ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਿਸ ਗੋਲੀਕਾਂਡਾਂ ਦੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਦੀ ਲੋੜ: ਸੁਨੀਲ ਜਾਖੜ

ਸੁਨੀਲ ਜਾਖੜ

--  ਬਰਗਾੜੀ ਰੋਸ ਮਾਰਚ ਨੂੰ ਮਿਲੇ ਜਨਤਾ ਦੇ ਭਰਵੇਂ ਹੁੰਗਾਰੇ ਤੋਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਘਬਰਾਏ

--  ਸੁਖਬੀਰ ਬਾਦਲ ਨੇ ਪੰਥ ਦੀ ਦੁਰਵਰਤੋਂ ਕੀਤੀ

--  ਹਰੇਕ ਉਸ ਵਿਅਕਤੀ ਵਿਰੁੱਧ ਕਾਰਵਾਈ ਦੀ ਲੋੜ, ਜਿਸ ਨੇ ਰੋਸ ਮੁਜ਼ਾਹਰਾਕਾਰੀਆਂ `ਤੇ ਗੋਲੀਬਾਰੀ ਦੇ ਹੁਕਮ ਦਿੱਤੇ ਸਨ

--  ਵੱਡੇ ਬਾਦਲ ਹੁਣ ਟਕਸਾਲੀ ਅਕਾਲੀ ਆਗੂਆਂ ਨੂੰ ਖ਼ੁਸ਼ ਕਰਨ ਲਈ ਬਿਕਰਮ ਸਿੰਘ ਮਜੀਠੀਆ ਨੂੰ ਲਾਂਭੇ ਕਰਨਗੇ

--  ਲੋਕਾਂ ਨੇ ਹੀ ਹੁਣ ਬਾਦਲਾਂ ਨੂੰ ਸ਼੍ਰੋਮਣੀ ਕਮੇਟੀ ਤੋਂ ਲਾਂਭੇ ਕਰ ਦੇਣਾ ਹੈ

--  ਬਾਦਲਾਂ ਦੇ 10 ਸਾਲਾਂ ਦੇ ਰਾਜ ਨੇ ਅਫ਼ਸਰਸ਼ਾਹੀ ਦੀ ਮਾਨਸਿਕਤਾ ਵਿਗਾੜ ਕੇ ਰੱਖ ਦਿੱਤੀ

 

ਸਿਆਸੀ ਮੁੱਦਿਆਂ `ਤੇ ਸਿਆਸਤ `ਚ ਜੋਖਮ ਸਦਾ ਹੀ ਬਣਿਆ ਰਹਿੰਦਾ ਹੈ। ਬਰਗਾੜੀ `ਚ ਕੁਝ ਗਰਮ-ਖਿ਼ਆਲੀ ਸਿੱਖ ਆਗੂਆਂ ਵੱਲੋਂ ਬੀਤੀ 7 ਅਕਤੂਬਰ ਨੂੰ ਕੀਤੇ ਗਏ ਰੋਸ ਮਾਰਚ ਨੂੰ ਸਮੂਹ ਪੰਜਾਬੀਆਂ ਨੇ ਇੰਨਾ ਜਿ਼ਆਦਾ ਭਰਵਾਂ ਹੁੰਗਾਰਾ ਦਿੱਤਾ ਕਿ ਉਸੇ ਦਿਨ ਪਟਿਆਲਾ `ਚ ਸ਼੍ਰੋਮਣੀ ਅਕਾਲੀ ਦਲ ਤੇ ਲੰਬੀ `ਚ ਕਾਂਗਰਸ ਦੀਆਂ ਰੈਲੀਆਂ ਵੀ ਫਿੱਕੀਆਂ ਪੈ ਗਈਆਂ। ਇਸੇ ਲਈ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਹੁਣ ਮੌਕਾ ਸੰਭਾਲਣ `ਚ ਲੱਗੀ ਹੋਈ ਹੈ।


ਹੁਣ ਮੁੱਖ ਮੰੰਤਰੀ ਬਹੁਤ ਧਿਆਨ ਨਾਲ ਬੇਅਦਬੀ ਦੀਆਂ ਘਟਨਾਵਾਂ `ਤੇ ਚੱਲ ਰਹੀ ਗਰਮਾ-ਗਰਮੀ ਨੂੰ ਖ਼ਤਮ ਕਰਨ `ਚ ਲੱਗੇ ਹੋਏ ਹਨ। ਇਸੇ ਲਈ ਸ਼ਾਸਨ ਤੋਂ ਉਨ੍ਹਾਂ ਦਾ ਧਿਆਨ ਲਾਂਭੇ ਹੋ ਗਿਆ ਹੈ ਤੇ ਪੰਜਾਬ `ਚ ਕਾਨੂੰਨ ਅਤੇ ਵਿਵਸਥਾ ਦੀ ਹਾਲਤ `ਤੇ ਸੁਆਲ ਉੱਠਣ ਲੱਗੇ ਹਨ।


ਅਜਿਹੇ ਹਾਲਾਤ `ਚ ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਇਸ ਮਾਮਲੇ `ਚ ਤੁਰੰਤ ਕਾਰਵਾਈ `ਤੇ ਜ਼ੋਰ ਦੇ ਰਹੇ ਹਨ ਪਰ ਇਸ ਵੇਲੇ ਡੂੰਘੇ ਸੰਕਟ ਦਾ ਸਾਹਮਣਾ ਕਰ ਰਹੇ ਬਾਦਲਾਂ ਦੀ ਗ੍ਰਿਫ਼ਤਾਰੀ `ਤੇ ਮਾਮਲਾ ਰੁਕ ਸਕਦਾ ਹੈ। ਸਾਲ 2015 ਦੇ ਗੋਲੀਕਾਂਡਾਂ ਲਈ ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਹੋਰ ਪੁਲਿਸ ਅਧਿਕਾਰੀ ਵੀ ਕਟਹਿਰੇ `ਚ ਹਨ।


ਅਜਿਹੇ ਹੀ ਸਾਰੇ ਮਾਮਲਿਆਂ ਬਾਰੇ ‘ਹਿੰਦੁਸਤਾਨ ਟਾਈਮਜ਼` ਦੇ ਐਗਜ਼ੀਕਿਊਟਿਵ ਐਡੀਟਰ ਰਮੇਸ਼ ਵਿਨਾਇਕ ਅਤੇ ਸੀਨੀਅਰ ਅਸਿਸਟੈਂਟ ਐਡੀਟਰ ਸੁਖਦੀਪ ਕੌਰ ਨੇ ਸਨਿੱਚਰਵਾਰ ਨੂੰ 64 ਸਾਲਾ ਸ੍ਰੀ ਸੁਨੀਲ ਜਾਖੜ ਨਾਲ ਖੁੱਲ੍ਹੀ ਗੱਲਬਾਤ ਕੀਤੀ। ਸ੍ਰੀ ਜਾਖੜ ਉਂਝ ਵੀ ਆਪਣੇ ਦਿਲ ਦੀ ਗੱਲ ਸਭ ਦੇ ਸਾਹਮਣੇ ਰੱਖਣ ਦੇ ਮਾਹਿਰ ਮੰਨੇ ਜਾਂਦੇ ਹਨ; ਇਸੇ ਲਈ ਉਨ੍ਹਾਂ ਆਪਣੀ ਗੱਲਬਾਤ ਦੌਰਾਨ ਖ਼ੁਦ ਆਪਣੀ ਪਾਰਟੀ ਕਾਂਗਰਸ ਦੀ ਸੂਬਾ ਸਰਕਾਰ `ਤੇ ਵੀ ਸੁਆਲ ਉਠਾਏ ਹਨ। ਪੇਸ਼ ਹਨ ਇਸੇ ਗੱਲਬਾਤ ਦੇ ਕੁਝ ਅੰਸ਼:


