ਮੋਗਾ ਪੁਲਿਸ ਨੇ ਐਤਵਾਰ ਨੂੰ ਫ਼ਾਜ਼ਿਲਕਾ ਜ਼ਿਲ੍ਹੇ 'ਚ ਭਾਰਤ-ਪਾਕਿਸਤਾਨ ਸਰਹੱਦ ਨੇੜਿਉਂ 2.05 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਕਾਰਵਾਈ ਜ਼ਿਲ੍ਹਾ ਪੁਲਿਸ ਨੇ ਬੀਐਸਐਫ ਦੇ ਜਵਾਨਾਂ ਨਾਲ ਮਿਲ ਕੇ ਕੀਤੀ।
ਮੋਗਾ ਪੁਲਿਸ ਨੇ ਨਸ਼ਾ ਸਮੱਗਰੀ ਬਾਰੇ ਬੀਐਸਐਫ ਨੂੰ ਜਾਣਕਾਰੀ ਸਾਂਝੀ ਕੀਤੀ ਸੀ। ਵਿਸ਼ੇਸ਼ ਚੈਕਿੰਗ ਦੌਰਾਨ ਬੀਓਪੀ ਮੋਹਰ ਸੋਨਾ ਗੇਟ ਨੇੜੇਉਂ ਜਾਂਚ ਟੀਮ ਨੇ ਦੋ ਪਲਾਸਟਿਕ ਦੀਆਂ ਬੋਤਲਾਂ 'ਚ ਹੈਰੋਇਨ ਬਰਾਮਦ ਕੀਤੀ।
ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪਾਕਿਸਤਾਨ ਦੇ ਨਸ਼ਾ ਤਸਕਰਾਂ ਵੱਲੋਂ ਦੋ ਬੋਤਲਾਂ ਵਿੱਚ ਛੁਪਾਈ ਗਈ 2.05 ਕਿੱਲੋਗ੍ਰਾਮ ਹੈਰੋਇਨ ਭਾਰਤ ਵਾਲੇ ਪਾਸੇ ਇੱਕ ਕਣਕ ਦੇ ਖੇਤ 'ਚੋਂ ਬਰਾਮਦ ਹੋਈ।
ਹਰਮਨਬੀਰ ਸਿੰਘ ਗਿੱਲ ਨੇ ਕਿਹਾ, "ਜ਼ਿਲ੍ਹਾ ਪੁਲਿਸ ਅਤੇ ਬੀਐਸਐਫ ਦੀ ਮੁਸਤੈਦੀ ਨੇ ਇੱਕ ਵਾਰ ਫਿਰ ਦੇਸ਼ ਵਿਰੋਧੀ ਅਨਸਰਾਂ ਨੂੰ ਭਾਰਤ 'ਚ ਅੰਜਾਮ ਦੇਣ ਵਾਲੀ ਗਲਤ ਗਤੀਵਿਧੀਆਂ ਨੂੰ ਅਸਫਲ ਕਰ ਦਿੱਤਾ ਹੈ। ਇਹ ਹੈਰੋਇਨ ਸੂਬੇ 'ਚ ਵੱਖ-ਵੱਖ ਥਾਵਾਂ 'ਤੇ ਸਪਲਾਈ ਕੀਤੀ ਜਾਣੀ ਸੀ। ਭਵਿੱਖ 'ਚ ਵੀ ਪੰਜਾਬ ਪੁਲਿਸ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤੇ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ਜਾਰੀ ਰਹੇਗੀ।"
ਉਨ੍ਹਾਂ ਦੱਸਿਆ ਕਿ ਥਾਣਾ ਸਦਰ ਮੋਗਾ ਵਿਖੇ ਅਣਪਛਾਤੇ ਨਸ਼ਾ ਤਸਕਰਾਂ ਵਿਰੁੱਧ ਐਨਡੀਪੀਐਸ ਐਕਟ ਦੀ ਧਾਰਾ 21-61-85 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ, ਜੋ ਨਸ਼ਾ ਸੁੱਟ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਸਨ।