ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਰਾਕੇਸ਼ ਕੁਮਾਰ ਜੈਨ ਦੀ ਅਗਵਾਈ ਵਿੱਚ 14 ਸਤੰਬਰ ਨੂੰ ਕੌਮੀ ਲੋਕ ਅਦਾਲਤ ਲਾਈ ਜਾ ਰਹੀ ਹੈ।
ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ. ਨਗਰ ਸ੍ਰੀਮਤੀ ਸ਼ਿਖਾ ਗੋਇਲ ਨੇ ਦੱਸਿਆ ਕੌਮੀ ਲੋਕ ਅਦਾਲਤ ਵਿੱਚ ਕ੍ਰਿਮੀਨਲ ਕੰਪਾਊਂਡੇਬਲ ਮਾਮਲੇ, ਸੈਕਸ਼ਨ 138 ਅਧੀਨ ਐਨ.ਆਈ. ਐਕਟ ਦੇ ਕੇਸ, ਬੈਂਕ ਰਿਕਵਰੀ ਕੇਸ, (ਐਮ.ਏ.ਸੀ.ਟੀ ਕੇਸ), ਵਿਆਹਾਂ ਸਬੰਧੀ ਵਿਵਾਦ, ਮਜ਼ਦੂਰੀ ਦੇ ਵਿਵਾਦ, ਭੌਂ ਐਕੁਆਇਰ ਕਰਨ ਸਬੰਧੀ ਕੇਸ, ਬਿਜਲੀ ਤੇ ਪਾਣੀ ਦੇ ਬਿੱਲ (ਐਕਸਕਲੂਡਿੰਗ ਨੌਨ-ਕੰਪਾਊਂਡਏਬਲ ਥੈਫਟ ਕੇਸ), ਤਨਖ਼ਾਹ ਅਤੇ ਭੱਤਿਆਂ ਸਬੰਧੀ ਮਾਮਲੇ, ਮਾਲੀਆ ਕੇਸ, ਹੋਰ ਦੀਵਾਨੀ ਕੇਸ (ਰੈਂਟ, ਈਜ਼ਮੈਂਟਰੀ ਰਾਈਟਜ਼, ਇਨਜੰਕਸ਼ਨ ਸੂਟਜ਼, ਸਪੈਸਿਫਿਕ ਪਰਫਾਰਮੈਂਸ) ਵਿਚਾਰੇ ਜਾਣਗੇ।
ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਿਵੇਕ ਪੁਰੀ ਦੀ ਰਹਿਨੁਮਾਈ ਹੇਠ ਬੈਂਕ, ਬੀ.ਐਸ.ਐਨ.ਐਲ., ਵਾਟਰ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ।
ਇਸ ਤੋਂ ਇਲਾਵਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਪੁਰੀ ਵੱਲੋਂ ਬੀਮਾ ਕੰਪਨੀਆਂ ਨਾਲ ਵੀ ਮੀਟਿੰਗ ਕੀਤੀ। ਮੀਟਿੰਗਾਂ ਵਿੱਚ ਸ਼ਾਮਲ ਸਾਰੇ ਅਧਿਕਾਰੀਆਂ ਨੂੰ ਲੋਕ ਅਦਾਲਤਾਂ ਦੇ ਫਾਇਦਿਆਂ ਬਾਰੇ ਜਾਗਰੂਕ ਕੀਤਾ ਅਤੇ ਕਿਹਾ ਕਿ 14 ਸਤੰਬਰ ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਕੇਸ ਨਿਬੇੜੇ ਲਈ ਲਾਏ ਜਾਣ।