ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਮਾਜਕ ਸਰੋਕਾਰਾਂ ਨਾਲ ਜੁੜਿਆ ਮਿੰਨੀ ਕਹਾਣੀ ਲੇਖਕ – ਡਾ. ਬਲਦੇਵ ਸਿੰਘ ਖਹਿਰਾ

ਸਮਾਜਕ ਸਰੋਕਾਰਾਂ ਨਾਲ ਜੁੜਿਆ ਮਿੰਨੀ ਕਹਾਣੀ ਲੇਖਕ – ਡਾ. ਬਲਦੇਵ ਸਿੰਘ ਖਹਿਰਾ

ਮਿੰਨੀ ਕਹਾਣੀ ਦੇ ਵੱਡੇ ਸਿਰਜਕ–11

ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ             

 

ਡਾ. ਬਲਦੇਵ ਸਿੰਘ ਖਹਿਰਾ ਪੰਜਾਬੀ ਮਿੰਨੀ ਕਹਾਣੀ ਦੇ ਚਰਚਿਤ ਹਸਤਾਖਰ ਹਨ । ਡਾ. ਖਹਿਰਾ ਦੀਆਂ ਮਿੰਨੀ ਕਹਾਣੀਆਂ ਸਮਾਜਿਕ ਸਰੋਕਾਰਾਂ ਦੀ ਗੱਲ ਕਰਦੀਆਂ ਹਨ। ਉਨ੍ਹਾਂ ਦਾ ਨਾਂ ਉਨਾਂ ਮਿੰਨੀ ਕਹਾਣੀਕਾਰਾਂ ਦੀ ਸ਼੍ਰੇਣੀ ਵਿੱਚ ਆਉਦਾ ਹੈ, ਜੋ ਇਸ ਵਿਧਾ ਨਾਲ ਪੱਕੇ ਤੌਰ ਤੇ ਜੁੜੇ ਹੋਏ ਹਨ ਤੇ ਇਸ ਵਿਧਾ ਦੇ ਬਲਬੂਤੇ ਤੇ ਹੀ ਇੱਕ ਲੇਖਕ ਵਜੋਂ ਆਪਣੀ ਵੱਖਰੀ ਤੇ ਵਿਲੱਖਣ ਪਛਾਣ ਸਥਾਪਿਤ ਕੀਤੀ ਹੈ। ਡਾ.ਖਹਿਰਾ ਦੀਆਂ ਬਹੁਤੀਆਂ ਰਚਨਾਵਾਂ ਪੱਛਮੀ ਸੱਭਿਅਤਾ ਦੇ ਪ੍ਰਭਾਵ, ਰਿਸ਼ਤਿਆ ਦੇ ਘਾਣ, ਪੀੜੀ ਅੰਤਰ, ਕਿਰਸਾਨੀ ਦਾ ਦੁਖਾਂਤ ਅਤੇ ਮੈਡੀਕਲ ਖੇਤਰ ਦੀਆਂ ਬਦਲਦੀਆ ਸਥਿਤੀਆਂ ਅਤੇ ਸੰਭਾਵਨਾਵਾਂ ਨੂੰ ਪ੍ਰਮੁੱਖ ਰੂਪ ਵਿੱਚ ਉਜਾਗਰ ਕਰਦੀਆ ਹੋਈਆਂ ਹੋਰ ਵੀ ਕਈ ਲੋਕ ਹਿਤੂ ਮਸਲਿਆਂ ਨੂੰ ਆਪਣੇ ਕਲਾਵੇ ਵਿੱਚ ਸਮੇਟਦੀਆਂ ਹਨ। ਬਹੁਤਾ ਸਮਾਂ ਇਹ ਵਿਦੇਸ਼ ਦੀ ਧਰਤੀ ਤੇ ਬਿਤਾਉਂਦੇ ਹਨ ਇਸ ਕਰਕੇ ਬਹੁਤ ਸਾਰੀਆਂ ਮਿੰਨੀ ਕਹਾਣੀਆਂ ਵਿਦੇਸ਼ ਵਿਚ ਰਹਿ ਰਹੇ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦੇ ਜਨ ਜੀਵਨ ਨੂੰ ਪੇਸ਼ ਕਰਦੀਆਂ ਹਨ।

 

 

