ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੰਗੀਆਂ ਤੁਰਸ਼ੀਆਂ ਨੂੰ ਸ਼ਬਦ ਦੇਣ ਵਾਲਾ ਮਿੰਨੀ ਕਹਾਣੀ ਲੇਖਕ - ਪ੍ਰੀਤ ਨੀਤਪੁਰ

ਤੰਗੀਆਂ ਤੁਰਸ਼ੀਆਂ ਨੂੰ ਸ਼ਬਦ ਦੇਣ ਵਾਲਾ ਮਿੰਨੀ ਕਹਾਣੀ ਲੇਖਕ - ਪ੍ਰੀਤ ਨੀਤਪੁਰ

ਮਿੰਨੀ ਕਹਾਣੀ ਦੇ ਵੱਡੇ ਸਿਰਜਕ–18
ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

 

ਪ੍ਰੀਤ ਨੀਤਪੁਰ ਦਾ ਨਾਂ ਪੰਜਾਬੀ ਮਿੰਨੀ ਕਹਾਣੀ ਵਿਚ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਨੀਤਪੁਰ ਦੀਆਂ ਮਿੰਨੀ ਕਹਾਣੀਆਂ ਆਮ ਜਨ ਜੀਵਨ ਨਾਲ ਜੁੜੀਆਂ ਹੋਣ ਕਰਕੇ ਆਮ ਮਨੁੱਖ ਦੀ ਬੇਬਸੀ ਦੀ ਗਾਥਾ ਨੂੰ ਬਾਖੂਬੀ ਬਿਆਨ ਕਰਦੀਆਂ ਹੋਈਆਂ ਸਮਾਜਿਕ ਅਸਾਵੇਂਪਣ ਤੇ ਵੀ ਉਂਗਲ ਧਰਦੀਆਂ ਹਨ। ਨੀਤਪੁਰ ਦੀਆਂ ਮਿੰਨੀ ਕਹਾਣੀਆਂ ਦੀ ਵੱਡੀ ਖੂਬੀ ਇਹ ਹੈ ਕਿ ਇਹਨਾਂ ਵਿਚੋਂ ਬਹੁਤੀਆਂ ਲੇਖਕ ਦੇ ਹੱਡੀਂ-ਹੰਢਾਏ ਦੁੱਖ ਦਰਦਾਂ ਦੀ ਦਾਸਤਾਨ ਹੁੰਦੀਆਂ ਹੋਈਆਂ ਆਮ ਪਾਠਕ ਦੇ ਮਨ ਨੂੰ ਉਨਾਂ ਦੀ ਹੀ ਦਾਸਤਾਂ ਪ੍ਰਤੀਤ ਹੁੰਦੀਆਂ ਹਨ। ਨੀਤਪੁਰ ਨੇ ਤੰਗੀ-ਤੁਰਸ਼ੀਆਂ ਵਿਚ ਵਿਚਰਦੇ ਹੋਏ ਜਿੱਥੇ ਆਪਣੇ ਪਰਿਵਾਰਕ ਤੇ ਸਮਾਜਿਕ ਕਾਰਜ ਪੂਰੇ ਕੀਤੇ ਹਨ, ਉੱਥੇ ਸਾਹਿਤਕ ਖੇਤਰ ਵਿਚ ਵੀ ਪਛਾਣ ਬਣਾਈ ਹੈ।

ਸਮਕਾਲੀ ਪੰਜਾਬੀ ਮਿੰਨੀ ਕਹਾਣੀ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਇਹ ਮਿੰਨੀ ਕਹਾਣੀ ਸਮਾਜਿਕ ਜਨ ਜੀਵਨ ਅਤੇ ਜੀਵਨ ਦੀ ਵਿਵਹਾਰਕਤਾ ਦੇ ਜਿਆਦਾ ਨੇੜੇ ਹੈ। ਪੰਜਾਬੀ ਮਿੰਨੀ ਕਹਾਣੀ ਲੇਖਕ ਜੀਵਨ ਦੀਆਂ ਤਲਖ਼ ਹਕੀਕਤਾਂ ਅਤੇ ਸੂਖ਼ਮ ਵਰਤਾਰਿਆਂ ਦੇ ਯਥਾਰਥ ਨੂੰ ਨੇੜਿਓਂ ਫੜ ਰਹੇ ਹਨ। ਨੀਤਪੁਰ ਦੀ ਕਲਮ ਨੇ ਮੁੱਖ ਤੌਰ ਤੇ ਪੰਜਾਬੀ ਮਿੰਨੀ ਕਹਾਣੀ ਅਤੇ ਕਹਾਣੀ ਵਿਚ ਸਿਰਜਣਾਤਾਮਕ ਕਾਰਜ ਕੀਤਾ ਹੈ। ਇਨਾਂ ਦੇ ਤਿੰਨ ਮਿੰਨੀ ਕਹਾਣੀ ਸੰਗ੍ਰਹਿ ‘ਦਾੜੀ ’ਚ ਗੁਆਚੇ ਹੰਝੂ’ , ‘ਹਾਉਕਾ, ਹੰਝੂ ਤੇ ਮੁਸਕਾਨ’ ਅਤੇ ‘ਕਿਤਾਬ, ਕੁੜੀ ਤੇ ਕਵਿਤਾ’ ਦੇ ਇਲਾਵਾ ਇੱਕ ਕਹਾਣੀ ਸੰਗ੍ਰਹਿ ‘ਦਾਰੋ ਘਤਿੱਤੀ’ ਛਪ ਚੁੱਕਿਆ ਹੈ । 

