ਅਗਲੀ ਕਹਾਣੀ

ਨਿਹੰਗ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ, ਸਤਿਕਾਰ ਕਮੇਟੀਆਂ ਖਿ਼ਲਾਫ਼ ਕਾਰਵਾਈ ਮੰਗੀ

ਨਿਹੰਗ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ

ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਸਰਜੀਕਲ ਵਾਰਡ `ਚ ਦੋ ਨਿਹੰਗਾਂ ਨਾਲ ਹੋਈ ਕੁੱਟਮਾਰ ਤੋਂ ਬਾਅਦ ਰੋਹ `ਚ ਆਏ ਨਿਹੰਗਾਂ ਦਾ ਇੱਕ ਵੱਡਾ ਵਫ਼ਦ ਕੱਲ੍ਹ ਬੁੱਧਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਹੁਰਾਂ ਨੂੰ ਮਿਲਿਆ। ‘ਪੰਥ ਅਕਾਲੀ ਦਸਮੇਸ਼ ਤਰਨਾ ਦਲ ਪੰਜਵਾਂ ਨਿਸ਼ਾਨ` ਦੇ ਬੈਨਰ ਹੇਠ ਇਕੱਠੇ ਹੋਏ ਨਿਹੰਗਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਅਖੌਤੀ ਸਤਿਕਾਰ ਕਮੇਟੀਆਂ` ਖਿ਼ਲਾਫ਼ ਕਾਰਵਾਈ ਦੀ ਮੰਗ ਕੀਤੀ। ਇੱਥੇ ਵਰਨਣਯੋਗ ਹੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਲਗਭਗ 15 ਕਾਰਕੁੰਨਾਂ ਨੇ ਕਥਿਤ ਤੌਰ `ਤੇ ਦੋ ਨਿਹੰਗਾਂ ਨਾਲ ਕੁੱਟਮਾਰ ਕੀਤੀ ਸੀ।


ਬਾਬਾ ਬੀਰ ਸਿੰਘ ਰੰਘਰੇਟਾ ਦੀ ਅਗਵਾਈ ਹੇਠ 100 ਤੋਂ ਵੱਧ ਨਿਹੰਗਾਂ ਨੇ ਇੱਕ ਯਾਦ-ਪੱਤਰ (ਮੈਮੋਰੈਂਡਮ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸੌਂਪਿਆ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਸਾਥੀ ਨਿਹੰਗਾਂ ਨਾਲ ਕੁੱਟਮਾਰ ਕਰਨ ਵਾਲਿਆਂ ਖਿ਼ਲਾਫ਼ ਕਾਰਵਾਈ ਕੀਤੀ ਜਾਵੇ।


ਬੀਰ ਸਿੰਘ ਨੇ ਕਿਹਾ ਕਿ ਇੱਥੇ ਬਹੁਤ ਸਾਰੀਆਂ ਅਖੌਤੀ ਸਤਿਕਾਰ ਕਮੇਟੀਆਂ ਹਨ, ਜੋ ਨਿਹੰਗਾਂ ਨੂੰ ਬਦਨਾਮ ਕਰਨ ਦਾ ਜਤਨ ਕਰ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਬਲਬੀਰ ਸਿੰਘ, ਸੁਖਜੀਤ ਸਿੰਘ, ਪਰਮਜੀਤ ਸਿੰਘ ਅਕਾਲੀ ਤੇ ਰਣਜੀਤ ਸਿੰਘ ਦੀ ਅਗਵਾਈ ਹੇਠ ਸਤਿਕਾਰ ਕਮੇਟੀ ਦੇ ਕੁਝ ਮੈਂਬਰਾਂ ਨੇ ਸੋਮਵਾਰ ਨੂੰ ਉਨ੍ਹਾਂ ਦੇ ਸਾਥੀ ਨਿਹੰਗਾਂ ਨਾਲ ਕੁੱਟਮਾਰ ਕੀਤੀ ਸੀ।


ਉਨ੍ਹਾਂ ਕਿਹਾ,‘‘ਇਨ੍ਹਾਂ ਅਖੌਤੀ ਕਮੇਟੀਆਂ ਦੇ ਕਾਰਕੁੰਨ ਨਿਹੰਗਾਂ ਨਾਲ ਕੁੱਟਮਾਰ ਕਰ ਕੇ ਉਨ੍ਹਾਂ ਨੂੰ ਬਦਨਾਮ ਕਰ ਰਹੇ ਹਨ ਤੇ ਸੋਸ਼ਲ ਮੀਡੀਆ `ਤੇ ਉਨ੍ਹਾਂ ਦੀਆਂ ਵਿਡੀਓਜ਼ ਬਿਨਾ ਵਜ੍ਹਾ ਵਾਇਰਲ ਕਰ ਰਹੇ ਹਨ। ਅਜਿਹੇ ਲੋਕਾਂ ਖਿ਼ਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।``


ਇੱਥੇ ਵਰਨਣਯੋਗ ਹੈ ਕਿ ਸੋਮਵਾਰ ਨੂੰ ਹੋਏ ਹਮਲੇ ਦੌਰਾਨ ਦੋ ਨਿਹੰਗ ਰਣਜੀਤ ਸਿੰਘ ਅਤੇ ਮਨਜੀਤ ਸਿੰਘ ਜ਼ਖ਼ਮੀ ਹੋਏ ਸਨ। ਦਰਅਸਲ, ਉਸ ਤੋਂ ਇੱਕ ਦਿਨ ਪਹਿਲਾਂ ਸਤਿਕਾਰ ਕਮੇਟੀ ਦੇ ਇੱਕ ਮੈਂਬਰ `ਤੇ ਹਮਲੇ ਦੀ ਇੱਕ ਵਿਡੀਓ ਸੋਸ਼ਲ ਮੀਡੀਆ `ਤੇ ਵਾਇਰਲ ਹੋਈ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nihangs approached sri akal takhat sahib