        ਡਾ. ਖਹਿਰਾ ਦੇ ਤਿੰਨ ਮਿੰਨੀ ਕਹਾਣੀ ਸੰਗ੍ਰਹਿ  ‘ਦੋ ਨੰਬਰ ਦਾ ਬੂਟ’,  ‘ ਥੋਹਰਾਂ ਦੇ ਸਿਰਨਾਵੇਂਤੇਗੁਆਚੇ ਹੱਥ ਦੀ ਤਲਾਸ਼ਛਪ ਚੁੱਕੇ ਹਨ ਅਤੇ ਦੇਸ਼ ਵਿਦੇਸ਼ ਕਈ ਮਾਣ–ਸਨਮਾਨ ਪਾ ਚੁੱਕੇ ਹਨ। ਇਨਾਂ ਦੀਆ ਰਚਨਾਵਾਂ ਕਈ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀਆਂ ਹਨ।

 

 

                ਡਾ. ਖਹਿਰਾ ਦਾ ਜਨਮ ਦੇਸ਼ ਅਜ਼ਾਦ ਹੋਣ ਤੋਂ ਇੱਕ ਸਾਲ ਪਹਿਲਾਂ ਯਾਨਿ ਕਿ 15 ਅਗਸਤ 1946 ਨੂੰ ਠੇਠਰ ਕਲਾਂ ਜਿਲਾ ਫਿਰੋਜ਼ਪੁਰ ਵਿਖੇ ਹੋਇਆ। ਉਨ੍ਹਾਂ ਨੇ ਅੱਖਾਂ ਦੇ ਮਾਹਿਰ ਵਜੋਂ ਸਿਹਤ ਵਿਭਾਗ ਵਿਚ ਸੇਵਾਵਾਂ ਨਿਭਾਈਆਂ ਹਨ ਅਤੇ ਸੀਨੀਅਰ ਮੈਡੀਕਲ ਅਫਸਰ ਵਜੋਂ ਸੇਵਾ ਮੁਕਤ ਹੋਏ ਹਨ। ਉਨ੍ਹਾਂ ਦੇ ਧਰਮ ਪਤਨੀ ਡਾ. ਗੁਰਮਿੰਦਰ ਸਿੱਧੂ ਪੰਜਾਬੀ ਦੀ ਨਾਮਵਰ ਸ਼ਾਇਰਾ ਹਨ।

 

 

                ਕਈ ਸਾਹਿਤਕ ਸੰਸਥਾਵਾਂ ਨਾਲ ਜੁੜੇ ਹੋਏ ਡਾ ਖਹਿਰਾ ਦੀਆਂ ਰਚਨਾਵਾਂ ਪਾਠਕਾਂ ਨੂੰ ਪ੍ਰਭਾਵਿਤ ਕਰਨ ਦੀ ਸਮੱਰਥਾ ਰਖਦੀਆਂ ਹਨ। ਇਸ ਦਾ ਅੰਦਾਜ਼ਾ ਪੇਸ਼ ਕੀਤੀਆਂ ਜਾ ਰਹੀਆਂ ਮਿੰਨੀ ਕਹਾਣੀਆਂ ਤੋਂ ਲਾਇਆ ਜਾ ਸਕਦਾ ਹੈ:

 

ਯੂਅਰ ਪ੍ਰਾਬਲਮ

 

                   “ ਹੈਲੋ ਜਸ! ਮੈਂ ਬੋਲਦਾਂ ਬਲਕਾਰ

 

                  “ ਹਾਇ ਬੱਲੀ! ਦੇਸ ਜਾ ਕੇ ਭੁੱਲ ਹੀ ਗਿਆ

 

                 “ ਨਹੀਂ ਡਾਰਲਿੰਗ! ਇਹ ਕਿਵੇਂ ਹੋ ਸਕਦੈ..ਸੌਰੀ..ਵੱਡੀ ਸਾਰੀ ਸੌਰੀ..ਕੰਮ ਟਾਈਮ ਹੀ ਨਹੀਂ ਮਿਲਿਆ..”

 

                 “ ਤਿਆਰੀ ਹੋਗੀ?”

 

                 “ ਬਾਕੀ ਰਹਿੰਦੀ ਜ਼ਮੀਨ ਤੇ ਮਕਾਨ ਵਗੈਰਾ ਦਾ ਤਾਂ ਸੌਦਾ ਹੋ ਗਿਆ..ਬਸ ਹੁਣ ਤਾਂ ਇਕ ਵੀਕ ਹੀ ਰਹਿ ਗਿਆ, ਫਿਰ ਸਾਰਾ ਪਰਿਵਾਰ ਇਕੱਠਾ, ਤੈਨੂੰ ਪਤੈ ਬੀਬੀ-ਬਾਪੂ ਦੀ ਪੀ ਆਰ ਵੀ ਗੀ ?”