ਹਰ ਇੱਕ ਲੇਖਕ ਦੀ ਲਿਖਣ ਸ਼ੈਲੀ ਵੱਖਰੀ ਹੁੰਦੀ ਹੈ। ਪ੍ਰੀਤ ਨੀਤਪੁਰ ਦੀ ਕਥਾ ਲਿਖਣ ਦੀ ਸ਼ੈਲੀ ਨਿਵੇਕਲੀ ਤੇ ਰੌਚਕਤਾ ਵਾਲੀ ਹੈ। ਮਿੰਨੀ ਕਹਾਣੀਆਂ ਨੂੰ ਪੜਦੇ ਹੋਏ ਇਹ ਅਹਿਸਾਸ ਹੁੰਦਾ ਹੈ ਕਿ ਜਿਵੇਂ ਅਸੀਂ ਕਹਾਣੀ ਸੁਣ ਰਹੇ ਹੋਈਏ ਤੇ ਮਿੰਨੀ ਕਹਾਣੀ ਵਿਚਲੇ ਪਾਤਰ, ਘਟਨਾ ਦਾ ਦਿ੍ਰਸ਼ ਸਾਡੇ ਸਾਹਮਣੇ ਸਾਕਾਰ ਹੋ ਜਾਂਦਾ ਹੈ। ਚੰਗੀ ਰਚਨਾ ਦੀ ਇਹੋ ਪ੍ਰਾਪਤੀ ਹੁੰਦੀ ਹੈ। ਤੁਸੀਂ ਵੀ ਆਨੰਦ ਮਾਣੋ ਉਨ੍ਹਾਂ ਦੀਆਂ ਮਿੰਨੀ ਕਹਾਣੀਆਂ ਦਾ:

ਸ਼ਰਧਾ

ਕਿਸੇ ਨੇ ਬਾਹਰਲਾ ਗੇਟ ਖੜਕਾਇਆ ਹੈ।

ਮੈਂ ਅਖ਼ਬਾਰ ਤੋਂ ਨਿਗਾ ਹਟਾ ਕੇ, ਗੇਟ ਵੱਲ ਝਾਕਦਾ ਹਾਂ ਤੇ ਬੋਲਦਾ ਹਾਂ।

“ਆਜੋ, ਲੰਘ ਆਓ ..ਖੁੱਲੈ ਗੇਟ।”

ਪਿੰਡ ਦੇ ਚਾਰ-ਪੰਜ ਭੱਦਰ ਪੁਰਸ਼ ਵਿਹੜੇ ’ਚ ਪਰਵੇਸ਼ ਕਰਦੇ ਨੇ। ਉਨਾਂ ’ਚੋਂ ਇਕ ਜਣੇ ਦੇ ਹੱਥ ’ਚ ‘ਰਸੀਦ ਬੁੱਕ’ ਵੇਖ ਕੇ ਮੈਂ ਸਮਝ ਗਿਆ ਕਿ ਇਹ ਨਵੇਂ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ‘ਉਗਰਾਹੀ’ ਕਰਦੇ ਫਿਰਦੇ ਨੇ।

