ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਸਰਕਾਰ ਮੀਡੀਆ ਨੂੰ ‘ਕਾਗਜ਼ੀ ਸ਼ੇਰ` ਬਣਾ ਰਹੀ: ਰਾਹੁਲ ਗਾਂਧੀ

ਮੋਦੀ ਸਰਕਾਰ ਮੀਡੀਆ ਨੂੰ ‘ਕਾਗਜ਼ੀ ਸ਼ੇਰ` ਬਣਾ ਰਹੀ: ਰਾਹੁਲ ਗਾਂਧੀ

--  ਦੇਸ਼ ਦੇ ਹਰ ਸੰਸਥਾਨ `ਤੇ ਕੀਤਾ ਜਾ ਰਿਹੈ ਹਮਲਾ: ਰਾਹੁਲ ਗਾਂਧੀ

--  ‘ਨਵਜੀਵਨ` ਦਾ ਪੰਜਾਬੀ ਐਡੀਸ਼ਨ ਵੀ ਕੱਢਿਆ ਜਾਵੇ: ਡਾ. ਮਨਮੋਹਨ ਸਿੰਘ

--  ਰਾਹੁਲ ਗਾਂਧੀ ਹਾਲ-ਚਾਲ ਪੁੱਛਣ ਗਏ ਕੈਪਟਨ ਅਮਰਿੰਦਰ ਸਿੰਘ ਦੇ ਘਰ

--  ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨਹੀਂ ਬਿਠਾਇਆ ਗਿਆ ਸਟੇਜ `ਤੇ

--  ਮੀਡੀਆ ਜੇ ਸਰਕਾਰਾਂ ਨੂੰ ਸੱਤਾ `ਤੇ ਬਿਠਾ ਸਕਦਾ ਹੈ, ਤਾਂ ਉਹ ਉਨ੍ਹਾਂ ਨੂੰ ਭੁੰਜੇ ਵੀ ਸੁੱਟ ਸਕਦਾ ਹੈ: ਸੁਨੀਲ ਜਾਖੜ

 

‘ਮੀਡੀਆ ਆਮ ਤੌਰ `ਤੇ ਇੱਕ ਗਰਜਦਾ-ਸ਼ੇਰ ਹੈ ਪਰ ਨਰਿੰਦਰ ਮੋਦੀ ਸਰਕਾਰ ਇਸ ਨੂੰ ਕਾਗਜ਼ੀ-ਸ਼ੇਰ ਵਿੱਚ ਤਬਦੀਲ ਕਰ ਰਹੀ ਹੈ। ਇਸ ਵੇਲੇ ਦੇਸ਼ ਦੇ ਹਰ ਸੰਸਥਾਨ `ਤੇ ਹਮਲਾ ਕੀਤਾ ਜਾ ਰਿਹਾ ਹੈ।` ਇਹ ਪ੍ਰਗਟਾਵਾ ਅੱਜ ਮੋਹਾਲੀ `ਚ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ‘ਐਸੋਸੀਏਟਡ ਜਰਨਲਜ਼ ਲਿਮਿਟੇਡ` (ਏਜੀਐੱਲ) ਦਾ ਹਿੰਦੀ ਹਫ਼ਤਾਵਾਰੀ ਅਖ਼ਬਾਰ ‘ਨਵਜੀਵਨ` ਮੁੜ-ਲਾਂਚ ਕਰਦੇ ਸਮੇਂ ਕੀਤਾ।


