ਰੋਹ `ਚ ਆਈ ਭੀੜ ਨੇ ਅੱਜ ਅੰਮ੍ਰਿਤਸਰ ਜਿ਼ਲ੍ਹੇ ਦੇ ਛੇਹਰਟਾ `ਚ ਪੈਂਦੇ ਗੁਰੂ ਕੀ ਵਡਾਲੀ ਇਲਾਕੇ ਦੇ ਪੁਲਿਸ ਥਾਣੇ `ਤੇ ਪਥਰਾਅ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਛੇਹਰਟਾ ਪੁਲਿਸ ਨੇ ਪੰਜ ਵਿਅਕਤੀਆਂ ਖਿ਼ਲਾਫ਼ ਕੇਸ ਦਰਜ ਕੀਤਾ ਹੈ; ਜਿਨ੍ਹਾਂ `ਚੋਂ ਦੋ ਜਣੇ ਆਕਾਸ਼ ਮਸੀਹ ਅਤੇ ਮਨਪ੍ਰੀਤ ਸਿੰਘ ਵਾਸੀ ਗੁਰੂ ਕੀ ਵਡਾਲੀ ਹਨ। ਇਨ੍ਹਾਂ `ਤੇ ਇਸੇ ਇਲਾਕੇ `ਚ ਹਰਮਨਪ੍ਰੀਤ ਸਿੰਘ ਦੇ ਘਰ `ਤੇ ਕਥਿਤ ਤੌਰ `ਤੇ ਗੋਲੀਆਂ ਚਲਾਉਣ ਦਾ ਦੋਸ਼ ਹੈ।
19 ਸਾਲਾ ਹਰਮਨਪ੍ਰੀਤ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ `ਚ ਕਿਹਾ ਹੈ ਕਿ ਮੁਲਜ਼ਮ ਉਸੇ ਦੀ ਗਲੀ `ਚ ਰਹਿੰਦੇ ਹਨ। ‘‘ਐਤਵਾਰ ਨੂੰ ਰਾਤੀਂ 10:30 ਵਜੇ ਮੈ਼ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਪਣੇ ਘਰ `ਚ ਮੌਜੂਦ ਸਾਂ, ਜਦੋਂ ਮੁਲਜ਼ਮ ਮੇਰੇ ਘਰ ਦੇ ਬਾਹਰ ਆਏ ਤੇ ਸਾਨੂੰ ਗਾਲ਼ਾਂ ਕੱਢਣ ਲੱਗ ਪਏ। ਅਸੀਂ ਘਬਰਾ ਗਏ ਤੇ ਆਪਣੇ ਘਰ ਦੀ ਛੱਤ `ਤੇ ਜਾ ਚੜ੍ਹੇ। ਮੁਲਜ਼ਮਾਂ ਨੇ ਸਾਡੇ ਘਰ `ਤੇ ਇੱਟਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਮੁਲਜ਼ਮ ਨੇ ਆਪਣੀ ਪਿਸਤੌਲ ਨਾਲ ਚਾਰ ਤੋਂ ਪੰਜ ਗੋਲੀਆਂ ਦਾਗ਼ੀਆਂ।``
ਹਰਮਨਪ੍ਰੀਤ ਦੀ ਸਿ਼ਕਾਇਤ `ਤੇ ਪੁਲਿਸ ਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਅੱਜ ਮੰਗਲਵਾਰ ਸਵੇਰੇ 50 ਕੁ ਜਣਿਆਂ ਦੀ ਭੀੜ, ਜਿਨ੍ਹਾਂ `ਚ ਹਰਮਨਪ੍ਰੀਤ ਦੇ ਰਿਸ਼ਤੇਦਾਰ ਵੀ ਸ਼ਾਮਲ ਸਨ, ਛੇਹਰਟਾ ਪੁਲਿਸ ਥਾਣੇ ਦੇ ਬਾਹਰ ਇਕੱਠੇ ਹੋਣ ਲੰਗ ਪਏ। ਭੀੜ ਨੇ ‘ਮੁਲਜ਼ਮਾਂ ਵਿਰੁੱਧ ਕੋਈ ਕਾਰਵਾਈ ਨਾ ਕਰਨ` ਦੇ ਦੋਸ਼ ਲਾਉਂਦਿਆਂ ਪੁਲਿਸ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਭੀੜ ਨੇ ਪਥਰਾਅ ਕਰ ਕੇ ਪੁਲਿਸ ਥਾਣੇ `ਤੇ ਹਮਲਾ ਬੋਲ ਦਿੱਤਾ।
