ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਚੰਦੂਮਾਜਰਾ ਵਾਅਦੇ ਵੱਧ ਕਰ ਗਏ ਪਰ ਨਿਭਾਏ ਘੱਟ ਗਏ

​​​​​​​ਚੰਦੂਮਾਜਰਾ ਵਾਅਦੇ ਵੱਧ ਕਰ ਗਏ ਪਰ ਨਿਭਾਏ ਘੱਟ ਗਏ

ਤੁਹਾਡੇ ਐੱਮਪੀ ਦਾ ਰਿਪੋਰਟ ਕਾਰਡ – 3

 

ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਸ਼੍ਰੋਮਣੀ ਅਕਾਲੀ ਦਲ ਦੇ ਐੱਮਪੀ ਪ੍ਰੇਮ ਸਿੰਘ ਚੰਦੂਮਾਜਰਾ ਕਰਦੇ ਹਨ।  ਇਸ ਇਲਾਕੇ ਦਾ ਜ਼ਿਆਦਾਤਰ ਹਿੱਸਾ ਪੁਆਧ ਦਾ ਮੋਹਾਲੀ–ਰੋਪੜ ਪੱਟੀ ਵਾਲਾ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੀ ਇਸੇ ਹਲਕੇ ’ਚ ਸਥਿਤ ਹੈ। ਇਸ ਨੀਮ–ਸ਼ਹਿਰੀ ਹਲਕੇ ਵਿੱਚ 62% ਆਬਾਦੀ ਸਿੱਖਾਂ ਦੀ ਅਤੇ 35% ਹਿੰਦੂਆਂ ਦੀ ਹੈ। ਸ੍ਰੀ ਪ੍ਰੇਮ ਸਿੰਘ ਚੰਦੂਮਾਜਰਾ ਇਸ ਅਹਿਮ ਹਲਕੇ ਤੋਂ 23,697 ਵੋਟਾਂ ਦੇ ਫ਼ਰਕ ਨਾਲ ਜਿੱਤੇ ਸਨ।

 

 

ਅਰਥ–ਸ਼ਾਸਤਰ ਤੇ ਰਾਜਨੀਤੀ ਵਿਗਿਆਨ ’ਚ ਪੋਸਟ–ਗ੍ਰੈਜੂਏਟ ਸ੍ਰੀ ਪ੍ਰੇਮ ਸਿੰਘ ਚੰਦੂਮਾਜਰਾ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ–ਪ੍ਰਧਾਨ ਵੀ ਹਨ। ਉਹ ਪਹਿਲੀ ਵਾਰ 1985 ’ਚ ਵਿਧਾਇਕ ਬਣੇ ਸਨ ਤੇ ਅਕਾਲੀ ਸਰਕਾਰ ਵਿੱਚ ਸਹਿਕਾਰਤਾ ਮੰਤਰੀ ਬਣੇ ਸਨ। ਫਿਰ ਉਨ੍ਹਾਂ ਨੇ 1996 ਤੇ 1998 ਵਿੱਚ ਪਟਿਆਲਾ ਲੋਕ ਸਭਾ ਹਲਕੇ ਤੋਂ ਜਿੱਤ ਹਾਸਲ ਕੀਤੀ ਸੀ।

 

 

ਸਿਆਸਤ ’ਚ ਆਉਣ ਤੋਂ ਪਹਿਲਾਂ ਸ੍ਰੀ ਚੰਦੂਮਾਜਰਾ ਡੇਰਾ ਬੱਸੀ ਦੇ ਸਰਕਾਰੀ ਕਾਲਜ ਵਿੱਚ ਲੈਕਚਰਾਰ ਸਨ ਤੇ ਫਿਰ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਵਿਸ਼ਾ–ਮਾਹਿਰ ਵਜੋਂ ਚਲੇ ਗਏ ਸਨ।  1980ਵਿਆਂ ਦੇ ਅਰੰਭ ਵਿੱਚ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਦੋਂ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਦੇ ਸੰਪਰਕ ਵਿੱਚ ਆਏ ਤੇ ਉਨ੍ਹਾਂ ਨੇ ਉਨ੍ਹਾਂ ਨੂੰ ਸਿਆਸੀ ਪਿੜ ਵਿੱਚ ਉੱਤਰਨ ਦੀ ਸਲਾਹ ਦਿੱਤੀ ਤੇ ਉਨ੍ਹਾਂ ਨੂੰ ਯੂਥ ਅਕਾਲੀ ਦਲ ਦਾ ਬਾਨੀ ਪ੍ਰਧਾਨ ਧਾਪਿਆ ਸੀ।