ਮੇਰਾ ਮੱਥਾ ਮਾਮੂਲੀ ਤਣ ਜਾਂਦਾ ਹੈ।

ਮੈਂ ਭਾਵੇਂ ਆਮ ਲੋਕਾਂ ਵਾਂਗ ਧਾਰਮਿਕ ਅਸਥਾਨਾਂ ਪ੍ਰਤੀ ਸ਼ਰਧਾ ਭਾਵਨਾ ਰੱਖਦਾ ਹਾਂ। ਪਰ ਮੇਰੀ ਧਾਰਨਾ ਹੈ ਕਿ ਕਿਸੇ ਧਾਰਮਿਕ ਅਸਥਾਨ ਨੂੰ ਦਾਨ/ਚੰਦਾ ਦੇਣ ਨਾਲੋਂ ਪੜਾਈ ਵਿਚ ਹੁਸ਼ਿਆਰ ਕਿਸੇ ਗਰੀਬ ਬੱਚੇ ਦੀ ਜਾਂ ਕਿਸੇ ਸਕੂਲ ਦੀ ‘ਮਦਦ’ ਕਰਨਾ ਬਿਹਤਰ ਤੇ ਸਾਰਥਿਕ ਹੁੰਦਾ ਹੈ।

ਮੈਂ ਉਨਾਂ ਲਈ ਮੰਜਾ ਡਾਹੁੰਦਾ ਹਾਂ ਤੇ ਪਤਨੀ ਨੂੰ ਚਾਹ ਬਣਾਉਣ ਲਈ ਕਹਿੰਦਾ ਹਾਂ।

“ਨਹੀਂ ਹਰਮੇਲ ਸਿਆਂ, ਚਾਹ ਦੀ ਨੀ ਲੋੜ।” ਉਨਾਂ ’ਚੋਂ ਇਕ ਜਣਾ ਬੋਲਦਾ ਹੈ, “ਚਾਹ ਤਾਂ ਹੁਣੇ ਪੀਤੀ ਆ, ਪਾਖਰ ਦੇ ਘਰੋਂ”

ਮੈਂ ਉਹਦੀ ਗੱਲ ਅਣਸੁਣੀ ਕਰਕੇ ਆਪਣੇ ਢਿੱਡ ਦੀ ਗੱਲ, ਜਿਹੜੀ ਕਈਆਂ ਦਿਨਾਂ ਤੋਂ ਮੇਰੇ ਢਿੱਡ ’ਚ ਰੜਕਦੀ ਸੀ, ਸਾਂਝੀ ਕਰਦਾ ਹਾਂ ,“ਭਾਈ ਸਾਹਿਬ, ਮੁਆਫ ਕਰਨਾ।” ਮੈਂ ਹਲੀਮੀ ਨਾਲ ਬੋਲਦੈਂ, “ਆਪਣਾ ਗੁਰਦੁਆਰਾ ਤਾਂ ਪਹਿਲਾਂ ਈ ਬੜਾ ਸੋਹਣਾ ਸੀ। ਉਸਨੂੰ ਢਾਹ ਕੇ ਨਵਾਂ ਬਣਾਉਣ ਦੀ ਕੀ ਲੋੜ ਸੀ?”

“ਇਹ ਤਾਂ ਯਾਰ, ਗਮਦੂਰ ਫ਼ੌਜੀ ਨੇ ਉਂਗਲ ਲਾਤੀ।” ਉਨਾਂ ’ਚੋਂ ਇਕ ਜਣਾ ਬੋਲਿਆ, “ਅਖੇ, ਆਧਰਮੀਆਂ ਦਾ ਗੁਰਦੁਆਰਾ ਐਡਾ ਆਲੀਸ਼ਾਨ ਦੋ ਮੰਜ਼ਲਾਂ ਐ ਤੇ ਜੱਟਾਂ ਦਾ?”

ਮੈਂ ਝੱਟ ਪੰਜ ਹਜ਼ਾਰ ਦੀ ਪਰਚੀ ਕਟਾ ਲੈਂਦਾ ਹਾਂ।

==========

ਅੰਨ-ਦਾਤਾ

ਜਿਉਂ ਹੀ ਮੈਂ ਪੱਕੀ ਸੜਕ ਤੋਂ ਉਤਰ ਕੇ ਸਾਈਕਲ ਕੱਚੇ ਰਾਹ ਪਾਇਆ ਤਾਂ ਥੋੜੀ ਜਿਹੀ ਦੂਰੀ ਉੱਤੇ ਅੱਗੇ ਵੇਖਿਆ, ਬਾਰਾ-ਤੇਰਾਂ ਸਾਲ ਦਾ ਇਕ ਮੁੰਡਾ ਸਾਈਕਲ ਦੀ ਚੈਨ ਚੜਾਉਣ ਵਿਚ ਉਲਝਿਆ ਪਿਆ ਸੀ। 

