ਪੰਜਾਬ ਪੁਲਿਸ ਦੀ ਸਾਈਬਰ ਅਪਰਾਧਾਂ ਨਾਲ ਨਿਪਟਣ ਵਾਲੀ ਇਕਾਈ ਨੇ ਮੋਹਾਲੀ ਦੇ ਇੱਕ ਪੱਬ ‘ਦਿ ਬ੍ਰਿਯੂ-ਮਾਸਟਰ` ਦੇ ਪ੍ਰਬੰਧਕਾਂ ਤੇ ਮੁਲਾਜ਼ਮਾਂ (ਖ਼ਾਸ ਕਰਕੇ ਵੇਟਰਾਂ ਭਾਵ ਬੈਰਿਆਂ) ਤੋਂ ਪੁੱਛਗਿੱਛ ਕੀਤੀ। ਸ਼ੱਕ ਹੈ ਕਿ ਮੋਹਾਲੀ `ਚ ਪਿਛਲੇ ਕੁਝ ਦਿਨਾਂ ਤੋਂ ਏਟੀਐੱਮ ਕਾਰਡਾਂ ਦੀ ਜਿਹੜੀ ਕਲੋਨਿੰਗ ਹੋਣ ਅਤੇ 11 ਬੈਂਕ ਖਾਤਾ-ਧਾਰਕਾਂ ਦੇ ਖਾਤਿਆਂ `ਚੋਂ ਮੋਹਾਲੀ ਅਤੇ ਖਰੜ ਦੇ ਏਟੀਐੱਮਜ਼ `ਚੋਂ ਛੇ ਲੱਖ ਰੁਪਏ ਕਢਵਾਉਣ ਦੀਆਂ ਖ਼ਬਰਾਂ ਆਈਆਂ ਸਨ; ਉਹ ਸਾਰਾ ਗ਼ੈਰ-ਕਾਨੂੰਨੀ ਕੰਮ ਕਥਿਤ ਤੌਰ `ਤੇ ਇਸੇ ਪੱਬ `ਚ ਹੀ ਹੋਇਆ ਹੈ।
ਇਸ ਪੱਬ ਦੇ ਇੱਕ ਮੁਲਾਜ਼ਮ ਦੇ ਇਸ ਗ਼ੈਰ-ਕਾਨੂੰਨੀ ਕੰਮ ਵਿੱਚ ਸ਼ਾਮਲ ਹੋਣ ਦਾ ਸ਼ੱਕ ਪੁਲਿਸ ਨੂੰ ਹੈ ਕਿਉਂਕਿ ਉਹੀ ਇਸ ਪੱਬ `ਚ ਗਾਹਕਾਂ ਦੇ ਕਾਰਡ ਸਵਾਈਪ ਕਰਦਾ ਰਿਹਾ ਹੈ ਅਤੇ ਹੁਣ ਉਹ ਗ਼ਾਇਬ ਹੈ।
ਪੁਲਿਸ ਨੇ ਹਾਲੇ ਏਟੀਐੱਮ ਕਾਰਡ ਕਲੋਨਿੰਗ ਤੋਂ ਪ੍ਰਭਾਵਿਤ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਸਾਹਮਣੇ ਆਉਣ ਦਾ ਖ਼ਦਸ਼ਾ ਪ੍ਰਗਟਾਇਆ ਹੈ।
ਐੱਚਡੀਐੱਫ਼ਸੀ ਦੇ ਅਧਿਕਾਰੀਆਂ ਵੱਲੋਂ ਦਿੱਤੀਆਂ ਸਿ਼ਕਾਇਤਾਂ ਅਨੁਸਾਰ ਵੀ ਇਹ ਜਾਅਲੀ ਏਟੀਐੱਮ ਕਾਰਡ ਫ਼ੇਸ-5 ਦੇ ਉਸੇ ਪੱਬ `ਤੇ ਹੀ ਤਿਅਰਾ ਹੁੰਦੇ ਰਹੇ ਸਨ। ਪੁਲਿਸ ਅਧਿਕਾਰੀ ਇਸ ਵੇਲੇ ਇਸ ਮਾਮਲੇ ਦੀ ਬਾਰੀਕਬੀਨੀ ਨਾਲ ਤਹਿਕੀਕਾਤ ਕਰ ਰਹੇ ਹਨ।
ਸਾਈਬਰ ਅਪਰਾਧਾਂ ਬਾਰੇ ਐੱਸਐੱਚਓ ਸਮਰਪਾਲ ਸਿੰਘ ਨੇ ‘ਹਿੰਦੁਸਤਾਨ ਟਾਈਮਜ਼` ਨੂੰ ਦੱਸਿਆ ਕਿ ਹਾਲੇ ਕੁਝ ਹੋਰ ਪੀੜਤਾਂ ਦੇ ਸਾਹਮਣੇ ਆਉਣ ਦੇ ਖ਼ਦਸ਼ੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹੁਣ ਸਟੇਟ ਬੈਂਕ ਆਫ਼ ਇੰਡੀਆ, ਕੇਨਰਾ, ਐੱਚਡੀਐੱਫ਼ਸੀ ਅਤੇ ਆਈਸੀਆਈਸੀਆਈ ਨੂੰ ਲਿਖਿਆ ਗਿਆ ਹੈ ਕਿ ਉਹ ਵੀ ਇਸ ਧੋਖਾਧੜੀ ਦੇ ਸਿ਼ਕਾਰ ਹੋਏ ਆਪਣੇ ਗਾਹਕਾਂ/ਖਪਤਕਾਰਾਂ ਦੀ ਅਸਲ ਗਿਣਤੀ ਦਾ ਪਤਾ ਲਾਉਣ।
ਸਾਈਬਰ ਕ੍ਰਾਈਮ ਦੇ ਡੀਐੱਸਪੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੋਹਾਲੀ ਦੇ ਪੱਬ ਦਾ ਜਿਹੜਾ ਸ਼ੱਕੀ ਮੁਲਾਜ਼ਮ ਗ਼ਾਇਬ ਹੈ, ਉਹ ਉੱਤਰ ਪ੍ਰਦੇਸ਼ ਦਾ ਹੈ ਤੇ ਉਹੀ ਇਸ ਪੱਬ `ਚ ਗਾਹਕਾਂ ਦੇ ਕਾਰਡ ਸਵਾਈਪ ਕਰਦਾ ਹੁੰਦਾ ਸੀ। ਪਰ ਹਾਲੇ ਤੱਕ ਉਸ ਦੀ ਸ਼ਮੂਲੀਅਤ ਦਾ ਕੋਈ ਪੁਖ਼ਤਾ ਸਬੂਤ ਹੱਥ ਨਹੀਂ ਲੱਗਾ ਹੈ; ਪੁਲਿਸ ਹਾਲੇ ਇਸ ਸਬੰਧੀ ਸਿਰਫ਼ ਸ਼ੰਕੇ ਹੀ ਪ੍ਰਗਟ ਕੀਤੇ ਜਾ ਰਹੇ ਹਨ।