ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬ੍ਰਹਮਪੁਰਾ ਦੀ ਅਗਵਾਈ `ਚ ਨਵਾਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਕਾਇਮ

ਬ੍ਰਹਮਪੁਰਾ ਦੀ ਅਗਵਾਈ `ਚ ਨਵਾਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਕਾਇਮ

--  ਹਮ-ਖਿ਼ਆਲ ਪਾਰਟੀਆਂ ਨਾਲ ਗੱਠਜੋੜ ਕਾਇਮ ਕਰਨ ਦੇ ਦਰ ਖੁੱਲ੍ਹੇ ਰੱਖਾਂਗੇ: ਰਣਜੀਤ ਸਿੰਘ ਬ੍ਰਹਮਪੁਰਾ

--  ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ, ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਭ ਨੂੰ ਵਰਤਿਆ: ਰਣਜੀਤ ਸਿੰਘ ਬ੍ਰਹਮਪੁਰਾ

--  ਸ਼੍ਰੋਮਣੀ ਕਮੇਟੀ ਨੇ ਬਾਗ਼ੀ ਅਕਾਲੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਦਫ਼ਤਰ ਅੰਦਰ ਨਾ ਜਾਣ ਦਿੱਤਾ।

--  ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਤੇ ਸ਼੍ਰੋਮਣੀ ਕਮੇਟੀ ਸਟਾਫ਼ ਵਿਚਾਲੇ ਹੋਈ ਧੱਕਾਮੁੱਕੀ


ਸ਼੍ਰੋਮਣੀ ਅਕਾਲੀ ਦਲ (ਬਾਦਲ) `ਚੋਂ ਕੱਢੇ ਤਿੰਨ ਸੀਨੀਅਰ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਰਤਨ ਸਿੰਘ ਅਜਨਾਲਾ ਨੇ ਅੱਜ ਐਤਵਾਰ ਨੂੰ ਇੱਕ ਨਵੀਂ ਸਿਆਸੀ ਪਾਰਟੀ ‘ਸ਼੍ਰੋਮਣੀ ਅਕਾਲੀ ਦਲ (ਟਕਸਾਲੀ)` ਕਾਇਮ ਕਰਨ ਦਾ ਐਲਾਨ ਕਰ ਦਿੱਤਾ। ਉਨ੍ਹਾਂ ਨਾਲ ਕੁਝ ਅਜਿਹੇ ਹੋਰ ਅਕਾਲੀ ਆਗੂ ਵੀ ਜੁੜੇ ਹਨ, ਜਿਹੜੇ ਖ਼ੁਦ ਨੂੰ ਬਾਦਲ ਦਲ `ਚ ‘ਹਾਸ਼ੀਏ `ਤੇ ਜਾ ਚੁੱਕੇ` ਸਮਝਦੇ ਸਨ।


ਮਾਝਾ ਦੇ ਟਕਸਾਲੀ ਅਕਾਲੀਆਂ ਨੇ ਅੱਜ ਆਪਣੇ ਸਮਰਥਕਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਇਕੱਠੇ ਹੋ ਕੇ ਖਡੂਰ ਸਾਹਿਬ ਤੋਂ ਐੱਮਪੀ ਸ੍ਰੀ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਆਪਣਾ ਪ੍ਰਧਾਨ ਚੁਣ ਲਿਆ।


ਸ੍ਰੀ ਅਕਾਲ ਤਖ਼ਤ ਸਾਹਵੇਂ ਅਰਦਾਸ ਤੋਂ ਬਾਅਦ ਸਾਬਕਾ ਮੰਤਰੀ ਸ੍ਰੀ ਸੇਖਵਾਂ ਨੇ ਸ੍ਰੀ ਬ੍ਰਹਮਪੁਰਾ ਦਾ ਨਾਂਅ ਪ੍ਰਧਾਨ ਦੇ ਅਹੁਦੇ ਲਈ ਪੇਸ਼ ਕੀਤਾ ਤੇ ਸਾਬਕਾ ਐੱਮਪੀ ਸ੍ਰੀ ਅਜਨਾਲਾ ਨੇ ਇਸ ਦੀ ਤਾਈਦ ਕਰ ਦਿੱਤੀ, ਜੋ ਆਪਣੇ ਪੁੱਤਰ ਤੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਨਾਲ ਮੌਜੂਦ ਸਨ। ਉਨ੍ਹਾਂ ਦੇ ਹਮਾਇਤੀਆਂ ਨੇ ਆਪਣੇ ਹੱਥ ਖੜ੍ਹੇ ਕਰ ਕੇ ਆਪਣੀ ਸਹਿਮਤੀ ਦਿੱਤੀ।