ਪਿਛਲੇ ਐਤਵਾਰ ਨੂੰ ਬਰਗਾੜੀ ਦੇ ਰੋਸ ਮਾਰਚ ਨੂੰ ਜਿੰਨਾ ਵੱਡਾ ਜਨਤਕ ਹੁੰਗਾਰਾ ਮਿਲਿਆ, ਤੁਹਾਡੀ ਸਰਕਾਰ ਉਸ ਤੋਂ ਕਿੰਨੀ ਕੁ ਫਿ਼ਕਰਮੰਦ ਹੈ?
ਉਹ ਹੁੰਗਾਰਾ ਜਜ਼ਬਾਤੀ ਸੀ। ਦਰਅਸਲ, ਸਾਲ 2015 `ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਜ਼ਖ਼ਮ ਹਾਲੇ ਵੀ ਅੱਲੇ ਹਨ ਅਤੇ ਲੋਕ ਉਨ੍ਹਾਂ ਲਈ ਮੱਲ੍ਹਮ ਚਾਹੁੰਦੇ ਹਨ। ਇਸ ਲਈ ਉਨ੍ਹਾਂ ਸਾਰੀਆਂ ਘਟਨਾਵਾਂ ਲਈ ਜਿ਼ੰਮੇਵਾਰ ਲੋਕਾਂ ਤੇ ਦੋਸ਼ੀਆਂ ਖਿ਼ਲਾਫ਼ ਕਾਨੂੰਨੀ ਕਾਰਵਾਈ ਕਰਨੀ ਹੋਵੇਗੀ। ਲੋਕਾਂ ਦੇ ਮਨਾਂ ਵਿੱਚ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਤਤਕਾਲੀਨ ਗ੍ਰਹਿ ਮੰਤਰੀ ਸੁਖਬੀਰ ਬਾਦਲ ਹੀ ਉਸ ਵਰ੍ਹੇ ਦੀਆਂ ਘਟਨਾਵਾਂ ਲਈ ਦੋਸ਼ੀ ਹਨ। ਉਹ ਦੋਸ਼ੀਆਂ ਲਈ ਸਜ਼ਾਵਾਂ ਚਾਹੁੰਦੇ ਹਨ। ਸਾਨੂੰ ਚਿੰਤਾ ਇਸ ਗੱਲ ਦੀ ਹੈ ਕਿ ਅਜਿਹੇ ਹਾਲਾਤ ਦਾ ਗ਼ਲਤ ਲਾਹਾ ਸਰਹੱਦ ਪਾਰ ਬੈਠੇ ਕੁਝ ਗ਼ਲਤ ਅਨਸਰਾਂ ਵੱਲੋਂ ਲਿਆ ਜਾ ਸਕਦਾ ਹੈ। ਉਹ ਤਾਂ ਪਹਿਲਾਂ ਹੀ ਬਰਗਾੜੀ ਵਰਗੀ ਕੋਈ ਹੋਰ ਘਟਨਾ ਨੂੰ ਅੰਜਾਮ ਦੇਣਾ ਲੋਚਦੇ ਹਨ। ਬਰਗਾੜੀ `ਚ ਵਿਖਾਈ ਦਿੱਤਾ ਰੋਹ ਇਹੋ ਦਰਸਾਉਂਦਾ ਹੈ ਕਿ ਲੋਕਾਂ ਦੇ ਸਬਰ ਦਾ ਬੰਨ੍ਹ ਹੁਣ ਟੁੱਟ ਚੁੱਕਾ ਹੈ। ਬਰਗਾੜੀ `ਚ ਜਿਵੇਂ ਲੋਕ ਪੂਰੇ ਜੋਸ਼ ਨਾਲ ਪੁੱਜੇ, ਉਸ ਤੋਂ ਪਤਾ ਲੱਗਦਾ ਹੈ ਕਿ ਹੁਣ ਇਨਸਾਫ਼ ਬਹੁਤ ਛੇਤੀ ਮਿਲਣਾ ਚਾਹੀਦਾ ਹੈ।


ਬਰਗਾੜੀ ਰੋਸ ਮੁਜ਼ਾਹਰਾਕਾਰੀਆਂ ਦੀਆਂ ਮੰਗਾਂ ਦੀ ਜਾਂਚ ਹਾਲੇ ਵਿਸ਼ੇਸ਼ ਜਾਂਚ ਟੀਮ ਅਤੇ ਹਾਈ ਕੋਰਟ ਕੋਲ ਹੈ। ਸਰਕਾਰ ਇਸ ਸੰਕਟ ਦਾ ਸਾਹਮਣਾ ਕਰਨ ਲਈ ਕੀ ਕਰ ਸਕਦੀ ਹੈ?
ਵਿਸ਼ੇਸ਼ ਜਾਂਚ ਟੀਮ ਉਸੇ ਦਿਸ਼ਾ ਵੱਲ ਇੱਕ ਕਦਮ ਹੈ। ਪਹਿਲਾਂ ਜਾਂਚ ਲਈ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਕਾਇਮ ਕੀਤਾ ਗਿਆ ਸੀ। ਫਿਰ ਪੁਲਿਸ ਦੀ ਜਾਂਚ ਤੋਂ ਬਾਅਦ ਕੇਸ ਦਾਇਰ ਕੀਤੇ ਗਹੇ। ਕਮਿਸ਼ਨ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਪੁਲਿਸ ਅਧਿਕਾਰੀ ਹੁਣ ਅਦਾਲਤਾਂ ਤੋਂ ਕੁਝ ਰਾਹਤ ਲੈਣ ਦੇ ਜਤਨਾਂ ਵਿੱਚ ਹਨ ਕਿਉਂਕਿ ਉਨ੍ਹਾਂ ਨੂੰ ਸਰਕਾਰੀ ਕਾਰਵਾਈ ਦਾ ਡਰ ਹੈ। ਪਰ ਇਹ ਮੁੱਦਾ ਬਹੁਤ ਹੀ ਪੇਸ਼ੇਵਰਾਨਾ ਢੰਗ ਨਾਲ ਸਿੱਝਣ ਦੀ ਲੋੜ ਹੈ। ਸਾਨੂੰ ‘ਸਟੇਅ` ਹਟਵਾਉਣੀ ਹੋਵੇਗੀ। ਉਨ੍ਹਾਂ ਪੁਲਿਸ ਅਧਿਕਾਰੀਆਂ ਤੋਂ ਪੁੱਛਗਿੱਛ ਕਰਨੀ ਹੋਵੇਗੀ।


