ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਮਹਿਲਾ ਆਈਏਐਸ ਅਫਸਰ ਨੂੰ ਕਥਿਤ "ਗ਼ਲਤ ਮੈਸੇਜ ' ਭੇਜਣ ਦੇ ਵਿਵਾਦ ਵਿੱਚ, ਅਜੇ ਤੱਕ ਲਿਖਿਤ ਸ਼ਿਕਾਇਤ ਨਾ ਮਿਲਣ ਕਰਕੇ ਮੰਤਰੀ ਵਿਰੁੱਧ ਕਾਰਵਾਈ ਦੀ ਕੋਈ ਸੰਭਾਵਨਾ ਨਹੀਂ ਹੈ।
ਕਾਂਗਰਸ ਦੀ ਸੂਬਾ ਇੰਚਾਰਜ ਆਸ਼ਾ ਕੁਮਾਰੀ ਨੇ ਇਸ ਮੁੱਦੇ ਨੂੰ ਰੱਦ ਕਰ ਦਿੱਤਾ ਤੇ ਕਿਹਾ ਕਿ ਕੋਈ ਸ਼ਿਕਾਇਤ ਬਗੈਰ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ। ਮਹਿਲਾ ਅਧਿਕਾਰੀ ਨੇ ਵੀ ਮੀਡੀਆ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਤੇ ਕਿਸੇ ਵੀ ਸੁਆਲ ਦਾ ਜਵਾਬ ਦੇਣ ਤੋਂ ਇਨਕਾਰ ਕੀਤਾ। ਇੱਕ ਸੀਨੀਅਰ ਪਾਰਟੀ ਅਹੁਦੇਦਾਰ ਨੇ ਕਿਹਾ ਕਿ ਮਹਿਲਾ ਅਧਿਕਾਰੀ ਵੱਲੋਂ ਇੱਕ ਰਸਮੀ ਸ਼ਿਕਾਇਤ ਦਰਜ ਕਰਾਉਣ ਦੀ ਕੋਈ ਸੰਭਾਵਨਾ ਨਹੀਂ ਹੈ।
ਉਸੇ ਅਹੁਦੇਦਾਰ ਨੇ ਦੱਸਿਆ "ਮੁੱਖ ਮੰਤਰੀ ਹੋਣ ਦੇ ਨਾਤੇ ਅਮਰਿੰਦਰ ਸਿੰਘ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਦੱਸ ਸਕਦੇ ਹਨ ਕਿ ਉਨ੍ਹਾਂ ਨੇ ਇਸ ਮਾਮਲੇ ਦਾ ਹੱਲ ਕਰ ਦਿੱਤਾ ਹੈ। ਇਸ ਲਈ ਕੋਈ ਸ਼ਿਕਾਇਤ ਨਹੀਂ ਹੋਵੇਗੀ ਤੇ ਕੋਈ ਕਾਰਵਾਈ ਵੀ ਨਹੀਂ ਹੋਵੇਗੀ।"
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਕਿਹਾ ਕਿ ਜੇਕਰ ਕੋਈ ਸ਼ਿਕਾਇਤ ਸਾਹਮਣੇ ਆਵੇਗੀ ਤਾਂ ਪਾਰਟੀ ਕਾਰਵਾਈ ਕਰੇਗੀ। #MeToo ਵਿਵਾਦ ਕਰਕੇ ਸ਼ਰਮਸਾਰ ਹੋਏ ਚੰਨੀ ਹੁਣ ਮੁੱਖ ਮੰਤਰੀ ਕੈਪਟਨ ਸਾਹਮਣੇ ਨਹੀਂ ਆ ਸਕਦੇ। ਕੈਪਟਨ ਪਹਿਲਾਂ ਹੀ ਚੰਨੀ ਨਾਲ ਅਨੁਸੂਚਿਤ ਜਾਤਾਂ (ਐਸਸੀ) ਨੂੰ ਸਰਕਾਰ ਦੇ ਕੈਬਿਨੇਟ ਵਿਸਥਾਰ, ਕਾਨੂੰਨ ਅਫਸਰਾਂ ਦੀ ਨਿਯੁਕਤੀ ਤੇ ਨੌਕਰੀ ਵਿੱਚ ਪ੍ਰੋਮੋਸ਼ਨ 'ਤੇ ਕੀਤੀ ਬਿਆਨਬਾਜ਼ੀ ਤੋਂ ਗੁੱਸੇ ਹਨ।
ਚੰਨੀ ਨੇ ਅਪਰੈਲ ਵਿੱਚ ਕੈਬਨਿਟ ਵਿਸਥਾਰ ਤੋਂ ਬਾਅਦ ਰਾਹੁਲ ਗਾਂਧੀ ਨੂੰ ਮਿਲਣ ਲਈ ਗਏ ਦਲਿਤ ਵਿਧਾਇਕਾਂ ਦੀ ਅਗਵਾਈ ਕੀਤੀ ਸੀ ਤੇ ਮੁੱਖ ਮੰਤਰੀ ਦੇ ਖਿਲਾਫ ਉਨ੍ਹਾਂ ਨੂੰ 'ਇੱਕਜੁੱਟ ਕੀਤਾ ਸੀ। ਪਾਰਟੀ ਦੇ ਇੱਕ ਵਿਧਾਇਕ ਨੇ ਕਿਹਾ ਕਿ ਉਹ ਕਿਸੇ ਦਲਿਤ ਚਿਹਰੇ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦੇਣ ਲਈ ਵੀ ਲਾਬਿੰਗ ਕਰ ਰਹੇ ਹਨ।