 

      “ ਕੀ ਮਤਲਬ? ਤੇਰੇ ਮਾਂ-ਪਿਓ ਏਥੇ ਸਾਡੇ ਵਿਚ ਰਹਿਣਗੇ? ਨੋ ਨੋ, ਮੈਂ ਨਹੀਂ ਬਰਦਾਸ਼ਤ ਕਰ ਸਕਦੀ

 

      “ ਡਾਰਲਿੰਗ! ਉਹ ਆਪਣੇ ਮਾਤਾ-ਪਿਤਾ ਨੇ..”

 

      “ ਮਾਤਾ ਪਿਤਾ? ਓਲਡਮੈਨ ਸਵੇਰੇ ਹੀ ਉਚੀ ਉਚੀ ਟੀ.ਵੀ ਲਾ ਲੈਂਦਾ, ਖਾਣੇ ਉਹਨੂੰ ਕੁਸ਼ ਪਸੰਦ ਹੀ ਨਹੀਂ, ਉਤੋਂ ਐਕਸਪੈਕਟ ਕਰਦਾ ਮੈਂ ਜੌਬ ਵੀ ਕਰਾਂ..ਤੇ ਮਾਂ ਤੇਰੀ ਉਦਾਂ ਲੜਨ ਦੇ ਬਹਾਨੇ ਭਾਲਦੀ ..ਨੋ ਵੇਅ..”

 

      “ ਜਸ, ਓਲਡਮੈਨ ਨੇ ਤਕਰੀਬਨ ਸਾਰੀ ਜ਼ਮੀਨ ਵੇਚ ਕੇ ਆਪਾਂ ਨੂੰ ਘਰ ਲੈ ਕੇ ਦਿੱਤੈ, ਹੁਣ ਮੈਂ ਕਿਹੜੇ ਮੂੰਹ ਨਾਲ ਕਹੂੰ ਕਿ ਤੁਸੀਂ ਵੱਖਰੇ ਰਹਿ ਲਓ?”

  

   “ ਇਟਸ ਯੂਅਰ ਪਰਾਬਲਮ ਬਲਕਾਰ! ਫਰੌਮ ਮਾਈ ਸਾਈਡ ਬਿਗ ਨੋ..”

 

      “ ਜਸ.. ਜਹਾਜ਼ ਤੋਂ ਉਤਰ ਕੇ ਮੈਂ ਉਹਨਾਂ ਨੂੰ ਕਿਥੇ ਲਿਜਾਊਂ?”

 

      “ ਬਸ,ਤੇਰੀ ਖਾਤਿਰ ਏਨਾ ਕਰ ਸਕਦੀ ਹਾਂ ਕਿ ਬੇਸਮੈਂਟ ਲੱਭ ਦਿਆਂ, ਉਹਨਾਂ ਨੂੰ ਸਿੱਧਾ ਉਥੇ ਛੱਡ ਕੇ ਫੇਰ ਘਰ ਆਈਂ

 

      “ ਏਦਾਂ ਕਿਵੇਂ ਹੋ ਸਕਦੈ?”

 

      “ ਘਰ ਦੇ ਲੌਕ ਬਦਲ ਦੇਣੇ ਮੈਂ, ਜੇ ਜ਼ਬਰਦਸਤੀ ਵੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਬੁਲਾ ਲਊਂ,ਵੱਡਾ ਤਮਾਸ਼ਾ ਹੋਊ ਫਿਰ..”

 

      “ ਜਸ ਪਲੀਜ਼

 

        ਫੋਨ ਕੱਟਿਆ ਜਾ ਚੁੱਕਾ ਸੀ।

                              

==============

 

ਦੋ ਨੰਬਰ ਦਾ ਬੂਟ

 

ਮਨਿੰਦਰ ਨੂੰ ਚੰਗਾ ਪਤੀ ਅਤੇ ਜ਼ਿੰਦਗੀ ਦੇ ਸਾਰੇ ਸੁੱਖ-ਸਾਧਨ ਸਹਿਜੇ ਹੀ ਮਿਲ ਗਏ, ਪਰ ਫਿਰ ਵੀ ਉਹ ਖੁਸ਼ ਨਹੀਂ ਸੀ। ਉਹਦਾ ਪਤੀ ਮਹੀਨੇ ਵਿੱਚੋਂ ਵੀਹ ਦਿਨ ਦੌਰੇ ਤੇ ਹੀ ਰਹਿੰਦਾ। ਮਨਿੰਦਰ ਅਤੇ ਉਹਦੀ ਤਿੰਨ ਸਾਲਾਂ ਦੀ ਧੀ ਮਹਿਕ ਬਹੁਤ ਹੀ ਇਕੱਲਤਾ ਮਹਿਸੂਸ ਕਰਦੀਆਂ।

