ਅਗਲੀ ਕਹਾਣੀ

ਰਾਜਧਾਨੀ ਦਿੱਲੀ ਦਾ ਸਭ ਤੋਂ ਖ਼ਤਰਨਾਕ ਇਲਾਕਾ - ਮੰਗੋਲਪੁਰੀ

ਰਾਜਧਾਨੀ ਦਿੱਲੀ ਦਾ ਸਭ ਤੋਂ ਖ਼ਤਰਨਾਕ ਇਲਾਕਾ - ਮੰਗੋਲਪੁਰੀ

ਭਾਰਤ ਦੀ ਰਾਜਧਾਨੀ ਦਿੱਲੀ ਦਾ ਮੰਗੋਲਪੁਰੀ ਇਲਾਕਾ ਉਂਝ ਤਾਂ ਬਹੁਤ ਪ੍ਰਸਿੱਧ ਹੈ ਪਰ ਅੱਜ-ਕੱਲ੍ਹ ਇਹ ਬਦਨਾਮ ਜਿ਼ਆਦਾ ਹੋ ਗਿਆ ਹੈ। ਇੰਨਾ ਬਦਨਾਮ ਕਿ ਇਸ ਨੂੰ ਭਾਰਤ ਦੀ ‘ਅਪਰਾਧ-ਰਾਜਧਾਨੀ` ਤੱਕ ਆਖਿਆ ਜਾਣ ਲੱਗਾ ਹੈ। ਇਸ ਦਾ ਅਨੁਮਾਨ ਤੁਸੀਂ 9 ਲੱਖ ਦੀ ਆਬਾਦੀ ਵਾਲੇ ਇਸ ਇਲਾਕੇ `ਚ ਇੱਕ ਹਫ਼ਤੇ ਦੀ ਪੁਲਿਸ ਰਿਪੋਰਟ ਤੋਂ ਹੀ ਲਾ ਸਕਦੇ ਹੋ, ਜੋ ਇਸ ਪ੍ਰਕਾਰ ਹੈ: ਇੱਕ ਕਤਲ, ਇੱਕ ਬਲਾਤਕਾਰ, 15 ਵਾਹਨ ਚੋਰੀ, ਲੁੱਟ-ਖੋਹ ਦੇ ਛੇ ਮਾਮਲੇ, ਤਿੰਨ ਘਰਾਂ `ਚ ਸੰਨ੍ਹ ਤੇ ਦੋ ਥਾਵਾਂ `ਤੇ ਗੈਂਗਸਟਰ ਜਿਹੇ ਕੁਝ ਗੁੰਡਿਆਂ ਵੱਲੋਂ ਹਿੰਸਕ ਹਮਲੇ।


ਸਰਕਾਰੀ ਰਿਕਾਰਡ ਅਨੁਸਾਰ ਦਿੱਲੀ `ਚ ਸਭ ਤੋਂ ਵੱਧ ਪੁਲਿਸ ਕੇਸ (ਐੱਫ਼ਆਈਆਰਜ਼) ਹੁਣ ਮੰਗੋਲਪੁਰੀ ਇਲਾਕੇ `ਚ ਹੀ ਹੋ ਰਹੇ ਹਨ। ‘ਹਿੰਦੁਸਤਾਨ ਟਾਈਮਜ਼` ਦੇ ਰਿਪੋਰਟਰ ਪ੍ਰਵੇਸ਼ ਲਾਮਾ ਨੇ ਬੀਤੀ 18 ਸਤੰਬਰ ਤੋਂ ਲੈ ਕੇ 25 ਸਤੰਬਰ ਤੱਕ ਪੂਰਾ ਇੱਕ ਹਫ਼ਤਾ ਇਸ ਇਲਾਕੇ `ਚ ਹੀ ਬਿਤਾਇਆ। ਸਥਾਨਕ ਪੁਲਿਸ ਥਾਣੇ `ਚ ਦਰਜ ਹੋਏ ਸਾਰੇ ਕੇਸਾਂ ਦੇ ਵੇਰਵੇ ਲਏ ਗਏ।


ਇਸ ਹਫ਼ਤੇ ਦੌਰਾਨ 600 ਤੋਂ ਵੱਧ ਕਾਲਾਂ ਦੁਖੀ ਬੰਦਿਆਂ ਦੀਆਂ ਆਈਆਂ; ਜਿਨ੍ਹਾਂ ਵਿੱਚੋਂ ਜਿ਼ਆਦਾਤਰ ਸ਼ਰਾਬ ਪੀ ਕੇ ਕੀਤੇ ਗਏ ਹੰਗਾਮਿਆਂ ਨਾਲ ਸਬੰਧਤ ਸਨ। ਕੁਝ ਉਂਝ ਹੀ ਝਗੜਿਆਂ ਲਾਲ ਸਬੰਧਤ ਸਨ।


