ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਲਟਰੀ ਲਿਟਰੇਚਰ ਫੈਸਟੀਵਲ 2019 : ਕੋਹਿਮਾ ਜੰਗ ਦੇ ਪੜਾਵਾਂ ਉਤੇ ਚਰਚਾ

ਮਿਲਟਰੀ ਲਿਟਰੇਚਰ ਫੈਸਟੀਵਲ ਦੇ ਪਹਿਲੇ ਦਿਨ ਦੂਜੀ ਸੰਸਾਰ ਜੰਗ ਦੌਰਾਨ ਹੋਈ ਕੋਹਿਮਾ ਜੰਗ ਦੇ ਤਿੰਨ ਪੜਾਵਾਂ ਉਤੇ ਚਰਚਾ ਕੀਤੀ ਗਈ। ਪੈਨਲਿਸਟਸ ਨੇ ਇਸ ਜੰਗ ਦੇ ਹਾਲਾਤ ਅਤੇ ਕਾਰਨਾਂ ਉਤੇ ਵਿਸਥਾਰਤ ਚਰਚਾ ਕੀਤੀ। ਇਸ ਜੰਗ ਵਿੱਚ ਜਪਾਨ ਨੇ ਭਾਰਤ ਉਤੇ ਹਮਲਾ ਕੀਤਾ ਸੀ ਪਰ ਜਪਾਨੀ ਫੌਜ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ।
 

ਲੈਫਟੀਨੈਂਟ ਜਨਰਲ ਜੇ.ਐਸ. ਬਾਜਵਾ ਨੇ ਪ੍ਰਾਜੈਕਟਰ ਦੀ ਮਦਦ ਨਾਲ ਨਕਸ਼ਿਆਂ ਦੀਆਂ ਤਸਵੀਰਾਂ ਜ਼ਰੀਏ ਜੰਗ ਦੇ ਵੱਖ-ਵੱਖ ਪੱਖਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਜੰਗ ਤਿੰਨ ਪੜਾਵਾਂ ਵਿੱਚ ਲੜੀ ਗਈ ਤੇ ਜਪਾਨੀ ਫ਼ੌਜ ਨੇ ਕੋਹਿਮਾ ਰਿਜ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਜਪਾਨੀ ਫ਼ੌਜ ਦੀ ਬਰਤਾਨਵੀ-4 ਕੋਰ ਉਤੇ ਇੰਫਾਲ ਵਿਖੇ ਹਮਲਾ ਕਰਨ ਦੀ ਯੋਜਨਾ ਸੀ ਪਰ ਵੱਖ-ਵੱਖ ਕਾਰਨਾਂ ਕਰ ਕੇ ਅਜਿਹਾ ਕਰਨ ਵਿੱਚ ਨਾਕਾਮ ਰਹੀ, ਜਿਨ੍ਹਾਂ ਵਿੱਚ ਜਪਾਨੀ ਫੌਜੀ ਅਧਿਕਾਰੀਆਂ ਵਿਚਲੇ ਤਾਲਮੇਲ ਦੀ ਕਮੀ ਵੀ ਸ਼ਾਮਲ ਸੀ।
 