ਉਹਦੇ ਬਰਾਬਰ ਜਾ ਕੇ ਮੈਂ ਬਰੇਕ ਮਾਰੀ ਤੇ ਪੁੱਛਿਆ, “ਚੜਾ ਲੇਂਗਾ ਕਿ ਮੈਂ ਚੜਾਵਾਂ?” ਮੈਂ ਉਹਦੀ ਮਦਦ ਕਰਨ ਦੇ ਇਰਾਦੇ ਨਾਲ ਕਿਹਾ।
“ਚੜਦੀ ਨੀਂ।” ਮੁੰਡਾ ਜਮਾਂ ਮੁੜਕੋ-ਮੁੜਕੀ ਹੋਇਆ, ਉਦਾਸ ਸੁਰ ਵਿਚ ਬੋਲਿਆ।

ਮੈਂ ਆਪਣਾ ਸਾਈਕਲ ਸਟੈਂਡ ਉੱਤੇ ਕੀਤਾ ਤੇ ਇਕ-ਅੱਧੇ ਮਿੰਟ ਵਿਚ ਉਹਦੇ ਸਾਈਕਲ ਦੀ ਚੈਨ ਚੜਾ ਦਿੱਤੀ।

ਮੁੰਡੇ ਦੀਆਂ ਅੱਖਾਂ ਵਿਚ ਖੁਸ਼ੀ ਦੀ ਬਿਜਲੀ ਚਮਕੀ।

“ਕਿੱਥੇ ਚੱਲਿਐਂ?” ਮੈਂ ਸੁਭਾਵਿਕ ਹੀ ਪੁੱਛਿਆ।

“ਖੇਤ ਬਾਪੂ ਹਲ ਵਾਹੁੰਦੈ, ਉਹਦੀ ਰੋਟੀ ਲੈ ਕੇ ਚੱਲਿਆਂ।”

“ਰੋਟੀ!!” ਮੁੰਡੇ ਕੋਲ ਨਾ ਤਾਂ ਕੋਈ ਲੱਸੀ-ਪਾਣੀ ਵਾਲਾ ਡੋਲੂ ਸੀ, ਨਾ ਰੋਟੀਆਂ ਵਾਲਾ ਪੋਣਾ ਜਾਂ ਟਿਫਨ ਵਗੈਰਾ ਸੀ। ਫਿਰ ਰੋਟੀ ਕਿੱਥੇ ਹੋਈ?
ਮੈਂ ਹੈਰਾਨੀ ਪ੍ਰਗਟ ਕਰਦਿਆਂ ਪੁੱਛਿਆ, “ਰੋਟੀ ਕਿੱਥੇ ਆ?”

ਮੁੰਡੇ ਨੇ ਅੱਧੋ-ਰਾਣੀ, ਮੈਲ-ਖੋਰੀ ਪੈਂਟ ਦੀ ਸੱਜੀ ਜੇਬ ਉੱਤੇ ਹੱਥ ਮਾਰਦਿਆਂ ਕਿਹਾ, “ਆਹ ਵੇ ਮੇਰੀ ਜੇਬ ’ਚ।”

ਮੈਂ ਗਹੁ ਨਾਲ ਵੇਖਿਆ, ਪੈਂਟ ਦੀ ਜੇਬ ਥੋੜੀ ਜਿਹੀ ਉਤਾਂਹ ਨੂੰ ਉੱਭਰੀ ਹੋਈ ਸੀ।

ਮੁੰਡੇ ਨੇ ਸਾਈਕਲ ਦੇ ਪੈਡਲ ਉੱਤੇ ਪੈਰ ਰੱਖਿਆ। ਮੁੰਡਾ ਪੈਰੋਂ ਨੰਗਾ ਸੀ।

ਮੈਂ ਸਾਈਕਲ ਉੱਤੇ ਜਾਂਦੇ ਮੁੰਡੇ ਵੱਲ ਵੇਖ ਰਿਹਾ ਸਾਂ। ਉਹਦੀ ਪੈਂਟ ਦੀ ਜੇਬ ਵਿੱਚੋਂ ਰੋਟੀ ਨੂੰ ਲਪੇਟਿਆ ਕਾਗਜ਼ ਬਾਹਰ ਨੂੰ ਪ੍ਰਤੱਖ ਝਾਕ ਰਿਹਾ ਸੀ।

ਮੇਰੇ ਮੂੰਹੋਂ ਸੁਭਾਵਿਕ ਹੀ ਨਿਕਲਿਆ, “ਅੰਨ-ਦਾਤਾ! ਤੇ ਰੋਟੀ!”

===========

ਆਟਾ

ਪੱਠੇ ਖੋਤਣ ਗਈ ਈਸੋ ਨੇ ਖੇਤੋਂ ਲਿਆਂਦੇ ਚਿੱਬੜਾਂ ਦੀ ਚਟਣੀ ਬਣਾ ਲਈ ਸੀ, ਚੁੱਲੇ ਮੂਹਰੇ ਬਾਲਣ ਰੱਖ ਲਿਆ ਸੀ ਤੇ ਤਵਾ, ਜਿਹੜਾ ਕਿ ਪਿਛਲੇ ਤਿੰਨਾਂ ਦਿਨਾਂ ਤੋਂ ਅਣਵਰਤਿਆ ਪਿਆ ਹੋਣ ਕਰਕੇ ਜੰਗਾਲਿਆ ਗਿਆ ਸੀ, ਧੋ-ਸੰਵਾਰ ਕੇ ਚੁੱਲੇ  ਉੱਤੇ ਚੜਾ ਦਿੱਤਾ ਸੀ।

ਆਪ ਉਹ ਖਾਲੀ ਪਰਾਤ ਵਿਚ ਛਾਨਣੀ ਰੱਖ ਕੇ ਆਟਾ ਗੁੰਨਣ ਲਈ ਪਾਣੀ ਦਾ ਡੋਲੂ ਭਰਕੇ ਬੈਠੀ ਉਡੀਕ ਰਹੀ ਸੀ ਆਪਣੇ ਪੁੱਤ ਫੱਤੂ ਨੂੰ, ਜਿਹਡਾ ਚੱਕੀ ਤੋਂ ਆਟਾ ਲੈਣ ਗਿਆ ਅਜੇ ਤੱਕ  ਨਹੀਂ ਸੀ ਬਹੁੜਿਆ।

“ਸੋਹਰੇ ਕਮਲੇ ਜਿਹੇ ਨੇ ਬਾਹਲਾ ਈ ਚਿਰ ਲਾਤਾ।” ਉਹ ਬੁੜਬੁੜਾਈ, “ਚੰਦਰਾ ਕਿਸੇ ਨਾਲ ਲੜ ਈ ਨਾ ਪਿਆ ਹੋਵੇ, ਬਾਹਲਾ ਘਤਿਤੀ ਐ। ਪਿਓ ਵਰਗਾ ਅੜਬ।”

ਤੇ ਫਿਰ ਉਹਨੂ ਫੱਤੂ ਦੇ ਪਿਉ ਦੀ ਯਾਦ ਆ ਗਈ। ਉਹਨੇ ਪਿੱਛੇ ਜਿਹੇ ਗਰੀਬੀ ਤੋਂ ਤੰਗ ਆ ਕੇ , ਖੂਹ ਵਿਚ ਛਾਲ ਮਾਰਕੇ ਆਤਮ-ਹੱਤਿਆ ਕਰ ਲਈ ਸੀ।

“ਫੱਤੂ ਦੇ ਬਾਪੂ! ਤੂੰ ਤਾਂ ਸਾਰੇ ਰਿਸ਼ਤੇ-ਨਾਤੇ ਤੋੜ, ਇਹਨਾਂ ਮਾਸੂਮਾਂ ਨੰ ਰੋਂਦਿਆਂ ਛੱਡ ਕੇ ਦੁੱਖਾਂ ਭਰੀ ਜ਼ਿੰਦਗੀ ਤੋਂ ਛੁਟਕਾਰਾ ਪਾ ਗਿਆ ਤੇ ਮੈਂ ਮੈਂ ਇਹਨਾਂ ਬੋਟਾਂ ਨੂੰ ਆਲਣੇ ’ਚ ਸੁੰਨਿਆਂ ਛੱਡ ਕੇ, ਤੇਰੇ ਵਾਂਗ ਨਹੀਂ ਭੱਜਣਾ..ਹਰਗਿਜ਼ ਨਹੀਂ ਭੱਜਣਾ।” ਭਾਵੁਕਤਾ ਤੇ ਦਿ੍ਰੜਤਾ ਦਾ ਸੁਮੇਲ ਉਹਦੇ ਚਿਹਰੇ ਨੂੰ ਗਹਿਰ-ਗੰਭੀਰ ਬਣਾ ਰਿਹਾ ਸੀ।

“ਬੀਬੀ! ਆਪਾਂ ਅੱਜ ਫੇਰ ਨਹੀਂ ਰੋਟੀਆਂ ਪਕਾਉਣੀਆਂ?”