ਸਾਬਕਾ ਅਕਾਲੀ ਵਿਧਾਇਕਾਂ ਮੋਹਨ ਸਿੰਘ ਸਠਿਆਲਾ, ਉਜਾਗਰ ਸਿੰਘ ਵਡਾਲੀ ਤੇ ਰਘਬੀਰ ਸਿੰਘ (ਸਾਬਕਾ ਮੰਤਰੀ) ਨੇ ਵੀ ਇਸ ਨਵੀਂ ਜੱਥੇਬੰਦੀ ਨੂੰ ਆਪਣੀ ਹਮਾਇਤ ਦੇ ਦਿੱਤੀ ਹੈ।


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਲਵਿੰਦਰ ਸਿੰਘ ਵੇਈਂ ਪੂਈਂ, ਕੁਲਦੀਪ ਸਿੰਘ ਤੇਰਾ ਅਤੇ ਮਹਿੰਦਰ ਸਿੰਘ ਹੁਸੈਨਪੁਰ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਮੱਖਣ ਸਿੰਘ ਨੰਗਲ, ਹਰਬੰਸ ਸਿੰਘ ਮੰਝਪੁਰ ਤੇ ਬਲਦੇਵ ਸਿੰਘ ਐੱਮਏ ਵੀ ਇਸ ਮੌਕੇ ਮੌਜੂਦ ਸਨ।


ਸ੍ਰੀ ਬ੍ਰਹਮਪੁਰਾ ਨੇ ਕਿਹਾ ਕਿ ਉਹ ਹਮ-ਖਿ਼ਆਲ ਪਾਰਟੀਆਂ ਨਾਲ ਗੱਠਜੋੜ ਕਾਇਮ ਕਰਨ ਦੇ ਦਰ ਖੁੱਲ੍ਹੇ ਰੱਖਣਗੇ। ਉਨ੍ਹਾਂ ਕਿਹਾ ਕਿ ਅੱਜ ਉਸੇ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ-ਸੁਰਜੀਤ ਕੀਤਾ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ 14 ਦਸੰਬਰ, 1920 ਨੂੰ ਹੋਈ ਸੀ। ਪੰਥ ਤੇ ਪੰਜਾਬ ਦੀਆਂ ਜ਼ਰੂਰਤਾਂ ਮੁਤਾਬਕ ਇਸ ਵੇਲੇ ਅਜਿਹੇ ਦਲ ਦੀ ਜ਼ਰੂਰਤ ਸੀ। ‘ਅਸੀਂ ਅਕਾਲੀ ਦਲ ਨੂੰ ਬਾਦਲਾਂ ਦੀ ਤਾਨਾਸ਼ਾਹੀ ਤੋਂ ਆਜ਼ਾਦ ਕਰਵਾਉਣ ਲਈ ਇਹ ਨਵੀਂ ਪਾਰਟੀ ਕਾਇਮ ਕੀਤੀ ਹੈ। ਬਾਦਲ ਦੀ ਅਗਵਾਈ ਹੇਠ ਪਾਰਟੀ ਬਹੁਤ ਜਿ਼ਆਦਾ ਨੀਵੇਂ ਪੱਧਰ `ਤੇ ਚਲੀ ਗਈ ਹੈ। ਪਾਰਟੀ ਤੋਂ ਇਲਾਵਾ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇੱਕ ਹਥਿਆਰ ਵਜੋਂ ਵਰਤਿਆ ਤੇ ਧਨ `ਤੇ ਕਬਜ਼ਾ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ `ਚ ਘੁਟਾਲਾ ਇਸ ਦੀ ਤਾਜ਼ਾ ਮਿਸਾਲ ਹੈ। ਉਸ ਸਨੇ ਸਿੱਖਾਂ ਦੇ ਸਰਬਉੱਚ ਸੰਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਨਹੀਂ ਬਖ਼ਸਿ਼ਆ।`


ਨਵੀਂ ਪਾਰਟੀ ਦੇ ਏਜੰਡੇ ਵਿੱਚ ਲਿਖਿਆ ਗਿਆ ਹੈ ਕਿ - ‘ਜੇ ਪੰਜਾਬ `ਚ ਪਾਰਟੀ ਸਰਕਾਰ ਬਣਾਉਂਦੀ ਹੈ, ਤਾਂ ਅਨੁਸੂਚਿਤ ਜਾਤਾਂ, ਪੱਛੜੀਆਂ ਸ਼੍ਰੇਣੀਆਂ, ਈਸਾਈਆਂ ਤੇ ਮੁਸਲਮਾਨਾਂ ਨੂੰ ਵੀ ਨੁਮਾਇੰਦਗੀ ਮਿਲੇਗੀ। ਸੂਬੇ `ਚ ਦਲਿਤ ਆਬਾਦੀ 32 ਫ਼ੀ ਸਦੀ ਹੈ। ਇਸੇ ਲਈ ਦਲਿਤ ਭਾਈਚਾਰੇ ਦਾ ਇੱਕ ਮੈਂਬਰ ਜ਼ਰੂਰ ਉੱਪ-ਮੁੱਖ ਮੰਤਰੀ ਬਣਾਇਆ ਜਾਵੇਗਾ।`