 

ਇੱਕ ਦਿਨ ਮਨਿੰਦਰ ਦੇ ਪੇਕੇ ਸ਼ਹਿਰ ਤੋਂ ਉਹਦੇ ਕਾਲਜ ਦੇ ਦੋਸਤ ਸ਼ੈਲੀ ਦੀ ਬਦਲੀ ਇਸੇ ਸ਼ਹਿਰ ਵਿੱਚ ਹੋ ਗਈ। ਆਉਣ ਜਾਣ ਕੁਦਰਤੀ ਸੀ। ਮਨਿੰਦਰ ਦੀ ਉਦਾਸੀ ਅਤੇ ਬੋਰੀਅਤ ਕਾਫ਼ੀ ਹੱਦ ਤੱਕ ਦੂਰ ਹੋ ਗਈ।

 

ਅੱਜ ਸਾਰਾ ਦਿਨ ਘੁੰਮਣ ਫਿਰਨ ਤੋਂ ਬਾਅਦ ਸ਼ੈਲੀ ਉਨਾਂ ਨੂੰ ਘਰ ਛੱਡਣ ਆਇਆ ਤਾਂ ਵਾਪਿਸ ਜਾਣ ਤੋਂ ਪਹਿਲਾਂ ਕੌਫ਼ੀ ਲਈ ਕਹਿਕੇ ਸੋਫੇਤੇ ਹੀ ਟੇਢਾ ਹੋ ਗਿਆ।

 

ਬਜ਼ਾਰੋਂ ਲਿਆਂਦੀਆਂ ਚੀਜ਼ਾਂ ਵਿੱਚੋਂ ਆਪਣੇ ਛੋਟੇ ਛੋਟੇ ਸੂਟ ਕੱਢਦੀ ਬਿਟੀਆ ਮਹਿਕ ਅਚਾਨਕ ਬੋਲੀ, “ਅੰਕਲ! ਆਪ ਹਮਾਰੇ ਪਾਪਾ ਹੋ

 

ਨਹੀਂ ਤਾਂਸ਼ੈਲੀ ਨੇ ਹੈਰਾਨ ਹੋ ਕੇ ਨਾਂਹ ਵਿੱਚ ਸਿਰ ਹਿਲਾਇਆ।

 

ਫਿਰ ਤੁਮ ਪਾਪਾ ਕੀ ਤਰਹ ਮੰਮੀ ਕੋ ਪੱਪੀ ਕਿਉਂ ਕਰ ਰਹੇ ਥੇ

 

ਤਿੱਖੀ ਜਿਹੀ ਆਵਾਜ਼ ਵਿੱਚ ਬੋਲਦਿਆਂ ਮਹਿਕ ਨੇ ਆਪਣੇ ਹੱਥ ਵਿੱਚੜਿਆ ਦੋ ਨੰਬਰ ਦਾ ਬੂਟ ਸ਼ੈਲੀ ਦੇ ਮੂੰਹਤੇ ਵਗਾਹ ਮਾਰਿਆ।

 

=============

 

ਗੂੰਗੀਆਂ ਜੀਭਾਂ

 

      ਟੋਰਾਂਟੋ ਦੇ ਇਕ ਰੇਡੀਓ ਟਾਕ-ਸ਼ੋਅ ਵਿਚ ਔਰਤਾਂ ਦੀ ਭਾਰਤ ਅਤੇ ਕੈਨੇਡਾ ਵਿਚ ਦੁਰਦਸ਼ਾ ਬਾਰੇ ਗੱਲਬਾਤ ਚੱਲ ਰਹੀ ਸੀ। ਸਰੋਤੇ ਵੀ ਵਧ ਚੜ ਕੇ ਹਿੱਸਾ ਲੈਂਦੇ ਹੋਏ ਆਪਣੇ ਅਨੁਭਵ ਦੱਸ ਰਹੇ ਸਨ।

 

      ਭਖਵੀਂ ਚਰਚਾ ਵਿਚ ਇਕ ਰੋਣਹਾਕੀ ਮਰਦਾਨਾ ਆਵਾਜ਼ ਆਈ, “ ਮੇਰੀ ਪ੍ਰਾਬਲਮ ਵੀ ਹੱਲ ਕਰ ਦਿਓ ਪਲੀਜ਼, ਮੈਨੂੰ ਵਾਈਫ ਨੇ ਘਰੋਂ ਕੱਢਤਾ, ਕਹਿੰਦੀ ਬਹੁਤੀ ਚੂੰ-ਚਾਂ ਕੀਤੀ ਤਾਂ 911 ਨੂੰ ਕਾਲ ਕਰ ਦਊਂ..”