 

 

ਸ੍ਰੀ ਚੰਦੂਮਾਜਰਾ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ, ਤਾਂ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਕਹਿ ਕੇ ਰੋਪੜ ਵਿੱਚ ਇੱਕ ਪਾਸਪੋਰਟ ਦਫ਼ਤਰ ਖੁਲ੍ਹਵਾਉਣ ਦੀ ਮੰਗ ਮੰਨਵਾਈ ਹੈ। ਦੂਜੇ, ਉਨ੍ਹਾਂ ਦੇ ਹੀ ਕਹਿਣ ਉੱਤੇ ਸੰਸਦ ਭਵਨ ਵਿੱਚ ਸ਼ਹੀਦ ਭਗਤ ਸਿੰਘ ਚੇਅਰ ਵੀ ਸਥਾਪਤ ਕੀਤੀ ਜਾ ਰਹੀ ਹੈ।

 

 

ਪਰ ਉਂਝ ਜੇ ਅਨੰਦਪੁਰ ਲੋਕ ਸਭਾ ਹਲਕੇ ਵਿੱਚ ਸ੍ਰੀ ਚੰਦੂਮਾਜਰਾ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨਾ ਹੋਵੇ, ਤਾਂ ਰਿਪੋਰਟ ਕੋਈ ਬਹੁਤੀ ਵਧੀਆ ਨਹੀਂ ਹੈ। ਇੱਕ ਤਾਂ ਉਨ੍ਹਾਂ ਨੂੰ ਆਪਣੇ ਹਲਕੇ ਵਿੱਚ ਵੇਖਿਆ ਬਹੁਤ ਘੱਟ ਗਿਆ ਹੇ। ਉਨ੍ਹਾਂ ਸਥਾਨਕ ਮੁੰਦਿਆਂ ’ਤੇ ਜ਼ਿਆਦਾ ਧਿਆਨ ਕੇਂਦ੍ਰਿਤ ਨਹੀਂ ਕੀਤਾ, ਸਗੋਂ ਜ਼ਿਆਦਾਤਰ ਰਾਸ਼ਟਰੀ ਤੇ ਧਾਰਮਿਕ ਮੁੱਦਿਆਂ ਵੱਲ ਹੀ ਸੇਧਤ ਰਹੇ ਹਨ। ਉਨ੍ਹਾਂ ’ਤੇ ਇਹ ਦੋਸ਼ ਵੀ ਲੱਗਦੇ ਰਹੇ ਹਨ ਕਿ ਉਹ ਆਪਣੇ ਪੁੱਤਰ ਦੇ ਵਿਧਾਨ ਸਭਾ ਹਲਕੇ ਵੱਲ ਜ਼ਿਆਦਾ ਧਿਆਨ ਦਿੰਦੇ ਰਹੇ ਹਨ।

 

 