ਪਰ ਬਰਗਾੜੀ ਦੇ ਰੋਸ ਮੁਜ਼ਾਹਰਾਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਬਾਦਲਾਂ ਤੇ ਸੈਣੀ ਦੀ ਗ੍ਰਿਫ਼ਤਾਰੀ ਨਹੀਂ ਹੋ ਜਾਂਦੀ ਅਤੇ ਸਿੱਖ ਕੈਦੀਆਂ ਦੀ ਰਿਹਾਈ ਨਹੀਂ ਹੋ ਜਾਂਦੀ, ਤਦ ਤੱਕ ਮੋਰਚਾ ਚੁੱਕਿਆ ਨਹੀਂ ਜਾਵੇਗਾ।
ਅਸੀਂ ਕਿਸੇ ਨੂੰ ਸਿਰਫ਼ ਇਸ ਲਈ ਗ੍ਰਿਫ਼ਤਾਰ ਨਹੀਂ ਕਰ ਸਕਦੇ ਕਿਉਂਕਿ ਕੋਈ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਮੁਲਜ਼ਮਾਂ ਦਾ ਦੋਸ਼ ਸਿੱਧ ਵੀ ਤਾਂ ਕਰਨਾ ਹੋਵੇਗਾ। ਮੁਢਲੀ ਨਜ਼ਰੇ ਤਾਂ ਉਨ੍ਹਾਂ ਵਿਰੁੱਧ ਕਾਫ਼ੀ ਸਬੂਤ ਮੌਜੂਦ ਹਨ ਪਰ ਇਹ ਸਭ ਅਦਾਲਤ `ਚ ਸਿੱਧ ਕਰਨਾ ਹੋਵੇਗਾ। ਰੋਸ ਮੁਜ਼ਾਹਰਾਕਾਰੀਆਂ ਨੂੰ ਵੀ ਕਾਰਨ ਪਤਾ ਚੱਲ ਜਾਵੇਗਾ। ਜਿੱਥੋਂ ਤੱਕ ਕੈਦੀਆਂ ਦੀ ਰਿਹਾਈ ਦਾ ਸੁਆਲ ਹੈ, ਉਨ੍ਹਾਂ ਨੂੰ ਆਪਣਾ ਧਰਨਾ ਦਿੱਲੀ ਲਿਜਾਣਾ ਹੋਵੇਗਾ। ਮੁੱਖ ਮੰਤਰੀ ਸਿਰਫ਼ ਕੇਂਦਰੀ ਗ੍ਰਹਿ ਮੰਤਰੀ ਨੂੰ ਲਿਖਤੀ ਬੇਨਤੀ ਕਰ ਸਕਦਾ ਹੈ ਪਰ ਇਸ ਮਾਮਲੇ `ਚ ਸੂਬਾ ਸਰਕਾਰ ਕੁਝ ਨਹੀਂ ਕਰ ਸਕਦੀ। ਮੈਨੂੰ ਅਜਿਹਾ ਕੋਈ ਕਾਰਨ ਵਿਖਾਈ ਨਹੀਂ ਦਿੰਦਾ ਕਿ ਇਸ ਮਾਮਲੇ `ਚ ਕੋਈ ਕਾਰਵਾਈ ਨਾ ਹੋਵੇ। ਜੇ ਸਾਡੀ ਸਰਕਾਰ ਕੋਈ ਕਾਰਵਾਈ ਕਰੇਗੀ, ਤਾਂ ਉਹ ਇੱਕ ਤਾਂ ਜਨਤਕ ਰੋਹ ਖ਼ਤਮ ਕਰੇਗੀ ਤੇ ਦੂਜੇ ਬਰਗਾੜੀ ਦੇ ਰੋਸ ਮੁਜ਼ਾਹਰਾਕਾਰੀਆਂ ਨੂੰ ਅਲੱਗ-ਥਲੱਗ ਕਰੇਗੀ।


ਕਾਰਵਾਈ ਲਈ ਨਿਸ਼ਚਤ ਸਮਾਂ-ਸੀਮਾ ਕੀ ਹੈ?
ਇਨਸਾਫ਼ ਕੋਈ ਕਿਸੇ ਫ਼ਾਸਟ-ਫ਼ੂਡ ਵਾਂਗ ਨਹੀਂ ਹੁੰਦਾ ਕਿ ਤੁਰੰਤ ਤਿਆਰ ਕਰ ਕੇ ਕਿਸੇ ਨੂੰ ਦੇ ਦਿੱਤਾ ਜਾਵੇ। ਕਾਰਵਾਈ ਤਦ ਵੀ ਕੀਤੀ ਜਾਵੇਗੀ, ਭਾਵੇਂ ਇਸ ਲਈ ਕੋਈ ਸਿਆਸੀ ਨੁਕਸਾਨ ਵੀ ਕਿਉਂ ਨਾ ਉਠਾਉਣਾ ਪਵੇ। ਅਸੀਂ ਜ਼ਖ਼ਮ ਅੱਲੇ ਨਹੀਂ ਛੱਡ ਸਕਦੇ। ਜੇ ਤੁਰਤ-ਫੁਰਤ ਕਾਰਵਾਈ ਨਾ ਕੀਤੀ, ਤਾਂ ਇਹ ਇੱਕ ਸਿਆਸੀ ਗ਼ਲਤੀ ਹੋਵੇਗੀ।


ਸਰਕਾਰ ਹੁਣ ਜਸਟਿਸ ਰਣਜੀਤ ਸਿੰਘ ਰਿਪੋਰਟ `ਤੇ ਕਾਰਵਾਈ ਬਾਰੇ ਕੋਈ ਫ਼ੈਸਲਾ ਲੈਂਦੀ ਵਿਖਾਈ ਨਹੀਂ ਦਿੰਦੀ।
ਨਹੀਂ, ਅਜਿਹਾ ਕੁਝ ਨਹੀਂ ਹੈ। ਸਰਕਾਰ ਦੀ ਮਨਸ਼ਾ ਬਹੁਤ ਸਾਫ਼ ਹੈ। ਜੇ ਇੰਝ ਹੁੰਦਾ, ਤਾਂ ਕਮਿਸ਼ਨ ਹੀ ਕਾਇਮ ਨਾ ਕੀਤਾ ਜਾਂਦਾ। ਜਾਂ ਇਹ ਕਮਿਸ਼ਨ ਆਪਣੀ ਕਾਰਵਾਈ ਕਾਗਜ਼ਾਂ `ਚ ਜਾਰੀ ਰੱਖਦਾ ਅਤੇ ਆਪਣੀ ਰਿਪੋਰਟ ਕਦੇ ਪੇਸ਼ ਹੀ ਨਾ ਕਰਦਾ। ਕਾਰਵਾਈ ਲਈ ਕੋਈ ਸਮਾਂ-ਸੀਮਾ ਨਿਰਧਾਰਤ ਨਹੀਂ ਸੀ।


