ਸਿਆਣੇ ਕਹਿੰਦੇ ਨੇ ਗਿੱਟੇ ਭੰਨਾ ਆਪਣਿਆਂ ਸਦਕੇ ਲਵਾਂ ਪਰਾਇਆਂ।”

 

===========

 

ਦਸਵੰਧ

 

ਹੋਰਨਾਂ ਮਜਦੂਰਾਂ ਵਾਂਗੂੰ ਜੀਰੂ ਵੀ ਸਾਰਾ ਦਿਨ ਸੀਮਿੰਟ ਵਿਚ ਭੂਤ ਬਣਿਆ ਰਹਿੰਦਾ। ਥੱਕ-ਟੁਟ ਜਾਂਦਾ। ਬਿੰਦ-ਝੱਟ ਆਰਾਮ ਕਰਨ ਨੂੰ ਜੀਅ ਕਰਦਾ ਵੀ ਤਾਂ ਸਾਹਮਣੇ ਬੈਠਾ ਠੇਕੇਦਾਰ ਸੂਈ ਕੁੱਤੀ ਵਾਂਗੂੰ ਪੈ ਨਿਕਲਦਾ।

 

ਅੱਜ ਉਹਨੂੰ ਪੰਜਾਂ ਦਿਹਾੜੀਆਂ ਦੇ ਪੈਸੇ ਮਿਲੇ ਤਾਂ ਘਰ ਲਈ ਦਾਲ, ਖੰਡ, ਘਿਉ, ਮਸਾਲੇ ਤੇ ਬੱਚਿਆਂ ਲਈ ਖੱਟੀਆਂ-ਮਿੱਠੀਆਂ ਗੋਲੀਆਂ ਲੈ ਲਈਆਂ। ਅਜੇ ਵੀ ਉਸ ਕੋਲ ਤੀਹ ਕੁ ਰੁਪਏ ਬਚ ਗਏ ਸਨ।

 

ਮੰਦਰ ਵਾਲੀ ਗਲੀ ਵਿੱਚੋਂ ਲੰਘਦਿਆਂ ਉਸਨੂੰ ਮੰਦਰ ਦੀ ਟੱਲੀ ਖੜਕਦੀ ਸੁਣਾਈ ਦਿੱਤੀ। ਉਸਦਾ ਜੀਅ ਕੀਤਾ ਕਿ ਅੱਜ ਪੈਸੇ ਮਿਲੇ ਨੇ, ਚਲੋ ਕੁਝ ਦਸਵੰਧ ਕੱਢਕੇ ਮੰਦਰ ਵਿੱਚ ਵੀ ਮੱਥਾ ਟੇਕਿਆ ਜਾਵੇ।

 

ਪੰਡਤ ਮੂਰਤੀ ਦੇ ਲਾਗੇ ਬੈਠਾ ਗਿਰੀਆਂ ਤੇ ਕਾਜੂ ਦੁੱਧ ਨਾਲ ਛਕ ਰਿਹਾ ਸੀ। ਜੀਰੂ ਨੇ ਮੂਰਤੀ ਅੱਗੇ ਗੋਡੇ ਟੇਕੇ, ਅੱਖਾਂ ਮੂੰਦ ਲਈਆਂ, “ਹੇ ਭਗਵਾਨਤੇਰੀ ਕਿ੍ਰਪਾ ਨਾਲ ਅੱਜ ਵਾਰੇ-ਨਿਆਰੇ ਨੇ ਚਾਰ ਦਿਨ ਰੁੱਖਾ-ਸੁੱਖਾ ਖਾਵਾਂਗੇ ਤਾਕਤ ਬਖਸ਼ੀਂ ਨਾਲੇ ਇਵੇਂ ਈ ਮਾੜਾ-ਮੋਟਾ ਤੋਰੀ-ਫੁਲਕਾ ਰੇੜੀ ਜਾਵੀਂ।”

 