2014 ਦੀਆਂ ਸੰਸਦੀ ਚੋਣਾਂ ਵਿੱਚ ਇਸੇ ਹਲਕੇ ਤੋਂ ਸ੍ਰੀ ਪ੍ਰੇਮ ਸਿੰਘ ਚੰਦੂਮਾਜਰਾ ਤੋਂ ਹਾਰੇ ਕਾਂਗਰਸੀ ਉਮੀਦਵਾਰ ਸ੍ਰੀਮਤੀ ਅੰਬਿਕਾ ਸੋਨੀ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਸ੍ਰੀ ਚੰਦੂਮਾਜਰਾ ਨੇ ਆਪਣੇ ਹਲਕੇ ਵਿੱਚ ਵਿਕਾਸ ਕਾਰਜ ਕਰਵਾਉਣ ਦੇ ਦਾਅਵੇ ਤਾਂ ਬਹੁਤ ਵੱਡੇ–ਵੱਡੇ ਕਰ ਛੱਡੇ ਹਨ ਪਰ ਹਕੀਕਤ ਵਿੱਚ ਹੋਇਆ ਕੁਝ ਵਿਖਾਈ ਨਹੀਂ ਦਿੰਦਾ। ਉਨ੍ਹਾਂ ਨੇ ਉਨ੍ਹਾਂ ਵੋਟਰਾਂ ਨੂੰ ਅੱਖੋਂ ਪ੍ਰੋਖੇ ਕੀਤਾ ਹੈ, ਜਿਨ੍ਹਾਂ ਦੀ ਮਦਦ ਨਾਲ ਉਨ੍ਹਾਂ ਨੇ 2014 ਵਿੱਚ ਜਿੱਤ ਹਾਸਲ ਕੀਤੀ ਸੀ।

 

 

ਉਂਝ ਸ੍ਰੀ ਚੰਦੂਮਾਜਰਾ ਦਾ ਆਪਣਾ ਦਾਅਵਾ ਇਹੋ ਹੈ ਕਿ ਉਨ੍ਹਾਂ ਨੇ ਅਨੰਦਪੁਰ ਸਾਹਿਬ ਹਲਕੇ ਲਈ ਉਹ ਸਭ ਕੁਝ ਕੀਤਾ ਹੈ, ਜੋ ਵੀ ਉਹ ਕਰ ਸਕਦੇ ਸਨ ਪਰ ਹਕੀਕਤ ਵਿੱਚ ਆਮ ਵੋਟਰ ਦਾ ਕੁਝ ਹੋਰ ਹੀ ਮੰਨਣਾ ਹੈ। ਹੁਣ ਐੱਮਪੀ ਵਜੋਂ ਉਨ੍ਹਾਂ ਦਾ ਕਾਰਜਕਾਲ ਅਗਲੇ ਦੋ ਕੁ ਮਹੀਨਿਆਂ ਵਿੱਚ ਖ਼ਤਮ ਹੋ ਜਾਣਾ ਹੈ ਪਰ ਉਹ ਆਪਣੇ ਹਲਕੇ ਵਿੱਚ ਬਹੁਤ ਘੱਟ ਵਿਖਾਈ ਦਿੱਤੇ ਹਨ।

ਚੰਦੂਮਾਜਰਾ ਵਾਅਦੇ ਵੱਧ ਕਰ ਗਏ ਪਰ ਨਿਭਾਏ ਘੱਟ ਗਏ​​​​​​​

 

ਇੱਕ ਅਕਾਲੀ ਆਗੂ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਆਖਿਆ ਕਿ ਸ੍ਰੀ ਪ੍ਰੇਮ ਸਿੰਘ ਚੰਦੂਮਾਜਰਾ ਸੰਸਦ ਵਿੱਚ ਭਾਵੇਂ ਸਰਗਰਮ ਰਹੇ ਹੋਣ ਪਰ ਉਹ ਆਪਣੇ ਹਲਕੇ ਵਿੱਚ ਆਮ ਜਨਤਾ ਤੋਂ ਟੁੱਟੇ ਰਹੇ ਹਨ। ਜਦੋਂ ਉਹ 2014 ਵਿੱਚ ਇਸ ਹਲਕੇ ਤੋਂ ਜਿੱਤੇ ਸਨ, ਤਦ ਤੱਕ ਉਨ੍ਹਾਂ ’ਤੇ ਲੜੀਵਾਰ ਹਾਰਨ ਦਾ ਇਲਜ਼ਾਮ ਲੱਗ ਚੁੱਕਾ ਸੀ; ਜੋ ਇੱਥੋਂ ਜਿੱਤ ਹਾਸਲ ਕਰਨ ਤੋਂ ਬਾਅਦ ਲੱਥ ਗਿਆ ਸੀ।

 

 