ਕੀ ਵਿਸ਼ੇਸ਼ ਜਾਂਚ ਟੀਮ ਲਈ ਕੋਈ ਸਮਾਂ-ਸੀਮਾ ਤੈਅ ਹੋਣੀ ਚਾਹੀਦੀ ਹੈ।
ਜੇ ਇਨਸਾਫ਼ ਦੇਰੀ ਨਾਲ ਮਿਲਿਆ, ਤਾਂ ਉਸ ਦਾ ਕੋਈ ਫ਼ਾਇਦਾ ਨਹੀਂ। ਦਰਅਸਲ, ਰਿਪੋਰਟ ਜੱਗ-ਜ਼ਾਹਿਰ ਹੋਣ ਤੋਂ ਬਾਅਦ ਲੋਕਾਂ ਦੀਆਂ ਆਸਾਂ ਬਹੁਤ ਜਿ਼ਆਦਾ ਵਧ ਗਈਆਂ ਹਨ। ਜੇ ਹੁਣ ਲਗਾਤਾਰ ਦੇਰੀ ਕੀਤੀ ਗਈ, ਤਾਂ ਉਸ ਦੇਰੀ ਦਾ ਲਾਹਾ ਕੋਈ ਹੋਰ ਵੀ ਉਠਾ ਸਕਦਾ ਹੈ। ਜਿੰਨੀ ਛੇਤੀ ਕਾਰਵਾਈ ਹੋ ਜਾਵੇ, ਓਨਾ ਹੀ ਬਿਹਤਰ ਹੋਵੇਗਾ।


ਵਿਸ਼ੇਸ਼ ਜਾਂਚ ਟੀਮ ਦੇ ਫ਼ੈਸਲੇ ਤੋਂ ਬਾਅਦ ਜੇ ਸਰਕਾਰ ਨੇ ਕੋਈ ਕਾਰਵਾਈ ਕੀਤੀ, ਤਦ ਕੀ ਬਰਗਾੜੀ ਕਾਰਨ ਪੈਦਾ ਹੋਣ ਵਾਲਾ ਰੋਹ ਖ਼ਤਮ ਹੋ ਜਾਵੇਗਾ?
ਹੁਣ ਇਹੋ ਗੱਲ ਸੋਚਣ ਵਾਲੀ ਹੈ। ਰੋਸ ਮੁਜ਼ਾਹਰਾਕਾਰੀ ਇਹੋ ਚਾਹੁੰਦੇ ਹਨ ਕਿ ਸਾਰੀਆਂ ਘਟਨਾਵਾਂ ਲਈ ਜਿ਼ੰਮੇਵਾਰ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ। ਇਨਸਾਫ਼ ਮਿਲਣ ਤੋਂ ਬਾਅਦ ਹੀ ਲੋਕ-ਰੋਹ ਖ਼ਤਮ ਹੋ ਸਕੇਗਾ।


ਤੁਸੀਂ ਹਕੀਕਤ ਵਿੱਚ ਉਹੀ ਬਿਆਨ ਕਰ ਰਹੇ ਹੋ, ਜਿਹੋ ਜਿਹੀਆਂ ਭਾਵਨਾਵਾਂ ਹੁਣ ਜਨਤਾ ਪ੍ਰਗਟਾ ਰਹੀ ਹੈ। ਪਰ ਕੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਤੁਸੀਂ ਇਸ ਮੁੱਦੇ `ਤੇ ਇੱਕਮਤ ਹੋ?
ਮੇਰੀ ਭੂਮਿਕਾ ਪਾਰਟੀ ਤੇ ਸਰਕਾਰ ਵਿਚਾਲੇ ਇੱਕ ਪੁਲ਼ ਦੀ ਹੈ। ਮੈਂ ਇਹ ਪ੍ਰਗਟਾ ਸਕਦਾ ਹਾਂ ਕਿ ਕੀ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਨੂੰ ਜਨਤਕ ਭਾਵਨਾਵਾਂ ਦੀ ਪੂਰੀ ਜਾਣਕਾਰੀ ਹੈ। ਬੱਸ ਹੁਣ ਮਾਮਲਾ ਇਹੋ ਹੈ ਕਿ ਕਾਰਵਾਈ ਕਦੋਂ ਕੀਤੀ ਜਾਵੇਗੀ।


ਤੁਹਾਡੀ ਪਾਰਟੀ `ਚ ਕੁਝ ਅਜਿਹੀ ਧਾਰਨਾ ਵੀ ਚੱਲ ਰਹੀ ਹੈ ਕਿ ਜੇ ਬਾਦਲਾਂ ਵਿਰੁੱਧ ਕੋਈ ਕਾਰਵਾਈ ਕੀਤੀ, ਤਾਂ ਉਸ ਦਾ ਸਿਆਸੀ ਤੌਰ `ਤੇ ਨੁਕਸਾਨ ਹੋ ਸਕਦਾ ਹੈ। ਤੁਹਾਡਾ ਇਸ ਮਾਮਲੇ `ਚ ਕੀ ਆਖਣਾ ਹੈ?
ਮੈਂ ਤਾਂ ਇਹੋ ਆਖਾਂਗਾ ਕਿ ਅਪਰਾਧ ਕਰਨ ਵਾਲਿਆਂ ਵਿਰੁੱਧ ਕਾਰਵਾਈ ਹੋਵੇ, ਭਾਵੇਂ ਉਨ੍ਹਾਂ ਨੇ ਉਸ ਅਪਰਾਧ ਨੂੰ ਅੰਜਾਮ ਦੇਣ ਵਿੱਚ ਪੂਰੀ ਸਰਗਰਮੀ ਨਾਲ ਭਾਗ ਲਿਆ ਹੋਵੇ ਚਾਹੇ ਨਾ। ਮੈਂ ਲੋਕਾਂ ਨੂੰ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਪੰਥ ਨੂੰ ਕਿਵੇਂ ਵਰਤਿਆ ਗਿਆ ਸੀ ਤੇ ਸੁਖਬੀਰ ਨੇ ਕਿਵੇਂ ਉਸ ਦੀ ਦੁਰਵਰਤੋਂ ਕੀਤੀ। ਜੇ ਇਸ ਮੁੱਦੇ `ਤੇ ਨਫ਼ੇ-ਨੁਕਸਾਨ ਦੇ ਚੱਕਰਾਂ `ਚ ਪੈ ਗਏ, ਤਾਂ ਅਸੀਂ ਪੰਜਾਬ ਦੀ ਜਨਤਾ ਦੀ ਕੋਈ ਸੇਵਾ ਨਹੀਂ ਕਰ ਰਹੇ ਹੋਵਾਂਗੇ। ਜੇ ਅਸੀਂ ਜਨਤਕ ਭਾਵਨਾਵਾਂ ਵੱਲ ਜਾਈਏ, ਤਾਂ ਦੋਵੇਂ ਬਾਦਲ ਜੇਲ੍ਹ `ਚ ਹੋਣੇ ਚਾਹੀਦੇ ਹਨ ਕਿਉਂਕਿ ਲੋਕ ਹੁਣ ਉਨ੍ਹਾਂ ਖਿ਼ਲਾਫ਼ ਸਖ਼ਤ ਕਾਰਵਾਈ ਚਾਹੁੰਦੇ ਹਨ।