ਇੰਨਾਂ ਕੁਝ ਮਨ ਵਿਚ ਕਹਿੰਦਿਆਂ ਉਸਨੇ ਇੱਕ ਰੁਪਈਏ ਦਾ ਸਿੱਕਾ ਬੜੀ ਸ਼ਰਧਾ ਨਾਲ ਭਗਵਾਨ ਦੇ ਚਰਨਾਂ ਵਿੱਚ ਸੁੱਟ ਦਿੱਤਾ। ਸਿੱਕਾ ਇੰਜ ਖੜਕਿਆ ਜਿਵੇਂ ਲਾਗੇ ਬੈਠੇ ਪੰਡਤ ਦੇ ਸਿਰ ਵਿਚ ਜਾ ਕੇ ਵੱਜਾ ਹੋਵੇ।

 

ਪੰਡਤ ਦਾ ਚਿਹਰਾ ਇਕਦਮ ਗੁੱਸੇ ਨਾਲ ਲਾਲ ਹੋ ਗਿਆ। ਅੰਦਰੋਂ-ਅੰਦਰ ਉਹ ਇਵੇਂ ਵਿੱਸ ਘੋਲਣ ਲੱਗਾ ਜਿਵੇਂ ਕੋਈ ਫਨੀਅਰ ਨਾਗ ਉਸ ਮਜਦੂਰ ਦੀ ਪਟਾਰੀ ਵਿੱਚੋਂ ਨਿਕਲ ਕੇ ਉਸਨੂੰ ਡਸ ਗਿਆ ਹੋਵੇ।

 

ਪੰਡਤ ਉਸਦੀ ਪਾਟੀ ਕਮੀਜ ਨੂੰ ਦੇਖਕੇ ਖਿਝਿਆ ਤੇ ਸਿੱਕਾ ਚੁੱਕ ਕੇ ਉਸ ਵੱਲ ਵਗਾ ਕੇ ਮਾਰਿਆ, “ਓਏ ਏਨੇ ਦਾ ਤਾਂ ਤੂੰ ਸਾਡਾ ਫਰਸ਼ ਈ ਗੰਦਾ ਕਰ ਦਿੱਤੈ..ਸਾਲਾ ਭੁੱਖਾ-ਨੰਗਾ।ਏਨੀ ਮਹਿੰਗਾਈ ’ਚ ਰੁਪਈਏ ਨਾਲ ਮੱਥਾ ਟੇਕਦਿਆਂ ਤੈਨੂੰ ਸ਼ਰਮ ਨੀਂ ਆਈ।ਇੱਕ ਰੁਪਏ ਨਾਲ ਅੱਜ-ਕੱਲ੍ਹ ਭਗਵਾਨ ਖੁਸ਼ ਨਹੀਂ ਹੁੰਦਾ , ਨਾ ਈ ਏਨੇ ਨਾਲ ਤੇਰੀ ਹਾਲਤ ਸੁਧਰਨੀ ਏ ਜਿੰਨਾ ਗੁੜ ਪਾਵੇਂਗਾ, ਓਨਾ ਈ ਮਿੱਠਾ ਹੋਊ।”

 

ਜੀਰੂ ਕੁਝ ਨਾ ਬੋਲਿਆ। ਸਿੱਕਾ ਫ਼ਰਸ਼ ਉੱਤੋਂ ਚੁੱਕਿਆ, ਜੇਬ ਵਿਚ ਪਾਇਆ ਤੇ ਪਿੱਛੇ ਮੁੜ ਮੰਦਰ ਦੀਆਂ ਪੌਡੀਆਂ ਉਤਰ ਗਿਆ।

 

=============

 

ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

ਜਗਦੀਸ਼ ਰਾਏ ਕੁਲਰੀਆਂ
   

 #46, ਇੰਪਲਾਈਜ਼ ਕਾਲੋਨੀ, ਬਰੇਟਾ, ਜਿਲਾ ਮਾਨਸਾ (ਪੰਜਾਬ) – 151501

ਮੋਬਾਈਲ: 95018 77033

ਈਮੇਲ: jagdishkulrian@gmail.com

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mini Kahani s renowned Writer Dr Karamjit Singh Nadala