ਪੰਜਾਬ ਵਿਧਾਨ ਸਭਾ ਦੇ ਸਕੱਤਰ ਸ਼ਸ਼ੀ ਲਖਨਪਾਲ ਮਿਸ਼ਰਾ ਨੇ ਕਿਹਾ ਹੈ ਕਿ ਕਾਂਗਰਸੀ ਆਗੂ ਤੇ ਅੰਮ੍ਰਿਤਸਰ–ਪੂਰਬੀ ਹਲਕੇ ਤੋਂ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਬੀਤੇ ਜੁਲਾਈ ਮਹੀਨੇ ਜਦ ਤੋਂ ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ, ਉਨ੍ਹਾਂ ਕਦੇ ਆਪਣੀ ਤਨਖ਼ਾਹ ਤੇ ਭੱਤਿਆਂ ਦੀ ਮੰਗ ਨਹੀਂ ਕੀਤੀ।
ਪੰਜਾਬ ਵਿਧਾਨ ਸਭਾ ਦੇ ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀ ਸਿੱਧੂ ਹੁਣ ਇੱਕ ਵਿਧਾਇਕ ਵਜੋਂ ਆਪਣੀ ਤਨਖ਼ਾਹ ਲੈ ਸਕਣਗੇ ਤੇ ਉਨ੍ਹਾਂ ਦੀ ਪਿਛਲੀ ਤਨਖ਼ਾਹ ਤੇ ਬਕਾਏ ਉਦੋਂ ਤੁਰੰਤ ਅਦਾ ਕਰ ਦਿੱਤੇ ਜਾਣਗੇ, ਜਦੋਂ ਉਹ ਆਉਣਗੇ।
ਸ੍ਰੀ ਮਿਸ਼ਰਾ ਨੇ ਕਿਹਾ – ‘ਨੋਟੀਫ਼ਿਕੇਸ਼ਨ ਮੁਤਾਬਕ, ਤਨਖ਼ਾਹ ਉਨ੍ਹਾਂ ਨੂੰ ਦਿੱਤੀ ਜਾਵੇਗੀ। ਮੰਤਰੀ ਦੇ ਅਹੁਦੇ ਤੋਂ ਅਸਤੀਫ਼ੇ ਪਿੱਛੋਂ ਨਵਜੋਤ ਸਿੰਘ ਸਿੱਧੂ ਕਦੇ ਆਏ ਨਹੀਂ। ਉਹ ਇੱਕ ਵਿਧਾਇਕ ਵਜੋਂ ਤਨਖ਼ਾਹ ਲੈ ਸਕਣਗੇ, ਜਦੋਂ ਵੀ ਕਦੇ ਉਹ ਆਉਣਗੇ। ਉਨ੍ਹਾਂ ਦੀ ਤਨਖ਼ਾਹ ਤੇ ਸਾਰੇ ਭੱਤੇ ਅਦਾ ਕਰ ਦਿੱਤੇ ਜਾਣਗੇ। ਇਸ ਵਿੱਚ ਕੋਈ ਸਮੱਸਿਆ ਨਹੀਂ ਹੈ।’
ਸਰਕਾਰੀ ਕਾਰਜ–ਵਿਧੀ ਮੁਤਾਬਕ ਸ੍ਰੀ ਸਿੱਧੂ ਦੇ ਇੱਕ ਮੰਤਰੀ ਵਜੋਂ ਤਨਖ਼ਾਹ ਤੇ ਭੱਤੇ 20 ਜੁਲਾਈ, 2019 ਨੂੰ ਬੰਦ ਕਰ ਦਿੱਤੇ ਸਨ, ਜਦੋਂ ਉਨ੍ਹਾਂ ਕੈਬਿਨੇਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ।
ਸੂਤਰਾਂ ਮੁਤਾਬਕ ਸੂਬਾ ਸਰਕਾਰ ਨੁੰ ਹਾਲੇ ਵਿਧਾਨ ਸਭਾ ਸਕੱਤਰੇਤ ਤੋਂ ਸ੍ਰੀ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਬਾਰੇ ਕੋਈ ਰਸਮੀ ਸੂਚਨਾ ਵੀ ਨਹੀਂ ਮਿਲੀ ਹੈ।