ਦਰਅਸਲ, ਪਟਿਆਲਾ ਤੋਂ ਦੋ ਵਾਰ ਲਗਾਤਾਰ ਜਿੱਤਣ ਤੋਂ ਬਾਅਦ ਉਹ 2004 ਤੇ 2009 ਦੌਰਾਨ ਉਸੇ ਹਲਕੇ ਤੋਂ ਹਾਰ ਗਏ ਸਨ। ਫਿਰ ਉਹ 2007 ਤੇ 2012 ਵਿੱਚ ਲਹਿਰਾਗਾਗਾ ਤੇ ਫ਼ਤਿਹਗੜ੍ਹ ਸਾਹਿਬ ਵਿਧਾਨ ਸਭਾ ਹਲਕਿਆਂ ਤੋਂ ਵੀ ਹਾਰ ਗਏ ਸਨ।

 

 

ਅਨੰਦਪੁਰ ਸਾਹਿਬ ਹਲਕੇ ਤੋਂ ਕਾਂਗਰਸੀ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਸ੍ਰੀ ਚੰਦੂਮਾਜਰਾ ਬੇਹੱਦ ‘ਤਬਾਹਕੁੰਨ’ ਸਿੱਧ ਹੋਏ ਹਨ ਕਿਉਂਕਿ ਉਨ੍ਹਾਂ ਨੇ ਪੰਜ ਸਾਲਾਂ ਲਈ ਆਪਣੇ ਹੀ ਹਲਕੇ ਨੂੰ ਅੱਖੋਂ ਪ੍ਰੋਖੇ ਕੀਤਾ ਹੈ ਤੇ ਹੁਣ ਜਦੋਂ ਚੋਣਾਂ ਸਿਰ ’ਤੇ ਹਨ, ਇਸੇ ਲਈ ਉਨ੍ਹਾਂ ਹੁਣ ਦੋਬਾਰਾ ਵੋਟਰਾਂ ਕੋਲ ਚੱਕਰ ਲਾਉਣੇ ਸ਼ੁਰੂ ਕੀਤੇ ਹਨ।

 

 

ਸ੍ਰੀ ਚੰਦੂਮਾਜਰਾ ਅਜਿਹੇ ਦੋਸ਼ਾਂ ਨੂੰ ਮੁੱਢੋਂ ਨਕਾਰਦੇ ਹਨ ਤੇ ਇਸੇ ਹਲਕੇ ਤੋਂ ਇੱਕ ਵਾਰ ਫਿਰ ਆਪਣੀ ਉਮੀਦਵਾਰੀ ਦਾ ਦਾਅਵਾ ਪੇਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਤੋ਼ ਪੰਜਾਬ ਨੂੰ ਕੁੱਲ 850 ਕਰੋੜ ਰੁਪਏ ਮਿਲੇ ਹਨ ਤੇ ਉਸ ਰਕਮ ਵਿੱਚੋਂ ਇੱਕ–ਤਿਹਾਈ ਰਕਮ ਅਨੰਦਪੁਰ ਸਾਹਿਬ ਹਲਕੇ ’ਤੇ ਹੀ ਖ਼ਰਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਹਲਕੇ ਵਿੱਚ ਜੰਝ–ਘਰ ਬਣਵਾਏ, ਜਿਮਨੇਜ਼ੀਅਮ ਖੁਲ੍ਹਵਾਏ, ਐਂਬੂਲੈਂਸਾਂ ਦਿੱਤੀਆਂ, ਨਵੀਂਆਂ ਸੜਕਾਂ ਬਣਵਾਈਆਂ ਤੇ ਰੇਲ ਨਾਲ ਇਸ ਹਲਕੇ ਨੂੰ ਹੋਰ ਵਧੇਰੇ ਜੋੜਿਆ।

 

 

