ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਢਲੇ ਦੌਰ ਦੇ ਮਿੰਨੀ ਕਹਾਣੀ ਲੇਖਕ ਤੇ ਆਲੋਚਕ - ਡਾ. ਜੋਗਿੰਦਰ ਸਿੰਘ ਨਿਰਾਲਾ

ਮੁਢਲੇ ਦੌਰ ਦੇ ਮਿੰਨੀ ਕਹਾਣੀ ਲੇਖਕ ਤੇ ਆਲੋਚਕ - ਡਾ. ਜੋਗਿੰਦਰ ਸਿੰਘ ਨਿਰਾਲਾ

ਮਿੰਨੀ ਕਹਾਣੀ ਦੇ ਵੱਡੇ ਸਿਰਜਕ-24

ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

 

ਡਾ. ਜੋਗਿੰਦਰ ਸਿੰਘ ਨਿਰਾਲਾ ਦਾ ਜਿੰਨਾ ਨਾਂਅ ਮਿੰਨੀ ਕਹਾਣੀ ਵਿਚ ਹੈ,ਉਸ ਤੋਂ ਕਿਤੇ ਜਿਆਦਾ ਪੰਜਾਬੀ ਕਹਾਣੀ ਤੇ ਆਲੋਚਨਾ ਵਿਚ ਹੈ।

 

 

ਡਾ. ਨਿਰਾਲਾ ਪੰਜਾਬੀ ਮਿੰਨੀ ਕਹਾਣੀ ਦੇ ਮੁਢਲੇ ਦੌਰ ਦੇ ਉਨਾਂ ਲੇਖਕਾਂ ਅਤੇ ਆਲੋਚਕਾਂ ਵਿਚ ਸ਼ਾਮਿਲ ਰਹੇ ਹਨ ਜਿੰਨ੍ਹਾਂ ਨੇ ਇਸ ਵਿਧਾ ਦੇ ਨਕਸ਼ ਸੰਵਾਰਨ ਵਿਚ ਯੋਗਦਾਨ ਪਾਇਆ। ਇਨ੍ਹਾਂ ਦੀਆਂ ਪੰਜਾਬੀ ਕਹਾਣੀ ਅਤੇ ਆਲੋਚਨਾ ਦੀਆਂ ਕਈ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆ ਹਨ। ਇਹ ਪੰਜਾਬੀ ਸਾਹਿਤ ਲਈ ਖਾਸ ਸਥਾਨ ਰੱਖਣ ਵਾਲੇ ਸ਼ਹਿਰ ਬਰਨਾਲਾ ਵਿਚ ਰਹਿੰਦੇ ਹਨ, ਜੋ ਇੱਕ ਤਰ੍ਹਾਂ ਨਾਲ ਸਾਹਿਤਕ ਸਰਗਰਮੀਆਂ ਦਾ ਕੇਂਦਰ ਬਿੰਦੂ ਹੈ।

 

 

ਪੰਜਾਬੀ ਭਾਸ਼ਾ ਦੇ ਪ੍ਰਚਾਰ, ਪ੍ਰਸਾਰ ਅਤੇ ਸਾਹਿਤ ਸਭਾਵਾਂ ਦੀ ਸਰਗਰਮੀ ਵਿਚ ਇਨ੍ਹਾਂ ਦੇ ਜਥੇਬੰਦਕ ਕਾਰਜ ਬਹੁਤ ਵਡੇਰੇ ਹਨ। ਇਹ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਆਗੂ ਟੀਮ ਵਿਚ ਕੰਮ ਕਰਨ ਦੇ ਨਾਲ ਨਾਲ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਅਤੇ ਲਿਖਾਰੀ ਸਭਾ ਬਰਨਾਲਾ (ਰਜਿਸਟਰਡ) ਵਿਚ ਵੱਡੀ ਭੂਮਿਕਾ ਨਿਭਾ ਰਹੇ ਹਨ।

 

 

ਡਾ. ਨਿਰਾਲਾ ਦੀ ਸੰਪਾਦਨਾ ਹੇਠ ‘ਮੁਹਾਂਦਰਾ’ ਨਾਂ ਦਾ ਪੰਜਾਬੀ ਪਰਚਾ ਲੰਮੇ ਸਮੇਂ ਤੋਂ ਨਿਕਲ ਰਿਹਾ ਹੈ।ਪਿਛੇ ਇਸ ਮੈਗਜ਼ੀਨ ਦਾ ‘ਮਿੰਨੀ ਕਹਾਣੀ ਵਿਸ਼ੇਸ਼ ਅੰਕ’ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ।ਇਨ੍ਹਾਂ ਦੀਆਂ ਮਿੰਨੀ ਕਹਾਣੀਆਂ ਹਰ ਕਿਸਮ ਦੇ ਸਮਾਜਿਕ ਅਸਾਵੇਂਪਣ ਦੀ ਮੁਖ਼ਾਲਫਤ ਕਰਦੀਆਂ ਹੋਈਆਂ ਬਰਾਬਰੀ ਦਾ ਸਮਾਜ ਸਿਰਜਣਾ ਲੋਚਦੀਆਂ ਹਨ।

 

 

ਪੜ੍ਹਦੇ ਹਾਂ ਇਨ੍ਹਾਂ ਦੀਆਂ ਕੁਝ ਮਿੰਨੀ ਕਹਾਣੀਆਂ:-

 

 

ਮਰਦਾਨਗੀ

 

ਰਾਤ ਅੱਧੀ ਨਾਲੋਂ ਵੱਧ ਬੀਤ ਚੁੱਕੀ ਸੀ, ਜਦੋਂ ਵਿਹਲੜ ਸ਼ਰਾਬੀ ਪਤੀ ਘਰ ਆਇਆ।ਦਰਵਾਜ਼ਾ ਖੋਲ੍ਹਦਿਆਂ ਹੀ ਸ਼ਰਾਬ ਦੀ ਬਦਬੋ ਨਾਲ ਸਾਰਾ ਕਮਰਾ ਧੁਆਂਖਿਆ ਗਿਆ।ਪਤਨੀ ਨੇ ਮੂੰਹ ਉੱਪਰ ਸ਼ਾਲ ਦੀ ਬੁੱਕਲ ਮਾਰ ਲਈ।ਬੱਚੇ ਆਪੋ ਆਪਣੇ ਮੰਜਿਆਂ ਉੱਪਰ ਦੁਬਕ ਗਏ।

 

 

ਪਤੀ ਨੇ ਪਤਨੀ ਨੂੰ ਆਪਣੇ ਵੱਲ ਖਿੱਚਦਿਆਂ ਕਿਹਾ, “ਅੱਜ …..।”

 

 

ਨਹੀਂ ਅੱਜ ਨਹੀਂ, ਅੱਜ ਦਫ਼ਤਰ ਬੜਾ ਕੰਮ ਸੀ, ਥਕਾਵਟ ਬਹੁਤ ਹੋ ਰਹੀ ਐ, ਸਵੇਰੇ ਫੇਰ ਜਲਦੀ ਜਾਣੈ।” ਪਤਨੀ ਨੇ ਆਪਣੀ ਮਜਬੂਰੀ ਦੱਸੀ।

ਸਾਲੀਏ ਦਫ਼ਤਰ ਕੰਮ ਸੀ ਜਾਂ…।” ਤਾੜ ਕਰਦੀ ਇੱਕ ਚਪੇੜ ਉਸਦੇ ਮੂੰਹ ਉੱਪਰ ਆ ਵੱਜੀ।

 

 

ਤੇ ਅਗਲੇ ਪਲ ਪਤੀ ਆਪਣੀ ਮਰਦਾਨਗੀ ਦਿਖਾ ਰਿਹਾ ਸੀ।

 

================

 ਪ੍ਰੇਮ ਵਿਆਹ

 

ਉਨ੍ਹਾਂ ਦਾ ਪ੍ਰੇਮ ਵਿਆਹ ਹੋਇਆ ਸੀ।

 

 

ਵਿਆਹ ਤੋਂ ਪਹਿਲਾਂ ਜਦੋਂ ਉਹ ਇਕੱਲੇ ਮਿਲਦੇ ਤਾਂ ਢੇਰ ਸਾਰੀਆਂ ਗੱਲਾਂ ਕਰਦੇ।

 

ਗੱਲਾਂ ਜਿਵੇਂ ਮੁੱਕਣ ਵਿਚ ਹੀ ਨਹੀਂ ਸਨ ਆਉਂਦੀਆਂ ਪਰ ਲੋਕਾਂ ਦੀ ਭੀੜ, ਵਿਚ ਚੁੱਪ ਰਹਿੰਦੇ, ਅਜਨਬੀ ਇਕ ਦੂਸਰੇ ਨੂੰ ਜਾਣਦੇ ਹੀ ਨਾ ਹੋਣ।

ਵਿਆਹ ਤੋਂ ਬਾਅਦ ਉਹ ਲੋਕਾਂ ਦੀ ਭੀੜ, ਵਿਚ ਇਕ ਦੂਸਰੇ ਕੋਲ ਝੁਕ ਝੁਕ ਕੇ ਬੈਠਦੇ, ਹੱਸ ਹੱਸ ਗੱਲਾਂ ਕਰਦੇ ਜਿਵੇਂ ਉਹ ਜੋੜੀਆਂ ਜੱਗ ਥੋੜੀਆਂ ਹੋਣ।’ ਪਰ ਜਦੋਂ ਇਕੱਲੇ ਹੁੰਦੇ ਤਾਂ ਚੁਪ ਚਾਪ ਗੁੰਮ ਸੁੰਮ ਰਹਿੰਦੇ, ਅਜਨਬੀ ਇਕ ਦੂਸਰੇ ਨੂੰ ਜਾਣਦੇ ਹੀ ਨਾ ਹੋਣ।

 

=============

 

ਨਿਕਰਮੀ

 

ਮਾਂ ਨੇ ਪੁੱਤਰ ਨੂੰ ਨੱਕੋ ਨੱਕ ਭਰਿਆ ਦੁੱਧ ਦਾ ਗਿਲਾਸ ਦਿਤਾ ਤਾਂ ਪੁੱਤਰ ਪੀਣ ਤੋਂ ਆਲਾ ਕਾਨੀ ਕਰਨ ਲੱਗਿਆ, “ਮਾਂ ਪਹਿਲਾਂ ਤਾਂ ਸਬਜੀ `ਚ ਏਨਾ ਘਿਓ ਪਾ `ਤਾ ਤੇ ਹੁਣ ਦੁੱਧ। ਮੈਥੋਂ ਨੀ ਪੀ ਹੁੰਦਾ।” ਅਤੇ ਏਨਾ ਕਹਿ ਪੁੱਤਰ ਨੇ ਦੁੱਧ ਦਾ ਗਿਲਾਸ ਪਰ੍ਹਾਂ ਧਕੇਲ ਦਿੱਤਾ।

 

 

ਏਦਾਂ ਕਰਦਿਆਂ ਗਲਾਸ ਕੋਲ ਹੀ ਖੜੀ ਧੀ ਦੇ ਪੈਰਾਂ ਵਿਚ ਜਾ ਡੁੱਲਿਆਂ।

 

 

ਏਹ ਨਿਕਰਮੀ ਵੀ ਅੱਖਾਂ ਪਾੜ ਪਾੜ ਕੇ ਦੇਖ ਰਹੀ ਸੀ, ਭੁੱਖੀ ਕਿ ਥਾਂ ਦੀ।” ਮਾਂ ਨੇ ਇੰਨਾ ਕਹਿੰਦਿਆਂ ਹੀ ਧੀ ਦੇ ਚਪੇੜ ਕੱਢ ਮਾਰੀ ਤੇ ਉਹ ਹੁਬਕੀ ਰੋਣ ਲੱਗ ਪਈ।

 

===========

 

ਦੋ ਕਬੂਤਰ

 

ਅਗਲੇ ਸਟੇਸ਼ਨ `ਤੇ ਗੱਡੀ ਰੁਕੀ ਤਾਂ ਕੇਲੇ ਵੇਚਣ ਵਾਲੀ ਔਰਤ ਡੱਬੇ ਵਿਚ ਚੜ੍ਹ ਆਈ।

 

 

ਕੇਲਿਆਂ ਵਾਲੀ ਟੋਕਰੀ ਥੱਲੇ ਰੱਖਦਿਆਂ ਉਸ ਦੀ ਸਾੜੀ ਦਾ ਪੱਲੂ ਥੋਡਾ ਖਿਸਕ ਗਿਆ। ਬਾਬੂ ਨੇ ਦੇਖਿਆ ਪਈ ਬਲਾਉਜ਼ ਦੇ ਅੰਦਰ ਦੋ ਕਬੂਤਰ ਫੜ ਫੜਾ ਰਹੇ ਸਨ।

 

 

ਬਾਬੂ ਨੇ ਲਲਚਾਈਆਂ ਨਜ਼ਰਾਂ ਨਾਲ ਵੇਖਦਿਆਂ ਕਿਹਾ, “ਕੀ ਰੇਟ ਹੈ ?” ਫਿਰ ਬਹੁਤ ਹੀ ਧੀਮੀ ਆਵਾਜ਼ ਵਿਚ ਆਖਿਆ, “ਕਬੂਤਰਾਂ ਦਾ।”

