ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿ. ਸੁਜਾਤਾ ਸ਼ਰਮਾ ਦੇ ਹੁਕਮ ਨਾਲ ਪੰਜਾਬ `ਚ ਛਿੜੀ ਨਵੀਂ ਬਹਿਸ

ਪ੍ਰਿ. ਸੁਜਾਤਾ ਸ਼ਰਮਾ ਦੇ ਹੁਕਮ ਨਾਲ ਪੰਜਾਬ `ਚ ਛਿੜੀ ਨਵੀਂ ਬਹਿਸ

ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਸੁਜਾਤਾ ਸ਼ਰਮਾ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਕਾਲਜ ਦੀਆਂ ਕਲਾਸਾਂ ਅਤੇ ਇਮਤਿਹਾਨਾਂ ਦੇ ਸਮੇਂ ਦੌਰਾਨ ਵਿਦਿਆਰਥੀਆਂ ਤੇ ਵਿਦਿਆਰਥਣਾਂ ਦੇ ਜੀਨਾਂ, ਟੀ-ਸ਼ਰਟਾਂ, ਕੈਪਰੀਆਂ ਤੇ ਸਕੱਰਟਾਂ ਪਹਿਨਣ `ਤੇ ਲਾਈ ਗਈ ਪਾਬੰਦੀ ਬਿਲਕੁਲ ਦਰੁਸਤ ਹੈ ਅਤੇ ਇਸ ਫ਼ੈਸਲੇ ਦਾ ਵਿਰੋਧ ਕਰਨ ਵਾਲੇ ਜੋ ਮਰਜ਼ੀ ਆਖੀ ਜਾਣ, ਇਹ ਹੁਕਮ ਕਿਸੇ ਵੀ ਹਾਲਤ `ਚ ਵਾਪਸ ਨਹੀਂ ਲਿਆ ਜਾਵੇਗਾ। ਨਵਾਂ ਡ੍ਰੈੱਸ ਕੋਡ ਆਉਂਦੀ ਪਹਿਲੀ ਅਕਤੂਬਰ ਤੋਂ ਲਾਗੂ ਹੋ ਜਾਵੇਗਾ। ਤਦ ਵਿਦਿਆਰਥਣਾਂ ਸਲਵਾਰ-ਕਮੀਜ਼ ਅਤੇ ਵਿਦਿਆਰਥੀ ਪੈਂਟ-ਕਮੀਜ਼ ਪਹਿਨ ਕੇ ਆਉਣਗੇ।


ਦਰਅਸਲ, ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਹੋਸਟਲਾਂ `ਚ ਰਹਿਣ ਵਾਲੀਆਂ ਵਿਦਿਆਰਥਣਾਂ ਆਪਣੀ ਆਜ਼ਾਦੀ ਮੰਗ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦਿਨ ਤੇ ਰਾਤ ਕਿਸੇ ਵੀ ਵੇਲੇ ਹੋਸਟਲ `ਚ ਆਉਣ-ਜਾਣ ਦੀ ਛੋਟ ਤੇ ਖੁੱਲ੍ਹ ਦਿੱਤੀ ਜਾਵੇ। ਹੁਣ ਇੱਧਰ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਪ੍ਰਿੰਸੀਪਲ ਦੇ ਤਾਜ਼ਾ ਹੁਕਮ ਦਾ ਕੁਝ ਲੋਕ ਵਿਰੋਧ ਕਰ ਰਹੇ ਹਨ ਤੇ ਇਹ ਫ਼ੈਸਲਾ ਹੁਣ ਬਹਿਸ ਦਾ ਵਿਸ਼ਾ ਬਣ ਗਿਆ ਹੈ ਅਤੇ ਇਹ ਬਹਿਸ ਹੁਣ ਸਮੁੱਚੇ ਪੰਜਾਬ `ਚ ਹੀ ਛਿੜ ਗਈ ਹੈ। ਕੁਝ ਲੋਕ ਇਸ ਪਾਬੰਦੀ ਦੇ ਹੱਕ `ਚ ਹਨ ਤੇ ਕੁਝ ਖਿ਼ਲਾਫ਼। ਅੱਜ ਖ਼ਾਸ ਤੌਰ `ਤੇ ਪੰਜਾਬ ਦੇ ਵੱਖੋ-ਵੱਖਰੇ ਕਾਲਜਾਂ ਤੇ ਯੂਨੀਵਰਸਿਟੀਜ਼ ਦੇ ਵਿਦਿਆਰਥੀਆਂ ਦੇ ਵ੍ਹਟਸਐਪ ਗਰੁੱਪਾਂ `ਚ ਇਸ ਮੁੱਦੇ `ਤੇ ਬਹਿਸ ਚੱਲਦੀ ਰਹੀ।