“ਕਿਉਂ ਨਹੀਂ ਪਕਾਉਣੀਆਂ?ਪਕਾਉਣੀ ਐਂ ਪੁੱਤ ਫੱਤੂ ਗਿਆ ਵਿਐ ਆਟਾ ਲੈਣ ਚੱਕੀ ਤੋਂ।”

ਬੱਚੇ ਫਿਰ ਖੇਡ ਵਿਚ ਰੁੱਝ ਗਏ ਸਨ।

ਤੇ ਉਹ ਫਿਰ ਸੋਚਾਂ ਵਿਚ ਗੁਆਚ ਗਈ ਸੀ।

“ਤਾਈ ਤਾਈ!” ਇਕ ਕਾਹਲੀ ਤੇ ਉੱਚੀ ਆਵਾਜ਼ ਨੇ ਉਹਦੀ ਸੋਚਾਂ ਦੀ ਤੰਦ ਤੋੜ ਦਿੱਤੀ ਸੀ।

“ਵੇ ਕੀ ਗੱਲ ਐ?” ਉਹ ਜਿਵੇਂ ਸੁੱਤੀ ਉੱਠੀ ਹੋਵੇ।

“ਤਾਈ, ਥੋਡਾ ਫੱਤੂ ਟ੍ਰੈਕਟਰ ਥੱਲੇ ਆ ਗਿਆ, ਲੱਤ ਟੁੱਟਗੀ ਖਵਨੀ।”

ਤੇ ਫਿਰ ਉਹ ਪਥਰਾ ਜਿਹੀ ਗਈ।


===========

ਗਰੀਬਾਂ ਦੀਆਂ ਜਾਈਆਂ
 

ਮੁਕਲਾਵੇ ਗਈ ਜਦੋਂ ਉਹ ਅੱਜ ਪਹਿਲੀ ਵਾਰ ਪੇਕਿਆਂ ਦੇ ਪਿੰਡ ਦੇ ਬੱਸ ਅੱਡੇ ਉੱਤੇ ਉਤਰੀ ਤਾਂ ਉਹਨੂੰ ਪਿੰਡ ਦਾ ਦਾ ਬੱਸ ਅੱਡਾ ,ਜਿੱਥੋਂ ਉਹ ਨਿੱਤ ਘਾਹ ਦੀ ਪੰਡ ਲੈ ਕੇ ਗੁਜਰਦੀ ਸੀ, ਕੁਝ ਬਦਲਿਆ-ਬਦਲਿਆ ਜਾਪਿਆ।

“ਐਡੀ ਛੇਤੀ ਐਨਾ ਕੁੱਝ ਕਿਵੇਂ ਬਦਲ ਗਿਆ?” ਉਹ ਬੁੜਬੁੜਾਈ। ਵਾਸਤਵ ਵਿਚ ਤਾਂ ਕੁਝ ਵੀ ਨਹੀਂ ਸੀ ਬਦਲਿਆ, ਐਵੇਂ ਉਸ ਦਾ ਵਹਿਮ ਸੀ।

“ਕੁੜੇ ਭੁੱਚੋ, ਤਕੜੀ ਐਂ? ਫਲ-ਫਰੂਟ ਦੀ ਰੇੜੀ ਲਾਉਣ ਵਾਲੇ ਵਿਹੜੇ ਵਿੱਚੋਂ ਲਗਦੇ ਤਾਏ ਨੇ ਉਹਦੀ ‘ਸੁੱਖ-ਸਾਂਦ’ ਪੁੱਛੀ।

ਤੇ ਉਹਨੂੰ ਇਉਂ ਲੱਗਾ ਜਿਵੇਂ ਤਾਏ ਨੇ ਉਹਦਾ ਅਪਮਾਨ ਕੀਤਾ ਹੋਵੇ। ਉਹਦਾ ਮਨ ਬੁਝ ਗਿਆ। ਉਹ ਕਹਿਣਾ ਚਾਹੁੰਦੀ ਸੀ, ‘ਤਾਇਆ, ਹੁਣ ਮੈਂ ਭੁੱਚੋ ਨਹੀ, ਭੁਪਿੰਦਰ ਕੌਰ ਹਾਂ, ਭੁਪਿੰਦਰ ਕੌਰ।’

“ਹਾਂ ਤਾਇਆ, ਤਕੜੀ ਆਂ।” ਕਹਿ ਕੇ ਉਹ ਆਪਣੇ ਖਾਵੰਦ ਦੇ ਲਾਗੇ ਹੋ ਕੇ ਬੋਲੀ, “ਜਵਾਕਾਂ ਆਸਤੇ ਕੋਈ ਚੀਜ ਲੈ ਲਈਏ?”