ਕੀ ਤੁਸੀਂ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਵਿਰੁੱਧ ਕਾਰਵਾਈ ਦੇ ਹੱਕ `ਚ ਹੋ? ਕੁਝ ਲੋਕਾਂ ਨੂੰ ਲੱਗਦਾ ਹੈ ਕਿ ਇਸ ਨਾਲ ਪੁਲਿਸ ਦਾ ਮਨੋਬਲ ਡਿੱਗੇਗਾ।
ਮੈਂ ਹਰੇਕ ਉਸ ਵਿਅਕਤੀ ਵਿਰੁੱਧ ਕਾਰਵਾਈ ਦੇ ਹੱਕ `ਚ ਹਾਂ, ਜਿਸ ਨੇ ਰੋਸ ਮੁਜ਼ਾਹਰਾਕਾਰੀਆਂ `ਤੇ ਗੋਲੀਬਾਰੀ ਦੇ ਹੁਕਮ ਦਿੱਤੇ ਸਨ। ਜੇ ਵਿਸ਼ੇਸ਼ ਜਾਂਚ ਟੀਮ ਕਿਸੇ ਨੂੰ ਦੋਸ਼ੀ ਪਾਉਂਦੀ ਹੈ, ਤਾਂ ਉਨ੍ਹਾਂ ਨੂੰ ਕਾਰਵਾਈ ਤਾਂ ਝੱਲਣੀ ਹੀ ਪਵੇਗੀ। ਇੱਥੇ ਇਹ ਸੋਚਣ ਵਾਲਾ ਮੁੱਦਾ ਾਨਹੀਂ ਹੈ ਕਿ ਕੀਤੀ ਜਾਣ ਵਾਲੀ ਸੰਭਾਵੀ ਕਾਰਵਾਈ ਦਾ ਅਸਰ ਪੁਲਿਸ ਮਨੋਬਲ `ਤੇ ਕਿੰਨਾ ਕੁ ਪਵੇਗਾ। ਭਾਵੇਂ ਸੈਣੀ ਹੋਵੇ ਤੇ ਚਾਹੇ ਬਾਦਲ ਜਾਂ ਸੁਖਬੀਰ ਹੋਣ, ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ।


ਬਰਗਾੜੀ ਰੋਸ ਮੁਜ਼ਾਹਰਿਆਂ ਦੇ ਮੁਢਲੇ ਦਿਨਾਂ ਦੌਰਾਨ ਤੁਹਾਡੀ ਪਾਰਟੀ ਗਰਮ-ਖਿ਼ਆਲੀ ਸਿੱਖ ਆਗੂਆਂ ਦੇ ਕੁਝ ਨੇੜੇ ਵਿਖਾਈ ਦੇ ਰਹੀ ਸੀ। ਇਹ ਉਹੀ ਚਾਲਾਂ ਸਨ, ਜੋ 1980ਵਿਆਂ ਦੌਰਾਨ ਅਕਾਲੀਆਂ ਨੂੰ ਸ਼ਹਿ ਤੇ ਮਾਤ ਦੇਣ ਲਈ ਕਾਂਗਰਸ ਨੇ ਖੇਡੀਆਂ ਸਨ। ਸਰਕਾਰ ਬੱਸ ਪਿਛਲੇ ਹਫ਼ਤੇ ਹੀ ਜਾਗੀ ਹੈ।
ਕਾਂਗਰਸ ਦਾ ਗਰਮ-ਖਿ਼ਆਲੀ ਸਿੱਖ ਆਗੂਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਕੁਝ ਕਾਂਗਰਸੀ ਆਗੂਆਂ ਨੇ ਉਨ੍ਹਾਂ ਨਾਲ ਸਿਰਫ਼ ਇਸ ਲਈ ਮੀਟਿੰਗਾਂ ਕੀਤੀਆਂ ਸਨ ਕਿ ਤਾਂ ਜੋ ਉਹ ਧਰਨਾ ਚੁੱਕਣ ਲਈ ਮੰਨ ਜਾਣ।


ਕੀ ਬੇਅਦਬੀ ਦਾ ਮੁੱਦਾ ਸਰਕਾਰੀ ਸ਼ਾਸਨ ਦੇ ਏਜੰਡੇ `ਤੇ ਭਾਰੂ ਨਹੀਂ ਪੈ ਗਿਆ ਹੈ ਅਤੇ ਕੀ ਇਸ ਮੁੱਦੇ ਕਾਰਨ ਤੁਹਾਡੀ ਪਾਰਟੀ ਵੱਲੋਂ ਕੀਤੇ ਵਾਅਦੇ ਪਿਛਾਂਹ ਨਹੀਂ ਚਲੇ ਗਏ ਹਨ?
ਹੁਣ ਇਹ ਸਭ ਤੋਂ ਵੱਡਾ ਤੇ ਪ੍ਰਮੁੱਖ ਮੁੱਦਾ ਹੈ। ਇਸ ਸਥਿਤੀ ਦਾ ਹੱਲ ਲੱਭਣ ਨਾਲ ਹੀ ਹੋਰ ਮੁੱਦੇ ਹੱਲ ਕਰਨ ਲਈ ਸਮਾਂ ਮਿਲੇਗਾ। ਇਹ ਮੌਜੂਦਾ ਸਥਿਤੀ ਕਾਨੁੰਨ ਤੇ ਵਿਵਸਥਾ ਦੀ ਹਾਲਤ ਨੂੰ ਖ਼ਰਾਬ ਕਰ ਸਕਦੀ ਹੈ। ਹੋਰ ਵਾਅਦੇ ਪੂਰੇ ਕਰਨ ਲਈ ਕੋਈ ਕਦਮ ਚੁੱਕਣ ਤੋਂ ਪਹਿਲਾਂ ਸਾਨੂੰ ਇਹ ਮੁੱਦਾ ਹੱਲ ਕਰਨਾ ਪਵੇਗਾ।


ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਹੈ ਕਿ ਤੁਹਾਡੇ ਵਿਚਾਰ ਤੇ ਰਾਹ ਮੁੱਖ ਮੰਤਰੀ ਨਾਲ ਨਹੀਂ ਮਿਲਦੇ?
ਨਹੀਂ ਇਹ ਮੇਰੇ ਆਪਣੇ ਵਿਚਾਰਾਂ ਤੇ ਰਾਹਾਂ ਦੀ ਗੱਲ ਨਹੀਂ। ਮੇਰਾ ਰਾਹ ਉਹੀ ਹੈ, ਜੋ ਪੰਜਾਬ ਦੀ ਜਨਤਾ ਚਾਹੁੰਦੀ ਹੈ। ਕਿਸੇ ਵੀ ਹੋਰ ਪਾਰਟੀ ਪ੍ਰਧਾਨ ਦੀ ਸਮੀਕਰਣ ਪਹਿਲਾਂ ਕਦੇ ਮੁੱਖ ਮੰਤਰੀ ਨਾਲ ਇੰਨੀ ਵਧੀਆ ਨਹੀਂ ਬੈਠੀ, ਜਿੰਨੀ ਕਿ ਮੇਰੀ ਹੈ। ਉਹ ਮੈਨੂੰ ਆਪਣੇ ਕੰਮਾਂ `ਚ ਸ਼ਾਮਲ ਕਰਦੇ ਹਨ ਤੇ ਮੇਰੇ ਸੁਝਾਅ ਖੁੱਲ੍ਹੇ ਦਿਲ ਨਾਲ ਸੁਣਦੇ ਹਨ।