 

      “ ਤੁਸੀਂ ਕੁਝ ਗਲਤ ਕਿਹਾ ਜਾਂ ਕੀਤਾ ਹੋਣੈ ਜਨਾਬ!” ਰੇਡੀਓ-ਹੋਸਟ ਬੜੇ ਜੋਸ਼ ਵਿਚ ਬੋਲੀ।

 

      “ ਉਹਨੂੰ ਫਰੈਂਡਾਂ ਨਾਲ ਨਾਈਟ-ਕਲੱਬ ਜਾਣੋਂ ਰੋਕਿਆ ਸੀ ਬੱਸ..”

 

      “ ਏਸ ਗੱਲਤੇ? ਤੁਸੀਂ ਸੱਚ ਕਹਿ ਰਹੇ ?” ਟਾਕ-ਸ਼ੋਅ ਵਿਚ ਸ਼ਾਮਿਲ ਮਹਿਮਾਨ ਲੇਖਿਕਾ ਨੇ ਕਿਹਾ।

 

      “ ਹਾਂ ਜੀ ਮੈਡਮ ਜੀ, ਮੈਨੂੰ ਮੇਰੇ ਨਿੱਕੇ ਨਿੱਕੇ ਬੱਚਿਆਂ ਦੀ ਸਹੁੰ, ਕਹਿੰਦੀ ਮੈਂ ਆਪਣੀ ਮਰਜ਼ੀ ਦੀ ਮਾਲਕ ਆਂ, ਜਿਥੇ ਜੀ ਕਰੂ ਜਾਊਂ, ਜੀਹਦੇ ਨਾਲ ਮਰਜ਼ੀ ਜਾਊਂ, ਇਹ ਇੰਡੀਆ ਨਹੀਂ ਹੈਗਾ..ਬਾਹਲਾ ਔਖਾ ਐਂ ਤਾਂ ਤੂੰ ਨਿੱਕਲ ਘਰੋਂ

 

       “ ਅੱਛਾ ?...” ਭਾਰਤ ਤੋਂ ਗਈ ਲੇਖਿਕਾ ਦੀ ਆਵਾਜ਼ ਹੈਰਾਨੀ ਵਿਚ ਡੁੱਬ ਗਈ।

 

       “ ਹੁਣ ਤਿੰਨਾਂ ਦਿਨਾਂ ਤੋਂ ਆਵਦੇ ਟਰੱਕ ਵਿਚ ਸੌਂ ਰਿਹਾਂ, ਮੈਨੂੰ ਦੱਸੋ ਕੀ ਕਰਾਂ?”

 

       “ ਹਾਂ ਜੀ ਦੋਸਤੋ! ਹੋ ਜਾਂਦੈ ਕਦੇ ਕਦੇ ਇਉਂ ਵੀ ਏਥੇ, ਤੁਸੀਂ ਆਪਣੇ ਸੁਝਾਅ ਦਿਓ..” ਰੇਡੀਓ-ਹੋਸਟ ਨੇ ਗੇਂਦ ਸਰੋਤਿਆਂ ਵੱਲ ਉਛਾਲ ਦਿੱਤੀ।

 

       ਟਰਨ-ਟਰਨ ਵੱਜਦੇ ਟੈਲੀਫੋਨਾਂ ਨੂੰ ਜਿਵੇਂ ਸੱਪ ਸੁੰਘ ਗਿਆ, ਇਕ ਦੂਜੀ ਤੋਂ ਵਧ ਕੇ ਬੋਲ ਰਹੀਆਂ ਜੀਭਾਂ ਅਚਾਨਕ ਗੁੰਗੀਆਂ ਹੋ ਗਈਆਂ ਸਨ।

 

===============

                        

ਮੰਮੀ ਦਾਡੇ-ਕੇਅਰ ਸੈਂਟਰ

 