ਭੀੜ ਨੂੰ ਹਿੰਸਕ ਹੁੰਦਿਆਂ ਵੇਖ ਕੇ ਪੁਲਿਸ ਦੇ ਜਵਾਨਾਂ ਨੇ ਪੁਲਿਸ ਥਾਣੇ ਦੇ ਬਾਹਰਲੇ ਗੇਟ ਨੂੰ ਜਿੰਦਰਾ ਲਾ ਦਿੱਤਾ। ਪਥਰਾਅ `ਚ ਕੋਈ ਵੀ ਪੁਲਿਸ ਮੁਲਾਜ਼ਮ ਜ਼ਖ਼ਮੀ ਨਹੀਂ ਹੋਇਆ।
ਹਰਮਨਪ੍ਰੀਤ ਦੀ ਦਾਦੀ ਅਮਰੀਕ ਕੌਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਘਰ `ਤੇ ਗੋਲੀਆਂ ਚਲਾਉਣ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਥਾਂ ਪੁਲਿਸ ਨੇ ਉਨ੍ਹਾਂ ਦੇ ਪੋਤਰੇ ਨੂੰ਼ ਹੀ ਗ੍ਰਿਫ਼ਤਾਰ ਕਰ ਲਿਆ ਹੈ। ‘ਹਰਮਨਪ੍ਰੀਤ ਨੂੰ ਅੱਜ ਸਵੇਰ ਤੋਂ ਹੀ ਹਿਰਾਸਤ ਵਿੱਚ ਰੱਖਿਆ ਜਾ ਰਿਹਾ ਹੈ। ਸਾਨੂੰ ਵੀ ਮਜਬੂਰਨ ਪੁਲਿਸ ਥਾਣੇ `ਚ ਹੀ ਰਹਿਣਾ ਪੈ ਰਿਹਾ ਹੈ। ਪੁਲਿਸ ਸਾਨੂੰ ਜਾਣਬੁੱਝ ਕੇ ਤੰਗ ਕਰ ਰਹੀ ਹੈ।`
ਛੇਹਰਟਾ ਦੇ ਐੱਸਐੱਚਓ ਹਰੀਸ਼ ਬਹਿਲ ਨੇ ਦੱਸਿਆ ਕਿ ਉਨ੍ਹਾਂ ਨੇ ਸਿ਼ਕਾਇਤਕਰਤਾ ਨੂੰ ਸਿਰਫ਼ ਪੁੱਛਗਿੱਛ ਲਈ ਸੰਦਿਆ ਸੀ। ਉਸ ਦੇ ਪਰਿਵਾਰਕ ਮੈਂਬਰਾਂ ਅਤੇ ਗੁਰੂ ਕੀ ਵਡਾਲੀ ਦੇ ਕੁਝ ਲੋਕਾਂ ਨੇ ਸਮਝਿਆ ਕਿ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸੇ ਗ਼ਲਤਫ਼ਹਿਮੀ ਕਾਰਨ ਭੀੜ ਨੇ ਪੁਲਿਸ ਥਾਣੇ `ਤੇ ਹਮਲਾ ਬੋਲ ਦਿੱਤਾ।
ਪੁਲਿਸ ਅਧਿਕਾਰੀ ਨੇ ਦੰਸਿਆ ਕਿ ਪੁਲਿਸ ਥਾਣੇ `ਤੇ ਹਮਲਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਹੋਵੇਗੀ।
ਪਿਛਲੇ ਦੋ ਦਿਨਾਂ `ਚ ਪੁਲਿਸ ਥਾਣੇ `ਤੇ ਪਥਰਾਅ ਦੀ ਇਹ ਦੂਜੀ ਘਟਨਾ ਹੈ। ਐਤਵਾਰ ਦੀ ਰਾਤ ਨੂੰ ਵੀ ਇੱਕ ਭੀੜ ਨੇ ਗੇਟ ਹਕੀਮਾ ਪੁਲਿਸ ਥਾਣੇ `ਤੇ ਪਥਰਾਅ ਕੀਤਾ ਸੀ ਤੇ ਉਸ ਹਮਲੇ `ਚ ਪੁਲਿਸ ਦੇ ਦੋ ਜਵਾਨ ਜ਼ਖ਼ਮੀ ਹੋ ਗਏ ਸਨ। ਪੁਲਿਸ ਨੇ ਤਦ ਦੋਸ਼ ਲਾਇਆ ਸੀ ਕਿ ਇੱਕ ਸਥਾਨਕ ਕਾਂਗਰਸੀ ਆਗੂ ਦੀ ਪੁਲਿਸ ਹਿਰਾਸਤ `ਚ ਮੌਤ ਹੋ ਗਈ ਸੀ। ਉਸ ਨੂੰ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਤੋਂ ਪੁੱਛਗਿੱਛ ਲਈ ਲਿਆਂਦਾ ਗਿਆ ਸੀ।