ਜਿਹੜੀ ਕਾਂਗਰਸ ਧਰਮ-ਨਿਰਪੱਖ ਹੋਣ `ਤੇ ਮਾਣ ਕਰਦੀ ਹੈ, ਉਹ ਹੁਣ ਬੇਅਦਬੀ ਦੇ ਧਾਰਮਿਕ ਮੁੱਦੇ ਨੂੰ ਲੈ ਕੇ ਇੰਨੀ ਪਰੇਸ਼ਾਨ ਕਿਉਂ ਹੈ?
ਇਹ ਮੁੱਦਾ ਸਿਰਫ਼ ਪੰਥ ਦਾ ਨਹੀਂ ਹੈ। ਇਹ ਉਨ੍ਹਾਂ ਬਾਰੇ ਹੈ, ਜਿਹੜੇ ਖ਼ੁਦ ਨੂੰ ਧਰਮ ਦੇ ਰਾਖੇ ਅਖਵਾਉਂਦੇ ਰਹੇ ਹਨ ਪਰ ਉਨ੍ਹਾਂ ਧਰਮ ਦੀ ਪਿੱਠ `ਚ ਛੁਰਾ ਮਾਰਿਆ। ਇਹ ਇੱਕ ਪ੍ਰਸ਼ਾਸਕੀ ਮੁੱਦਾ ਹੈ ਤੇ ਅਪਰਾਧਕ ਕਾਰਵਾਈ ਹੈ। ਅਸੀਂ ਜਿ਼ੰਮੇਵਾਰੀ ਤੈਅ ਕਰਨ ਦਾ ਜਤਨ ਕਰ ਰਹੇ ਹਾਂ। ਬੇਅਦਬੀ ਇੱਕ ਧਾਰਮਿਕ ਮੁੱਦਾ ਹੈ ਪਰ ਇਨਸਾਫ਼ ਦੇਣ ਨਾਲ ਸਾਡਾ ਏਜੰਡਾ ਪੰਥਕ ਨਹੀ਼ ਹੋ ਜਾਂਦਾ।


ਤੁਹਾਡੀ ਰਣਨੀਤੀ ਅਕਾਲੀ ਦਲ ਨਾਲੋਂ ਬਾਦਲਾਂ ਦੇ ਵਿਰੁੱਧ ਵਧੇਰੇ ਜਾਪਦੀ ਹੈ?
ਮੇਰੇ ਵੱਲੋਂ ਸੁਖਬੀਰ ਵਿਰੁੱਧ ਬੋਲਣ ਤੋਂ ਬਾਅਦ ਹੀ ਸਾਰੇ ਟਕਸਾਲੀ ਅਕਾਲੀ ਉਸ ਖਿ਼ਲਾਫ਼ ਖੜ੍ਹੇ ਹੋ ਗਏ ਸਨ। ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਦੇਣ ਦੇ ਹੁਕਮ ਸੁਖਬੀਰ ਬਾਦਲ ਨੇ ਹੀ ਦਿੱਤੇ ਸਨ। ਕੀ ਉਸ ਨੇ ਮਾਫ਼ੀ ਦੇਣ ਤੋਂ ਪਹਿਲਾਂ ਉਸ ਨੇ ਡੇਰਾ ਮੁਖੀ ਨਾਲ ਕਿਸੇ ਸਮਝੌਤੇ ਲਈ ਗੱਲਬਾਤ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਜਾਜ਼ਤ ਲਈ ਸੀ? ਇੱਕ ਸਿੱਖਾ ਹੋਣ ਦੇ ਨਾਤੇ ਅਤੇ ਇੱਕ ਪੰਥਕ ਪਾਰਟੀ ਦਾ ਮੁਖੀ ਹੋਣ ਕਾਰਨ ਸੁਖਬੀਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਵਾਬਦੇਹ ਹੈ। ਪਰ ਉਸ ਵੇਲੇ ਦੇ ਗ੍ਰਹਿ ਮੰਤਰੀ ਸੁਖਬੀਰ ਬਾਦਲ ਤੋਂ ਮੇਰਾ ਇਹ ਪੁੱਛਣ ਦਾ ਵੀ ਅਧਿਕਾਰ ਹੈ ਕਿ ਪੰਜਾਬ ਦੇ ਅਮਨ ਨਾਲ ਸਮਝੌਤਾ ਕਿਉਂ ਕੀਤਾ ਗਿਆ ਸੀ? ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਿਉਂ ਰੋਕੀ ਗਈ? ਜੇ ਕਿਸੇ ਸਭ ਤੋਂ ਘੱਟ ਹਰਮਨਪਿਆਰੇ ਵਿਅਕਤੀ ਲਈ ਅੱਜ ਪੰਜਾਬ `ਚ ਵੋਟਿੰਗ ਕਰਵਾਈ ਜਾਵੇ, ਤਾਂ ਬਾਦਲ ਉਹ ਚੋਣ ਜ਼ਰੂਰ ਜਿੱਤ ਜਾਣਗੇ।


