ਕਪੂਰਥਲਾ ਜ਼ਿਲ੍ਹੇ ਦੇ ਫੱਤੂਢੀਂਗਾ ਦੇ ਪੁਲਿਸ ਥਾਣੇ ’ਚ ਅੱਜ ਸੋਮਵਾਰ ਸਵੇਰੇ ਗੋਲੀ ਚੱਲਣ ਕਾਰਨ ਮੁਨਸ਼ੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਸ਼ਨਾਖ਼ਤ ਸੁਖਵਿੰਦਰ ਸਿੰਘ ਵਜੋਂ ਹੋਈ ਹੈ।
ਸੁਖਵਿੰਦਰ ਸਿੰਘ ਕਪੂਰਥਲਾ ਦਾ ਵਾਸੀ ਸੀ। ਇਹ ਹਾਦਸਾ ਅੱਜ ਸਵੇਰੇ 9:30 ਵਜੇ ਵਾਪਰਿਆ, ਜਦੋਂ ਪੁਲਿਸ ਥਾਣੇ ’ਚ ਉਹ ਆਪਣੀ ਸਰਵਿਸ ਰਾਈਫ਼ਲ ਸਾਫ਼ ਕਰ ਰਿਹਾ ਸੀ।
ਫੱਤੂਢੀਂਗਾ ਥਾਣੇ ਦੇ ਐੱਸਐੱਚਓ ਚੰਨਣ ਸਿੰਘ ਨੇ ਦੱਸਿਆ ਕਿ ਮੁਨਸ਼ੀ ਦਰਅਸਲ ਆਪਣਾ ਅਸਲਾ ਸਾਫ਼ ਕਰ ਰਿਹਾ ਸੀ ਤੇ ਉਸ ਦੀ ਗੋਲੀ ਅਚਾਨਕ ਚੱਲ ਗਈ।
ਗੋਲੀ ਸੁਖਵਿੰਦਰ ਸਿੰਘ ਦੀ ਛਾਤੀ ’ਚ ਲੱਗੀ ਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਂਦਾ ਗਿਆ ਪਰ ਉੱਥੇ ਉਹ ਦਮ ਤੋੜ ਗਿਆ।
ਐੱਸਐੱਚਓ ਮੁਤਾਬਕ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਪੋਸਟ–ਮਾਰਟਮ ਤੋਂ ਬਾਅਦ ਪਰਿਵਾਰ ਹਵਾਲੇ ਕੀਤੀ ਜਾਵੇਗੀ।
ਇਸ ਸਬੰਧੀ ਭਾਰਤੀ ਦੰਡ ਸੰਘਤਾ ਦੀ ਧਾਰਾ 174 ਅਧੀਨ ਕੇਸ ਦਰਜ ਕਰ ਕੇ ਜਾਂਚ ਅਰੰਭ ਕਰ ਦਿੱਤੀ ਗਈ ਹੈ।