ਸ੍ਰੀ ਰਾਹੁਲ ਗਾਂਧੀ ਨੇ ਦੱਸਿਆ ਕਿ ‘ਨਵਜੀਵਨ` ਦਾ ਪ੍ਰਕਾਸ਼ਨ ਬੀਤੇ ਅਕਤੂਬਰ ਮਹੀਨੇ ਹੀ ਦੋਬਾਰਾ ਸ਼ੁਰੂ ਕੀਤਾ ਗਿਆ ਹੈ। ਇਹ ਇੱਕ ਆਜ਼ਾਦ ਅਖ਼ਬਾਰ ਹੋਵੇਗਾ ਤੇ ਜਨਤਾ ਦੀ ਆਵਾਜ਼ ਬਣੇਗਾ। ਉਨ੍ਹਾਂ ਕਿਹਾ,‘‘ਮੀਡੀਆ ਨੇ ਆਪਣੀ ਆਜ਼ਾਦੀ ਗੁਆ ਦਿੱਤੀ ਹੈ। ਵੱਡੇ ਕਾਰਪੋਰੇਟ ਘਰਾਣਿਆਂ ਨੇ ਮੀਡੀਆ `ਤੇ ਕਬਜ਼ੇ ਕਰ ਲਏ ਹਨ। ਮੀਡੀਆ `ਤੇ ਹੁਣ ਇਹੋ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਸਰਕਾਰ ਦੀ ਹੀ ਬੋਲੀ ਬੋਲੇ। ਸੁਪਰੀਮ ਕੋਰਟ ਦੇ ਜੱਜਾਂ ਤੋਂ ਲੈ ਕੇ ਫ਼ੌਜੀ ਜਰਨੈਲਾਂ ਤੇ ਭਾਜਪਾ ਦੇ ਮੰਤਰੀਆਂ ਤੱਕ ਤੇ ਸਾਰੇ ਸੰਸਥਾਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਪਰ ਡਰੋ ਨਾ, ਇਸ ਦੇਸ਼ ਦੀ ਜਨਤਾ ਇਸ ਸਭ ਦਾ ਮੂੰਹ-ਤੋੜ ਜਵਾਬ ਦੇਵੇਗੀ। ਬੀਤੇ ਦਿਨੀਂ ਹੋਈਆਂ ਸੂਬਾਈ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਇਹ ਸਪੱਸ਼ਟ ਹੋ ਜਾਵੇਗਾ ਕਿ ਭਾਜਪਾ ਹੁਣ ਸੱਤਾ ਤੋਂ ਲਾਂਭੇ ਹੋਣ ਜਾ ਰਹੀ ਹੈ।``


ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ-ਕੱਲ੍ਹ ਅਖ਼ਬਾਰਾਂ ਦੇ ਮੂਹਰਲੇ ਪੰਨਿਆਂ `ਤੇ ਕ੍ਰਿਕੇਟ ਤੇ ਵੀਆਈਪੀ ਵਿਆਹਾਂ ਦੀਆਂ ਖ਼ਬਰਾਂ ਦਾ ਬੋਲਬਾਲਾ ਵੇਖਿਆ ਜਾ ਸਕਦਾ ਹੈ ਪਰ ਕਿਸਾਨਾਂ ਦੇ ਦੁਖੜਿਆਂ, ਬੇਰੋਜ਼ਗਾਰੀ ਜਾਂ ਭ੍ਹਿਸ਼ਟਾਚਾਰ ਬਾਰੇ ਕਿਤੇ ਕੋਈ ਖ਼ਬਰ ਵੇਖਣ ਨੂੰ ਨਹੀਂ ਮਿਲਦੀ। ਦੇਸ਼ ਦੇ ਨੌਜਵਾਨ ਇਸ ਵੇਲੇ ਰੋਹ `ਚ ਹਨ ਅਤੇ ਭਾਜਪਾ-ਆਰਐੱਸਐੱਸ ਗੱਠਜੋੜ ਉਸੇ ਰੋਹ ਨੂੰ ਦੇਸ਼ ਵਿੱਚ ਫਿਰਕੂ ਆਧਾਰ `ਤੇ ਵੰਡੀਆਂ ਪਾਉਣ ਲਈ ਵਰਤ ਰਿਹਾ ਹੈ।