ਬਾਦਲਾਂ ਨੂੰ ਹੀ ਹੁਣ ਤਾਂ ਅਕਾਲੀ ਦਲ ਮੰਨਿਆ ਜਾਂਦਾ ਹੈ। ਕੀ ਇਸ ਨਾਲ ਨਰਮ-ਖਿ਼ਆਲੀ ਅਕਾਲੀ ਕਮਜ਼ੋਰ ਤੇ ਗਰਮ-ਖਿ਼ਆਲੀ ਮਜ਼ਬੂਤ ਹੋਣ ਦਾ ਡਰ ਨਹੀਂ ਰਹੇਗਾ?
ਬਾਦਲ ਹੀ ਅਕਾਲੀ ਦਲ ਨਹੀਂ ਹਨ। ਸੁਖਬੀਰ ਨੇ ਇਸ ਨੂੰ਼ ‘ਸੁਖਬੀਰ ਅਕਾਲੀ ਦਲ` ਬਣਾ ਧਰਿਆ ਹੈ। ਉਸ ਨੇ ਪਾਰਟੀ ਦਾ ਡੀਐੱਨਏ ਹੀ ਬਦਲ ਕੇ ਰੱਖ ਦਿੱਤਾ ਹੈ। ਇਸ ਦਾ ਵਪਾਰੀਕਰਣ ਹੋ ਗਿਆ ਹੈ। ਅਬੋਹਰ ਦੀ ਰੈਲੀ ਅਤੇ ਹੋਰਨਾਂ ਰੈਲੀਆਂ `ਚ ਸੁਖਬੀਰ ਨਾਲ ਜਿਹੜੇ ਅਕਾਲੀਆਂ ਨੇ ਸਟੇਜ ਸਾਂਝੀ ਕੀਤੀ ਸੀ, ਉਹ ਟਕਸਾਲੀ ਅਕਾਲੀ ਨਹੀਂ ਸਨ। ਸੁਖਬੀਰ ਨੇ ਕਮਾਊ-ਪੁੱਤਾਂ ਨੂੰ ਅਹਿਮੀਅਤ ਦਿੱਤੀ ਹੈ, ਜਿਹੜੇ ਰੇਤਾ, ਸ਼ਰਾਬ, ਨਸਿ਼ਆਂ ਤੇ ਜ਼ਮੀਨਾਂ ਦੇ ਮਾਫ਼ੀਏ ਚਲਾਉਂਦੇ ਰਹੇ ਹਨ। ਅਸਲ ਅਕਾਲੀ ਦਲ ਤਾਂ ਹੁਣ ਸਾਹਮਣੇ ਆਵੇਗਾ। ਅਕਾਲੀ ਦਲ ਨੂੰ ਬਾਦਲਾਂ, ਖ਼ਾ ਕਰ ਕੇ ਸੁਖਬੀਰ ਤੋਂ ਬਚਾਉਣਾ ਹੀ ਹੁਣ ਤਾਂ ਮੁੱਖ ਮੁੱਦਾ ਬਣਿਆ ਹੋਇਆ ਹੈ। ਹੁਣ ਆਪਣੇ ਆਖ਼ਰੀ ਜਤਨ ਵਜੋਂ ਵੱਡੇ ਬਾਦਲ ਸਾਹਿਬ ਸੀਨੀਅਰ ਪਾਰਟੀ ਆਗੂਆਂ ਨੂੰ ਖ਼ੁਸ਼ ਕਰਨ ਲਈ ਬਿਕਰਮ ਸਿੰਘ ਮਜੀਠੀਆ ਨੂੰ ਲਾਂਭੇ ਕਰਨਗੇ। ਦੂਜੇ, ਉਨ੍ਹਾਂ ਨੂੰ ਇਸ ਉਮਰ ਵਿੱਚ ਵੀ ਪਾਰਟੀ ਦੀਆਂ ਵੱਡੀਆਂ ਜਿ਼ੰਮੇਵਾਰੀਆਂ ਸੰਭਾਲਣੀਆਂ ਪੈਣਗੀਆਂ। ਪਰ ਟਕਸਾਲੀ ਆਗੂਆਂ ਨੁੰ ਵੀ ਹੁਣ ਵੱਡੇ ਬਾਦਲ ਦੀ ਖੇਡ ਸਮਝ ਆ ਚੁੱਕੀ ਹੈ। ਜੇ ਉਨ੍ਹਾਂ ਨੇ ਅਕਾਲੀ ਦਲ ਨੂੰ ਬਚਾਉਣਾ ਹੈ, ਤਾਂ ਉਨ੍ਹਾਂ ਨੂੰ ਇਸ ਨੂੰ ਸੁਖਬੀਰ ਬਾਦਲ ਤੋਂ ਬਚਾਉਣਾ ਹੋਵੇਗਾ।


ਅਕਾਲੀਆਂ ਦਾ ਦੋਸ਼ ਹੈ ਕਿ ਕਾਂਗਰਸ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ `ਤੇ ਕਾਬਜ਼ ਹੋਣ ਲਈ ਗਰਮ-ਖਿ਼ਆਲੀ ਸਿੱਖ ਆਗੂਆਂ ਨੂੰ ਹਵਾ ਦੇ ਰਹੀ ਹੈ।
ਅਸੀਂ ਇੱਕ ਧਰਮ-ਨਿਰਪੱਖ ਪਾਰਟੀ ਹਾਂ ਤੇ ਧਾਰਮਿਕ ਮਾਮਲਿਆਂ `ਚ ਦਖ਼ਲ ਨਹੀਂ ਦਿੰਦੇ। ਪਰ ਕਾਂਗਰਸ ਪਾਰਟੀ `ਚਵੀ ਸਿੱਖ ਹਨ। ਇਹ ਗੱਲ ਸਿਰਫ਼ ਦੋਵੇਂ ਬਾਦਲ ਹੀ ਮੰਨਦੇ ਹਨ ਕਿ ਕਾਂਗਰਸ ਵਿੱਚ ਜੇ ਕੋਈ ਹੈ, ਤਾਂ ਉਹ ਸਿੱਖ ਨਹੀਂ ਹੈ। ਪਰ ਉਹ ਵੀ ਹੋਰਨਾਂ ਸਾਰੇ ਸਿੱਖਾਂ ਵਰਗੇ ਹੀ ਹਨ ਅਤੇ ਉਨ੍ਹਾਂ ਦਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ `ਤੇ ਓਨਾ ਹੀ ਹੱਕ ਹੈ। ਪਾਰਟੀ ਗੁਰਦੁਆਰਾ ਸਿਆਸਤ `ਚ ਨਹੀਂ ਆਵੇਗੀ। ਸੁਖਬੀਰ ਨੇ ਸਾਰੇ ਢਾਂਚੇ ਦਾ ਭੱਠਾ ਬਿਠਾ ਦਿੱਤਾ ਹੈ। ਲੋਕਾਂ ਨੇ ਹੀ ਹੁਣ ਬਾਦਲਾਂ ਨੂੰ ਸ਼੍ਰੋਮਣੀ ਕਮੇਟੀ ਤੋਂ ਲਾਂਭੇ ਕਰ ਦੇਣਾ ਹੈ।


ਆਮ ਆਦਮੀ ਪਾਰਟੀ ਦੇ ਬਾਗ਼ੀ ਆਗੂ ਸੁਖਪਾਲ ਸਿੰਘਖਹਿਰਾ ਵੱਲੋਂ ਬਰਗਾੜੀ `ਚ ਰੋਸ ਮੁਜ਼ਾਹਰਾਕਾਰੀਆਂ ਦੇ ਜਜ਼ਬਾਤ ਦਾ ਲਾਹਾ ਲੈਣ ਦੇ ਜਤਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ?
ਬਰਗਾੜੀ ਮੋਰਚਾ ਦੇ ਪ੍ਰਬੰਧਕ ਤਾਂ ਪਹਿਲਾਂ ਹੀ ਖਹਿਰਾ ਤੇ ਉਸ ਵੱਲੋਂ ਸਰਕਾਰ ਨੂੰ ਦਿੱਤੇ 15 ਦਿਨਾਂ ਦੇ ਅਲਟੀਮੇਟਮ ਤੋਂ ਖ਼ੁਦ ਨੂੰ ਲਾਂਭੇ ਕਰ ਚੁੱਕੇ ਹਨ। ਅਜਿਹੀਆਂ ਮੌਕਾਪ੍ਰਸਤੀਆਂ ਨਾਲ ਕਿਤੇ ਕਿਸੇ ਨੂੰ ਕੋਈ ਲਾਹਾ ਨਹੀਂ ਮਿਲ ਸਕਦਾ। ਬਰਗਾੜੀ ਲਹਿਰ ਇੱਕ ਧਾਰਮਿਕ ਵਿਸ਼ਵਾਸ ਦਾ ਮਾਮਲਾ ਹੈ। ਉਨ੍ਹਾਂ ਨੇ ਇਹੋ ਸੋਚਣਾ ਹੈ ਕਿ ਇਸ ਸਥਿਤੀ ਦਾ ਸਿਆਸੀ ਲਾਹਾ ਲਿਆ ਜਾ ਰਿਹਾ ਹੈ।


ਤੁਸੀਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿੰਨੇ ਨੰਬਰ ਦਿੰਦੇ ਹੋ?
ਦਰਅਸਲ, ਸਭ ਤੋਂ ਵੱਡਾ ਅੜਿੱਕਾ ਤਾਂ ਉਹ ਮਾਨਸਿਕਤਾ ਹੈ, ਜਿਹੜੀ ਬਾਦਲਾਂ ਦੀ 10 ਸਾਲਾਂ ਦੀ ਹਕੂਮਤ ਦੌਰਾਨ ਵਿਕਸਤ ਹੋਈ ਹੈ। ਪ੍ਰਸ਼ਾਸਨ ਇਹੋ ਸੋਚਦਾ ਹੈ ਕਿ ਸਰਕਾਰਾਂ ਤਾਂ ਬੱਸ ਐਂਵੇਂ ਤੁਰਤ-ਫੁਰਤ ਦੇ ਫ਼ੈਸਲਿਆਂ ਤੇ ਕਾਲਪਨਿਕ ਉਡਾਰੀਆਂ ਨਾਲ ਹੀ ਚੱਲਦੀਆਂ ਹਨ। ਅਫ਼ਸਰਸ਼ਾਹੀ ਦੀ ਅਜਿਹੀ ਵਿਚਾਰਧਾਰਾ ਨੂੰ ਬਦਲਣਾ ਹੋਵੇਗਾ। ਸਾਡੀ ਕਾਰਗੁਜ਼ਾਰੀ ਵਧੀਆ ਹੈ ਤੇ ਅਸੀਂ ਵਿੱੱਤੀ ਸੰਕਟ ਦੇ ਬਾਵਜੂਦ ਕੁਝ ਵਧੀਆ ਕਰ ਕੇ ਵਿਖਾ ਸਕਦੇ ਹਾਂ।


ਕਾਂਗਰਸੀ ਵਰਕਰ ਕੁਝ ਆਸਵੰਦ ਵਿਖਾਈ ਨਹੀਂ ਦਿੰਦੇ।
ਅਸਲ `ਚ, ਵਰਕਰ ਮੈਨੀਫ਼ੈਸਟੋ ਦੇ ਉਨ੍ਹਾਂ ਵਾਅਦਿਆਂ ਦਾ ਬੋਝ ਚੁੱਕੀ ਬੈਠੇ ਹਨ, ਜਿਹੜੇ ਅਸੀਂ ਜਨਤਾ ਨਾਲ ਕੀਤੇ ਸਨ। ਵੋਟਰ ਉਨ੍ਹਾਂ ਕੋਲ ਆਉਂਦੇ ਹਨ। ਅਜਿਹੇ ਬਹੁਤ ਸਾਰੇ ਮੁੱਦੇ ਹਨ, ਜਿਹੜੇ ਹੱਲ ਕੀਤੇ ਜਾਣੇ ਲੋੜੀਂਦੇ ਹਨ। ਹਾਲਾਤ ਹੁਣ ਬਿਹਤਰ ਹੋ ਰਹੇ ਹਨ। ਅਫ਼ਸਰਸ਼ਾਹੀ ਹਾਲੇ ਵੀ ਅਕਾਲੀਆਂ ਦੇ ਪ੍ਰਭਾਵ ਹੇਠ ਕੰਮ ਕਰ ਰਹੀ ਹੈ। ਉਨ੍ਹਾਂ ਦੀ ਸੋਚਣੀ ਤੇ ਮਾਨਸਿਕਤਾ ਨੂੰ ਬਦਲਣ ਵਿੱਚ ਕੁਝ ਸਮਾਂ ਲੱਗੇਗਾ। ਉਨ੍ਹਾਂ ਨੁੰ ਇਹ ਸਮਝਾਉਣਾ ਹੋਵੇਗਾ ਕਿ ਉਹ ਕਿਸੇ ਪਾਰਟੀ ਦੇ ਵਪਾਰਕ ਹਿਤ ਪੂਰਨ ਲਈ ਨਹੀਂ ਬੈਠੇ, ਸਗੋਂ ਉਨ੍ਹਾਂ ਦਾ ਮੁੱਖ ਕੰਮ ਜਨਤਾ ਦੀ ਸੇਵਾ ਕਰਨਾ ਹੈ। ਮੁੱਖ ਮੰਤਰੀ ਇਸ ਹਕੀਕਤ ਤੋਂ ਜਾਣੂ ਹਨ।


ਬਰਗਾੜੀ ਦੇ ਰੋਹ ਤੇ ਰੋਸ ਕਾਰਨ ਸ਼ਹਿਰੀ ਵੋਟਰਾਂ ਵਿੱਚ ਕੁਝ ਬੇਚੈਨੀ ਦੀ ਭਾਵਨਾ ਵੀ ਪਾਈ ਜਾ ਰਹੀ ਹੈ।
ਸ਼ਹਿਰੀ ਵੋਟਰਾਂ ਲਈ ਇਹੋ ਸਭ ਤੋਂ ਵੱਡੀ ਸੇਵਾ ਹੋਵੇਗੀ ਕਿ ਜੇ ਅਸੀਂ ਨਿਵੇਸ਼ ਲਈ ਢੁਕਵਾਂ ਤੇ ਸੁਖਾਵਾਂ ਮਾਹੌਲ ਪੈਦਾ ਕਰ ਕੇ ਦੇਈਏ। ਵਿਕਾਸ ਇਸ ਮੁੱਦੇ ਦਾ ਬੰਧਕ ਨਹੀਂ ਬਣ ਸਕਦਾ। ਉਸ ਨੂੰ ਬਿਹਤਰੀ ਲਈ ਹੱਲ ਕਰਨ ਦੀ ਜ਼ਰੂਰਤ ਹੈ। ਨਹੀਂ ਤਾਂ ਇਸ ਦਾ ਪਰਛਾਵਾਂ ਪੰਜਾਬ `ਤੇ ਪਵੇਗਾ। ਸਾਡੇ ਸ਼ਹਿਰ ਝੁੱਗੀਆਂ-ਝੌਂਪੜੀਆਂ ਵਾਂਗ ਹਨ। ਪਿੰਡ ਵੀ ਕੋਈ ਬਿਹਤਰ ਨਹੀਂ, ਸਾਨੂੰ ਬਹੁਤ ਕੁਝ ਕਰਨਾ ਹੋਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Need to take action against responsible for firing