ਮੰਗਲਵਾਰ ਨੂੰ ਜਾਰੀ ਹੁਕਮ ਵਿੱਚ ਪ੍ਰਿੰਸੀਪਲ ਸੁਜਾਤਾ ਸ਼ਰਮਾ ਨੇ ਕਾਲਜ ਦੇ ਸਾਰੇ ਵਿਭਾਗਾਂ ਦੇ ਮੁਖੀਆਂ, ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਹਰ ਹਾਲਤ `ਚ ਇਸ ਹੁਕਮ ਦੀ ਪਾਲਣਾ ਨੂੰ ਯਕੀਨੀ ਬਣਾਉਣ।


ਪ੍ਰਿੰਸੀਪਲ ਸੁਜਾਤਾ ਸ਼ਰਮਾ ਨੇ ਅੱਜ ਇਸ ਮਾਮਲੇ `ਚ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਇਹ ਕਦਮ ਇਸ ਲਈ ਚੁੱਕਿਆ ਹੈ ਕਿਉਂਕਿ ਅਧਿਆਪਕਾਂ ਵੱਲੋਂ ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਸਿ਼ਕਾਇਤਾਂ ਕੀਤੀਆਂ ਜਾ ਰਹੀਆਂ ਸਨ ਕਿ ਵਿਦਿਆਰਥੀਆਂ ਵਿੱਚ ਕੱਪੜੇ ਪਹਿਨਣ ਦੇ ਮਾਮਲੇ ਵਿੱਚ ਕੁਝ ਵਧੇਰੇ ਹੀ ਅਨੁਸ਼ਾਸਨ ਪਾਇਆ ਜਾ ਰਿਹਾ ਹੈ। ਕੁਝ ਵਿਦਿਆਰਥੀਆਂ ਨੇ ਕਲਾਸਰੂਮਾਂ ਤੇ ਲੈਬਾਰੇਟਰੀਆਂ `ਚ ਕੈਪਰੀਜ਼ ਤੇ ਚੱਪਲਾਂ ਪਹਿਨ ਕੇ ਵੀ ਆਉਣਾ ਸ਼ੁਰੂ ਕਰ ਦਿੱਤਾ ਸੀ। ਵਿਦਿਆਰਥੀਆਂ ਨੂੰ ਇਹ ਅਹਿਸਾਸ ਕਰਵਾਉਣਾ ਜ਼ਰੂਰੀ ਹੈ ਕਿ ਉਹ ਕੋਈ ਆਮ ਵਿਦਿਆਰਥੀ ਨਹੀਂ, ਸਗੋਂ ਮੈਡੀਕਲ ਦੇ ਵਿਦਿਆਰਥੀ ਤੇ ਵਿਦਿਆਰਥਣਾਂ ਹਨ; ਜਿਨ੍ਹਾਂ ਨੂੰ ‘ਸਮਾਜ ਦੀ ਕ੍ਰੀਮ` ਸਮਝਿਆ ਜਾਂਦਾ ਹੈ।


ਪ੍ਰਿਸੀਪਲ ਸ੍ਰੀਮਤੀ ਸ਼ਰਮਾ ਨੇ ਵਿਰੋਧੀਆਂ ਨੂੰ ਜਵਾਬ ਦਿੰਦਿਆਂ ਆਖਿਆ,‘ਪ੍ਰਾਈਵੇਟ ਮੈਡੀਕਲ ਕਾਲਜਾਂ ਤੇ ਵਿਸ਼ਵ ਦੇ ਹੋਰ ਬਹੁਤ ਸਾਰੇ ਵੱਕਾਰੀ ਮੈਡੀਕਲ ਸੰਸਥਾਨਾਂ ਵਿੱਚ ਵੀ ਕੱਪੜੇ ਪਹਿਨਣ ਬਾਰੇ ਬਾਕਾਇਦਾ ਜ਼ਾਬਤਾ ਲਾਗੂ ਹੈ। ਬੱਸ ਕੁਝ ਟੀਵੀ ਚੈਨਲ ਜਾਣਬੁੱਝ ਕੇ ਇਸ ਹੁਕਮ ਨੂੰ ਨਕਾਰਾਤਮਕ ਤੇ ਨਾਂਹ-ਪੱਖੀ ਬਣਾ ਕੇ ਪੇਸ਼ ਕਰ ਰਹੇ ਹਨ।`


ਇਸ ਦੌਰਾਨ ਵਿਦਿਆਰਥੀਆਂ ਦੀ ਐਸੋਸੀਏਸ਼ਨ ਦੇ ਮੁਖੀ ਮਨਸਿਮਰਤ ਸਿੰਘ ਨੇ ਅੱਜ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ। ਇਸ ਤੋਂ ਇਲਾਵਾ ਨੇ ਪ੍ਰਿੰਸੀਪਲ ਨੇ ਇਸ ਮੁੱਦੇ `ਤੇ ਕਾਲਜ ਦੇ ਸੀਨੀਅਰ ਅਧਿਆਪਕਾਂ ਤੇ ਹੋਰ ਅਧਿਕਾਰੀਆਂ ਨਾਲ ਵੀ ਮੀਟਿੰਗਾਂ ਕੀਤੀਆਂ। ਸੂਤਰਾਂ ਮੁਤਾਬਕ ਵਿਦਿਆਰਥੀ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਜੀਨਾਂ ਤੇ ਟੀ-ਸ਼ਰਟਾਂ ਪਹਿਨਣ ਦੀ ਛੋਟ ਦਿੱਤੀ ਜਾਵੇ ਪਰ ਉਹ ਆਪਣੀ ਇਹ ਮੰਗ ਮੀਡੀਆ ਸਾਹਵੇਂ ਬਿਆਨ ਨਹੀਂ ਕਰ ਰਹੇ।


ਪ੍ਰਿੰਸੀਪਲ ਸੁਜਾਤਾ ਸ਼ਰਮਾ ਨੇ ਇੰਨਾ ਤਾਂ ਜ਼ਰੂਰ ਦੱਸਿਆ ਕਿ ਵਿਦਿਆਰਥੀਆਂ ਨਾਲ ਉਨ੍ਹਾਂ ਦੀ ਮੀਟਿੰਗ ਹੋਈ ਹੈ ਪਰ ਉਸ ਵਿੱਚ ਕਿਸ ਤਰ੍ਹਾਂ ਦਾ ਵਿਚਾਰ-ਵਟਾਂਦਰਾ ਹੋਇਆ ਹੈ; ਇਹ ਨਹੀਂ ਦੱਸਿਆ। ਵਿਦਿਆਰਥੀ ਆਗੂ ਨੇ ਵੀ ਇਹੋ ਕਿਹਾ ਕਿ ਇਸ ਮੁੱਦੇ `ਤੇ ਕਾਲਜ `ਚ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:new discussion starts after Pr Sujata Sharma Orders