ਮੋਗਾ ਪੁਲਿਸ ਨੇ ਮੰਗਲਵਾਰ ਨੂੰ ਭਾਰਤ-ਪਾਕਿਸਤਾਨ ਸਰਹੱਦ 'ਤੇ ਫ਼ਿਰੋਜ਼ਪੁਰ ਜ਼ਿਲ੍ਹੇ 'ਚ ਬਾਰਡਰ ਚੌਕੀ (ਬੀਓਪੀ) ਬਾਰੇਕੇ ਨੇੜੇ ਕਣਕ ਦੇ ਖੇਤਾਂ 'ਚੋਂ 4.2 ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਕਾਰਵਾਈ ਜ਼ਿਲ੍ਹਾ ਪੁਲਿਸ ਨੇ ਬਾਰਡਰ ਸਿਕਿਉਰਿਟੀ ਫ਼ੋਰਸ (ਬੀਐਸਐਫ) ਦੇ ਸਹਿਯੋਗ ਨਾਲ ਕੀਤੀ ਗਈ।
ਸੀਨੀਅਰ ਪੁਲਿਸ ਮੁਖੀ (ਐਸਐਸਪੀ) ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਹਾਲ ਹੀ ਵਿੱਚ ਫ਼ਿਰੋਜ਼ਪੁਰ ਦੇ ਇੱਕ ਨਸ਼ਾ ਤਸਕਰ ਬਗੀਚਾ ਸਿੰਘ ਨੂੰ ਧਰਮਕੋਟ ਬੱਸ ਸਟੈਂਡ ਤੋਂ ਕਾਬੂ ਕੀਤਾ ਗਿਆ ਸੀ ਅਤੇ ਉਸ ਦੇ ਕਬਜ਼ੇ ਵਿੱਚੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਪੁੱਛਗਿੱਛ ਦੌਰਾਨ ਬਗੀਚਾ ਨੇ ਦੱਸਿਆ ਸੀ ਕਿ ਉਸ ਦੇ ਪਾਕਿਸਤਾਨੀ ਨਸ਼ਾ ਤਸਕਰਾਂ ਨਾਲ ਸਬੰਧ ਹਨ।
ਉਸ ਨੇ ਖੁਲਾਸਾ ਕੀਤਾ ਕਿ ਹੈਰੋਇਨ ਅਤੇ ਇੱਕ ਪਿਸਤੌਲ ਭਾਰਤ-ਪਾਕਿ ਸਰਹੱਦ ਨੇੜੇ ਪਾਕਿਸਤਾਨ ਤੋਂ ਉਸ ਦੇ ਖੇਤਾਂ 'ਚ ਪਹੁੰਚਾਈ ਗਈ ਹੈ। ਜ਼ਿਲ੍ਹਾ ਪੁਲਿਸ ਨੇ ਬੀਐਸਐਫ ਦੇ ਜਵਾਨਾਂ ਨਾਲ ਮੁਹਿੰਮ ਚਲਾਈ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਬੀਓਪੀ ਬਾਰੇਕੇ ਨੇੜੇ ਲੁਕੋ ਕੇ ਰੱਖੀ ਗਈ ਕੋਲਡ ਡਰਿੰਕ ਦੀਆਂ ਚਾਰ ਬੋਤਲਾਂ 'ਚ ਪਾਈ 4.2 ਕਿੱਲੋ ਹੈਰੋਇਨ ਅਤੇ ਇੱਕ ਪਿਸਤੌਲ ਮਿਲੀ।
ਬਗੀਚਾ ਨੂੰ ਪਿਛਲੇ ਸਾਲ ਵੀ ਇੱਕ ਕਿੱਲੋ ਤੋਂ ਵੱਧ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ। ਬਗੀਚਾ ਦਾ ਭਰਾ ਅਮਰੀਕ ਸਿੰਘ ਪਹਿਲਾਂ ਹੀ ਨਸ਼ਾ ਤਸਕਰੀ ਦੇ ਦੋਸ਼ ਹੇਠ ਜੇਲ ਵਿੱਚ ਬੰਦ ਹੈ। ਪੁੱਛਗਿੱਛ ਅਨੁਸਾਰ ਮੁਲਜ਼ਮ ਦੋ ਪਾਕਿਸਤਾਨੀ ਤਸਕਰਾਂ ਨਾਲ ਸਬੰਧ ਰੱਖਦਾ ਹੈ ਅਤੇ ਇੰਟਰਨੈੱਟ ਰਾਹੀਂ ਉਨ੍ਹਾਂ ਨਾਲ ਗੱਲ ਕਰਨ ਲਈ ਇਸਤੇਮਾਲ ਕਰਦੇ ਹਨ। ਮੁਲਜ਼ਮ ਵਿਰੁੱਧ ਥਾਣਾ ਧਰਮਕੋਟ ਪੁਲਿਸ ਨੇ ਐਨਡੀਪੀਐਸ ਐਕਟ ਦੀ ਧਾਰਾ 21-61-85 ਅਧੀਨ ਕੇਸ ਦਰਜ ਕੀਤਾ ਹੈ।