“ਹਾਂ ਲੈ ਲੈ।” ਉਹਨੂੰ ਵੀ ਹੁਣ ਚੇਤਾ ਆਇਆ ਸੀ ਕਿ ਪਹਿਲੀ ਵਾਰ ਸਹੁਰਿਆਂ ਦੇ ਘਰ ਖਾਲੀ ਹੱਥ ਨਹੀਂ ਜਾਈਦਾ।

ਭੁੱਚੋ ਦੇ ਪੁੱਛਣ ਤੇ ਰੇੜੀ ਵਾਲੇ ਨੇ ਦੱਸਿਆ, “ਕੇਲੇ ਚੌਦਾਂ ਰੁਪਏ ਦਰਜਨ ਸੰਤਰੇ ਚੌਵੀ ਰੁਪਏ ਤੇ ਸੇਬ।”

‘ਵੱਡੇ ਤਿੰਨੇ ਭਰਾਵਾਂ ਦਾ ਕਿੰਨਾ ਜਵਾਕ-ਜੱਲਾ ਐ, ਦਰਜਨ ਕੇਲਿਆਂ ’ਚ ਤਾਂ ਇਕ-ਇਕ ਵੀ ਹਿੱਸੇ ਨਹੀਂ ਆਉਣਾ।’ ਭੁੱਚੋ ਨੇ ਸੋਚਿਆ ਤੇ ਮਲਵੀਂ ਜਿਹੀ ਆਵਾਜ ਵਿਚ ਘਰਵਾਲੇ ਨੂੰ ਪੁੱਛਿਆ, “ਕਿੰਨੇ ਲਈਏ?”

“ਵੇਖ ਲੈ, ਜੇ ਦਸਾਂ ਤੋਂ ਵੱਧ ਖਰਚੇ ਤਾਂ ਮੁੜਨ ਜੋਗਾ ਭਾੜਾ ਨਹੀਂ ਬਚਣਾ।”

“ਹਾਏ ਰੱਬਾ!” ਇਕ ਲੰਮਾ ਹਾਉਕਾ ਉਹਦੇ ਧੁਰ ਅੰਦਰ ਅੱਗ ਦੀ ਲਾਟ ਵਾਂਗ ਫਿਰ ਗਿਆ‘ਅਸੀਂ ਗਰੀਬਾਂ ਦੀਆਂ ਜਾਈਆਂ, ਪੇਕਿਆਂ ਦੇ ਪਿੰਡ ਵੀ ਭੁੱਚੋ ਤੇ ਸਹੁਰਿਆਂ ਦੇ ਪਿੰਡ ਵੀ ਭੁੱਚੋ!’

ਤੇ ਹੁਣ ਭੁੱਚੋ ਨੇ ਇਉਂ ਮਹਿਸੂਸ ਕੀਤਾ ਜਿਵੇਂ ਕਿ ਉਹ ਵਿਆਈਆਂ ਪਾਟੇ ਨੰਗੇ ਪੈਰੀਂ, ਪੱਠਿਆਂ ਦੀ ਪਹਿਲਾਂ ਨਾਲੋਂ ਵੀ ਭਾਰੀ ਪੰਡ ਲੈ ਕੇ ਅੱਡੇ ਵਿਚ ਦੀ ਲੰਘ ਰਹੀ ਹੋਵੇ।

========

ਅਹਿਸਾਸ

ਆਪਣੇ ਬੱਚੇ ਨੂੰ ਉਂਗਲੀ ਲਾਈ, ਜਿਉਂ ਹੀ ਮੈਂ ਬਾਜ਼ਾਰ ਵਿਚ ਦਾਖਲ ਹੋਇਆ ਤਾਂ ਬੱਚੇ ਨੇ ਫਰਮਾਇਸ਼ਾਂ ਦੀ ਝੜੀ ਲਾ ਦਿੱਤੀ। ਅਖੇ, ‘ਡੈਡੀ ਉਹ ਲੈਣਾ! ਡੈਡੀ, ਆਹ ਲੈਣਾ।’ ਤੇ ਮੈਂ ਲਾਰੇ-ਲੱਪੇ ਲਾ ਕੇ ਬੱਚੇ ਨੂੰ ਪਰਚਾਉਣ ਦੀ ਕੋਸ਼ਿਸ਼ ਕਰਦਾ ਰਿਹਾ।

ਮੈਨੂੰ ਪਤਾ ਸੀ ਕਿ ਮੇਰੀ ਜੇਬ ਦੀ ਸਮਰਥਾ ਬੱਚੇ ਲਈ ਇਕ ਰੁਪਏ ਦੀ ‘ਚੀਜੀ’ ਲੈ ਕੇ ਦੇਣ ਤੋਂ ਵੱਧ ਨਹੀਂ ਸੀ।

ਪਰ ਬੱਚਾ?

