ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੇਂ ਪੋਚ ਦਾ ਮਿੰਨੀ ਕਹਾਣੀ ਲੇਖਕ - ਕੁਲਵਿੰਦਰ ਕੌਸ਼ਲ

ਨਵੇਂ ਪੋਚ ਦਾ ਮਿੰਨੀ ਕਹਾਣੀ ਲੇਖਕ - ਕੁਲਵਿੰਦਰ ਕੌਸ਼ਲ

ਮਿੰਨੀ ਕਹਾਣੀ ਦੇ ਵੱਡੇ ਸਿਰਜਕ-35
ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ


ਕੁਲਵਿੰਦਰ ਕੌਸ਼ਲ ਪੰਜਾਬੀ ਮਿੰਨੀ ਕਹਾਣੀ ਦੇ ਨਵੇਂ ਪੋਚ ਦਾ ਚਰਚਿਤ ਤੇ ਪ੍ਰਤੀਬੱਧ ਨਾਂ ਹੈ, ਜਿਸਨੇ ਥੋੜ੍ਹੇ ਅਰਸੇ ਵਿਚ ਹੀ ਪੰਜਾਬੀ ਮਿੰਨੀ ਕਹਾਣੀ ਵਿਚ ਆਪਣੀ ਵੱਡੀ ਥਾਂ ਬਣਾਈ ਹੈ। ਦਰਅਸਲ ਬਹੁਤ ਘੱਟ ਲੇਖਕ ਹੀ ਹਨ ਜੋ ਇਸ ਵਿਧਾ ਨੰ ਸਮਝ ਨਾਲ ਲਿਖਦੇ ਹਨ, ੳੁਨ੍ਹਾਂ ਵਿਚ ਕੌਸ਼ਲ ਇੱਕ ਹੈ।ਇਸ ਦੀਆਂ ਮਿੰਨੀ ਕਹਾਣੀਆਂ ਵਿਧਾ ਦੇ ਰਪ ਵਿਧਾਨ ਤੇ ਤਾਂ ਖ਼ਰੀਆਂ ੳੁਤਰਦੀਆਂ ਹੀ ਹਨ , ਬਲਕਿ ਵਿਸ਼ਿਆਂ ਦੇ ਵਿੱਚ ਵੰਨ-ਸੁਵੰਨਤਾ ਹੈ ਜਿਸ ਕਾਰਨ ਉਹ ਅਜੋਕੇ ਸਮਾਜਿਕ, ਰਾਜਨੀਤਿਕ ਤੇ ਆਰਥਿਕ ਦਿ੍ਰਸ਼ ਨੂੰ ਵੀ ਬਾਖੂਬੀ ਉਘੇੜਦੀਆਂ ਹਨ।


      ਕੁਲਵਿੰਦਰ ਕੌਸ਼ਲ ਦਾ ਜਨਮ 7 ਮਈ 1981 ਨੂੰ ਫਤਿਹਗੜ ਪੰਜਗਰਾਈਆਂ ਜਿਲਾ ਸੰਗਰੂਰ ਵਿਖੇ ਹੋਇਆ ਤੇ ਇਹ ਪਸੂ ਪਾਲਣ ਵਿਭਾਗ ਵਿਚ ਵੈਟਰਨਰੀ ਇੰਸਪੈਕਟਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।ਇਸ ਦੇ ਤਿੰਨ ਮੌਲਿਕ ਮਿੰਨੀ ਕਹਾਣੀ ਸੰਗ੍ਰਹਿ `ਅਭਮੰਨਿਊ`, `ਸੂਲੀ ਲਟਕੇ ਪਲ` ਅਤੇ `ਪੁੱਠੇ ਦਿਮਾਗ ਦਾ ਬੰਦਾ` ਛਪ ਚੁੱਕੇ ਹਨ ਅਤੇ ਕਈ ਸੰਪਾਦਿਤ ਕਿਤਾਬਾਂ ਵਿਚ ਵੀ ਰਚਨਾਵਾਂ ਸ਼ਾਮਿਲ ਹੋਈਆਂ ਹਨ।ਇਸ ਦੀਆਂ ਮਿੰਨੀ ਕਹਾਣੀਆਂ ਨੂੰ ਕਈ ਇਨਾਮ ਸਨਮਾਨ ਮਿਲ ਚੁੱਕੇ ਹਨ ਅਤੇ ਅਦਾਰਾ `ਮਿੰਨੀ` ਵੱਲੋਂ `ਲਘੂਕਥਾ ਕਿਰਨ ਪੁਰਸਕਾਰ` ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ।


ਕੌਸਲ ਨੂੰ ਬੰਦੇ ਦੀ ਮਾਨਸਿਕਤਾ ਫੜ੍ਹਨੀ ਆਉਂਦੀ ਹੈ। ਜਦੋਂ ਇਹ ਆਪਣੀਆਂ ਰਚਨਾਵਾਂ ਵਿਚ ਇਸ ਨੂੰ ਪੇਸ਼ ਕਰਦਾ ਹੈ ਤਾਂ ਉਹ ਵੱਖਰਾ ਪ੍ਰਭਾਵ ਸਿਰਜਦੀਆਂ ਹਨ।ਆਓ ਪੜ੍ਹਦੇ ਹਾਂ ਇਸ ਦੀਆਂ ਮਿੰਨੀ ਕਹਾਣੀਆਂ ਨੂੰ:

 

ਗੁਲਾਬ ਜਾਮੁਨ


ਪਤਨੀ ਘਰੋਂ ਬਾਹਰ ਨਿਕਲੀ ਹੀ ਸੀ ਕਿ ਰਮੇਸ਼ ਚੰਦ ਜੀ ਨੂੰ ਅਚਾਨਕ ਮਿੱਠਾ ਖਾਣ ਦੀ ਤਲਬ ਉੱਠੀ ਤੇ ਉਹ ਲਪਕ ਕੇ ਰਸੋਈ ਵੱਲ ਨੂੰ ਹੋ ਗਏ। ਰਸੋਈ ਵਿੱਚ ਖੰਡ ਵਾਲਾ ਬਰਤਨ ਆਪਣੀ ਜਗ੍ਹਾ ਨਹੀਂ ਸੀ। ਉਹ ਜਾਣਦੇ ਸਨ ਪਤਨੀ ਨੇ ਜਰੂਰ ਉਸਨੂੰ ਏਧਰ ਉੱਧਰ ਕਿਤੇ ਲੁਕੋ ਦਿੱਤਾ ਹੋਣਾ।


