ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮ ਆਦਮੀ ਪਾਰਟੀ ਨਾਲ ਪੰਜਾਬ `ਚ ਕੋਈ ਗੱਠਜੋੜ ਨਹੀਂ ਕਰਾਂਗੇ: ਕੈਪਟਨ

ਕੈਪਟਨ ਅਮਰਿੰਦਰ ਸਿੰਘ ਤੇ ਰਾਹੁਲ ਗਾਂਧੀ ਦਿੱਲੀ `ਚ

--  ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ `ਤੇ ਜਿੱਤਾਂਗੇ
--  ਕਰਤਾਰਪੁਰ ਸਾਹਿਬ ਲਾਂਘੇ ਲਈ ਭਾਰਤ ਸਰਕਾਰ ਨੇ ਪੰਜਾਬ ਨੂੰ ਹਾਲੇ ਤੱਕ ਕੋਈ ਫ਼ੰਡ ਨਹੀਂ ਦਿੱਤੇ


ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੋਮਵਾਰ ਨੂੰ ਸੂਬੇ `ਚ ਆਮ ਆਦਮੀ ਪਾਰਟੀ (ਆਪ) ਨਾਲ ਕਿਸੇ ਵੀ ਤਰ੍ਹਾਂ ਦੇ ਗੱਠਜੋੜ ਦੀ ਜ਼ਰੂਰਤ ਤੋਂ ਸਾਫ਼ ਇਨਕਾਰ ਕਰ ਦਿੱਤਾ ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਇਸ ਪਾਰਟੀ ਨਾਲ ਗੱਠਜੋੜ ਬਾਰੇ ਕਿਸੇ ਵੀ ਤਰ੍ਹਾਂ ਦਾ ਫ਼ੈਸਲਾ ਕਾਂਗਰਸ ਹਾਈ ਕਮਾਂਡ ਵੱਲੋਂ ਲਿਆ ਜਾਵੇਗਾ।


ਕੈਪਟਨ ਅਮਰਿੰਦਰ ਸਿੰਘ ਅੱਜ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੁਲਾਕਾਤ ਦੌਰਾਨ ਆਉਂਦੀਆਂ ਲੋਕ ਸਭਾ ਚੋਣਾਂ ਬਾਰੇ ਖ਼ਾਸ ਤੌਰ `ਤੇ ਚਰਚਾ ਰਹੀ। ਹਾਲੀਆ ਤਿੰਨ ਸੂਬਿਆਂ `ਚ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਮਿਲੀਆਂ ‘ਸ਼ਾਨਦਾਰ` ਜਿੱਤਾਂ ਲਈ ਕੈਪਟਨ ਨੇ ਰਾਹੁਲ ਗਾਂਧੀ ਨੂੰ ਮੁਬਾਰਕਬਾਦ ਦਿੱਤੀ। 


ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੁਣ ਪੰਜਾਬ `ਚ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਹੁਣ ਉਸ ਪਾਰਟੀ ਦਾ ਪੰਜਾਬ `ਚ ਕੋਈ ਆਧਾਰ ਨਹੀਂ ਰਿਹਾ। ਮੁੱਖ ਮੰਤਰੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਇਹ ਗੱਲ ਪਹਿਲਾਂ ਹੀ ਸਪੱਸ਼ਟ ਕਰ ਦਿੱਤੀ ਸੀ, ਇਸੇ ਲਈ ਅੱਜ ਇਸ ਬਾਰੇ ਕੋਈ ਵਿਚਾਰ-ਚਰਚਾ ਨਹੀਂ ਹੋਈ।


ਮੁੱਖ ਮੰਤਰੀ ਨੇ ਪੂਰੇ ਆਤਮ-ਵਿਸ਼ਵਾਸ ਨਾਲ ਕਿਹਾ ਕਿ ਪੰਜਾਬ `ਚ ਕਾਂਗਰਸ ਸਾਰੀਆਂ 13 ਸੀਟਾਂ `ਤੇ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਇਸ ਲਈ ਪਾਰਟੀ ਵੱਲੋਂ ਚੁਣੇ ਹੀ ਅਜਿਹੇ ਉਮੀਦਵਾਰ ਜਾਣਗੇ, ਜਿਹੜੇ ਹਰ ਹਾਲਤ `ਚ ਜਿੱਤਣ।


