ਤਿੰਨ ਮਹੀਨੇ ਪਹਿਲਾਂ ਲੁੱਟੀ ਕਾਰ 'ਚ ਆਏ ਸਨ ਹਮਲਾਵਰ
ਟਾਇਰ ਫਟਿਆ ਤਾਂ ਕਾਰ ਛੱਡ ਭੱਜੇ ਹਮਲਾਵਰ
ਪੰਜਾਬ ਵਿੱਚ ਕਰਾਇਮ ਦਾ ਗ੍ਰਾਫ ਦਿਨੋ ਦਿਨ ਉੱਪਰ ਵੱਧਦਾ ਜਾ ਰਿਹਾ ਹੈ। ਮੁਲਜ਼ਮ ਸ਼ਰ੍ਹੇਆਮ ਗੋਲੀਬਾਰੀ ਅਤੇ ਕਤਲ ਵਰਗੀਆਂ ਵਾਰਦਾਤਾਂ ਨੂੰ ਬੇਖੌਫ ਨੇਪਰੇ ਚਾੜ ਰਹੇ ਹਨ। ਇਸ ਦੀ ਤਾਜ਼ਾ ਉਦਾਹਰਣ ਮਿਲਦੀ ਹੈ ਨਵਾਂ ਸ਼ਹਿਰ ਵਿਖੇ ਦੋ ਭਰਾਵਾਂ ਉੱਤੇ ਹੋਈ ਗੋਲੀਬਾਰੀ ਤੋਂ।
ਜਾਣਕਾਰੀ ਅਨੁਸਾਰ ਨਵਾਂ ਸ਼ਹਿਰ ਵਿੱਚ ਐੱਨ.ਆਰ.ਆਈ ਭਰਾਵਾਂ 'ਤੇ ਐਤਵਾਰ ਰਾਤ ਨੂੰ ਬਦਮਾਸ਼ਾਂ ਨੇ ਹਮਲਾ ਕੀਤਾ ਸੀ। ਕਬੱਡੀ ਦੇ ਪ੍ਰਮੋਟਰ ਇਨ੍ਹਾਂ ਦੋਵਾਂ ਭਰਾਵਾਂ 'ਤੇ ਹਮਲਾ ਕਰਨ ਆਏ ਬਦਮਾਸ਼ਾਂ ਨੇ ਲੁੱਟੀ ਗਈ ਕ੍ਰੇਟਾ ਕਾਰ ਦੀ ਵਰਤੋਂ ਕੀਤੀ। ਪੁਲਿਸ ਨੇ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਿਸ ਅਨੁਸਾਰ ਤਿੰਨ ਮਹੀਨੇ ਪਹਿਲਾਂ ਲੁੱਟੀ ਗਈ ਗੱਡੀ ਨੂੰ ਹਮਲਾਵਰ ਉਸ ਸਮੇਂ ਛੱਡ ਕੇ ਫ਼ਰਾਰ ਹੋ ਗਏ ਜਦੋਂ ਇਸ ਦਾ ਟਾਇਰ ਫਟ ਗਿਆ।
ਐਤਵਾਰ ਰਾਤ ਨੂੰ ਦੀਪ ਕਾਲੋਨੀ ਗੜ੍ਹਸ਼ੰਕਰ ਵਿੱਚ ਰਹਿੰਦੇ ਐਨਆਰਆਈ ਕਬੱਡੀ ਪ੍ਰਮੋਟਰ ਭਰਾ ਕਿਰਨਦੀਪ ਅਤੇ ਸ਼ਰਨਦੀਪ ਵਿੱਚੋਂ ਕਿਰਨਦੀਪ ਨੇ ਪੁਲਿਸ ਨੂੰ ਇੱਕ ਬਿਆਨ ਵਿੱਚ ਦੱਸਿਆ ਕਿ ਉਹ ਆਪਣੇ ਭਰਾ ਨਾਲ ਪਿੰਡ ਬਰਨਾਲਾ ਰਾਹੀਂ ਆਈ ਟੀ ਆਈ ਮੈਦਾਨ ਤੋਂ ਸਵਿੱਫਟ ਕਾਰ ਵਿੱਚ ਗੜ੍ਹਸ਼ੰਕਰ ਪਰਤ ਰਹੇ ਸਨ। ਉਸ ਨੂੰ ਬਲੂਮੂਨ ਪੈਲੇਸ ਨੇੜੇ ਪਿੱਛੇ ਤੋਂ ਆ ਰਹੀ ਇਕ ਕ੍ਰੇਟਾ ਕਾਰ ਨੇ ਹਾਰਨ ਦਿੱਤਾ। ਜਿਵੇਂ ਹੀ ਉਨ੍ਹਾਂ ਨੇ ਸਾਈਡ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕ੍ਰੇਟਾ ਕਾਰ ਸਵਾਰਾਂ ਨੇ ਤੇਜ਼ੀ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ।
ਇਸ ਤੋਂ ਬਾਅਦ ਕਿਰਨਦੀਪ ਨੇ ਗੱਡੀ ਭਜਾ ਲਿਆ। ਇਸ ਦੇ ਬਾਵਜੂਦ ਉਸ ਦੇ ਭਰਾ ਸ਼ਰਨਦੀਪ ਨੂੰ ਇੱਕ ਗੋਲੀ ਲੱਗੀ, ਜਿਸ ਨੂੰ ਤੁਰੰਤ ਰਾਜਾ ਹਸਪਤਾਲ ਲਿਜਾਇਆ ਗਿਆ ਅਤੇ ਦਾਖ਼ਲ ਕਰਵਾਇਆ ਗਿਆ।
ਕਿਰਨਦੀਪ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ, ਜਦੋਂ ਕਿ ਪੁਲਿਸ ਨੂੰ ਸੋਮਵਾਰ ਸਵੇਰੇ ਇਸ ਕ੍ਰੇਟਾ ਕਾਰ ਨੂੰ ਬਾਈਪਾਸ ਉੱਤੇ ਖੜ੍ਹੀ ਮਿਲੀ। ਜਾਂਚ ਵਿੱਚ ਪਤਾ ਲੱਗਾ ਕਿ ਕਾਰ ਤਿੰਨ ਮਹੀਨੇ ਪਹਿਲਾਂ ਕੋਟਫਤੂਹੀ ਤੋਂ ਲੁੱਟੀ ਗਈ ਸੀ।
ਪੁਲਿਸ ਨੇ ਇਸ ਮਾਮਲੇ ਵਿੱਚ ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੱਕੀ ਵਿਅਕਤੀਆਂ ਦੇ ਮੋਬਾਈਲ ਲੋਕੇਸ਼ਨ ਦੇ ਸਬੰਧ ਵਿੱਚ ਵੀ ਸਬੂਤ ਮਿਲੇ ਹਨ ਅਤੇ ਪੁਲਿਸ ਉਕਤ ਲਿੰਕ ਨਾਲ ਅੱਗੇ ਵੱਧ ਰਹੀ ਹੈ।