‘ਕੋਈ ਸਮਾਂ ਸੀ ਜਦੋਂ ਜੀਅ ਭਰ ਕੇ ਮਠਿਆਈ ਖਾਂਦਾ ਸੀ, ਹਰ ਹਫਤੇ ਗੁਲਾਬ ਜਾਮੁਨ ਤਾਂ ਘਰ ਆਉਂਦੇ ਹੀ ਸਨ। ਹੁਣ ਤਾਂ ਖੰਡ ਦੇ ਫੱਕੇ ਨਾਲ ਹੀ ਸਾਰਨਾ ਪੈਂਦਾ .. ਉਹ ਵੀ ਜੇ ਦਾਅ ਲੱਗ ਜਾਵੇ ਤਾਂ।’ ਆਪਣੇ ਆਪ ਨਾਲ ਮਨਬਚਨੀ ਕਰਦੇ ਉਹਨਾਂ ਆਲ਼ੇ-ਦੁਆਲ਼ੇ ਨਿਗ੍ਹਾ ਮਾਰੀ। 


ਇੱਕ ਇੱਕ ਡੱਬਾ ਖੋਲ੍ਹ ਕੇ ਦੇਖਿਆ। ਆਟੇ ਵਾਲਾ ਢੋਲ, ਦਾਲ਼ਾਂ ਵਾਲੇ ਡੱਬੇ ਏਥੋਂ ਤੱਕ ਲੂਣਦਾਨੀ ਵੀ..।


ਖੰਡ ਲੱਭਣ ਦੀ ਹੜਬੜਾਹਟ ਵਿੱਚ ਉਨ੍ਹਾਂ ਨੂੰ ਇਹ ਚੇਤਾ ਵੀ ਨਹੀਂ ਰਿਹਾ ਕਿ ਉਨ੍ਹਾਂ ਦੀ ਚੱਕ ਥੱਲ ਦੀ ਅਵਾਜ਼ ਬਾਹਰ ਤੱਕ ਵੀ ਜਾਂਦੀ ਹੈ। 
ਅਚਾਨਕ ਉਨ੍ਹਾਂ ਨੂੰ ਲੱਗਿਆ ਕਿ ਪਿੱਠ ਪਿੱਛੇ ਦੋ ਅੱਖਾਂ ਘੂਰ ਰਹੀਆਂ ਨੇ। ਸਿੱਧੇ ਜਿਹੇ ਹੋ ਕੇ ਉਨ੍ਹਾਂ ਨੇ ਰਸੋਈ ਦੇ ਦਰਵਾਜੇ ਵੱਲ ਦੇਖਿਆ ਪਤਨੀ ਲੱਕ `ਤੇ ਹੱਥ ਧਰੀ ਗੁੱਸੇ ਨਾਲ ਦੇਖ ਰਹੀ ਸੀ। 


ਉਹ ਉੱਥੇ ਹੀ ਜਾਮ ਹੋ ਗਏ.. ਚੋਰੀ ਫੜੀ ਗਈ ਸੀ। 


“ਕੀ ਲੱਭਦੇ ਹੋ?" ਪਤਨੀ ਨੇ ਜਾਣਦੇ ਹੋਏ ਵੀ ਗੁੱਸੇ ਭਰੀ ਅਵਾਜ਼ ਵਿੱਚ ਪੁੱਛਿਆ। 


“ਕੁੱਝ... ਵੀ.. ਨਹੀਂ।" ਹੜਬੜਾਹਟ ਜਿਹੀ `ਚ ਹੱਥ ਵਿੱਚ ਫੜੇ ਡੱਬੇ ਨੂੰ ਇੱਕ ਪਾਸੇ ਰੱਖਦੇ ਹੋਏ ਰਮੇਸ਼ ਚੰਦ ਜੀ ਬੋਲੇ। 


“ਕੁੱਝ ਕਿਉਂ ਨਹੀਂ? ਮੈਂ ਸਭ ਜਾਣਦੀ ਹਾਂ, ਦੋ ਮਿੰਟ ਬਾਹਰ ਕੀ ਚਲੀ ਗਈ ਲੱਗ ਗਏ ਚੋਰੀਓਂ...।”


“ਕੀ ਚੋਰੀਓਂ..! ਮੈਂ ਤਾਂ.. ਮੈਂ ਤਾਂ।" ਥੋੜ੍ਹਾ ਤਲਖੀ ਨਾਲ ਕਹਿੰਦੇ ਕਹਿੰਦੇ ਉਹ ਫਿਰ ਥਿੜਕ ਗਏ। 


“ਮੈਂ.. ਮੈਂ ਕੀ..? ਮੈਨੂੰ ਨਹੀਂ ਪਤਾ.! ਜਿਹੜੀ ਚੀਜ ਤੁਸੀਂ ਲੱਭਦੇ ਹੋ, ਉਹ ਤਾਂ ਘਰ ਵਿੱਚ ਕਦੇ ਨਹੀਂ ਲੱਭਣੀ ਹੁਣ।"


“ਕਿਉਂ???"


“ਕਿਉਂ ਕੀ, ਕਿੱਥੇ-ਕਿੱਥੇ ਤੁਹਾਡੀ ਨਿਗ੍ਹਾ ਰੱਖੀ ਜਾਵਾਂ, ਤੁਹਾਨੂੰ ਡਾਕਟਰ ਨੇ ਕੀ ਕਿਹਾ ਸੀ, ਇਹ ਜ਼ਹਿਰ ਹੈ ਤੁਹਾਡੇ ਲਈ।"


“ਨਾ ਫਿਰ ਤੂੰ ਵੀ ਖਾਣੀ ਛੱਡ ਦੇਵੇਂਗੀ?" ਰਮੇਸ਼ ਚੰਦ ਜੀ ਨੂੰ ਹਾਲੇ ਵੀ ਯਕੀਨ ਨਹੀਂ ਹੋ ਰਿਹਾ ਸੀ। ਉਨ੍ਹਾਂ ਨੂੰ ਲੱਗਦਾ ਸੀ ਕਿ ਖੰਡ ਐਥੇ ਕਿਤੇ ਹੀ ਹੋਵੇਗੀ। 


“ਆਹੋ।"


“ਅੱਛਾ ਇਸ ਉਮਰ ਵਿੱਚ ਆ ਕੇ ਮੇਰੇ ਲਈ ਕੁਰਬਾਨੀ ਕਰਨ ਲੱਗੀ ਏਂ, ਹੈਂ ਹਾਹਾਹਾਹਾ।"