ਸ੍ਰੀ ਚੰਦੂਮਾਜਰਾ ਨੂੰ ਸਭ ਤੋਂ ਵੱਡਾ ਝਟਕਾ ਸਾਲ 2015 ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨਾਲ ਲੱਗਾ ਹੈ ਤੇ ਉਸ ਦਾ ਸਿੱਧਾ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਤੇ ਉਸ ਦੇ ਕਾਰਕੁੰਨਾਂ, ਆਗੂਆਂ ਤੇ ਨੁਮਾਇੰਦਿਆਂ ਨੂੰ ਹੋਇਆ ਹੈ। ਮੋਹਾਲੀ ’ਚ ਰਹਿੰਦੇ ਸੂਬਾ ਸਰਕਾਰ ਦੇ ਇੱਕ ਸੇਵਾ–ਮੁਕਤ ਅਧਿਕਾਰੀ ਜਸਪਾਲ ਸਿੰਘ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਤੋਂ ਸ਼੍ਰੋਮਣੀ ਅਕਾਲੀ ਦਲ ਹੁਣ ਪਿੱਛਾ ਨਹੀਂ ਛੁਡਾ ਸਕਦਾ। ਬਹਿਰਾਮਪੁਰ ਦੇ ਹਰਜੀਤ ਸਿੰਘ ਦਾ ਵੀ ਇਹੋ ਮੰਨਣਾ ਹੈ ਕਿ ਹੁਣ ਅਨੰਦਪੁਰ ਸਾਹਿਬ ਹਲਕੇ ਦੇ ਸਿੱਖ ਵੋਟਰ ਸ੍ਰੀ ਚੰਦੂਮਾਜਰਾ ਨੂੰ ਪਸੰਦ ਨਹੀਂ ਕਰਦੇ।

 

 

ਸ੍ਰੀ ਪ੍ਰੇਮ ਸਿੰਘ ਚੰਦੂਮਾਜਰਾ ਦੀ ਆਲੋਚਨਾ ਕੁਝ ਇਸ ਕਰ ਕੇ ਵੀ ਹੁੰਦੀ ਹੈ ਕਿ ਉਨ੍ਹਾਂ ਨੇ ਆਪਣੇ ‘ਐੱਮਪੀ ਲੋਕਲ ਏਰੀਆ ਡਿਵੈਲਪਮੈਂਟ’ (MPLAD – ਸੰਸਦ ਮੈਂਬਰ ਦਾ ਸਥਾਨਕ ਖੇਤਰ ਵਿਕਾਸ) ਫ਼ੰਡ ਨੂੰ ਇੱਕਸਮਾਨ ਢੰਗ ਨਾਲ ਨਹੀਂ ਵੰਡਿਆ; ਜਿਵੇਂ ਮੋਹਾਲੀ ਤੇ ਰੂਪਨਗਰ ਜ਼ਿਲ੍ਹਿਆਂ ਨੂੰ ਉਨ੍ਹਾਂ ਵੱਧ ਦਿੱਤਾ ਪਰ ਹੁਸ਼ਿਆਰਪੁਰ ਤੇ ਨਵਾਂਸ਼ਹਿਰ ਨੂੰ ਕੁਝ ਘੱਟ ਗ੍ਰਾਂਟ ਦਿੱਤੀ।

 

 

ਮੋਹਾਲੀ ਜ਼ਿਲ੍ਹੇ ਦੇ ਦੋ ਬਲਾਕਸ ਨੂੰ 6.43 ਕਰੋੜ ਰੁਪਏ ਤੇ ਰੂਪਨਗਰ ਨੂੰ 6.25 ਕਰੋੜ ਰਪੁਏ ਮਿਲੇ। ਉਸ ਦੇ ਮੁਕਾਬਲੇ ਹੁਸ਼ਿਆਰਪੁਰ ਦੇ ਬਲਾਕਸ ਨੂੰ 2.94 ਕਰੋੜ ਰੁਪਏ ਤੇ ਨਵਾਂਸ਼ਹਿਰ ਦੇ ਪੰਜ ਬਲਾਕਸ ਨੂੰ 6.28 ਕਰੋੜ ਰੁਪਏ ਮਿਲੇ।

 

 

