ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੇਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਐਲਾਨੇ 7 ਮੁੱਖ ਅਹੁਦੇਦਾਰ

ਨਵੇਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਐਲਾਨੇ 7 ਮੁੱਖ ਅਹੁਦੇਦਾਰ

--  ਪੰਜ ਮਤੇ ਕੀਤੇ ਸਰਬਸੰਮਤੀ ਨਾਲ ਪਾਸ
--  ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੇ ਮਾਮਲੇ `ਚ ਨਵਜੋਤ ਸਿੰਘ ਸਿੱਧੂ ਦੀ ਕੀਤੀ ਸ਼ਲਾਘਾ ਪਰ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਕੀਤੀ ਆਲੋਚਨਾ
--  ਬਾਦਲ ਪਰਿਵਾਰ `ਤੇ ਲਾਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਆਸੀ ਵਰਤੋਂ ਕਰਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰਤਾ ਦੀ ਬੇਅਦਬੀ ਕਰਨ ਦੇ ਦੋਸ਼
--  ਪ੍ਰਕਾਸ਼ ਸਿੰਘ ਬਾਦਲ ਤੋਂ ‘ਪੰਥ ਰਤਨ ਫ਼ਖ਼ਰ-ਏ-ਕੌਮ` ਦਾ ਖਿ਼ਤਾਬ ਵਾਪਸ ਲਿਆ ਜਾਵੇ: ਸੇਵਾ ਸਿੰਘ ਸੇਖਵਾਂ
--  ਬਰਗਾੜੀ ਤੇ ਕੋਟਕਪੂਰਾ ਗੋਲੀਕਾਂਡਾਂ ਲਈ ਦੋਵੇਂ ਬਾਦਲ ਦੋਸ਼ੀ ਕਰਾਰ
--  ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ ਕਰਵਾਉਣ ਲਈ ਪ੍ਰਮੁੱਖ ਸਿੱਖ ਸੰਸਥਾਨਾਂ ਦਾ ਨਾਸ਼ ਕੀਤਾ
--  ਐਡਵੋਕੇਟ ਐੱਚਐੱਸ ਫੂਲਕਾ ਦੀ ਕੀਤੀ ਸ਼ਲਾਘਾ


ਸ੍ਰੀ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਨਵਗਠਤ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਸੱਤ ਪ੍ਰਮੁੱਖ ਅਹੁਦੇਦਾਰਾਂ ਦੇ ਨਾਂਵਾਂ ਦਾ ਅੱਜ ਐਲਾਨ ਕਰ ਦਿੱਤਾ। ਸਾਬਕਾ ਐੱਮਪੀ ਰਤਨ ਸਿੰਘ ਅਜਨਾਲਾ ਨੂੰ ਇਸ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੂੰ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ।


ਇਹ ਐਲਾਨ ਸ੍ਰੀ ਬ੍ਰਹਮਪੁਰਾ ਨੇ ਅੱਜ ਅੰਮ੍ਰਿਤਸਰ `ਚ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ। ਸਾਬਕਾ ਜਿ਼ਲ੍ਹਾ (ਮੋਹਾਲੀ) ਅਕਾਲੀ ਦਲ ਪ੍ਰਧਾਨ ਜੱਥੇਦਾਰ ਉਜਾਗਰ ਸਿੰਘ ਬਡਾਲ਼ੀ ਨੂੰ ਇਸ ਨਵੇਂ ਦਲ ਦਾਾ ਮੀਤ ਪ੍ਰਧਾਨ ਨਵਾਂ ਸ਼ਹਿਰ ਦੇ ਅਕਾਲੀ ਆਗੂ ਮਹਿੰਦਰ ਸਿੰਘ ਹੁਸੈਨਪੁਰਾ ਨੂੰ ਜੂਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਬਿਆਸ ਦੇ ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲ਼ਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫ਼ਰੀਦਕੋਟ ਤੋਂ ਮੈਂਬਰ ਮੱਖਣ ਸਿੰਘ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ; ਜਦ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਚਰਨ ਸਿੰਘ ਫਿ਼ਰੋਜ਼ਪੁਰ ਨੂੰ ਜੱਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ।


ਚੇਤੇ ਰਹੇ ਕਿ ਬਾਗ਼ੀ ਟਕਸਾਲੀ ਆਗੂਆਂ ਨੇ ਇੱਕ ਹਫਤਾ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ। ਸ੍ਰੀ ਬ੍ਰਹਮਪੁਰਾ ਨੇ ਦੱਸਿਆ ਕਿ ਅੱਜ ਦਿਨੇ ਹੋਈ ਮੀਟਿੰਗ ਦੌਰਾਨ ਪੰਜ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ।


ਇਨ੍ਹਾਂ ਮਤਿਆਂ `ਚ ਨਵੇਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਬਾਦਲ ਪਰਿਵਾਰ `ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਆਸੀਕਰਨ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰਤਾ ਦੀ ਬੇਅਦਬੀ ਕਰਨ ਦਾ ਇਲਜ਼ਾਮ ਲਾਇਆ। ਮਤਿਆਂ ਵਿੱਚ ਕਿਹਾ ਗਿਆ ਹੈ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ ਕਰਵਾਉਣ ਲਈ ਪ੍ਰਮੁੱਖ ਸਿੱਖ ਸੰਸਥਾਨਾਂ ਦਾ ਨਾਸ਼ ਕੀਤਾ। ਨਵੀਂ ਪਾਰਟੀ ਦੇ ਆਗੂਆਂ ਨੇ ਬਰਗਾੜੀ ਤੇ ਕੋਟਕਪੂਰਾ `ਚ ਵਾਪਰੇ ਗੋਲੀਕਾਂਡਾਂ ਲਈ ਬਾਦਲਾਂ ਨੂੰ ਹੀ ਜਿ਼ੰਮੇਵਾਰ ਕਰਾਰ ਦਿੱਤਾ ਹੈ।


ਨਵੀਂ ਪਾਰਟੀ ਨੇ ਸੁਪਰੀਮ ਕੋਰਟ ਦੇ ਵਕੀਲ ਐੱਚਐੱਸ ਫੂਲਕਾ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨਵੰਬਰ 1984 ਸਿੱਖ ਕਤਲੇਆਮ ਦੇ ਪੀੜਤਾਂ ਦੇ ਕੇਸ 34 ਸਾਲਾਂ ਤੱਕ ਲੜੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ।


ਪਾਰਟੀ ਦੇ ਆਗੂਆਂ ਨੇ ਇੱਕਜੁਟ ਆਵਾਜ਼ `ਚ ਇਹ ਵੀ ਕਿਹਾ,‘ਅਸੀਂ ਮਹਿਸੂਸ ਕਰਦੇ ਹਾਂ ਕਿ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਸਾਹਿਬ ਲਾਂਘਾ ਖੁਲ੍ਹਵਾਉਣ ਦੇ ਮਾਮਲੇ `ਚ ਹਾਂ-ਪੱਖੀ ਭੂਮਿਕਾ ਨਿਭਾਈ ਹੈ। ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਨੁਕਤਾਚੀਨੀ ਕਰਦਿਆਂ ਆਖਿਆ ਕਿ ਇਹ ਦੋਵੇਂ ਆਗੂ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਦਾ ਨਾਂਅ ਲੈ ਕੇ ਲਾਂਘਾ ਖੋਲ੍ਹਣ ਦੇ ਜਤਨਾਂ ਨੂੰ ਨਾਕਾਮ ਕਰਨਾ ਚਾਹੁੰਦੇ ਹਨ।`


ਸ੍ਰੀ ਸੇਖਵਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ‘ਪੰਥ ਰਤਨ ਫ਼ਖ਼ਰ-ਏ-ਕੌਮ` ਦਾ ਖਿ਼ਤਾਬ ਵਾਪਸ ਲਿਆ ਜਾਣਾ ਚਾਹੀਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New SAD Taksali announce 7 main office bearers