“ਹੂੰ... ਕੁਰਬਾਨੀ ਕਰਨ ਲੱਗੀ ਹਾਂ... ਤੁਸੀਂ ਨਹੀਂ ਸਮਝੋਗੇ! ਜੇ ਘਰੇ ਮਿੱਠਾ ਰਹੂ ਤੁਸੀਂ ਚੋਰੀਓਂ ਖਾਣੋ ਨਹੀਂ ਹਟਣਾ। ਜੇ ਤੁਹਾਨੂੰ ਕੁੱਝ ਹੋ ਗਿਆ ਮੈਂ ਕਿਵੇਂ..?” ਇਸ ਵਾਰ ਪਤਨੀ ਦੀਆਂ ਅੱਖਾਂ `ਚੋਂ ਹੰਝੂ ਪਰਲ-ਪਰਲ ਡਿਗਣ ਲੱਗ ਪਏ। 


“ਓਏ- ਹੋਏ.. ਸ਼ੂਗਰ ਮਾਰੇ ਨਾ ਮਾਰੇ, ਤੇਰੇ ਪਿਆਰ ਨੇ ਮੈਨੂੰ ਜਰੂਰ ਮਾਰ ਦੇਣਾ ਮੇਰੀ ਗੁਲਾਬ ਜਾਮੁਨ।" ਰਮੇਸ਼ ਚੰਦ ਜੀ ਨੇ ਭਾਵੁਕ ਹੁੰਦੇ ਪਤਨੀ ਨੂੰ ਕਲਾਵੇ ਵਿੱਚ ਲੈਂਦਿਆਂ ਕਿਹਾ ਤੇ ਦੋਵਾਂ ਦੇ ਝੁਰੜੀਆਂ ਭਰੇ ਚਿਹਰਿਆਂ `ਤੇ ਹਲਕੀ ਜਿਹੀ ਚਮਕ ਆ ਗਈ ਸੀ।


============


ਚੱਕਰਵਿਊ


ਪਿਛਲੇ ਕਈ ਘੰਟਿਆਂ ਤੋਂ ਉਹ ਲਗਾਤਾਰ ਕੰਪਿਊਟਰ ਮੂਹਰੇ ਬੈਠਾ ਇੱਕ ਪ੍ਰੋਜੈਕਟ ਦੀ ਫਾਈਲ ਤਿਆਰ ਕਰ ਰਿਹਾ ਸੀ ਜੋ ਉਸਨੇ ਹਰ ਹਾਲਤ `ਚ ਪਰਸੋਂ ਤੱਕ ਆਪਣੀ ਕੰਪਨੀ ਨੂੰ ਪੇਸ਼ ਕਰਨੀ ਸੀ। ਸਮਾਂ ਦੇਖਿਆ, ਰਾਤ ਦੇ ਦੋ ਵੱਜ ਚੁੱਕੇ ਸਨ। ਕੰਪਿਊਟਰ ਬੰਦ ਕਰ ਉਹ ਬੈੱਡਰੂਮ `ਚ ਆ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗਾ ਪਰ ਨੀਂਦ ਸੀ ਕਿ ਆਉਣ ਦਾ ਨਾਂ ਨਹੀਂ ਲੈ ਰਹੀ ਸੀ ਬਸ ਅੱਖਾਂ ਮੀਚ ਕੇ ਪਿਆ ਰਿਹਾ। ਦਿਮਾਗ ਹੁਣ ਵੀ ਪ੍ਰੋਜੈਕਟ ਵੱਲ ਹੀ ਸੀ।


ਇਸ ਪ੍ਰੋਜੈਕਟ `ਤੇ ਹੀ ਉਸ ਦੀ ਹੋਣ ਵਾਲੀ ਤਰੱਕੀ ਦਾ ਸਾਰਾ ਦਾਰੋਮਦਾਰ ਟਿਕਿਆ ਹੋਇਆ ਸੀ, ਉਸਦੇ ਮੁਕਾਬਲੇ `ਚ ਉਸਦੇ ਦੋ ਹੋਰ ਕੁਲੀਗ ਵੀ ਸਨ ਪਤਾ ਨਹੀਂ ਕੌਣ ਬਾਜੀ ਮਾਰ ਜਾਵੇ। ਇਸ ਬੈਚੇਨੀ ਵਿੱਚ ਜਦੋਂ ਕਾਫ਼ੀ ਸਮਾਂ ਉਸਨੂੰ ਨੀਂਦ ਨਾ ਆਈ ਅੰਤ ਨੂੰ ਉਹ ਉੱਠ ਕੇ ਬੈਠ ਗਿਆ।


ਬੱਲਬ ਦੀ ਹਲਕੀ-ਹਲਕੀ ਰੌਸ਼ਨੀ `ਚ ਉਸਦੀ ਨਿਗਾਹ ਸੁੱਤੇ ਪਏ ਬੇਟੇ ਅਤੇ ਪਤਨੀ ਦੇ ਚਿਹਰਿਆਂ `ਤੇ ਪਈ। ਉਹ ਇੱਕ ਟੱਕ ਉਹਨਾਂ ਦੇ ਚਿਹਰਿਆਂ ਨੂੰ ਨਿਹਾਰਦਾ ਰਿਹਾ। ਇੱਕ ਅਜੀਬ ਜਿਹਾ ਅਨੰਦ ਅੰਦਰ ਪੈਦਾ ਹੋਣ ਲੱਗਾ, ਉਸਦੇ ਯਾਦ ਨਹੀਂ ਆ ਰਿਹਾ ਸੀ ਕਿ ਇਸ ਤਰ੍ਹਾਂ ਇਹਨਾ ਚਿਹਰਿਆਂ ਨੂੰ ਦੇਖਿਆਂ ਕਿੰਨਾ ਕੁ ਸਮਾਂ ਹੋ ਗਿਆ। ਮੋਹ ਦਾ ਇੱਕ ਉਬਾਲ ਉਸਦੇ ਅੰਦਰੋਂ ਉੱਠਿਆ,ਉਹ ਪਿਆਰ ਨਾਲ ਬੇਟੇ ਦੇ ਵਾਲ਼ਾਂ `ਚ ਹੱਥ ਫੇਰਨ ਲੱਗਾ…..ਹਲਕਾ-ਹਲਕਾ ਫੇਰਦਾ ਉਂਗਲਾਂ ਉਸਦੇ ਚਿਹਰੇ `ਤੇ ਲੈ ਗਿਆ। ਸੁੱਤੇ ਬੱਚੇ ਦੇ ਚਿਹਰੇ `ਤੇ ਮੁਸਕਾਨ ਫੈਲ ਗਈ ਅਤੇ ਇਹ ਦੇਖ ਉਹ ਵੀ ਹਲਕਾ ਜਿਹਾ ਮੁਸਕਰਾ ਪਿਆ। ਅਚਾਨਕ ਬੱਚੇ ਨੇ ਪਾਸਾ ਪਰਤ ਕੇ ਮਾਂ ਨੂੰ ਜੱਫੀ ਪਾ ਲਈ। ਬੱਚੇ ਦੇ ਨਾਲ ਹੀ ਉਸਦਾ ਧਿਆਨ ਵੀ ਪਤਨੀ ਵੱਲ ਚਲਿਆ ਗਿਆ।