‘ਡੈਡੀ ਉਹ ਲੈਣਾ।’

‘ਉਹ ਕੀ? ਫੁੱਟਬਾਲ ?’

‘ਹਾਂ।’

‘ਨਹੀਂ ਬੇਟੇ, ਛੋਟੇ ਬੱਚੇ ਨੀਂ ਫੁੱਟਬਾਲ ਨਾਲ ਖੇਡਦੇ ਹੁੰਦੇ।’

‘ਡੈਡੀ, ਮੈਂ ਤਾਂ ਉਹ ਲੈਣੀ ਆ, ਸ਼ਾਈਕਲੀ।’

‘ਲੈ, ਤੂੰ ਹੁਣ ਕਿਤੇ ਛੋਟੈਂ, ਸਾਈਕਲੀ ਤਾਂ ਛੋਟੇ ਬੱਚੇ ਚਲਾਉਂਦੇ ਹੁੰਦੇ ਆ’

ਮੈਂ ਬੱਚੇ ਨੂੰ ਇਉਂ ਧੂਹੀ ਲਿਜਾ ਰਿਹਾ ਸੀ, ਜਿਵੇਂ ਕਸਾਈ ਬਕਰੀ ਨੂੰ। ਪਰ ਬਰਛੇ ਟੰਗਿਆ ਮੇਰਾ ਦਿਲ ਬੁਰੀ ਤਰਾਂ ਤੜਫ ਰਿਹਾ ਸੀ । ਵਾਹ ! ਮਜਬੂਰੀ !!

‘ਡੈਡੀ, ਉਹ ਲੈਣਾ?’

‘ਉਹ ਕੀ?’

‘ਡੈਡੀ ਉਹ।’ ਬੱਚੇ ਉਂਗਲੀ ਸੇਧੀ, ‘ਉਹ ਪਿਸਤੌਲ।’

‘ਨਹੀਂ ਬੇਟੇ, ਪਿਸਤੌਲ ਨਾਲ ਨੀਂ ਖੇਡੀਦਾ, ਪੁਲਿਸ ਵਾਲੇ ਫੜ ਲੈਂਦੇ ਆ।’

ਤੇ ਹੁਣ ਤਕ ਮੇਰੀ ਬੇਬਸੀ ਝੁੰਜਲਾ ਕੇ ਗੁੱਸੇ ਦਾ ਰੂਪ ਧਾਰਨ ਕਰ ਗਈ ਸੀ।

‘ਡੈਡੀ ਉਹ।’ ਤੇ ਬਾਕੀ ਦੇ ਸ਼ਬਦ ਬੱਚੇ ਦੇ ਮੂੰਹੋਂ ਨਿਕਲਣ ਤੋਂ ਪਹਿਲਾਂ ਹੀ ਥੱਪੜ ਦੀ ਲਪੇਟ ਵਿਚ ਆ ਕੇ ਦਮ ਤੋੜ ਗਏ ਸਨ ।

ਤੇ ਬੱਚੇ ਦੀਆਂ ਮਾਸੂਮ ਅੱਖਾਂ ’ਚੋਂ ਵਹਿੰਦੇ ਹੰਝੂਆਂ ਵਿਚੋਂ ਮੈਨੂੰ ਆਪਣਾ ‘ਬਚਪਨ’ ਦਿਸਿਆ ਤੇ ਅੱਜ ਪਹਿਲੀ ਵਾਰ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਭਰੇ ਬਾਜਾਰ ਵਿਚ ਬਾਪੂ ਮੇਰੇ ‘ਥੱਪੜ’ ਕਿਉਂ ਮਾਰਦਾ ਹੁੰਦਾ ਸੀ।   

=============

 

ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

ਜਗਦੀਸ਼ ਰਾਏ ਕੁਲਰੀਆਂ
   

 #46, ਇੰਪਲਾਈਜ਼ ਕਾਲੋਨੀ, ਬਰੇਟਾ, ਜਿਲਾ ਮਾਨਸਾ (ਪੰਜਾਬ) – 151501

ਮੋਬਾਈਲ: 95018 77033

ਈਮੇਲ: jagdishkulrian@gmail.com

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mini Kahani Writer Preet Neetpur who gave words to the hardships