ਕੋਰੋਨਾ ਵਾਇਰਸ ਨੇ ਪੰਜਾਬ 'ਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਅੱਜ ਮੋਹਾਲੀ ਵਿਖੇ 69 ਸਾਲਾ ਬਜ਼ੁਰਗ ਔਰਤ ਦੀ ਰਿਪੋਰਟ ਪਾਜੀਟਿਵ ਆਈ ਹੈ। ਇਹ ਔਰਤ ਕੁਝ ਦਿਨ ਪਹਿਲਾਂ ਬ੍ਰਿਟੇਨ (ਯੂ.ਕੇ.) ਤੋਂ ਭਾਰਤ ਪਰਤੀ ਸੀ। ਹੁਣ ਪੰਜਾਬ 'ਚ ਕੋਰੋਨਾ ਦੇ ਕੁਲ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ ਤਿੰਨ ਹੋ ਗਈ ਹੈ।
ਮੋਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਾਨ ਨੇ ਦੱਸਿਆ, "ਮੋਹਾਲੀ ਦੇ ਫ਼ੇਜ਼-3ਏ ਵਾਸੀ ਔਰਤ ਦੀ ਕੋਰੋਨਾ ਵਾਇਰਸ ਦੀ ਰਿਪਰੋਟ ਪਾਜੀਟਿਵ ਆਈ ਹੈ। ਉਹ ਕੁਝ ਦਿਨ ਪਹਿਲਾਂ ਬ੍ਰਿਟੇਨ (ਯੂ.ਕੇ.) ਤੋਂ ਦੇਸ਼ ਆਈ ਸੀ। ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਉਸ ਦੇ ਖੂਨ ਦੇ ਸੈਂਪਲ ਜਾਂਚ ਲਈ ਪੀਜੀਆਈ ਚੰਡੀਗੜ੍ਹ ਵਿਖੇ ਭੇਜੇ ਗਏ ਹਨ। ਫਿਲਹਾਲ ਬਜ਼ੁਰਗ ਔਰਤ ਨੂੰ ਹਸਪਤਾਲ 'ਚ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ।"
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦਾ ਪਹਿਲਾ ਪਾਜੀਟਿਵ ਮਾਮਲਾ ਸਾਹਮਣੇ ਆਇਆ ਸੀ। ਉਸ ਦੇ ਖੂਨ ਦੇ ਸੈਂਪਲਾਂ ਦੀ ਦੋ ਵਾਰ ਜਾਂਚ ਕਰਵਾਈ ਗਈ ਹੈ ਅਤੇ ਦੋਵੇਂ ਵਾਰ ਰਿਪੋਰਟ ਪਾਜੀਟਿਵ ਆਈ ਹੈ। ਉਸ ਨੂੰ ਜੀ.ਐਮ.ਸੀ. ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਹੁਣ ਸਥਿਰ ਹੈ।
ਉੱਧਰ ਬੀਤੇ ਦਿਨੀਂ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 'ਚ ਇੱਕ 70 ਸਾਲਾ ਬਜ਼ੁਰਗ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ। ਬਜ਼ੁਰਗ ਦੋ ਹਫਤੇ ਪਹਿਲੇ ਇਟਲੀ ਹੁੰਦੇ ਹੋਏ ਜਰਮਨੀ ਤੋਂ ਵਾਪਿਸ ਆਇਆ ਸੀ ਅਤੇ ਉਸ ਦੇ ਦਿਲ 'ਚ ਬਹੁਤ ਤੇਜ਼ ਦਰਦ ਹੋਣ ਕਾਰਨ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ।