ਅੱਜ ਐਤਵਾਰ ਨੂੰ ਜਿੱਥੇ ਸਾਰਾ ਦਿਨ ਬਰਗਾੜੀ ਮੋਰਚੇ ਦਾ ਭੋਗ ਪਾ ਦੇਣ ਦੀਆਂ ਗੱਲਾਂ ਚੱਲਦੀਆਂ ਰਹੀਆਂ, ਉੱਥੇ ਪੰਜਾਬ ਦੇ ਦੋ ਮੰਤਰੀਆਂ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਸਰਕਾਰ ਵੱਲੋਂ ਕੁਝ ਐਲਾਨ ਕੀਤੇ। ਇਹ ਖ਼ਬਰ ਲਿਖੇ ਜਾਣ ਤੱਕ ਹਾਲੇ ਬਰਗਾੜੀ ਮੋਰਚਾ ਜਾਰੀ ਸੀ ਤੇ ਮੁਤਵਾਜ਼ੀ ਜੱਥੇਦਾਰ ਧਿਆਨ ਸਿੰਘ ਮੰਡ ਆਪਣਾ ਭਾਸ਼ਣ ਦੇ ਰਹੇ ਸਨ। ਉਹ ਆਪਣੇ ਭਾਸ਼ਣ `ਚ ਇਹ ਮੋਰਚਾ ਖ਼ਤਮ ਕਰਨ ਤੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਸਕਦੇ ਹਨ।
ਇਸੇ ਮੌਕੇ ਮੁਤਵਾਜ਼ੀ (ਸਮਾਨਾਂਤਰ) ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜੱਥੇਦਾਰ ਧਿਆਨ ਸਿੰਘ ਮੰਡ ਹੁਰਾਂ ਨੂੰ ਕਿਹਾ ਕਿ ਆਉਂਦੀਆਂ ਲੋਕ ਸਭਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲੜਨ ਲਈ ਇੱਕ ਨਵੀਂ ਪਾਰਟੀ ਕਾਇਮ ਕੀਤੀ ਜਾਣੀ ਚਾਹੀਦੀ ਹੈ।
ਇੱਥੇ ਵਰਨਣਯੋਗ ਹੈ ਕਿ ਪੰਜ ਪੰਥਕ ਪਾਰਟੀਆਂ ਪਹਿਲਾਂ ਹੀ ਜੱਥੇਦਾਰ ਮੰਡ ਹੁਰਾਂ ਨੂੰ ਇਸ ਮਾਮਲੇ `ਤੇ ਆਪਣੀ ਸਹਿਮਤੀ ਦੇ ਚੁੱਕੀਆਂ ਹਨ। ਇੰਝ ਇਸ ਵਾਰ ਤੀਜਾ ਮੋਰਚਾ ਤਕੜੀ ਟੱਕਰ ਦੇਣ ਦੀਆਂ ਤਿਆਰੀਆਂ ਕਰ ਰਿਹਾ ਹੈ।
ਉੱਧਰ ਡਾ. ਧਰਮਵੀਰ ਗਾਂਧੀ ਅਤੇ ਸੁਖਪਾਲ ਸਿੰਘ ਖਹਿਰਾ ਵੀ ਆਪਣੇ ਪੱਧਰ `ਤੇ ਤੀਜਾ ਮੋਰਚਾ ਕਾਇਮ ਕਰਨ ਲੱਗੇ ਹੋਏ ਹਨ। ਸ੍ਰੀ ਖਹਿਰਾ ਤਾਂ ਇਹ ਵੀ ਐਲਾਨ ਕਰ ਚੁੱਕੇ ਹਨ ਕਿ ਉਨ੍ਹਾਂ ਦਾ ਮੋਰਚਾ ਅਸਲ ਪੰਥਕ ਮੋਰਚਾ ਹੋਵੇਗਾ। ਆਮ ਆਦਮੀ ਪਾਰਟੀ ਵੱਖਰੇ ਤੌਰ `ਤੇ ਚੋਣਾਂ ਲੜਨ ਲਈ ਕਮਰ ਕੱਸੀ ਬੈਠੀ ਹੈ।
ਅਜਿਹੇ ਕੁਝ ਕਾਰਨਾਂ ਕਰਕੇ ਇਸ ਵਾਰ ਆਮ ਚੋਣਾਂ ਦੇ ਮੁਕਾਬਲੇ ਦਿਲਚਸਪ ਤੇ ਤਿਕੋਨੇ ਹੋਣ ਦੀ ਸੰਭਾਵਨਾ ਬਣ ਗਈ ਹੈ।