ਅੱਜ ਪੰਜਾਬ ਦੇ ਬਹੁਤੇ ਹਿੱਸਿਆਂ ਤੇ ਚੰਡੀਗੜ੍ਹ ਦੇ ਵਾਸੀਆਂ ਲਈ ਸਵੇਰ ਕਾਫ਼ੀ ਸੁਹਾਵਣੀ ਰਹੀ ਕਿਉਂਕਿ ਅੱਜ ਵੱਡੇ ਤੜਕੇ ਤੋਂ ਹੀ ਹਲਕੀ ਤੋਂ ਦਰਮਿਆਨੀ ਵਰਖਾ ਸ਼ੁਰੂ ਹੋ ਗਈ ਸੀ। ਇਸ ਨੂੰ ਮਾਨਸੂਨ ਦੀ ਦਸਤਕ ਆਖਿਆ ਜਾ ਰਿਹਾ ਹੈ।
ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼ ਸਮੇਤ ਇਹ ਮੀਂਹ ਸਮੁੱਚੇ ਉੱਤਰੀ ਭਾਰਤ ਵਿੱਚ ਹੀ ਪੈ ਰਿਹਾ ਹੈ।
ਇਸ ਨਾਲ ਸਖ਼ਤ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਅੱਜ ਤੜਕੇ ਹੀ ਬੱਚਿਆਂ ਤੇ ਵੱਡਿਆਂ ਨੇ ਮੀਂਹ ਦਾ ਆਨੰਦ ਲਿਆ ਪਰ ਇਸ ਦੇ ਨਾਲ ਹੀ ਕੁਝ ਨੀਵੇਂ ਇਲਾਕਿਆਂ ਵਿੱਚ ਪਾਣੀ ਖਲੋਣ ਦੀ ਸਮੱਸਿਆ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ।
ਇਸ ਵਾਰ ਸੂਬਾ ਪ੍ਰਸ਼ਾਸਨ ਨੇ ਦਾਅਵੇ ਤਾਂ ਬਥੇਰੇ ਕੀਤੇ ਹਨ ਕਿ ਮਾਨਸੂਨ ਨਾਲ ਨਿਪਟਣ ਲਈ ਅਗਾਊਂ ਇੰਤਜ਼ਾਮ ਕੀਤੇ ਗਏ ਹਨ। ਇਹ ਇੰਤਜ਼ਾਮ ਕਿੰਨੇ ਕੁ ਕੀਤੇ ਗਏ ਹਨ, ਇਸ ਦਾ ਪਤਾ ਅਗਲੇ ਇੱਕ–ਦੋ ਦਿਨਾਂ ਵਿੱਚ ਲੱਗ ਹੀ ਜਾਵੇਗਾ।
ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲਦੀਆਂ ਰਹੀਆਂ ਹਨ ਤੇ ਹਲਕੀ ਕਿਣਮਿਣ–ਕਣੀ (ਬੂੰਦਾ–ਬਾਂਦੀ) ਵੀ ਹੁੰਦੀ ਰਹੀ ਹੈ ਪਰ ਉਸ ਨਾਲ ਸਮੁੱਚੇ ਇਲਾਕੇ ਵਿੱਚ ਮੌਸਮ ਹੁੰਮਸ ਵਾਲਾ ਹੋ ਗਿਆ ਸੀ।
ਪਰ ਅੱਜ ਸਵੇਰੇ ਮੀਂਹ ਦੀਆਂ ਫੁਹਾਰਾਂ ਨੇ ਸਭ ਦਾ ਮਨ ਖ਼ੁਸ਼ ਕਰ ਦਿੱਤਾ। ਕਿਸਾਨ ਵੀ ਇਸ ਮੀਂਹ ਤੋਂ ਖ਼ੁਸ਼ ਹਨ ਕਿਉਂਕਿ ਝੋਨੇ ਦੀ ਫ਼ਸਲ ਲਈ ਇਹ ਮੀਂਹ ਲਾਹੇਵੰਦਾ ਹੈ।
ਉਂਝ ਭਾਵੇਂ ਸਰਕਾਰ ਵੱਲੋਂ ਇਹ ਵੀ ਦਾਅਵੇ ਕੀਤੇ ਜਾ ਰਹੇ ਹਨ ਕਿ ਇਸ ਵਾਰ ਝੋਨੇ ਹੇਠਲਾ ਰਕਬਾ ਕੁਝ ਹੱਦ ਤੱਕ ਘਟਿਆ ਹੈ ਪਰ ਪੰਜਾਬ ਦੇ ਹਾਲੇ ਵੀ ਬਹੁ–ਗਿਣਤੀ ਕਿਸਾਨ ਝੋਨੇ ਤੇ ਕਣਕ ਉੱਤੇ ਹੀ ਆਪਣੀ ਟੇਕ ਤੇ ਨਿਰਭਰਤਾ ਰੱਖ ਰਹੇ ਹਨ।