35 ਵਰ੍ਹੇ ਪਹਿਲਾਂ ਅੱਜ ਦੇ ਦਿਨ ਤੋਂ ਹੀ ਭਾਰਤ ਦੀ ਰਾਜਧਾਨੀ ਨਵੀ਼ ਦਿੱਲੀ ’ਚ ਸਿੱਖਾਂ ਦਾ ਕਤਲੇਆਮ ਸ਼ੁਰੂ ਹੋ ਗਿਆ ਸੀ। ਦੋ–ਤਿੰਨ ਦਿਨਾਂ ਤੱਕ ਕਿਵੇਂ ਵੱਡੀਆਂ ਭੀੜਾਂ ਨੇ ਸਿੱਖਾਂ ਨੂੰ ਘਰਾਂ ’ਚੋਂ ਬਾਹਰ ਕੱਢ ਕੇ ਕੋਹ–ਕੋਹ ਕੇ ਮਾਰਿਆ ਸੀ। ਬਹੁਤਿਆਂ ਨੂੰ ਜਿਊਂਦੇ ਜੀਅ ਸਾੜ ਦਿੱਤਾ ਗਿਆ ਸੀ। ਦਰਅਸਲ, ਤਦ ਅਜਿਹਾ ਭਾਣਾ ਉਦੋਂ ਦੇ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ 31 ਅਕਤੂਬਰ, 1984 ਨੂੰ ਹੋਏ ਕਤਲ ਤੋਂ ਬਾਅਦ ਵਰਤਿਆ ਸੀ।
ਇਸ ਮੌਕੇ ‘ਹਿੰਦੁਸਤਾਨ ਟਾਈਮਜ਼’ ਨੇ ਨਵੰਬਰ 1984 ਸਿੱਖ ਕਤਲੇਆਮ ਦੇ ਕੁਝ ਪੀੜਤਾਂ ਨਾਲ ਗੱਲਬਾਤ ਕੀਤੀ। ਅਜਿਹੇ ਇੱਕ ਪੀੜਤ 79 ਸਾਲਾ ਸ੍ਰੀ ਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਤਦ ਬਿਲਕੁਲ ਹੀ ਟੁੱਟ ਕੇ ਰਹਿ ਗਏ ਸਨ, ਜਦੋਂ 1984 ’ਚ ਸਿੱਖ ਕਤਲੇਆਮ ਦੌਰਾਨ ਦਿੱਲੀ ਦੇ ਆਨੰਦ ਪਰਬਤ ਇਲਾਕੇ ’ਚ ਉਨ੍ਹਾਂ ਦੀ ਫ਼ੈਕਟਰੀ ਨੂੰ ਪੂਰੀ ਤਰ੍ਹਾਂ ਸਾੜ ਕੇ ਤਬਾਹ ਕਰ ਦਿੱਤਾ ਗਿਆ ਸੀ।
ਉਸ ਤੋਂ ਬਾਅਦ ਸ੍ਰੀ ਰਾਮਿੰਦਰ ਸਿੰਘ ਮੋਹਾਲੀ ’ਚ ਆ ਗਏ ਸਨ ਤੇ ਇੱਥੇ ਕਿਰਾਏ ਦੀ ਜਗ੍ਹਾ ’ਤੇ ਇੱਕ ਨਿੱਕੀ ਯੂਨਿਟ ਸ਼ੁਰੂ ਕੀਤੀ ਸੀ। ਉਨ੍ਹਾਂ ਦੱਸਿਆ,‘ਉਸ ਤੋਂ ਬਾਅਦ ਅਸੀਂ ਪਰਤ ਕੇ ਨਹੀਂ ਤੱਕਿਆ। ਹੁਣ ਸਾਡੀਆਂ ਕੰਪਨੀਆਂ ਦਾ ਸਮੂਹ ਬਣ ਚੁੱਕਾ ਹੈ; ਜਿਨ੍ਹਾਂ ਦੀ ਟਰਨਓਵਰ 300 ਕਰੋੜ ਰੁਪਏ ਹੈ। ਸਾਡੀ ਇੱਕ ਕੰਪਨੀ ਹੈ ‘ਪ੍ਰੀਤੀਕਾ ਆਟੋ ਇੰਡਸਟ੍ਰੀਜ਼ ਲਿਮਿਟੇਡ’, ਜੋ ਸਟਾਕ ਐਕਸਚੇਂਜ ਵਿੱਚ ਵੀ ਸੂਚੀਬੱਧ ਹੈ।’
ਸ੍ਰੀ ਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਨਿਰਮਾਣ ਇਕਾਈਆਂ ਹੁਣ ਮੋਹਾਲੀ ਤੋਂ ਇਲਾਵਾ ਡੇਰਾ ਬੱਸੀ, ਫ਼ਗਵਾੜਾ ਤੇ ਊਨਾ ’ਚ ਹਨ; ਜਿੱਥੇ 2,400 ਤੋਂ ਵੀ ਵੱਧ ਕਰਮਚਾਰੀ ਕੰਮ ਕਰਦੇ ਹਨ। ਉਨ੍ਹਾਂ ਦੀ ਕੰਪਨੀ ਟਰੱਕਾਂ ਤੇ ਟਰੈਕਟਰਾਂ ਦੇ ਸਪੇਅਰ ਪਾਰਟਸ ਬਣਾਉਂਦੀ ਹੈ। ਉਨ੍ਹਾਂ ਦੀਆਂ ਇਕਾਈਆਂ ਇਹ ਪਾਰਟਸ ਐਸਕਾਰਟਸ, ਮਹਿੰਦਰਾ ਐਂਡ ਮਹਿੰਦਰਾ, ਅਸ਼ੋਕ ਲੇਲੈਂਡ ਅਤੇ ਸਵਰਾਜ ਜਿਹੀਆਂ ਕੰਪਨੀਆਂ ਨੂੰ ਸਪਲਾਈ ਕਰ ਰਹੀਆਂ ਹਨ।
ਪਰ ਕਾਮਯਾਬੀ ਦੀ ਇਸ ਕਹਾਣੀ ਦੇ ਬਾਵਜੂਦ ਉਹ 1984 ਸਿੱਖ ਕਤਲੇਆਮ ਦੇ ਦਰਦ ਹਾਲੇ ਤੱਕ ਭੁਲਾ ਨਹੀਂ ਸਕੇ ਹਨ। IIT ਰੁੜਕੀ ਤੋਂ ਇੰਜੀਨੀਅਰਿੰਗ ਦੀ ਡਿਗਰੀ–ਪ੍ਰਾਪਤ ਸ੍ਰੀ ਰਮਿੰਦਰ ਸਿੰਘ ਦੱਸਦੇ ਹਨ ਕਿ 1 ਨਵੰਬਰ, 1984 ਨੂੰ ਦਿੱਲੀ ’ਚ ਦੰਗੇ ਭੜਕ ਗਏ ਸਨ। ਕਿਸੇ ਪਾਸਿਓਂ ਕੋਈ ਮਦਦ ਨਹੀਂ ਮਿਲ ਰਹੀ ਸੀ।
ਸ੍ਰੀ ਰਮਿੰਦਰ ਸਿੰਘ ਦੇ ਪੁੱਤਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਸਖ਼ਤ ਮਿਹਨਤ ਸਦਕਾ ਉਨ੍ਹਾਂ ਦਾ ਕਾਰੋਬਾਰ ਮੁੜ ਲੀਹ ਉੱਤੇ ਆ ਸਕਿਆ ਸੀ। ਹੁਣ ਕਾਰੋਬਾਰ ਸਗੋਂ ਪਹਿਲਾਂ ਤੋਂ ਵੀ ਕਈ ਗੁਣਾ ਵਧ ਗਿਆ ਹੈ।
ਇਸ ਪਰਿਵਾਰ ਨੂੰ ਆਪਣਾ ਕਾਰੋਬਾਰ ਦੋਬਾਰਾ ਲੀਹ ਉੱਤੇ ਲਿਆਉਣ ਵਿੱਚ ਪੂਰਾ ਇੱਕ ਦਹਾਕਾ ਲੱਗ ਗਿਆ ਸੀ। ਉਨ੍ਹਾਂ 1997 ’ਚ ਡੇਰਾ ਬੱਸੀ ਵਿਖੇ ਆਪਣੀ ਲੋਹੇ ਦੀ ਇੱਕ ਫ਼ਾਊਂਡਰੀ ਖੋਲ੍ਹੀ ਸੀ। ਫਿਰ 2007 ’ਚ ਉਨ੍ਹਾਂ ਨੇ ਊਨਾ ’ਚ ਆਪਣੀ ਇੱਕ ਹੋਰ ਇਕਾਈ ਖੋਲ੍ਹੀ ਸੀ।