ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਅੱਜ ਬੁੱਧਵਾਰ ਨੂੰ ਗਮਾਡਾ ਵੱਲੋਂ 7.5 ਕਰੋੜ ਦੀ ਲਾਗਤ ਨਾਲ ਸੈਕਟਰ-65 ਏ ਵਿਖੇ ਬਣਾਈ ਜਾਣ ਵਾਲੀ ਮੋਟਰ ਮਾਰਕੀਟ ਦਾ ਨੀਂਹ ਪੱਥਰ ਵੀ ਰੱਖਿਆ। ਦੱਸ ਦੇਈਏ ਕਿ ਇਸ ਮਾਰਕੀਟ ਦੇ ਬਣਨ ਨਾਲ ਸ਼ਹਿਰ ਦੇ ਸਾਰੇ ਮੋਟਰ ਮਕੈਨਿਕ, ਟਰੱਕ ਮਕੈਨਿਕ, ਡੈਂਟਿੰਗ ਪੇਂਟਿੰਗ ਅਤੇ ਸਪੇਅਰ ਪਾਰਟਸ ਦਾ ਕੰਮ ਕਰਨ ਵਾਲੇ ਮਕੈਨਿਕ ਇਕੋ ਥਾਂ ’ਤੇ ਉਪਲਬਧ ਹੋ ਸਕਣਗੇ।
ਇਸ ਤੋਂ ਪਹਿਲਾਂ ਰਾਣਾ ਨੇ ਤਕਨੀਕੀ ਸਿੱਖਿਆ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿਦਿਆਰਥੀਆਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਜਾਤੜੀ ਦੇ ਸਮਾਰਟ ਬਣਨ ਉਤੇ ਵਧਾਈ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀ ਅਗਾਂਹਵਧੂ ਸੋਚ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਬਦਲਣ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ ਅਤੇ ਸਾਲ 2020 ਤੱਕ ਜ਼ਿਲ੍ਹੇ ਦੇ ਸਾਰੇ ਸਕੂਲਾਂ ਨੂੰ ਸਮਾਰਟ ਬਣਾਉਣਾ ਸਰਕਾਰ ਦੀ ਟੀਚਾ ਹੈ।
ਉਨ੍ਹਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਜਾਤੜੀ ਨੂੰ ਸਮਾਰਟ ਬਣਾਉਣ ਲਈ ਸਹਿਯੋਗ ਦੇਣ ਵਾਲੇ ਐਨ.ਆਰ.ਆਈ. ਬਲਦੇਵ ਸਿੰਘ ਦਾ ਧੰਨਵਾਦ ਕੀਤਾ ਅਤੇ ਦਾਅਵਾ ਕੀਤਾ ਕਿ ਇਸ ਸਕੂਲ ਦੀ ਪੂਰੀ ਇਮਾਰਤ ਵਿੱਚ ਬੀ.ਏ.ਐਲ.ਏ. (ਬਿਲਡਿੰਗ ਐਸ ਲਰਨਿੰਗ ਏਡ) ਤਹਿਤ ਬਹੁਤ ਵਧੀਆ ਢੰਗ ਨਾਲ ਕੰਮ ਕਰਵਾਇਆ ਗਿਆ ਹੈ ਜਿਸ ਨਾਲ ਵਿਦਿਆਰਥੀ ਆਪਣੇ ਵਿਸ਼ੇ ਬਾਰੇ ਆਸਾਨੀ ਨਾਲ ਸਿੱਖ ਸਕਣਗੇ।
.