ਤੁਸੀਂ ਉੱਥੋਂ ਦੇ ਹਾਲਾਤ ਬਾਰੇ 25 ਸਤੰਬਰ ਦੀਆਂ ਕੁਝ ਘਟਨਾਵਾਂ ਤੋਂ ਜਾਣ ਸਕਦੇ ਹੋ - ਸ਼ਾਮੀਂ 5 ਵਜੇ ਇੱਕ ਵਿਅਕਤੀ ਨੇ ਆ ਕੇ ਰਿਪੋਰਟ ਲਿਖਾਈ ਕਿ ਸੰਜੇ ਗਾਂਧੀ ਹਸਪਤਾਲ ਦੇ ਬਾਹਰੋਂ ਉਸ ਦਾ ਸਕੂਟਰ ਚੋਰੀ ਹੋ ਗਿਆ ਹੈ।


ਦੋ ਘੰਟਿਆਂ ਬਾਅਦ ਪੁਲਿਸ ਕੋਲ ਸੂਚਨਾ ਪੁੱਜੀ ਕਿ ਇੱਕ ਈ-ਰਿਕਸ਼ਾ ਚੋਰੀ ਹੋ ਗਿਆ ਹੈ। ਫਿਰ ਅੱਧੇ ਘੰਟੇ ਬਾਰੇ 7:30 ਵਜੇ ਇੱਕ ਵਿਅਕਤੀ ਨੇ ਆ ਕੇ ਸਿ਼ਕਾਇਤ ਕੀਤੀ ਕਿ ਉਸ ਦੀ ਕਾਰ ਦੇ ਸ਼ੀਸ਼ੇ ਭੰਨ ਕੇ ਕਿਸੇ ਨੇ ਅੰਦਰ ਪਈਆਂ ਸਾਰੀਆਂ ਵਸਤਾਂ ਚੋਰੀ ਕਰ ਲਈਆਂ ਹਨ।

ਰਾਜਧਾਨੀ ਦਿੱਲੀ ਦਾ ਸਭ ਤੋਂ ਖ਼ਤਰਨਾਕ ਇਲਾਕਾ - ਮੰਗੋਲਪੁਰੀ


ਰਾਤੀਂ 8:00 ਵਜੇ ਤਿੰਨ ਜਣਿਆਂ ਨੂੰ ਪਾਰਕ `ਚ ਜੂਆ ਖੇਡਦਿਆਂ ਗ੍ਰਿਫ਼ਤਾਰ ਕੀਤਾ ਗਿਆ। ਰਾਤੀਂ 9 ਵਜੇ ਇੱਕ ਹੋਰ ਈ-ਰਿਕਸ਼ਾਾ ਚੋਰੀ ਹੋ ਗਿਆ। ਆਖ਼ਰ ਇਹ ਸ਼ਾਮ 17 ਸਾਲਾਂ ਦੇ ਇੰਕ ਲੜਕੇ ਦੇ ਕਤਲ ਨਾਲ ਖ਼ਤਮ ਹੋਈ। ਉਸ ਦੀ ਜੀਵਨ ਲੀਲਾ ਚਾਕੂ ਮਾਰ ਕੇ ਖ਼ਤਮ ਕੀਤੀ ਗਈ ਸੀ। ਪੁਲਿਸ ਰਿਕਾਰਡ ਇਸ ਗੱਲ ਦਾ ਗਵਾਹ ਸੀ ਕਿ ਮਾਰੇ ਗਏ ਉਸ ਗਭਰੂ ਦਾ ਵੀ ਆਪਣਾ ਇੱਕ ਪੁਰਾਣਾ ਅਪਰਾਧਕ ਰਿਕਾਰਡ ਸੀ।


