ਅੰਮ੍ਰਿਤਸਰ ਕਮਿਸ਼ਨਰੇਟ ਦੀ ਬੀ-ਡਿਵੀਜ਼ਨ ਪੁਲਿਸ ਨੇ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨੇੜਲੇ ਸਾਥੀ ਸ਼ੈਲਿੰਦਰ ਸਿੰਘ ਸ਼ੈਲੀ ਵਿਰੁੱਧ ਕੇਸ ਦਰਜ ਕੀਤਾ ਹੈ। ਪਰ ਪੁਲਿਸ ਨੇ ਇਕੱਲੇ ਸ਼ੈਲੀ ਵਿਰੁੱਧ ਨਹੀਂ, ਸਗੋਂ 50 ਹੋਰਨਾਂ ਖਿ਼ਲਾਫ਼ ਹੁਕਮਾਂ ਦੀ ਉਲੰਘਣਾ ਦੇ ਦੋਸ਼ ਅਧੀਨ ਕਾਨੂੰਨੀ ਕਾਰਵਾਈ ਕੀਤੀ ਹੈ।
ਸ੍ਰੀ ਸ਼ੈਲੀ ਵਾਰਡ ਨੰਬਰ 46 ਤੋਂ ਕੌਂਸਲਰ ਹਨ। ਇਹ ਹਲਕਾ ਸ੍ਰੀ ਸਿੱਧੂ ਦੇ ਹਲਕੇ `ਚ ਆਉਂਦਾ ਹੈ। ਦਰਅਸਲ, ਉਹ ਸੁਲਤਾਨਵਿੰਡ ਚੌਕ `ਚ ਬੀ-ਡਿਵੀਜ਼ਨ ਪੁਲਿਸ ਥਾਣੇ ਬਾਹਰ ਇੱਕ ਰੋਸ ਮੁਜ਼ਾਹਰੇ ਦੀ ਅਗਵਾਈ ਕਰ ਰਹੇ ਸਨ।
ਗੁਰੂ ਰਾਮ ਦਾਸ ਨਗਰ ਦੇ ਨਿਵਾਸੀ ਅਤੇ ਕਾਂਗਰਸ ਅਨੁਸੂਚਿਤ ਜਾਤੀ ਵਿੰਗ ਵਾਰਡ ਨੰਬਰ 63 ਦੇ ਪ੍ਰਧਾਨ ਬਿੱਟੂ ਸ਼ਾਹ (35) ਦੀ ਐਤਵਾਰ ਨੂੰ ਪੁਲਿਸ ਹਿਰਾਸਤ `ਚ ਮੌਤ ਹੋ ਗਈ ਸੀ। ਇਹ ਹਲਕਾ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੋਲਾਰੀਆ ਦੇ ਹਲਕੇ `ਚ ਆਉਂਦਾ ਹੈ। ਬਿੱਟੂ ਸ਼ਾਹ ਨੂੰ ਸਿਰਫ਼ ਇੱਕ ਘੰਟਾ ਪਹਿਲਾਂ ਪੁੱਛਗਿੱਛ ਲਈ ਹਿਰਾਸਤ `ਚ ਲਿਆ ਗਿਆ ਸੀ ਕਿ ਉਸ ਦੀ ਮੌਤ ਦੀ ਖ਼ਬਰ ਆ ਗਈ।
ਸੋਮਵਾਰ ਨੂੰ ਪੂਰੇ ਅੱਠ ਘੰਟਿਆਂ ਬਾਅਦ ਕਿਤੇ ਸ਼ਾਮ ਨੂੰ ਜਾ ਕੇ ਇਹ ਰੋਸ ਮੁਜ਼ਾਹਰਾ ਖ਼ਤਮ ਹੋਇਆ। ਇਹ ਮੁਜ਼ਾਹਰਾ ਤਦ ਜਾ ਕੇ ਖ਼ਤਮ ਕੀਤਾ ਗਿਆ, ਜਦੋਂ ਪੁਲਿਸ ਦੇ ਡਿਪਟੀ ਕਮਿਸ਼ਨਰ ਜਗਮੋਹਨ ਸਿੰਘ ਨੇ ਆ ਕੇ ਦੱਸਿਆ ਕਿ ਦੋ ਪੁਲਿਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਜਾ ਰਿਹਾ ਹੈ।
ਉਸ ਰੋਸ ਮੁਜਾਹਰੇ ਦੌਰਾਨ ਸ਼ੈਲੀ ਅਤੇ ਵਿਧਾਇਕ ਸ੍ਰੀ ਬੋਲਾਰੀਆ ਦੇ ਸਮਰਥਕਾਂ ਵਿਚਾਲੇ ਕਾਫ਼ੀ ਗਰਮਾ-ਗਰਮਾ ਬਹਿਸ ਵੀ ਹੋਈ। ਸ੍ਰੀ ਸ਼ੈਲੀ ਨੇ ਕਿਹਾ ਸੀ ਕਿ ਬਿੱਟੂ ਉਨ੍ਹਾਂ ਦਾ ਦੋਸਤ ਸੀ ਤੇ ਇਸੇ ਲਈ ਉਸ ਦੇ ਪਰਿਵਾਰ ਦੇ ਰੋਸ ਮੁਜ਼ਾਹਰੇ `ਚ ਉਹ ਪੁੱਜੇ ਹਨ।
ਏਡੀਸੀਪੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਸ਼ੈਲੀ ਉਨ੍ਹਾਂ 50 ਵਿਅਕਤੀਆਂ `ਚ ਸ਼ਾਮਲ ਹਨ, ਜਿਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।