ਧੀ-ਜਵਾਈ ਦਾ ਨਾਸ਼ਤਾ ਮੇਜ਼ ਉਤੇ ਰੱਖਦੀ ਮਹਿੰਦਰ ਕੌਰ ਚੁੱਪਚੁੱਪ ਸੀ।

 

 “ਲੱਗਦੈ ਮੰਮੀ ਜੀ ਇੰਡੀਆ ਬਾਰੇ ਸੋਚ ਸੋਚ ਕੇ ਉਦਾਸ ਨੇਜਵਾਈ ਦੀਪ ਹੱਸ ਕੇ ਬੋਲਿਆ।

 

 “ਮੰਮੀ ਤੁਸੀਂ ਠੀਕ ਨਾ?” ਧੀ ਸਿਮਰਨ ਨੇ ਨੇੜੇ ਹੁੰਦਿਆਂ ਪਿਆਰ ਨਾਲ ਪੁੱਛਿਆ।

 

                ਮਹਿੰਦਰ ਕੌਰ ਨੇ ਠੰਢਾ ਸਾਹ ਭਰਿਆ ਤੇ ਮਸਾਂ ਹੀਹਾਂ..’ ਕਿਹਾ ਜੈਕਟ ਪਾਉਂਦਿਆਂ ਜਵਾਈ ਬੋਲਿਆ, “ਮੰਮੀ ਜੀ ਦਾ ਜੀਅ ਲਵਾਉਣ ਲਈ ਮੈਂ ਕੁਝ ਹੋਰ ਸੋਚ ਰਿਹਾ ਸੀ,ਕਿਉਂ ਨਾ ਆਪਾਂ ਬੱਚਿਆਂ ਲਈ ਘਰੇ ਹੀਡੇ-ਕੇਅਰ ਸੈਂਟਰਖੋਲ ਲਈਏ? ਸਾਰਾ ਦਿਨ ਰੌਣਕ ਬਣੀ ਰਹੂ..”

 

 ਸ਼ਾਮ ਛੇ ਵਜੇ ਦਫਤਰੋਂ ਮੁੜੇ ਤਾਂ ਮੰਮੀ ਨੂੰ ਉਸੇ ਤਰਾਂ ਹੀ ਦੇਖ ਕੇ ਸਿਮਰਨ ਨੇ ਚਾਹ ਬਣਾਈ ਤੇ ਡੌਲੀ ਨੂੰ ਉਹਦੇ ਡੈਡੀ ਦੇ ਹਵਾਲੇ ਕਰ ਕੇ ਮੰਮੀ ਕੋਲ ਬੈਠ ਗਈ।

 

                “ਦੱਸੋ ਨਾ ਮੰਮੀ ਕੀ ਗੱਲ ?”

 

 “ਕੁਝ ਨਹੀਂਮੰਮੀ ਨੇ ਟਾਲਣਾ ਚਾਹਿਆ।

 

                “ਨਹੀਂ ਦੱਸੋ! ਤੁਹਾਨੂੰ ਮੇਰੀ ਸੌਂਹ..”

 

 “ਕੁਝ ਖਾਸ ਨਹੀਂ ਧੀਏ!..ਰਾਤ ਨੂੰ ਨੀਂਦ ਨਹੀਂ ਆਉਂਦੀ,ਲੱਤਾਂ ਤੇ ਕਮਰ ਬਹੁਤ ਦਰਦ ਰਹਿੰਦੈ,ਅੱਜ ਸਵੇਰ ਤੋਂ ਸਿਰ ਦਰਦ ਵੀਕਹਿੰਦੀ ਮੰਮੀ ਦੀਆਂ ਅੱਖਾਂ ਵਿੱਚ ਹੰਝੂ ਲਿਸ਼ਕਣ ਲੱਗੇ।

 

 “ਨਹੀਂ ਮੰਮੀ! ਕੁਝ ਹੋਰ ਵੀ ..ਤੁਸੀਂ ਸਾਨੂੰ ਦੱਸਦੇ ਨਹੀਂ

 

                “ਚੱਲ ਛੱਡ ਪਰੇ..”

 

                “ਨਹੀਂ..ਬੋਲੋ..ਤੁਹਾਨੂੰ ਡੌਲੀ ਦੀ ਸਹੁੰ..”

 

 “ਬੇਟਾ ਕਿਉਂ ਸੌਂਹਾਂ ਪਾਈ ਜਾਂਦੀ ਐਂ? ਦੱਸ ਕੇ ਵੀ ਕੀ ਹੋਊ? ਤੁਹਾਡੀਆਂ ਡਿਊਟੀਆਂ ਤੇ ਘਰ ਦੇ ਕੰਮ ਤੇ ਫਿਰ ਡੌਲੀ ਨੂੰ ਸਾਂਭਣਾ,ਯੂ ਕਾਂਟ ਹੈਲਪ..”