ਉਸਦਾ ਦਿਲ ਕੀਤਾ ਕਿ ਪਤਨੀ ਕੋਈ ਗੱਲ ਕਰੇ ਪਿਆਰ ਮੁਹੱਬਤ ਦੀ ਪਰ ਪਤਨੀ ਦੀਆਂ ਅੱਖਾਂ `ਚ ਤਾਂ ਹਮੇਸ਼ਾ ਹੀ ਅਜਿਹੀ ਤੜਪ ਨੂੰ ਅਣਦੇਖਿਆ ਕਰ ਉਹ ਕੰਮ `ਚ ਰੁੱਝਾ ਰਹਿੰਦਾ ਹੈ ਅਤੇ ਫਿਰ ਕੁੱਝ ਦਿਨ ਪਹਿਲਾਂ ਦੀਆਂ ਗੱਲਾਂ ਉਸਦੇ ਦਿਮਾਗ `ਚ ਘੁੰਮਣਘੇਰੀ ਪਾਉਣ ਲੱਗੀਆਂ, ਉਹ ਮਨ ਹੀ ਮਨ ਖ਼ੁਦ ਨਾਲ ਸੰਵਾਦ ਕਰਦਾ ਸੋਚਣ ਲੱਗਾ, ‘ਠੀਕ ਹੀ ਤਾਂ ਕਹਿੰਦੀ ਹੈ ਕਿ ਕੁੱਝ ਸਮਾਂ ਸਾਡੇ ਲਈ ਵੀ ਕੱਢਿਆ ਕਰੋ… ਦਫ਼ਤਰ ਨੂੰ ਦਫ਼ਤਰ `ਚ ਹੀ ਛੱਡ ਆਇਆ ਕਰੋ ਘਰੇ ਨਾ ਚੱਕ ਲਿਆਇਆ ਕਰੋ… ਪਰ ਮੈਂ ਕੀ ਕਰਾਂ…ਦਫ਼ਤਰ ਤਾਂ ਹਰ ਵੇਲੇ ਮੋਢਿਆਂ `ਤੇ ਚੜ੍ਹਿਆ ਰਹਿੰਦਾ ਹੈ,ਕਦੇ ਕਦੇ ਲੱਗਦਾ ਸਿਰ ਦੀ ਜਗ੍ਹਾ ਫਾਈਲਾਂ ਉੱਗੀਆਂ ਹੋਣ…ਅੱਜ-ਕੱਲ੍ਹ ਮਲਟੀਨੈਸ਼ਨਲ ਕੰਪਨੀ `ਚ ਬਣਿਆ ਰਹਿਣਾ ਕਿਹੜਾ ਸੌਖਾ... ਹਰ ਵੇਲੇ ਆਪਣਾ ਸੌ ਪਰਸੈਂਟ ਝੋਕਣਾ ਪੈਂਦਾ, ਨਹੀਂ ਤਾਂ ਤੁਹਾਡੀ ਜਗ੍ਹਾ ਲੈਣ ਲਈ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਅਤੇ ਕਦੋਂ ਡਾਊਨ ਆ ਜਾਵੇ ਤੇ ਤੁਹਾਡੇ `ਤੇ ਛਾਂਟੀ ਦੀ ਤਲਵਾਰ ਲਟਕ ਜਾਵੇ... ਇੱਕ ਵਾਰ ਸੜ੍ਹਕ `ਤੇ ਆ ਗਏ ਫਿਰ ਕਾਰ.. ਫਲੈਟ…ਇੰਸਟਾਲਮੈਂਟ…ਭਵਿੱਖ..ਉਫ਼` ਉਸਨੇ ਦੋਵਾਂ ਹੱਥਾਂ ਨਾਲ ਆਪਣਾ ਸਿਰ ਫੜ੍ਹ ਲਿਆ ਤੇ ਪਸੀਨੇ ਦੀਆਂ ਬੂੰਦਾਂ ਮੱਥੇ ਉੱਤੇ ਚਮਕਣ ਲੱਗੀਆਂ।


============


ਪੁੱਠੇ ਦਿਮਾਗ ਦਾ ਬੰਦਾ


ਅੱਧੀ ਰਾਤ ਹੋ ਗਈ। ਬਾਪੂ ਹਾਲੇ ਤੱਕ ਨਹੀਂ ਆਇਆ। ਦੋ ਤਿੰਨ ਵਾਰ ਕੁੰਡਾ ਖੜਕਣ ਦਾ ਭੁਲੇਖਾ ਵੀ ਪਿਆ, ਪਰ ਦਰਵਾਜ਼ਾ ਖੋਲ੍ਹ ਕੇ ਦੇਖਦਾ ਹਾਂ ਤਾਂ ਕੋਈ ਨਹੀਂ ਹੁੰਦਾ। ਪਤਨੀ ਅੱਡ ਔਖੀ ਭਾਰੀ ਹੋਈ ਜਾਂਦੀ ਹੈ, ਅਖੇ, ‘ਤੁਹਾਨੂੰ ਪਿਓ ਪੁੱਤ ਨੂੰ ਕਿਹੜਾ ਚੈਨ ਐ, ਕਿਸੇ ਹੋਰ ਨੇ ਤਾਂ ਸੌਣਾ ਹੁੰਦੈ..’, ਤੇ ਬੁੜਬੁੜ ਕਰਦੀ ਪਈ-ਪਈ ਉਸਲਵੱਟੇ ਜਿਹੇ ਲੈਣ ਲੱਗ ਪੈਂਦੀ ਹੈ।


ਇਹਦੀ ਖਿੱਝ ਵੀ ਜਾਇਜ਼ ਹੈ। ਸਵੇਰੇ ਸਾਜਰੇ ਉੱਠ ਕੇ ਇਹਨੇ ਚੁੱਲ੍ਹਾ ਚੌਂਕਾ ਵੀ ਸਾਂਭਣਾ ਹੁੰਦਾ ਹੈ ਅਤੇ ਜਦੋਂ ਤੱਕ ਮੈਂ ਆਰਾਮ ਨਾਲ ਨਹੀਂ ਸੌਂਦਾ, ਚੈਨ ਇਹਨੂੰ ਵੀ ਨਹੀਂ ਆਉਂਦਾ। ਪਰ ਜੇ ਮੈਂ ਬਿੜਕ ਨਾ ਰੱਖਾਂ ਕਿਤੇ ਬਾਪੂ ਨੂੰ ਰਾਤ ਬਾਹਰ ਹੀ ਨਾ ਕੱਟਣੀ ਪੈ ਜਾਵੇ।


