ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ (ਸਮਾਨਾਂਤਰ) ਜੱਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਹੈ ਕਿ ਆਉਂਦੀ 20 ਦਸੰਬਰ ਤੋਂ ਉਨ੍ਹਾਂ ਦੇ ਰੋਸ ਮੁਜ਼ਾਹਰੇ ਦਾ ਅਗਲਾ ਗੇੜ ਫ਼ਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਣ ਜਾ ਰਿਹਾ ਹੈ।
ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੱਥੇਦਾਰ ਮੰਡ ਖ਼ਾਸ ਤੌਰ `ਤੇ ਗੁਰੂ ਸਾਹਿਬਾਨ ਦਾ ਸ਼ੁਕਰਾਨਾ ਅਦਾ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਪੁੱਜੇ ਸਨ। ਉਨ੍ਹਾਂ ਨਾਲ ਸ੍ਰੀ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਭਾਈ ਮੋਹਕਮ ਸਿੰਘ ਦੀ ਅਗਵਾਈ ਵਾਲਾ ਯੂਨਾਈਟਿਡ ਅਕਾਲੀ ਦਲ (ਯੂਏਡੀ) ਦੇ ਨੁਮਾਇੰਦੇ ਹੀ ਮੌਜੂਦ ਸਨ। ਬਰਗਾੜੇ ਮੋਰਚੇ `ਤੇ ਉਨ੍ਹਾਂ ਨਾਲ ਸਦਾ ਖੜ੍ਹੇ ਰਹੇ ਦਲ ਖ਼ਾਲਸਾ ਜਿਹੀਆਂ ਹੋਰ ਸਿੱਖ ਜੱਥੇਬੰਦੀਆਂ ਦਾ ਕੋਈ ਨੁਮਾਇੰਦਾ ਮੌਜੂਦ ਨਹੀਂ ਸੀ।
ਜੱਥੇਦਾਰ ਮੰਡ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ,‘ਬਰਗਾੜੀ ਮੋਰਚੇ ਦਾ ਧੰਨਵਾਦ, ਜਿਸ ਕਰ ਕੇ ਪੰਜਾਬ ਸਰਕਾਰ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜੱਗ-ਜ਼ਾਹਿਰ ਕਰਨੀ ਪਈ ਤੇ ਬੇਅਦਬੀ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਨਾਲ ਸਮੁੱਚੀ ਸਿੱਖ ਕੌਮ ਇੱਕ ਮੰਚ `ਤੇ ਆ ਗਈ।`
ਪੱਤਰਕਾਰਾਂ ਨੇ ਜੱਥੇਦਾਰ ਮੰਡ ਤੋਂ ਪੁੱਛਿਆ ਕਿ ਉਹ ਨਵੀਂ ਪਾਰਟੀ ਕਦੋਂ ਬਣਾਉਣਗੇ, ਤਾਂ ਉਨ੍ਹਾਂ ਜਵਾਬ ਦਿੱਤਾ ਕਿ ਪੰਜਾਬ `ਚ ਸਿਆਸੀ ਦ੍ਰਿਸ਼ ਹਾਲੇ ਵਧੀਆ ਨਹੀਂ ਹੈ। ਅਸੀਂ ਜਨਤਾ ਨੂੰ ਰਾਹਤ ਪਹੰੁਚਾਉਣ ਲਈ ਇੱਕ ਮੰਚ ਸਿਰਜਣ ਦਾ ਭਰੋਸਾ ਦਿਵਾਉਂਦੇ ਹਾਂ।