ਏਜੰਡੇ `ਚ ਕਿਤੇ ਕਿਸੇ ਹਿੰਦੂ ਨੂੰ ਨੁਮਾਇੰਦਗੀ ਦਿੱਤੇ ਜਾਣ ਦਾ ਕੋਈ ਜਿ਼ਕਰ ਨਹੀਂ ਹੈ।


ਏਜੰਡੇ ਵਿੱਚ ਐੱਨਆਰਆਈ ਸਿੱਖਾਂ ਨੂੰ ਨੁਮਾਇੰਦਗੀ ਦੇਣ ਤੇ ਆਨੰਦਪੁਰ ਸਾਹਿਬ ਮਤੇ ਨੂੰ ਹਮਾਇਤ ਦੇਣ ਦਾ ਭਰੋਸਾ ਵੀ ਦਿਵਾਇਆ ਗਿਆ ਹੈ। ਇਹ ਮਤਾ ਸੂਬਿਆਂ ਨੂੰ ਵੱਧ ਤਾਕਤਾਂ ਦੇਣ ਦੀ ਮੰਗ ਕਰਦਾ ਹੈ।


ਸ੍ਰੀ ਬ੍ਰਹਮਪੁਰਾ ਨੇ ਭਾਵੇਂ ਇਸ ਪਾਰਟੀ ਨੂੰ ਸਿੱਖਾਂ ਦੀ ਪ੍ਰਤੀਨਿਧ ਦੱਸਿਆ ਪਰ ਉਨ੍ਹਾਂ ਇਸ ਨੂੰ ਧਰਮ-ਨਿਰਪੱਖ ਵੀ ਕਰਾਰ ਦਿੱਤਾ ਕਿਉਂਕਿ ਇਹ ਸਮਾਜ ਦੇ ਸਾਰੇ ਵਰਗਾਂ ਦੇ ਹਿਤਾਂ ਦਾ ਖਿ਼ਆਲ ਰੱਖੇਗੀ।


ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਟਾਸਕ ਫ਼ੋਰਸ ਦੇ ਕੁਝ ਮੈਂਬਰ ਤਾਇਨਾਤ ਕੀਤੇ ਹੋਏ ਸਨ, ਜੋ ਬਾਗ਼ੀ ਅਕਾਲੀ ਆਗੂਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਦਫ਼ਤਰ ਅੰਦਰ ਨਹੀਂ ਜਾਣ ਦੇ ਰਹੇ ਸਨ। ਉਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰ ਸ੍ਰੀ ਸੇਖਵਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ, ਜਦ ਕਿ ਉਹ ਇੱਕ ਮੈਂਬਰ ਹੋਣ ਦੇ ਨਾਤੇ ਅਜਿਹਾ ਕਰ ਸਕਦੇ ਸਨ। ਸ੍ਰੀ ਬ੍ਰਹਮਪੁਰਾ ਦੇ ਪੁੱਤਰ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅੰਦਰ ਜਾਣ ਦੇ ਚੱਕਰ `ਚ ਸ਼੍ਰੋਮਣੀ ਕਮੇਟੀ ਸਟਾਫ਼ ਨਾਲ ਉਲਝ ਵੀ ਗਏ, ਉਨ੍ਹਾਂ ਵਿਚਾਲੇ ਕੁਝ ਧੱਕਾਮੁੱਕੀ ਵੀ ਹੋਈ। ਸ਼੍ਰੋਮਣੀ ਕਮੇਟੀ ਸਟਾਫ਼ ਨੇ ਬਾਗ਼ੀ ਅਕਾਲੀ ਆਗੂਆਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਣ ਤੋਂ ਕੁਝ ਮਿੰਟ ਪਹਿਲਾਂ ਮਾਈਕ੍ਰੋਫ਼ੋਨ ਵੀ ਹਟਾ ਦਿੱਤੇ ਸਨ, ਇਸੇ ਲਈ ਢਾਡੀਆਂ ਨੂੰ ਮਾਈਕ ਤੋਂ ਬਿਨਾ ਹੀ ਵਾਰਾਂ ਗਾਉਣੀਆਂ ਪਈਆਂ।   

ਬ੍ਰਹਮਪੁਰਾ ਦੀ ਅਗਵਾਈ `ਚ ਨਵਾਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਕਾਇਮ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New Shiromani Akali Dal Taksali formed under Brahampura