ਇਸ ਦੌਰਾਨ ਗੜ੍ਹਸ਼ੰਕਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕਿਸ਼ਨ ਰੋੜੀ ਨੇ ਕਿਹਾ ਕਿ ਦਰਅਸਲ, ਸ੍ਰੀ ਚੰਦੂਮਾਜਰਾ ਖ਼ੁਦ ਨੂੰ ਸ਼ਹਿਰੀ ਇਲਾਕਿਆਂ ਦਾ ਐੱਮਪੀ ਮੰਨਦੇ ਹਨ; ਜਦ ਕਿ ਸੂਬੇ ਦੀ ਵਧੇਰੇ ਜਨਤਾ ਤਾਂ ਪਿੰਡਾਂ ’ਵਸਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਚੰਦੂਮਾਜਰਾ ਆਪਣੇ ਪੁੱਤਰ ਹਰਵਿੰਦਰ ਸਿੰਘ ਦੇ ਸਨੌਰ ਵਿਧਾਨ ਸਭਾ ਹਲਕੇ ਦੇ ਵਿਕਾਸ ਵੱਲ ਵੱਧ ਧਿਆਨ ਦੇ ਰਹੇ ਹਨ ਤੇ ਆਪਣੇ ਅਨੰਦਪੁਰ ਸਾਹਿਬ ਸੰਸਦੀ ਹਲਕੇ ਦੀਆਂ ਜ਼ਰੂਰਤਾਂ ਨੂੰ ਅੱਖੋਂ ਪ੍ਰੋਖੇ ਕਰ ਰਹੇ ਹਨ।

 

 

ਅਨੰਦਪੁਰ ਸਾਹਿਬ ’ਚ ਇੱਕ ਦੁਕਾਨ ਦੇ ਮਾਲਕ ਜਸਬੀਰ ਸਿੰਘ ਨੇ ਕਿਹਾ ਕਿ ਅਕਾਲੀ ਆਗੂ ਸ੍ਰੀ ਚੰਦੂਮਾਜਰਾ ਨੇ ਦਾਅਵਾ ਕੀਤਾ ਸੀ ਕਿ ਬੰਗਾ ਤੋਂ ਅਨੰਦਪੁਰ ਸਾਹਿਬ ਤੱਕ ਇੱਕ ਸੜਕ ਬਣਵਾਈ ਜਾਵੇਗੀ ਪਰ ਉਹ ਨਹੀਂ ਬਣੀ। ਉਂਝ ਉਨ੍ਹਾਂ ਇਸ ਗੱਲ ਲਈ ਸ੍ਰੀ ਚੰਦੂਮਾਜਰਾ ਦੀ ਤਾਰੀਫ਼ ਕੀਤੀ ਕਿ ਹੁਣ ਹਰੇਕ ਪਿੰਡ ਵਿੱਚ ਪੀਣ ਵਾਲਾ ਸਾਫ਼ ਪਾਣੀ ਮੋਬਾਇਲ ਵਾਟਰ ਟੈਂਕ ਰਾਹੀਂ ਪਹੁੰਚਾਇਆ ਜਾਦ ਲੱਗਾ ਹੈ। ਇਸ ਹਲਕੇ ਵਿੱਚ ਲਗਭਗ 150 ਟੈਂਕਰ ਵੰਡੇ ਗਏ ਹਨ।

 

 

ਪਿੰਡ ਡੱਡੀ ਦੇ ਕਮਿੱਕਰ ਸਿੰਘ ਨੇ ਕਿਹਾ ਕਿ ਕੰਢੀ ਪੱਟੀ ਦੇ 125 ਪਿੰਡਾਂ ਵਿੱਚ ਨੀਲ–ਗਊਆਂ ਤੇ ਜੰਗਲੀ ਸੂਰਾਂ ਦੀ ਵੱਡੀ ਸਮੱਸਿਆ ਹੈ, ਜੋ ਖੇਤਾਂ ’ਚ ਖੜ੍ਹੀਆਂ ਫ਼ਸਲਾਂ ਬਰਬਾਦ ਕਰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਚੰਦੂਮਾਜਰਾ ਨੇ ਭਾਵੇਂ ਅਜਿਹੀ ਸਮੱਸਿਆ ਤੋਂ ਰਾਹਤ ਦਿਵਾਉਣ ਦਾ ਭਰੋਾ ਦਿਵਾਇਆ ਸੀ ਪਰ ਅਸਲ ’ਚ ਕੀਤਾ ਕੁਝ ਨਹੀਂ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MP Report Card Chandumajra Part 3