ਬੀਤੇ ਦਿਨੀਂ ਨਾਭਾ ਜੇਲ੍ਹ ਵਿਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕੀਤੇ ਕਤਲ ਤੋਂ ਬਾਅਦ ਬੀਤੇ ਦਿਨ ਲੁਧਿਆਣਾ ਦੀ ਜੇਲ੍ਹ ਵਿਚ ਕੈਦੀਆਂ ਵਿਚਕਾਰ ਹੋਈ ਝੜਪ ਨੇ ਜੇਲ੍ਹ ਪ੍ਰਬੰਧਾਂ ਨੂੰ ਲੈ ਕੇ ਇਕ ਵਾਰ ਫਿਰ ਸਵਾਲ ਖੜ੍ਹੇ ਕੀਤੇ ਹਨ। ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਭਾਵੇਂ ਜੇਲ੍ਹਾਂ ਵਿਚ ਸੁਧਾਰ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਪ੍ਰੰਤੂ ਕੋਸ਼ਿਸ਼ਾਂ ਅਸਫਲ ਰਹੀਆਂ।
ਹਿੰਦੁਸਤਾਨ ਟਾਈਮਜ਼ ਨੂੰ ਦਿੱਤੀ ਇਕ ਇੰਟਰਵਿਊ ਵਿਚ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਦੋਵੇਂ ਘਟਨਾਵਾਂ ਬਹੁਤ ਮੰਦਭਾਗੀਆਂ ਹਨ। ਉਨ੍ਹਾਂ ਕਿਹਾ ਕਿ ਬਿੱਟੂ ਦੇ ਕਤਲ ਪਿਛੇ ਸੈਲ ਦੇ ਬਾਹਰ ਤਾਇਨਾਤ ਸਟਾਫ ਦੀ ਢਿੱਲ–ਮੱਠ ਸੀ, ਜਿਸ ਨਾਲ ਉਨ੍ਹਾਂ ਨੂੰ ਸੈਲ ਤੋਂ ਬਾਹਰ ਆਉਣ ਦਿੱਤਾ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿਚ ਵਾਪਰੀ ਘਟਨਾਂ ਦੀ ਅਸੀਂ ਜਾਂਚ ਕਰ ਰਹਾ ਹਾਂ।
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਹ ਸਮਝਣ ਦੀ ਲੋੜ ਹੈ ਕਿ ਪਿਛਲੇ ਅਕਾਲੀ–ਭਾਜਪਾ ਦੇ 10 ਸਾਲ ਦੇ ਸ਼ਾਸਨ ਦੌਰਾਨ ਜੇਲ੍ਹ ਦੀ ਅਣਦੇਖੀ ਕੀਤੀ ਗਈ। ਉਸ ਸਮੇਂ ਜੇਲ੍ਹਾਂ ਨੂੰ ਅਕਾਲੀਆਂ ਅਤੇ ਗੈਗਸਟਾਰਾਂ ਲਈ ਅਰਾਮ ਘਰ ਬਣਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੇਲ੍ਹ ਵਿਭਾਗ ਵਿਚ ਕੰਮ ਕਰਨ ਦਾ ਤਰੀਕਾ ਬਹੁਤ ਹੱਦ ਤੱਕ ਖਰਾਬ ਹੈ।
ਉਨ੍ਹਾਂ ਕਿਹਾ ਕਿ ਜੇਲ੍ਹ ਦੇ ਸਟਾਫ ਅਤੇ ਕੈਦੀਆਂ ਵਿਚਕਾਰ ਬਣਿਆ ਗਠਜੋੜ ਤੋੜਨਾ ਬਹੁਤ ਔਖਾ ਹੈ। ਉਨ੍ਹਾਂ ਕਿਹਾ ਕਿ ਮੈਂ ਇਕ ਸਾਲ ਪਹਿਲਾਂ ਹੀ ਮੰਤਰਾਲੇ ਦਾ ਇੰਚਾਰਜ ਸੰਭਾਲਿਆ ਹੈ। ਐਨੇ ਥੋੜ੍ਹੇ ਸਮੇਂ ਵਿਚ ਗਠਜੋੜ ਨੂੰ ਖਤਮ ਕਰਨ ਲਈ ਮੰਤਰੀ ਕੋਲ ਜਾਦੂ ਦੀ ਛੜੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਜੇਲ੍ਹਾਂ ਵਿਚ ਸੁਧਾਰ ਕਰਨ ਲਈ ਕੰਮ ਕਰ ਰਹੇ ਹਾਂ, ਛੇਤੀ ਹੀ ਇਹ ਸਭ ਠੀਕ ਕਰ ਲਿਆ ਜਾਵੇਗਾ।