ਕੇਲਿਆਂ ਵਾਲੀ ਨੇ ਤਾੜਦਿਆਂ ਕਿਹਾ, “ ਯੇ ਕਬੂਤਰ ਵਿਕਾਊ ਨਹੀਂ ਹੈਂ, ਬਾਬੂ।” ਤੇ ਅੱਗ ਵਧ ਗਈ।

 

============

 

ਟੈਸਟ

 

ਪਤੀ ਪਤਨੀ ਟੈਸਟ ਕਰਵਾਉਣ ਆਏ ਸਨ।

 

 

ਉਹ ਬਾਹਰ ਬੈਂਚ ਉਪਰ ਬੈਠੇ ਸਨ। ਦੂਹਾਂ ਵਿਚਕਾਰ ਇਕ ਅਜੀਬ ਤੇ ਬੋਝਲ ਜਿਹੀ ਚੁੱਪ ਛਾਈ ਹੋਈ ਸੀ। ਕੁਝ ਪਲਾਂ ਬਾਅਦ ਪਤਨੀ ਨੇ ਹੌਂਸਲਾ ਕਰਦਿਆਂ ਕਿਹਾ, “ਜੀ, ਮੈਂ ਨੀ ਕਰੌਣਾ ਟੈਸਟ ਟੂਸਟ ....।”

 

 

ਪਤੀ ਨੂੰ ਜਾਪਿਆ ਪਈ ਕਿਸੇ ਨੇ ਉਸ ਦੇ ਅੰਦਰ ਕੱਚ ਦੀਆਂ ਕੰਕਰਾਂ ਦਾ ਰੁਗ ਭਰ ਕੇ ਖਿਲਾਰ ਦਿੱਤਾ ਹੋਵੇ, “ਪਰ ਜੇ ਏਸ ਵਾਰ ਵੀ ਕੁੜੀ ਹੋਈ ਅਗੋ ਈ ....।” ਪਤੀ ਦਾ ਜਿਵੇਂ ਗਲਾ ਭਰ ਅਾਿੲਆ ਹੋਵੇ, ਉਸ ਤੋਂ ਅਗਾਂਹ ਬੋਲਿਆ ਨਾ ਗਿਆ।

 

 

ਫੇਰ ਕੀ ਹੋਇਆ, ਮੈਥੋਂ ਏਹ ਪਾਪ ਨੀਂ ਹੋਣਾ।” ਪਤਨੀ ਨੇ ਬੋਲਦਿਆਂ ਆਖਿਆ।

 

 

ਨਾਲੇ ਜੀ, ਹਰੇਕ ਜੀਅ ਆਪਣੇ ਭਾਗ ਲੈ ਕੇ ਆਦੈ, ਫੇਰ ਜਦੋਂ ਨੂੰ ਇਹ ਵੱਡੀਆਂ ਹੋਣਗੀਆਂ, ਮੁੰਡੇ ਕੁੜੀ ਫਰਕ ਮਿਟ ਨੀ ਜਾਊ?”

 

 

ਪਤਨੀ ਦੀ ਗੱਲ ਸੁਣ ਕੇ ਪਤੀ ਦੀਆਂ ਅੱਖਾਂ ਵਿਚ ਭਵਿਖ ਬਾਰੇ ਕਈ ਸੁਪਨੇ ਲਟਕ ਗਏ।

 

 

ਅਤੇ ਅਗਲੇ ਹੀ ਪਲ, ਉਹ ਕਲਿਨਿਕ `ਚੋਂ ਨਿਕਲ, ਬਾਹਰ ਖੁੱਲ੍ਹੀ ਸੜਕ ਉਪਰ ਆ ਗਏ।

=============

 

ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

ਜਗਦੀਸ਼ ਰਾਏ ਕੁਲਰੀਆਂ
   

 #46, ਇੰਪਲਾਈਜ਼ ਕਾਲੋਨੀ, ਬਰੇਟਾ, ਜਿਲਾ ਮਾਨਸਾ (ਪੰਜਾਬ) – 151501

ਮੋਬਾਈਲ: 95018 77033

ਈਮੇਲ: jagdishkulrian@gmail.com

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mini Kahani Writer and Critic of initial phase Dr Joginder Singh Nirala