ਇਸੇ ਮਹੀਨੇ ਪਹਿਲਾਂ ਖ਼ੂਨੀ ਜੰਗ ਦੌਰਾਨ ਤਿੰਨ ਜਣਿਆਂ ਦੇ ਬੁਰੀ ਤਰ੍ਹਾਂ ਜ਼ਖ਼ਮੀ ਹੋਣ ਜਿਹੀ ਮੰਦਭਾਗੀ ਘਟਨਾ ਵਾਪਰਨ ਤੋਂ ਬਾਅਦ ਨਿਹੰਗ ਜੱਥੇਬੰਦੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਿਚਾਲੇ ਸਮਝੌਤਾ ਹੋ ਗਿਆ ਹੈ। ਦੋਵੇਂ ਧਿਰਾਂ ਦੇ ਸੀਨੀਅਰ ਆਗੂਆਂ ਦੇ ਦਖ਼ਲ ਕਾਰਨ ਅਜਿਹਾ ਸਮਝੌਤਾ ਸੰਭਵ ਹੋ ਸਕਿਆ।
ਸਿੱਖ ਜੋਧੇ ਨਿਹੰਗ ਅਖਵਾਉਂਦੇ ਹਨ, ਜਦ ਕਿ ਸਤਿਕਾਰ ਕਮੇਟੀ ਉਹ ਸਿੱਖ ਕਾਰਕੁੰਨ ਹੁੰਦੇ ਹਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੂਰੀ ਮਾਣ-ਮਰਿਆਦਾ ਤੇ ਆਦਰ-ਸਤਿਕਾਰ ਨੂੰ ਯਕੀਨੀ ਬਣਾਉਂਦੇ ਹਨ।
ਬੀਤੀ 9 ਜੁਲਾਈ ਨੂੰ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਹਸਪਤਾਲ ਦੇ ਸਰਜੀਕਲ ਵਾਰਡ `ਚ ਸਤਿਕਾਰ ਕਮੇਟੀ ਦੇ 15 ਕਾਰਕੁੰਨਾਂ ਨੇ ਦੋ ਨਿਹੰਗਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਦਰਅਸਲ, ਉਸ ਤੋਂ ਇੱਕ ਦਿਨ ਪਹਿਲਾਂ ਸਤਿਕਾਰ ਕਮੇਟੀ ਦੇ ਇੱਕ ਮੈਂਬਰ ਦੀ ਵਿਡੀਓ ਸੋਸ਼ਲ ਮੀਡੀਆ `ਤੇ ਸ਼ੇਅਰ ਕੀਤੀ ਗਈ ਸੀ ਤੇ ਝਗੜਾ ਉਸੇ ਨੂੰ ਲੈ ਕੇ ਵਧਿਆ ਸੀ। ਅੰਮ੍ਰਿਤਸਰ ਜਿ਼ਲ੍ਹੇ ਦੇ ਪਿੰਡ ਚੌਗਾਵਾਂ ਦੇ ਦਸਮੇਸ਼ ਤਰਨਾ ਦਲ ਨਾਲ ਜੁੜੇ ਕੁਝ ਨਿਹੰਗਾਂ ਨੇ ਸਤਿਕਾਰ ਕਮੇਟੀ ਦੇ ਮੈਂਬਰ ਰਣਜੀਤ ਸਿੰਘ ਨਾਲ ਕੁੱਟਮਾਰ ਕੀਤੀ ਸੀ ਤੇ ਉਹ ਵਿਡੀਓ ਉਸੇ ਕੁੱਟਮਾਰ ਦੀ ਸੀ।
ਉਸ ਤੋਂ ਬਾਅਦ ਕੁਝ ਅਪਮਾਨਜਨਕ ਟਿੱਪਣੀਆਂ ਕਾਰਨ ਹਿੰਸਕ ਹਮਲੇ ਹੋਏ ਤੇ ਇੰਝ ਵਿਵਾਦ ਵਧਦਾ ਚਲਾ ਗਿਆ। ਸੋਸ਼ਲ ਮੀਡੀਆ `ਤੇ ਵੱਖਰੀ ਜੰਗ ਚੱਲਦੀ ਰਹੀ। ਰਾਜਾਸਾਂਸੀ ਤੇ ਮਜੀਠਾ ਰੋਡ ਪੁਲਿਸ ਥਾਣਿਆਂ `ਚ ਦੋਵੇਂ ਧਿਰਾਂ ਦੀਆਂ ਦੋ ਵੱਖੋ-ਵੱਖਰੇ ਮਾਮਲੇ ਵੀ ਦਰਜ ਕਰਵਾਏ ਗਏ।
ਉਸ ਤੋਂ ਬਾਅਦ ਨਿਹੰਗ ਜੱਥੇਬੰਦੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਤੇ ਤਰਨਾ ਦਲ ਦੇ ਬਾਬਾ ਗੱਜਣ ਸਿੰਘ ਅਤੇ ਸਤਿਕਾਰ ਕਮੇਟੀ ਦੇ ਮੈਂਬਰਾਂ ਬਲਬੀਰ ਸਿੰਘ ਮੁੱਛਲ, ਤਰਲੋਚਨ ਸਿੰਘ ਤੇ ਮਨਜੀਤ ਸਿੰਘ ਨੇ ਇਹ ਝਗੜਾ ਮਿਟਾਉਣ ਲਈ ਸਨਿੱਚਰਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਨੇੜੇ ਇੱਕ ਗੁਰਦੁਆਰਾ ਸਾਹਿਬ ਦੇ ਅੰਦਰ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਸਮਾਨਾਂਤਰ ਜੱਥੇਦਾਰ ਅਮਰੀਕ ਸਿੰਘ ਅਜਨਾਲਾ ਵੀ ਮੌਜੂਦ ਰਹੇ।
ਬਾਅਦ `ਚ ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ਦੀਆਂ ਪੋਸਟਾਂ ਕਾਰਨ ਝਗੜਾ ਵਧਿਆ ਸੀ, ਜੋ ਮੰਦਭਾਗੀ ਗੱਲ ਹੈ। ਹੁਣ ਦੋਵੇਂ ਧਿਰਾਂ ਨੇ ਸਮਝੌਤਾ ਕਰ ਲਿਆ ਹੈ ਕਿਉਂ ਸਾਰੇ ਹੀ ਸਿੱਖ ਹਨ ਤੇ ਇੱਕੋ ਗੁਰੂਆਂ ਦੇ ਪੈਰੋਕਾਰ ਹਨ।