 

 “ਚਲੋ ਦੱਸੋ ਤਾਂ ਸਹੀ..ਵਾਇ ਆਈ ਕਾਂਟ ਹੈਲਪ?” ਹੱਸ ਕੇ ਸਿਮਰਨ ਨੇ ਮਾਹੌਲ ਹਲਕਾ ਕੀਤਾ।

 

 “ਬੇਟਾ! ਤੈਨੂੰ ਪਤਾ , ਇੰਡੀਆ ਦੋ ਦੋ ਨੌਕਰ-ਚਾਕਰ, ਮੈਂ ਪੰਦਰਾਂ- ਵੀਹਾਂ ਸਾਲਾਂ ਤੋਂ ਘਰ ਦਾ ਕੋਈ ਕੰਮ ਨਹੀਂ ਕੀਤਾ,ਪਾਣੀ ਵੀ ਆਪ ਪਾ ਕੇ ਨੀ ਸੀ ਪੀਤਾ ਕਦੇ,ਹੁਣ ਛੋਟੇ ਜਿਹੇ ਇਸ ਘਰ ਪਰਿਵਾਰ ਦਾ ਕੰਮ ਕਰਦਿਆਂ ਬਹੁਤ ਥੱਕ ਜਾਂਦੀ ਹਾਂ, ਥਕਾਵਟ ਤੇ ਦਰਦ ਨਾਲ ਠੀਕ ਤਰਾਂ ਨੀਂਦ ਨਹੀਂ ਆਉਂਦੀ, ਨਾਲੇ ਹੁਣ ਤਾਂ ਉਮਰ ਵੀ ਹੋ ਚੱਲੀ ..” ਧੀ ਨੂੰ ਚੁੱਪ ਤੇ ਹੈਰਾਨ ਦੇਖ ਕੇ ਉਹ ਫਿਰ ਬੋਲੀ,“ਡੌਲੀ ਨੂੰ ਸਾਂਭਦੀ ਦਾ ਆਹ ਹਾਲ , ਉਤੋਂ ਸਵੇਰੇ ਦੀਪ ਨੇ ਘਰੇ ਡੇ-ਕੇਅਰ ਸੈਂਟਰ ਖੋਲਣ ਦੀ ਗੱਲ ਆਖੀ.”

 

ਮਹਿੰਦਰ ਕੌਰ ਦੀ ਆਵਾਜ਼ ਅੱਥਰੂਆਂ ਦੇ ਦਰਿਆ ਵਿਚੋਂ ਲੰਘ ਕੇ ਰਹੀ ਸੀ।

 

===========

 

ਥੋਹਰਾਂ ਦੇ ਸਿਰਨਾਵੇਂ

 

ਦੇਖੋ ਬਾਪੂ ਜੀ! ਮੈਨੂੰ ਆਏ ਨੂੰ ਮਹੀਨਾ ਹੋ ਗਿਐ ਸਾਰੇ ਅੰਗਾਂ-ਸਾਕਾਂ ਨੂੰ ਪੁੱਛ ਲਿਐ ..ਕੋਈ ਵੀ ਤੁਹਾਨੂੰ ਦੋਵਾਂ ਨੂੰ ਰੱਖਣ ਲਈ ਤਿਆਰ ਨਹੀਂ..ਮੈਂ ਤੁਹਾਨੂੰ ਇਸ ਬਿਰਧ ਅਵਸਥਾ ਇਕੱਲੇ ਇਸ ਕੋਠੀ ਬਿਲਕੁਲ ਨਹੀਂ ਛੱਡ ਸਕਦਾ..ਤੁਸੀਂ ਆਪਣਾ ਲੁੱਕ-ਆਫਟਰ ਕਰ ਹੀ ਨਹੀਂ ਸਕਦੇ।

 

ਮਾਤਾ ਪਿਤਾ ਨੂੰ ਖਾਮੋਸ਼ ਦੇਖ ਕੇ ਉਹ ਫਿਰ ਬੋਲਿਆ, “ਨਾਲੇ ਅਗਲੇ ਹਫਤੇ ਇਸ ਕੋਠੀ ਦਾ ਕਬਜਾ ਵੀ ਦੇਣੈ..ਮੈਂ ਸਾਰਾ ਬੰਦੋਬਸਤ ਕਰ ਲਿਐ ..ਓਲਡ-ਏਜ ਹੋਮ ਵਾਲੇ ਡੇਢ ਲੱਖ ਲੈਂਦੇ ਨੇ..ਬਾਕੀ ਸਾਰੀ ਉਮਰ ਦੀ ਦੇਖ ਭਾਲ ਉਹਨਾਂ ਦੇ ਜਿੰਮੇ।