ਭਾਰਤ ਦੇ ਇਸ ਪ੍ਰਮੁੱਖ ਮਹਾਂਨਗਰ ਦੇ ਮੰਗੋਲਪੁਰੀ ਇਲਾਕੇ `ਚ ਬਹੁਤ ਸਾਰੇ ਨਾਬਾਲਗ਼ਾਂ ਦੇ ਅਪਰਾਧ ਰਿਕਾਰਡ ਤੇ ਮੁਜਰਮਾਨਾ ਇਤਿਹਾਸ ਹਨ। ਉਸ ਦਿਨ ਮਾਰੇ ਗਏ ਨੌਜਵਾਨ ਦਾ ਵੀ ਅਜਿਹਾ ਇੱਕ ਇਤਿਹਾਸ ਸੀ। ਉਸ ਨੂੰ ਉਸ ਦੇ ਆਪਣੇ ਹੀ ਚਾਕੂ ਨਾਲ ਕਤਲ ਕੀਤਾ ਗਿਆ ਸੀ। ਕੋਈ ਵੀ ਸਹਿਜੇ ਹੀ ਸਾਰੇ ਹਾਲਾਤ ਬਾਰੇ ਸੋਚ ਸਕਦਾ ਹੈ ਕਿ - 17 ਵਰ੍ਹਿਆਂ ਦਾ ਇੱਕ ਮੁੰਡਾ ਆਪਣੇ ਨਾਲ ਚਾਕੂ ਲੈ ਕੇ ਜਾ ਰਿਹਾ ਹੈ। ਝਗੜੇ ਦੌਰਾਨ ਉਸ ਦਾ ਚਾਕੂ ਬਾਹਰ ਡਿੱਗ ਪੈਂਦਾ ਹੈ ਤੇ ਸਾਹਮਣੇ ਵਾਲਾ ਹਮਲਾਵਰ ਉਸੇ ਚਾਕੂ ਨਾਲ ਉਸ ਦੀ ਜਾਨ ਲੈ ਲੈਂਦਾ ਹੈ।


ਮੰਗੋਲਪੁਰੀ ਪੁਲਿਸ ਥਾਣੇ `ਚ ਇਸ ਸਾਲ ਹੁਣ ਤੱਕ 800 ਤੋਂ ਵੱਧ ਕੇਸ ਦਰਜ ਹੋ ਚੁੱਕੇ ਹਨ। ਇਸ ਦੇ ਮੁਕਾਬਲੇ ਦੱਖਣੀ ਦਿੱਲੀ ਦੀ ਡਿਫ਼ੈਂਸ ਕਾਲੋਨੀ `ਚ 125 ਮਾਮਲੇ ਦਰਜ ਹੋਏ ਹਨ। ਦਿੱਲੀ ਦਾ ਸਭ ਤੋਂ ਸੁਰੱਖਿਅਤ ਇਲਾਕਾ ਤੁਗ਼ਲਕ ਰੋਡ ਮੰਨਿਆ ਜਾ ਸਕਦਾ ਹੈ ਕਿਉਂਕਿ 90 ਕੇਸ ਦਰਜ ਹੋਏ ਹਨ; ਉਨ੍ਹਾਂ ਵਿੱਚੋਂ ਵੀ ਜਿ਼ਆਦਾਤਰ ਸੜਕ ਹਾਦਸੇ ਤੇ ਛੋਟੀਆਂ ਚੋਰੀਆਂ ਹਨ। ਕਤਲ ਜਾਂ ਡਕੈਤੀ ਵਰਗੀ ਕੋਈ ਵਾਰਦਾਤ ਇਸ ਸਾਲ ਇੱਥੇ ਨਹੀਂ ਵਾਪਰੀ।


ਪੁਲਿਸ ਰਿਕਾਰਡ ਅਨੁਸਾਰ ਇਸ ਇਲਾਕੇ `ਚ ਮਾੜੇ ਚਰਿੱਤਰ ਵਾਲੇ 325 ਵਿਅਕਤੀ ਰਹਿ ਰਹੇ ਹਨ। ਮੰਗੋਲਪੁਰੀ ਥਾਣੇ `ਚ 140 ਪੁਲਿਸ ਮੁਲਾਜ਼ਮ ਤੇ ਅਧਿਕਾਰੀ ਹਨ; ਜਿਨ੍ਹਾਂ ਵਿੱਚ 60 ਕਾਂਸਟੇਬਲ, 40 ਹੌਲਦਾਰ, 25 ਏਐੱਸਆਈ, ਪੰਜ ਸਬ-ਇੰਸਪੈਕਟਰ ਤੇ ਤਿੰਨ ਇੰਸਪੈਕਟਰ ਹਨ।

ਰਾਜਧਾਨੀ ਦਿੱਲੀ ਦਾ ਸਭ ਤੋਂ ਖ਼ਤਰਨਾਕ ਇਲਾਕਾ - ਮੰਗੋਲਪੁਰੀ 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Most dangerous area of Captial Delhi is Mangolpuri