ਬਾਪੂ ਵੀ ਪੰਗੇ ਲੈਂਦਾ, ਅੱਜ ਬਠਿੰਡੇ ਗਿਆ। ਜਾਂਦਾ ਹੋਇਆ ਕਹਿਣ ਲੱਗਿਆ, ‘ਉਥੇ ਕਿਸਾਨਾਂ ਦੇ ਧਰਨੇ `ਚ ਜਾਨਾ, ਐਤਕੀਂ ਕਪਾਹ ਵਾਲੇ ਲੋਕ ਜਮ੍ਹਾਂ ਹੀ ਮਾਰਤੇ ਇਨ੍ਹਾਂ..!’ ਤੇ ਭੈੜੀਆਂ-ਭੈੜੀਆਂ ਗਾਲ੍ਹਾਂ ਕੱਢਣ ਲੱਗਾ। ਸਰਮਾਏਦਾਰੀ, ਸਰਕਾਰਾਂ, ਮੁਨਾਫਾਖੋਰੀ ਪਤਾ ਨਹੀਂ ਕੀ-ਕੀ। ਮੈਨੂੰ ਬਾਪੂ ਦੀਆਂ ਬਹੁਤੀਆਂ ਗੱਲਾਂ ਸਮਝ ਨਹੀਂ ਆਉਂਦੀਆਂ। ਚਲੋ ਫਿਰ ਵੀ ਮੈਂ ਸੋਚਦਾ ਹਾਂ ਕਿ ਕਰੀ ਜਾਣ ਦੇ ਜੋ ਕਰਦਾ, ਪਰ ਕਦੇ-ਕਦੇ ਬਹੁਤ ਹਿਰਖ ਆਉਂਦਾ ਜਦੋਂ ਪੁਲਸ ਵਾਲੇ ਅੱਧੀ-ਅੱਧੀ ਰਾਤ ਨੂੰ ਛਾਪਾ ਮਾਰ ਕੇ ਘਰ ਦੇ ਨਾਲ-ਨਾਲ ਸਾਡੀ ਵੀ ਐਸੀ ਤੈਸੀ ਫੇਰ ਦਿੰਦੇ ਨੇ ਤੇ ਬਾਪੂ ਪਤਾ ਨਹੀਂ ਕਿਹੜੇ ਵੇਲ਼ੇ ਕੰਧ ਟੱਪ ਕੇ ਡੰਡੀ ਪੈਂਦਾ ਤੇ ਜਾਨ ਸਾਡੀ ਸੁੱਕਣੇ ਪਈ ਰਹਿੰਦੀ ਹੈ।


ਅੱਜ ਦੀ ਹੀ ਗੱਲ ਲਵੋ। ਮੈਂ ਕਿਹਾ, ‘ਬਾਪੂ, ਕਿੱਥੇ ਬਠਿੰਡਾ ਰੱਬ ਦੀਆਂ ਜੜ੍ਹਾਂ `ਚ, ਨਾ ਉਧਰ ਕੋਈ ਹੈ ਨਹੀਂ ਧਰਨੇ ਉਤੇ ਜਾਣ ਵਾਲਾ? ਤੂੰ ਬੈਠਾ ਰਹਿ ਟਿਕ ਕੇ। ਤੂੰ ਠੇਕਾ ਲਿਐ ਸਾਰੀ ਦੁਨੀਆਂ ਦਾ?’


ਬਾਪੂ ਕੋਲ ਹਰ ਗੱਲ ਦਾ ਜਵਾਬ ਹੁੰਦਾ। ਕਹਿੰਦਾ, ‘ਉਨ੍ਹਾਂ ਦੇ ਘਰਾਂ `ਚ ਸੱਥਰ ਵਿਛੇ ਪਏ ਨੇ। ਮੈਂ ਘਰੇ ਟਿਕ ਕੇ ਬੈਠ ਜਾਂਵਾ! ਸ਼ਰਮ ਕਰ।’
ਦੱਸੋ, ਹੈ ਇਸ ਬੰਦੇ ਦਾ ਕੋਈ ਹੱਲ? ਬਈ ਤੇਰੇ ਇਕ ਦੇ ਨਾ ਜਾਣ ਨਾਲ ਕਿਹੜਾ ਇਕੱਠ ਘੱਟ ਜਾਊ! ਇਸ ਉਮਰ `ਚ ਪੁਲਸ ਤੋਂ ਸੱਟ ਫੇਟ ਲੱਗ ਗਈ ਤਾਂ ਜਾਹ ਜਾਂਦੀ ਹੋ ਜਾਊ। ਫਿਰ ਸਾਂਭਦੇ ਫਿਰੋ ਇਹਨੂੰ..। ਇਹਨੂੰ ਸਮਝਾਵੇ ਕਿਹੜਾ? ਇਕ ਦੀਆਂ ਸੌ ਸੁਣਾਉਂਦਾ। ਕਹਿੰਦਾ, ‘ਲੱਗ ਜੇ ਤਾਂ ਲੱਗ ਜੇ, ਮੈਂ ਤਾਂ ਜਾਊਂ। ਮੈਂ ਜਿਉਂਦਾ ਹਾਂ, ਮਰਿਆ ਹੋਇਆ ਨਹੀਂ..।’ ਤੇ ਪੈਰ ਪਟਕਦਾ ਉਹ ਗਿਆ ਉਹ ਗਿਆ।
ਜਦੋਂ ਵੀ ਕਰੂ ਗੱਲ ਪੁੱਠੀ ਕਰੂ। ਇਹਨੂੰ ਕੋਈ ਪੁੱਛੇ ਬਈ ਤੂੰ ਇਕੱਲਾ ਜਿਉਂਦਾ? ਹੋਰ ਕੋਈ ਜਿਉਂਦਾ ਨਹੀਂ! ਨਾ ਅਸੀਂ ਸਾਰੇ ਮਰੇ ਹੋਏ ਆਂ..! ਬਸ ਹੈ ਹੀ ਪੁੱਠੇ ਦਿਮਾਗ ਦਾ ਬੰਦਾ।


============


ਲਵ ਯੂ ਪਾਪਾ


ਉਹ ਅਣਮੰਨੇ ਜਿਹੇ ਮਨ ਨਾਲ ਕਿਸੇ ਲੇਖ ਨੂੰ ਲਿਖਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸਦਾ ਧਿਆਨ ਵਾਰ-ਵਾਰ ਭਟਕ ਜਾਂਦਾ ਸੀ। ਦਿਮਾਗ ਸੀ ਕਿ ਘੁੰਮ ਫਿਰ ਕੇ ਆਪਣੇ ਪਰਿਵਾਰ ਵੱਲ ਚਲਿਆ ਜਾਂਦਾ।ਜਦੋਂ ਇਕਾਗਰਤਾ ਨਾ ਬਣੀ ਤਾਂ ਉਸਨੇ ਆਪਣਾ ਸਿਰ ਮੇਜ਼ ਉੱਪਰ ਹੀ ਸੁੱਟ ਲਿਆ।


ਮੋਬਾਇਲ ਦੀ ਘੰਟੀ ਵੱਜਣ ਲੱਗੀ... ਉਸਦਾ ਦਿਲ ਨਹੀਂ ਕਰ ਰਿਹਾ ਸੀ ਕਿ ਉਸ ਨੂੰ ਉਠਾ ਲਵੇ। ਉਹ ਦੋ ਵਾਰ ਪੂਰੀ ਵੱਜ ਕੇ ਚੁੱਪ ਹੋ ਗਈ।ਉਹ ਉਸੇ ਤਰ੍ਹਾਂ ਪਿਆ ਰਿਹਾ। 


“ਕਿਉਂ ਲੇਖਕ ਸਾਹਬ, ਤੈਨੂੰ ਕਿੰਨੇ ਵਾਰ ਫੋਨ `ਤੇ ਸਮਝਾਇਆ ..!" ਉਸਦੇ ਕੰਨਾਂ ਵਿੱਚ ਆਵਾਜ਼ ਗੂੰਜੀ, ਸਿਰ ਉਠਾ ਕੇ ਆਵਾਜ਼ ਵੱਲ ਦੇਖਿਆ ਪਰ ਉੱਥੇ ਕੋਈ ਨਹੀਂ ਸੀ। ਉਸਨੇ ਸਿਰ ਦੁਬਾਰਾ ਮੇਜ਼ ਉੱਤੇ ਸੁੱਟ ਲਿਆ। ਆਵਾਜ਼ ਕਿੱਥੋਂ ਆਈ ਸੀ..! ਉਸ ਨੂੰ ਥੋੜ੍ਹੀ ਜਿਹੀ ਪ੍ਰੇਸ਼ਾਨੀ ਹੋਈ।


“ਬਹੁਤ ਜਿਆਦਾ ਗਰਮ ਚੱਲਦਾਂ....ਤੇਰੇ ਵਰਗੇ ਕਈ ਠੰਡੇ ਕੀਤੇ ਨੇ...। " ਆਵਾਜ਼ ਫਿਰ ਸੁਣਾਈ ਦਿੱਤੀ, ਉਸਨੇ ਇੱਕ ਵਾਰ ਫਿਰ ਹਲਕਾ ਜਿਹਾ ਸਿਰ ਉਠਾਇਆ ਪਰ ਆਲ਼ੇ-ਦੁਆਲ਼ੇ ਤਾਂ ਕੰਧਾਂ ਹੀ ਸਨ। 


“ਕੀ ਸੱਚਮੁੱਚ ਮੈਂ ਪਾਗਲ ਤਾਂ ਨਹੀਂ ਹੋ ਗਿਆ..? ਨਹੀਂ ਨਹੀਂ ਮੈਂ ਐਨਾ ਕਮਜ਼ੋਰ ਨਹੀਂ... ਫਿਰ ਅੱਜ ਮੈਂ ਇਉਂ ਫਿਕਰਮੰਦ ਕਿਉਂ ਹਾਂ... ?” ਉਸਨੇ ਆਪਣੇ ਆਪ ਨੂੰ ਪੁੱਛਿਆ।


ਪਿਛਲੇ ਕਈ ਦਿਨਾਂ ਤੋਂ ਉਸਨੂੰ ਫੋਨ `ਤੇ ਧਮਕੀਆਂ ਮਿਲ ਰਹੀਆਂ ਸਨ, ਸੋਸ਼ਲ ਮੀਡੀਆ ਉੱਪਰ ਉਸ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਸਨ, ਉਹ ਇਸ ਸਭ ਨੂੰ ਅਣਗੌਲਿਆ ਕਰਦਾ ਰਿਹਾ ਸੀ ਪਰ ਧਮਕੀ ਦੇਣ ਵਾਲਿਆਂ ਨੇ ਹੁਣ ਉਸਦੇ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕੀਤੀ ਸੀ, ਉਸਦੇ ਬੇਟੇ ਤੇ ਪਰਿਵਾਰ ਦਾ ਪੂਰਾ ਖੁਰਾਖੋਜ਼ ਕੱਢੀ ਫਿਰਦੇ ਸਨ। 


ਉਹ ਖ਼ੁਦ ਨੂੰ ਤਾਂ ਹਰ ਮੁਸੀਬਤ ਲਈ, ਪਹਿਲਾਂ ਹੀ ਤਿਆਰ ਕਰੀ ਬੈਠਾ ਸੀ ਪਰ ਅੱਜ ਜਦੋਂ ਗੱਲ ਪਰਿਵਾਰ ਉੱਤੇ ਵੀ ਆ ਗਈ ਤਾਂ ਉਸਨੂੰ ਚਿੰਤਾ ਹੋਣੀ ਸੁਭਾਵਿਕ ਸੀ। 


     ਕੀ ਗ਼ਲਤ ਨੂੰ ਗ਼ਲਤ ਕਹਿਣਾ ਗ਼ਲਤ ਹੈ..? ਕੀ ਧਾਰਮਿਕ ਅਸਹਿਣਸ਼ੀਲਤਾ ਵਿਰੁੱਧ ਚੁੱਪ ਰਹਿਣਾ ਜਾਇਜ਼ ਹੈ? ਇਸ ਚੁੱਪ ਦਾ ਸ਼ੋਰ ਸਾਨੂੰ ਮਾਰ ਨਹੀਂ ਦੇਵੇਗਾ..? ਉਸਨੇ ਲੰਬਾ ਸਾਹ ਛੱਡਿਆ। 


     ਇੱਕ ਤੋਂ ਬਾਅਦ ਇੱਕ ਸਵਾਲ ਉਸਦੇ ਅੰਦਰ ਖੌਰੂ ਪਾ ਰਹੇ ਸਨ।


 ਇਹਨਾਂ ਸਵਾਲਾਂ ਬਾਰੇ ਸੋਚਦੇ ਹੋਏ, ਅੰਦਰਲੀ ਟੁੱਟ ਭੱਜ `ਤੇ ਕਾਬੂ ਪਾਉਣ ਲਈ ਉਸਨੂੰ ਸਮਾਂ ਤਾਂ ਲੱਗਿਆ ਪਰ ਜਲਦ ਹੀ ਉਸਨੇ ਖੁਦ ਨੂੰ ਪੂਰੀ ਤਰ੍ਹਾਂ ਸੰਭਾਲ਼ ਲਿਆ।