 

ਪਰਮਿੰਦਰ ਅਸੀਂ ਆਪਣਾ ਘਰ ਛੱਡ ਕੇ ਕਿਤੇ ਨੀ ਜਾਣਾ। ਤੇਰੀ ਮਾਂ ਤਾਂ ਜਮਾ ਨੀ ਮੰਨਦੀ ਤੂੰ ਜਾਹ ਅਮਰੀਕਾ ਸਾਨੂੰ ਸਾਡੇ ਹਾਲਤੇ ਛੱਡ ਦੇ ਹਾਲੇ ਸਾਡਾ ਵਾਹਿਗੁਰੂ

 

ਮਾਂ! ਬਾਪੂ ਜੀ! ਤੁਸੀਂ ਬੱਚਿਆਂ ਵਾਂਗੂ ਜ਼ਿੱਦ ਕਿਉਂ ਫੜੀ ਬੈਠੇ ਓਂ? ਕੋਠੀ ਤਾਂ ਵਿਕ ਚੁੱਕੀ ਆਪਣੇ ਮਨ ਨੂੰ ਸਮਝਾਓ।ਕਹਿੰਦਾ ਪਰਮਿੰਦਰ ਆਪਣੇ ਕਮਰੇ ਵਿਚ ਚਲਾ ਗਿਆ। ਉਸੇ ਰਾਤ ਬਾਪੂ ਜੀ ਅਕਾਲ ਚਲਾਣਾ ਕਰ ਗਏ।

 

ਤਿੰਨ ਦਿਨ ਬਾਦ ਬਾਪੂ ਜੀ ਦੇ ਫੁੱਲ ਕੀਰਤਪੁਰ ਸਾਹਿਬ ਪ੍ਰਵਾਹ ਕਰ ਕੇ ਮੁੜੇ ਤਾਂ ਰਿਸ਼ਤੇਦਾਰਾਂ ਨੇ ਪਰਮਿੰਦਰ ਨੂੰ ਦੱਸਿਆ, “ਮਾਂ ਜੀ ਕਿਸੇ ਨੂੰ ਪਛਾਣਦੇ ਨਹੀਂ ..ਬੱਸ ਵਿਹੜੇ ਬੈਠੇ ਕੋਠੀ ਵੱਲ ਦੇਖੀ ਜਾਂਦੇ ਨੇ..ਸ਼ਾਇਦ ਉਹ ਪਾਗਲਪਨ ਦੀ ਅਵਸਥਾ ਨੇ।

 

ਤਾਂ ਫਿਰ ਮਾਂ ਨੂੰ ਪਾਗਲਖਾਨੇ ਭਰਤੀ ਕਰਾ ਦਿੰਨੇ ਆਂ ..ਥੋਨੂੰ ਨੀ ਪਤਾ, ਇਕ ਇਕ ਦਿਨ ਦਾ ਮੇਰਾ ਕਿੰਨਾ ਨੁਕਸਾਨ ਹੋ ਰਿਹੈ ਪਿੱਛੇ ਆਪਣੇ ਪਰਿਵਾਰ ਦੀ ਕਿੰਨੀ ਵੱਡੀ ਜ਼ਿੰਮੇਵਾਰੀ ਮੇਰੇ ਸਿਰਤੇ।

 

ਇਹ ਉਹਨਾਂ ਦੇ ਸਹਿਕ ਸਹਿਕ ਕੇ ਲਏ ਪੁੱਤ ਪਰਮਿੰਦਰ ਦੀ ਆਵਾਜ ਸੀ।

 

=============

 

ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

ਜਗਦੀਸ਼ ਰਾਏ ਕੁਲਰੀਆਂ
   

 #46, ਇੰਪਲਾਈਜ਼ ਕਾਲੋਨੀ, ਬਰੇਟਾ, ਜਿਲਾ ਮਾਨਸਾ (ਪੰਜਾਬ) – 151501

ਮੋਬਾਈਲ: 95018 77033

ਈਮੇਲ: jagdishkulrian@gmail.com

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mini Kahani Writer Dr Baldev Singh Khehra committed to social causes