13 ਕਤਲਾਂ, 3 ਕਾਤਲਾਨਾ ਹਮਲਿਆਂ ਤੇ ਡਕੈਤੀਆਂ ਦੇ ਕਈ ਮਾਮਲਿਆਂ ’ਚ ਪੰਜਾਬ, ਚੰਡੀਗੜ੍ਹ, ਹਰਿਆਣਾ, ਰਾਜਸਥਾਨ ਤੇ ਦਿੱਲੀ ਦੀ ਪੁਲਿਸ ਨੂੰ ਲੋੜੀਂਦੇ ‘ਮੋਸਟ ਵਾਂਟੇਡ’ ਗੈਂਸਟਰ ਰਾਜੂ ਬਿਸੌਦੀ ਨੂੰ ਥਾਈਲੈਂਡ ਤੋਂ ਬੀਤੇ ਦਿਨੀਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਗੈਂਗਸਟਰ ਸਾਲ 2017 ’ਚ ਦੇਸ਼ ਤੋਂ ਫ਼ਰਾਰ ਹੋ ਕੇ ਥਾਈਲੈਂਡ ਚਲਾ ਗਿਆ ਸੀ। ਹੁਣ ਵੀ ਇਹ ਉੱਥੇ ਬੈਠਾ ਹੀ ਫ਼ੋਨ ਉੱਤੇ ਆਪਣਾ ਗਿਰੋਹ ਚਲਾ ਕੇ ਕਤਲਾਂ ਤੇ ਡਕੈਤੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ।
ਰਾਜੂ ਬਿਸੌਦੀ ਨੂੰ ਲੱਗਦਾ ਸੀ ਕਿ ਥਾਈਲੈਂਡ ’ਚ ਭਾਰਤੀ ਕਾਨੂੰਨ ਦੇ ਲੰਮੇ ਹੱਥੇ ਉਸ ਤੱਕ ਕਦੇ ਨਹੀਂ ਪੁੱਜ ਸਕਣਗੇ। ਹਰਿਆਣਾ ਪੁਲਿਸ ਨੇ ਹੁਣ ਗੈਂਗਸਟਰ ਰਾਜੂ ਬਿਸੌਦੀ ਦੀ ਗ੍ਰਿਫ਼ਤਾਰੀ ਥਾਈਲੈਂਡ ਪੁਲਿਸ ਦੀ ਮਦਦ ਨਾਲ ਕੀਤੀ ਹੈ।
ਰਾਜੂ ਬਿਸੌਦੀ ਬਾਰੇ ਇਹ ਵੀ ਪਤਾ ਲੱਗਾ ਹੈ ਕਿ ਉਹ ਪਹਿਲਾਂ ਤੋਂ ਗ੍ਰਿਫ਼ਤਾਰ ਇੱਕ ਹੋਰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਖ਼ਾਸਮ–ਖ਼ਾਸ ਹੈ ਤੇ ਹਰਿਆਣਾ ਦੇ ਸ਼ਹਿਰ ਸੋਨੀਪਤ ਦਾ ਰਹਿਣ ਵਾਲਾ ਹੈ।
ਤੁਹਾਨੂੰ ਚੇਤੇ ਹੋਵੇਗਾ ਕਿ ਚੰਡੀਗੜ੍ਹ ’ਚ ਪਿਛਲੇ ਸਾਲ ਰਾਜੂ ਸੋਨੂੰ ਸ਼ਾਹ ਦਾ ਕਤਲ ਹੋ ਗਿਆ ਸੀ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਆਪਣੇ ਪ੍ਰੋਡਕਸ਼ਨ ਵਾਰੰਟ ਦੌਰਾਨ ਇਹੋ ਦੱਸਿਆ ਸੀ ਕਿ ਰਾਜੂ ਸੋਨੂੰ ਸ਼ਾਹ ਦਾ ਕਤਲ ਰਾਜੂ ਬਿਸੌਦੀ ਦੇ ਕਿਸੇ ਨਿਸ਼ਾਨੇਬਾਜ਼ ਨੇ ਕੀਤਾ ਸੀ। ਲਾਰੈਂਸ ਬਿਸ਼ਨੋਈ ਦੇ ਕਹਿਣ ’ਤੇ ਹੀ ਰਾਜੂ ਬਿਸੌਦੀ ਥਾਈਲੈਂਡ ’ਚ ਰਹਿ ਕੇ ਆਪਣਾ ਗਿਰੋਹ ਚਲਾ ਰਿਹਾ ਸੀ।
ਇੰਝ ਹੀ ਬੀਤੇ ਵਰ੍ਹੇ 2 ਦਸੰਬਰ ਨੂੰ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਸਬੇ ਮਲੋਟ ’ਚ ਬਠਿੰਡਾ ਰੋਡ ਉੱਤੇ ਇੱਕ ‘ਗੈਂਗਸਟਰ’ ਮਨਪ੍ਰੀਤ ਸਿੰਘ ਉਰਫ਼ ਮੰਨਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇੱਕ ਜਿੰਮ ਅੰਦਰ ਮੰਨਾ ਦੀ ਛਾਤੀ ’ਚ ਸੱਤ ਗੋਲ਼ੀਆਂ ਮਾਰੀਆਂ ਗਈਆਂ ਸਨ। ਤਦ ਰਾਜੂ ਬਿਸੌਦੀ ਨੇ ਹੀ ਉਸ ਕਤਲ ਦੀ ਵੀ ਜ਼ਿੰਮੇਵਾਰੀ ਲਈ ਸੀ।