ਉਸਨੇ ਸਿਰ ਚੁੱਕਿਆ..... ਤੇ ਇੱਕ ਪਾਸੇ ਪਏ ਮੋਬਾਇਲ ਨੂੰ ਉਠਾ ਲਿਆ ‘ਜ਼ਰੂਰ ਉਨ੍ਹਾਂ ਦਾ ਹੀ ਫੋਨ ਹੋਵੇਗਾ..!` ਸੋਚਦਿਆਂ ਉਸਨੇ ਸਕਰੀਨ ਉੱਤੇ ਨਿਗ੍ਹਾ ਮਾਰੀ ਪਰ ਬੇਟੇ ਦਾ ਨਾਮ ਦੇਖ ਉਸਦੇ ਅੰਦਰ ਕੰਬਣੀ ਜਿਹੀ ਛਿੜ ਗਈ।


‘ਇਸ .... ਇਸ ਵੇਲੇ ਤਾਂ ਬੇਟੇ ਨੂੰ ਕਾਲਜ ਹੋਣਾ ਚਾਹੀਦਾ ਹੈ..!` ਸੋਚਦਿਆਂ ਇਕ ਅਣਜਾਣੇ ਡਰ ਨਾਲ ਉਸਨੇ ਬੇਟੇ ਦਾ ਨੰਬਰ ਲਾਉਣ ਲਈ ਬਟਨ ਦੱਬ ਦਿੱਤਾ। ਰਿੰਗ ਜਾਣ ਦੀ ਆਵਾਜ਼ ਦੇ ਨਾਲ ਨਾਲ ਉਸਦੇ ਦਿਲ ਦੀ ਧੜਕਣ ਵੀ ਉਸਨੂੰ ਸੁਣਾਈ ਦੇ ਰਹੀ ਸੀ। 
ਉਧਰੋਂ ਮੋਬਾਇਲ ਚੁੱਕਣਸਾਰ ਬੇਟੇ ਦੀ ਕਾਹਲ ਭਰੀ ਆਵਾਜ਼ ਆਈ, “ਪਾਪਾ ਤੁਸੀਂ ਕਿੱਥੇ ਹੋਂ..? ਕਦੋਂ ਦਾ ਮੋਬਾਇਲ ਟਰਾਈ ਕਰ ਰਿਹਾ ਹਾਂ, ਤੁਸੀਂ ਪਿੱਕ ਹੀ ਨਹੀਂ ਕੀਤਾ।”


ਉਹ ਕੋਈ ਜਵਾਬ ਦੇਣ ਲਈ ਬੋਲਣ ਹੀ ਲੱਗਾ ਸੀ ਕਿ ਬੇਟੇ ਦੀ ਫਿਰ ਆਵਾਜ਼ ਆਈ, “ਚਲੋ ਛੱਡੋ ਪਾਪਾ... ਤੁਹਾਨੂੰ ਪਤਾ..! ਅੱਜ ਕਲਾਸ ਚ ਪ੍ਰਿੰਸੀਪਲ ਸਰ ਇੰਟਰੋ ਲੈ ਰਹੇ ਸੀ... ਜਦੋਂ ਉਹਨਾਂ ਨੂੰ ਪਤਾ ਚੱਲਿਆ, ਮੈਂ ਤੁਹਾਡਾ ਬੇਟਾ ਹਾਂ ਤਾਂ ਬਹੁਤ ਖੁਸ਼ ਹੋਏ... ਸਾਰਿਆਂ ਨੂੰ ਤੁਹਾਡੀਆਂ ਲਿਖਤਾਂ ਬਾਰੇ ਦੱਸਿਆ..ਉਹਨਾਂ ਨੇ ਤੁਹਾਡੀ ਬੇਬਾਕੀ ਤੇ ਨਿਧੜਕਪਨ ਦੀ ਪਰੇਜ਼ ਕੀਤੀ..ਆਈ ਰੀਅਲੀ ਪਰਾਊਡ ਆਫ ਯੂ ਪਾਪਾ.. ਲਵ ਯੂ ਪਾਪਾ।”


ਇਹ ਪਹਿਲੀ ਵਾਰ ਸੀ ਜਦੋਂ ਮਾਣ ਨਾਲ ਭਰੇ ਬੇਟੇ ਦੇ ਮੂੰਹੋਂ ਆਪਣੇ ਬਾਰੇ ਸੁਣ ਰਿਹਾ ਸੀ। ਉਹ ਅੰਦਰੋਂ ਉਤਸ਼ਾਹ ਨਾਲ ਭਰ ਗਿਆ ਤੇ ਉਸਦੇ ਹੱਥ ਨੇ ਪੈੱਨ ਨੂੰ ਹੋਰ ਮਜਬੂਤੀ ਨਾਲ ਫੜ ਲਿਆ।


============


ਖੰਘੂਰਾ


ਇਸ ਬੰਦੇ ਨੂੰ ਏਨੀ ਸਮਝ ਨਹੀਂ ਕਿ ਘਰੇ ਜੁਆਨ ਕੁੜੀ ਏ।ਵਾਰ-ਵਾਰ ਖੰਘੂਰੇ ਮਾਰੀ ਜਾਂਦਾ ਏ, ਨਾਲੇ ਹਫ਼ਤਾ ਤਾਂ ਹੋਇਆ ਮੁੰਡਾ ਵਿਆਹ ਕੇ ਲਿਆਏ ਨੂੰ ਪਰ ਇਹਨੂੰ ਸ਼ਰਮ ਭੋਰਾ ਨਹੀਂ, ਬਈ ਅੱਜ ਕੱਲ੍ਹ ਦੇ ਜੁਆਕ ਸਾਰਾ ਕੁੱਝ ਸਮਝਦੇ ਨੇ।


ਸਮਝ ਤਾਂ ਉਦੋਂ ਮੈਂ ਵੀ ਜਾਂਦੀ ਸੀ ਜਦੋਂ ਬਾਪੂ ਘੜੀ-ਮੁੜੀ ਮੇਰੇ ਤੇ ਬੇਬੇ ਵਾਲੇ ਕਮਰੇ ਕੋਲੋਂ ਰਾਤ ਨੂੰ ਹੱਥ ਪੱਲਾ ਮਾਰ ਕੇ ਲੰਘਦਾ ਸੀ, ਜੇ ਮੈਂ ਜਾਗਦੀ ਹੁੰਦੀ ਤਾਂ ਬੇਬੇ ਨੇ ਕਹਿਣਾ... ‘ਕੀ ਹੋਇਆ ਜੱਸੀ ਦੇ ਬਾਪੂ, ਦੁਖਦਾ ਤੇਰਾ ਕੁਛ? ਜੱਸੀ ਨੂੰ ਕਹਾਂ ਕੋਈ ਗੋਲ਼ੀ ਦੇਣ ਨੂੰ!` ਤੇ ਮੂੰਹ `ਚ ਹੀ ਬੁੜ ਬੁੜ ਕਰਨ ਲੱਗਦੀ ਐਨੀ ਉਮਰ ਹੋ ਗਈ ਹੁਣ ਤਾਂ ਚਿੱਤ ਕਾਬੂ ਰੱਖਲਾ, ਤੇ ਬਾਪੂ ਨਿਮੋਝੂਣਾ ਜਿਹਾ ਹੋ ਕਹਿੰਦਾ ‘ਪਾਣੀ ਪੀਣ ਲਈ ਉੱਠਿਆ ਸੀ।`


ਪਾਣੀ ਤਾਂ ਅੱਗ ਲੱਗਣਾ ਮੈਂ ਵੀ ਪੀ ਲਵਾਂ, ਪਤਾ ਨਹੀਂ ਕਿਉਂ ਅੱਜ ਤੇਹ ਵੀ ਬਹੁਤੀ ਲੱਗੀ ਜਾਂਦੀ ਹੈ। ਸ਼ੁਕਰ ਆ.. ਪਾਣੀ ਮੈਂ ਪੀਵਾਂ ਜਾਂ ਨਾ ਪੀਵਾਂ ਸਿਰਹਾਣੇ ਜ਼ਰੂਰ ਰੱਖਦੀ ਹਾਂ, ਨਹੀਂ ਤਾਂ ਕੁੜੀ ਨੇ ਮਨ `ਚ ਕਹਿਣਾ ਮਾਂ ਨੂੰ ਪਤਾ ਨਹੀਂ ਮਾਘ ਮਹੀਨੇ `ਚ ਕਿਧਰੋਂ ਤਿਹਾਕੜਾ ਲੱਗਿਆ।


 ਮੈਂ ਵੀ ਆਪਣੇ ਵੇਲ਼ੇ ਮਨ ਹੀ ਮਨ ਕਿੰਨਾ ਹੱਸਦੀ ਸੀ ਕਿ ਕੀ ਚਲਿੱਤਰ ਕਰਦੇ ਨੇ ਦੋਵੇਂ ਜਾਣੇ ਇਸ ਉਮਰ `ਚ। 


ਹਾਲੇ ਤਾਂ ਮੇਰੀ ਉਮਰ ਵੀ ਕੀ ਹੈ ..! ਵਿਆਹ `ਚ ਸਜੀ ਧਜੀ ਨੂੰ ਇਹਨਾਂ ਦੀ ਭੂਆ ਕਹਿਣ ਲੱਗੀ ‘ਜੱਸੀ ਤਾਂ ਐਂ ਲੱਗਦੀ ਹੈ ਜਿਵੇਂ ਜਤਿੰਦਰ ਦੀ ਵੱਡੀ ਭੈਣ ਹੁੰਦੀ ਹੈ। ਮਾਂ ਪੁੱਤ ਤਾਂ ਜਮਾਂ ਨਹੀਂ ਲੱਗਦੇ, ਕਿੰਨੀ ਫਿੱਟ ਫਿੱਟ ਹੈ ਸਰੀਰ ਪੱਖੋਂ।`


ਫਿੱਟ ਨੂੰ ਕੀ ਕਰ੍ਹਾਂ.. ਸੰਜਮ ਤਾਂ ਰੱਖਣਾ ਹੀ ਪੈਣਾ। ਨਹੀਂ ਤਾਂ ਫਿੱਟ ਲਾਹਨਤ ਪੈਣ ਨੂੰ ਦੇਰ ਨਹੀਂ ਲੱਗਦੀ। ਹੁਣ ਤਾਂ ਘਰ `ਚ ਵੀ ਸੋਚ ਸਮਝ ਕੇ ਰਹਿਣਾ ਪੈਂਦਾ, ਨਾਲੇ ਘਰ ਦੇ ਦੋ ਤਾਂ ਕਮਰੇ ਨੇ ਇੱਕ ਤਾਂ ਨਵੀਂ ਜੋੜੀ ਨੇ ਸੰਭਾਲ਼ ਲਿਆ, ਦੂਜੇ `ਚ ਮੈਂ ਤੇ ਧੀ...।


 ਨਾ ਭਾਈ ਜਮਾਨਾ ਬਹੁਤ ਖਰਾਬ ਹੈ, ਕੱਲੀ ਧੀ ਨੂੰ ਕਿਵੇਂ ਪਾਵਾਂ! ਤੇ ਇਹਨਾਂ ਦਾ ਬਾਪੂ ਵੀ ਕੋਲ਼ ਨਹੀਂ ਪੈਂਦਾ, ਸੱਚ ਹੈ ਧੀਆਂ ਦੇ ਸੌ ਓਹਲੇ ਹੁੰਦੇ ਨੇ ਪਰ ਜਦੋਂ ਦਲਾਨ `ਚ ਪਿਆ ਇਹਨਾਂ ਦਾ ਬਾਪੂ ਖੰਘੂਰਾ ਮਾਰਦਾ, ਮੇਰੇ ਅੰਦਰ .....!! ਵਾਹਿਗੁਰੂ ਵਾਹਿਗੁਰੂ ਕੀ ਸੋਚਣ ਲੱਗ ਪਈ ਸੀ, .. ਰਜਾਈ ਦੱਬ ਕੇ ਪੈ ਜਾਂਦੀ ਹਾਂ ਕਿਤੇ ਫਿਰ ਨਾ ਖੰਘੂਰਾ ਸੁਣ ਜਾਵੇ ਪਰ..ਪਰ ਜਿਹੜਾ ਖੰਘੂਰਾ ਅੰਦਰ ਵੱਜਦਾ !

 

=============

 

ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

ਜਗਦੀਸ਼ ਰਾਏ ਕੁਲਰੀਆਂ
   

 #46, ਇੰਪਲਾਈਜ਼ ਕਾਲੋਨੀ, ਬਰੇਟਾ, ਜਿਲਾ ਮਾਨਸਾ (ਪੰਜਾਬ) – 151501

ਮੋਬਾਈਲ: 95018 77033

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mini kahani Writer of New Generation Kulwinder Kaushal