ਪੰਜਾਬ ਤੇ ਹਰਿਆਣਾ ਪੁਲਿਸ ਦੇ ਨਾਲ–ਨਾਲ ਕੌਮੀ ਜਾਂਚ ਏਜੰਸੀ (NIA) ਦੀ ਸਾਂਝੀ ਕਾਰਵਾਈ ਵਿੱਚ ਅੱਜ ਨਸ਼ਿਆਂ ਦਾ ਮੋਸਟ–ਵਾਂਟੇਡ ਸਮੱਗਲਰ ਰਣਜੀਤ ਸਿੰਘ ਉਰਫ਼ ਚੀਤਾ, ਉਸ ਦਾ ਭਰਾ ਗਗਨਦੀਪ ਸਿੰਘ ਤੇ ਇੱਕ ਰਿਸ਼ਤੇਦਾਰ ਗੁਰਮੀਤ ਸਿੰਘ ਨੂੰ ਅੱਜ ਸਨਿੱਚਰਵਾਰ ਸਵੇਰੇ ਗ੍ਰਿਫ਼਼ਤਾਰ ਕਰ ਲਿਆ ਗਿਆ ਹੈ।
ਪੁਲਿਸ ਮੁਤਾਬਕ ਰਣਜੀਤ ਸਿੰਘ ਚੀਤਾ 532 ਕਿਲੋਗ੍ਰਾਮ ਹੈਰੋਇਨ ਸਮੱਗਲਰ ਦੇ ਮਾਮਲੇ ਵਿੱਚ ਲੋੜੀਂਦਾ ਸੀ। ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਸਿਰਸਾ ਦੇ ਐੱਸਐੱਸਪੀ ਸ੍ਰੀ ਅਰੁਣ ਨਹਿਰਾ ਨੇ ਡ੍ਰੱਗ ਸਮੱਗਲਰਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਐੱਨਆਈ, ਪੰਜਾਬ ਪੁਲਿਸ ਤੇ ਹਰਿਆਣਾ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਐੱਨਆਈਏ ਨੇ 532 ਕਿਲੋਗ੍ਰਾਮ ਹੈਰੋਇਨ ਦੀ ਬਰਾਮਦਗੀ ਦੇ ਮਾਮਲੇ ਵਿੱਚ ਐੱਫ਼ਆਈਆਰ ਨੰਬਰ 18 ਦਾਇਰ ਕੀਤੀ ਸੀ। ਉਹ ਅੰਮ੍ਰਿਤਸਰ ਪੁਲਿਸ ਨੂੰ ਵੀ ਲੋੜੀਂਦਾ ਸੀ।
ਪੁਲਿਸ ਅਧਿਕਾਰੀ ਅਨੁਸਾਰ ਰਣਜੀਤ ਸਿੰਘ ਚੀਤਾ ਦਾ ਸਬੰਧ ਪਾਕਿਸਤਾਨ ਸਥਿਤ ਅੱਤਵਾਦੀ ਜੱਥੇਬੰਦੀ ਹਿਜ਼ਬੁਲ ਮੁਜਾਹਿਦੀਨ ਨਾਲ ਸੀ ਤੇ ਉਹ ਕਥਿਤ ਤੌਰ ਉੱਤੇ ਦਹਿਸ਼ਤਗਰਦਾਂ ਲਈ ਫ਼ੰਡ ਵੀ ਇਕੱਠੇ ਕਰਦਾ ਰਹਿੰਦਾ ਸੀ। ਉਸ ਨੂੰ ਪਹਿਲਾਂ 10 ਵੱਖੋ–ਵੱਖਰੇ ਮਾਮਲਿਆਂ ਵਿੱਚ ਜ਼ਮਾਨਤ ਮਿਲ ਚੁੱਕੀ ਹੈ।
ਪੰਜਾਬ ਤੇ ਹਰਿਆਣਾ ਦੀ ਪੁਲਿਸ ਦੇ ਨਾਲ ਨਾਲ ਐੱਨਆਈਏ ਕੋਲ ਵੀ ਖੁਫ਼ੀਆ ਜਾਣਕਾਰੀ ਸੀ ਕਿ ਰਣਜੀਤ ਸਿੰਘ ਚੀਤਾ ਪਿੰਡ ਬੇਗੂ ਦੇ ਇੱਕ ਮਕਾਨ ਵਿੱਚ ਲੁਕਿਆ ਹੋਇਆ ਹੈ। ਉਹ ਉੱਥੇ ਪਿਛਲੇ ਸੱਤ–ਅੱਠ ਮਹੀਨਿਆਂ ਤੋਂ ਰਹਿੰਦਾ ਰਿਹਾ ਹੈ।
ਉਸ ਨੇ ਵੈਦਵਾਲਾ ਪਿੰਡ ਦੇ ਨਿਵਾਸੀ ਗੁਰਮੀਤ ਸਿੰਘ ਦੀ ਮਦਦ ਨਾਲ ਕਮਰਾ ਕਿਰਾਏ ’ਤੇ ਲਿਆ ਸੀ।