ਗੋਸ਼ਟੀ ਵਿੱਚ ਸ਼ਾਮਲ ਕਰਨਲ ਡਾ. ਰੌਬਰਟ ਲਾਇਮੈਨ ਨੇ ਜੰਗ ਦੀ ਨੀਤੀ, ਜ਼ਮੀਨੀ ਹਾਲਾਤ ਅਤੇ ਸਿਆਸੀ ਪੱਖਾਂ ਉਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਹ ਇਕ ਗਹਿਗੱਚ ਜੰਗ ਸੀ। ਭਾਰਤੀ-ਬਰਤਾਨਵੀ ਫੌਜ ਨੂੰ 1944 ਵਿੱਚ 18 ਅਪ੍ਰੈਲ ਤੋਂ 13 ਮਈ ਤੱਕ ਜਾਪਾਨੀ ਫੌਜ ਵੱਲੋਂ ਦੱਬੇ ਖੇਤਰ ਛੁਡਵਾਉਣ ਲਈ ਕਰੀਬ ਇਕ ਮਹੀਨੇ ਦਾ ਸਮਾਂ ਲੱਗਿਆ। ਇਸ ਤੋਂ ਬਾਅਦ ਜਾਪਾਨੀ ਫੌਜ ਨੇ ਰਿਜ ਨੂੰ ਛੱਡ ਕੇ ਕੋਹਿਮਾ-ਇੰਫਾਲ ਸੜਕ ਨੂੰ ਬੰਦ ਕਰ ਦਿੱਤਾ। 16 ਮਈ ਤੋਂ ਲੈ ਕੇ 22 ਜੂਨ ਤੱਕ ਜਪਾਨੀ ਫੌਜ ਨੂੰ ਪਿੱਛੇ ਧੱਕ ਕੇ ਸੜਕ ਨੂੰ ਚਾਲੂ ਕੀਤਾ ਗਿਆ ਅਤੇ 22 ਜੂਨ ਨੂੰ ਇੰਫਾਲ ਦੁਆਲੇ ਪਏ ਘੇਰੇ ਨੂੰ ਤੁੜਵਾਉਣ ਉਪਰੰਤ ਇਹ ਜੰਗ ਖ਼ਤਮ ਹੋਈ।
 

ਬ੍ਰਿਗੇਡੀਅਰ ਐਲਨ ਮੈਲੀਨਸਨ ਨੇ ਜਪਾਨ ਖਿਲਾਫ ਜੰਗ ਦੌਰਾਨ ਭਾਰਤੀ ਤੇ ਬਰਤਾਨਵੀ ਫੌਜੀਆਂ ਦੇ ਨਿਵੇਕਲੇ ਸਬੰਧਾਂ ਬਾਰੇ ਚਰਚਾ ਕੀਤੀ ਅਤੇ ਨਾਲ ਹੀ ਲੰਡਨ ਵਿਖੇ ਬਰਤਾਨਵੀ ਫੌਜ ਦੇ ਮੁਖੀ ਵੱਲੋਂ ਬਣਾਈਆਂ ਕੋਹਿਮਾ ਜੰਗ ਸਬੰਧੀ ਯੋਜਨਾਵਾਂ ਬਾਰੇ ਚਾਨਣਾ ਪਾਇਆ।ਉਨ੍ਹਾਂ ਦੱਸਿਆ ਕਿ ਬਰਤਾਨਵੀ ਫੌਜ ਵੱਲੋਂ ਬਹੁਤ ਹੀ ਸ਼ਾਨਦਾਰ ਢੰਗ ਨਾਲ ਜੰਗ ਦੀ ਯੋਜਨਾ ਨੂੰ ਲਾਗੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਲ 1942 ਤੋਂ 1944 ਤੱਕ ਭਾਰਤੀ-ਬਰਤਾਨਵੀ ਫੌਜ ਦੀ ਹਾਲਤ ਵਿੱਚ ਵੱਡੇ ਪੱਧਰ ਉਤੇ ਬਦਲਾਅ ਆਇਆ। ਉਨ੍ਹਾਂ ਕਿਹਾ ਕਿ ਜਪਾਨੀ ਫੌਜ ਦੇ ਅਧਿਕਾਰੀਆਂ ਵਿੱਚ ਆਪਸੀ ਤਾਲਮੇਲ ਦੀ ਕਮੀ ਰਹੀ, ਜੋ ਕਿ ਉਨ੍ਹਾਂ ਦੀ ਹਾਰ ਦੇ ਕਾਰਨਾਂ ਵਿੱਚੋਂ ਇਕ ਅਹਿਮ ਕਾਰਨ ਰਿਹਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MLF 2019 Three stages of battle of Kohima discussed during panel discussion