ਸਾਬਕਾ ਪ੍ਰਧਾਨ ਮੰਤਰੀ ਅਤੇ ਮਹਿਮਾਨ-ਏ-ਖ਼ਸੂਸੀ ਡਾ. ਮਨਮੋਹਨ ਸਿੰਘ ਨੇ ਇਸ ਮੌਕੇ ਕਿਹਾ ਕਿ ਆਜ਼ਾਦਾਨਾ ਪੱਤਰਕਾਰੀ ਹੁਣ ਸਮੇਂ ਦੀ ਲੋੜ ਹੈ, ਤਾਂ ਹੀ ਭਾਜਪਾ ਦੇ ਫੁੱਟ-ਪਾਊ ਏਜੰਡੇ ਦਾ ਟਾਕਰਾ ਕੀਤਾ ਜਾ ਸਕਦਾ ਹੈ। ‘ਦੇਸ਼ ਨੂੰ ਇੱਕ ਅਜਿਹੇ ਮੀਡੀਆ ਦੀ ਲੋੜ ਹੈ, ਜੋ ਵਪਾਰਕ ਹਿਤਾਂ ਦੇ ਆਧਾਰ `ਤੇ ਨਾ ਚੱਲਦਾ ਹੋਵੇ। ‘ਨਵਜੀਵਨ` ਨੂੰ ਪੰਜਾਬ `ਚ ਪੁਨਰ-ਜੀਵਨ ਮਿਲਿਆ ਹੈ। ਪੰਜਾਬ ਇੱਕ ਅਜਿਹਾ ਸੂਬਾ ਹੈ, ਜਿੱਥੋਂ ਦੇ ਲੋਕਾਂ ਨੇ ਦੇਸ਼ ਦੇ ਆਜ਼ਾਦੀ ਸੰਘਰਸ਼ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਸੀ। ਮੈਂ ਏਜੇਐੱਲ ਦੇ ਚੇਅਰਮੈਨ ਮੋਤੀਲਾਲ ਵੋਰਾ ਜੀ ਨੂੰ ਅਪੀਲ ਕਰਦਾ ਹਾਂ ਇਸ ਦਾ ਇੱਕ ਪੰਜਾਬੀ ਐਡੀਸ਼ਨ ਵੀ ਕੱਢਿਆ ਜਾਵੇ।`


ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਇਰਲ ਬੁਖ਼ਾਰ ਹੋਣ ਕਾਰਨ ਅੱਜ ਇਸ ਸਮਾਰੋਹ `ਚ ਸ਼ਾਮਲ ਨਹੀਂ ਹੋ ਸਕੇ ਕਿਉਂਕਿ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੋਈ ਹੈ। ਰਾਹੁਲ ਗਾਂਧੀ ਬਾਅਦ `ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ਗਾਹ ਵਿਖੇ ਉਨ੍ਹਾਂ ਦਾ ਹਾਲਚਾਲ ਪੁੱਛਣ ਲਈ ਵੀ ਗਏ।


ਇਸ ਮੌਕੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੀ ਮੌਜੂਦ ਸਨ। ਚੇਤੇ ਰਹੇ ਕਿ ਹਾਲੇ ਪਿਛਲੇ ਹਫ਼ਤੇ ਹੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਪੰਚਕੂਲਾ `ਚ ਏਜੇਐੱਲ ਨੂੰ ਅਲਾਟ ਕੀਤੀ ਜ਼ਮੀਨ ਦੇ ਮਾਮਲੇ `ਚ ਸ੍ਰੀ ਹੁੱਡਾ ਤੇ ਸ੍ਰੀ ਮੋਤੀ ਲਾਲ ਵੋਰਾ ਨੂੰ ਸੰਮਨ ਜਾਰੀ ਕੀਤੇ ਗਏ ਸਨ। ਉਹ ਸ੍ਰੀ ਰਾਹੁਲ ਤੇ ਸ੍ਰੀ ਵੋਰਾ ਨਾਲ ਸਟੇਜ `ਤੇ ਮੌਜੂਦ ਨਹੀਂ ਸਨ। ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਪਿਛਲੇ ਹਫ਼ਤੇ ਏਜੇਐੱਲ ਨੂੰ ਅਲਾਟ ਕੀਤੀ ਜ਼ਮੀਨ ਕੁਰਕ ਕਰ ਦਿੱਤੀ ਸੀ।


ਇਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰ `ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ `ਤੇ ਸ਼ਬਦੀ-ਹਮਲਾ ਕਰਦਿਆਂ ਆਖਿਆ,‘ਹੁਣ ਸੀਬੀਆਈ ਤੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਦੀ ਵਰਤੋਂ ਦੋਸ਼ ਆਇਦ ਕਰਨ ਲਈ ਕੀਤੀ ਜਾ ਰਹੀ ਹੈ। ਕੋਈ ਅਖ਼ਬਾਰ ਇਸ ਲਈ ਮੋਦੀ `ਤੇ ਹਮਲਾ ਨਹੀਂ ਕਰ ਰਿਹਾ। ਕੋਈ ਉਨ੍ਹਾਂ ਵੱਲੋਂ ਵਰਤੀ ਜਾ ਰਹੀ ਭੱਦੀ ਸ਼ਬਦਾਵਲੀ ਦਾ ਵਿਰੋਧ ਨਹੀਂ ਕਰ ਰਿਹਾ। ਸੰਸਦ `ਚ ਉਨ੍ਹਾਂ ਦੇ ਭਾਸ਼ਣਾਂ `ਚੋਂ ਕੁਝ ਵੀ ਖ਼ਾਰਜ ਨਹੀਂ ਕੀਤਾ ਜਾ ਰਿਹਾ। ਜਦੋਂ ਸਊਦੀ ਅਰਬ ਦਾ ਪੱਤਰਕਾਰ ਜਮਾਲ ਖ਼ਸ਼ੋਗੀ ਮਾਰਿਆ ਜਾਂਦਾ ਹੈ, ਤਾਂ ਮੀਡੀਆ ਇੱਕਜੁਟ ਹੋ ਕੇ ਉਸ ਦੀ ਨਿਖੇਧੀ ਕਰਦਾ ਹੈ ਪਰ ਜਦੋਂ ਸਾਡੇ ਦੇਸ਼ ਵਿੱਚ ਗੌਰੀ ਲੰਕੇਸ਼ ਜਾਂ ਸ਼ੁਜਾਤ ਬੁਖਾਰੀ ਦੀ ਹੱਤਿਆ ਹੋ ਜਾਂਦੀ ਹੈ, ਤਾਂ ਕੋਈ ਬਹੁਤੇ ਪ੍ਰਤੀਕਰਮ ਨਹੀਂ ਆਉਂਦੇ। ਸਰਕਾਰਾਂ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਜੇ ਮੀਡੀਆ ਤੁਹਾਨੂੰ ਸੱਤਾ `ਤੇ ਬਿਠਾ ਸਕਦਾ ਹੈ, ਤਾਂ ਉਹ ਤੁਹਾਨੂੰ ਉੱਥੋਂ ਭੁੰਜੇ ਵੀ ਸੁੱਟ ਸਕਦਾ ਹੈ।`


ਉਦਘਾਟਨੀ ਭਾਸ਼ਣ ਸ੍ਰੀ ਮੋਤੀਲਾਲ ਵੋਰਾ ਨੇ ਦਿੱਤਾ। ਉਨ੍ਹਾਂ ਕਿਹਾ ਕਿ ‘ਨਵਜੀਵਨ`, ‘ਨੈਸ਼ਨਲ ਹੈਰਲਡ` ਅਤੇ ‘ਕੌਮੀ ਆਵਾਜ਼` (ਉਰਦੂ ਐਡੀਸ਼ਨ) ਆਪਣਾ ਪੁਰਾਣਾ ਜਲੌਅ ਮੁੜ ਹਾਸਲ ਕਰਨਗੇ। ‘ਉਨ੍ਹਾਂ ਨੂੰ ਸਾਲ 2016-17 ਦੌਰਾਨ ਡਿਜੀਟਲ ਐਡੀਸ਼ਨਾਂ ਵਜੋਂ ਮੁੜ-ਸ਼ੁਰੂ ਕੀਤਾ ਗਿਆ ਸੀ।`


ਸਰਬਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਆਸ਼ਾ ਕੁਮਾਰੀ ਤੇ ਸਕੱਤਰ ਹਰੀਸ਼ ਚੌਧਰੀ ਨੇ ਅੱਜ ਸ੍ਰੀ ਰਾਹੁਲ ਗਾਂਧੀ ਨਾਲ ਸਟੇਜ ਸਾਂਝੀ ਕੀਤੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi Govt making Media a Paper Lion Rahul Gandhi