ਮੁੱਖ ਮੰਤਰੀ ਨੇ ਕਿਹਾ ਕਿ ਮੰਤਰੀ-ਮੰਡਲ ਵਿੱਚ ਫੇਰ-ਬਦਲ ਬਾਰੇ ਰਾਹੁਲ ਗਾਂਧੀ ਹੁਰਾਂ ਨਾਲ ਕੋਈ ਚਰਚਾ ਨਹੀ਼ ਹੋਈ।


ਕਰਤਾਰਪੁਰ ਸਾਹਿਬ ਲਾਂਘੇ ਦੇ ਮੁੱਦੇ `ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਨੇ ਆਪਣੇ ਵਾਲੇ ਪਾਸੇ ਸੜਕ ਦਾ ਨਿਰਮਾਣ ਸ਼ੁਰੂ ਵੀ ਕਰ ਦਿੱਤਾ ਹੈ ਪਰ ਭਾਰਤੀ ਪੰਜਾਬ `ਚ ਉਸ ਇਲਾਕੇ `ਚ ਵਿਕਾਸ-ਕਾਰਜ ਹਾਲੇ ਸ਼ੁਰੂ ਹੋਣੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੋਂ ਇਸ ਸਬੰਧੀ ਕੋਈ ਫ਼ੰਡ ਨਹੀਂ ਮਿਲ ਰਹੇ, ਜਿਸ ਕਾਰਨ ਬੁਨਿਆਦੀ ਢਾਂਚਿਆਂ ਦੀ ਉਸਾਰੀ ਲਈ ਜ਼ਮੀਨ ਅਕਵਾਇਰ ਕਰਨ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ।


ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਇੱਕ ਮੰਤਰੀ ਦੀ ਹੈਸੀਅਤ ਨਾਲ ਉਨ੍ਹਾਂ ਦੀ ਮਰਜ਼ੀ ਤੋਂ ਬਗ਼ੈਰ ਕਦੇ ਵੀ ਪਾਕਿਸਤਾਨ ਨਹੀਂ ਜਾ ਸਕਦੇ ਸਨ ਪਰ ਉਹ ਇਸ ਯਾਤਰਾ ਨੂੰ ਨਿਜੀ ਰੱਖਣਾ ਚਾਹੁੰਦੇ ਸਨ। ‘ਇਸੇ ਲਈ ਮੈਂ ਸਿੱਧੂ ਨੂੰ ਨਿਜੀ ਤੌਰ `ਤੇ ਕਿਹਾ ਸੀ ਕਿ ਪਾਕਿਸਤਾਨ ਨਾ ਜਾਹ ਕਿਉ਼ਕਿ ਮੈਂ ਖ਼ੁਦ ਨਹੀਂ ਗਿਆ ਉਂਕਿ ਪਾਕਿਸਤਾਨ ਆਮ ਤੌਰ `ਤੇ ਭਾਰਤੀ ਫ਼ੌਜੀ ਜਵਾਨਾਂ ਨੂੰ ਸ਼ਹੀਦ ਕਰਦਾ ਰਹਿੰਦਾ ਹੈ ਤੇ ਉਸ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਅਕਸਰ ਹੀ ਪੰਜਾਬ `ਚ ਗੜਬੜੀਆਂ ਫੈਲਾਉਣ ਦੇ ਜਤਨ ਕਰਦੀ ਰਹਿੰਦੀ ਹੈ।`


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾਂ ਵੱਲੋਂ ਆਪਣੀ 3 ਜਨਵਰੀ ਦੀ ਗੁਰਦਾਸਪੁਰ ਫੇਰੀ ਦੌਰਾਨ ਲਾਏ ਦੋਸ਼ਾਂ ਦਾ ਪੂਰੀ ਤਰ੍ਹਾਂ ਖੰਡਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿਰਫ਼ ਇੱਕ ਸਾਲ 'ਚ 4 ਲੱਖ 14 ਹਜ਼ਾਰ 275 ਕਿਸਾਨਾਂ ਦੇ 3,417 ਕਰੋੜ ਰੁਪਏ ਦੇ ਕਰਜ਼ੇ ਮਾਫ਼ ਕਰ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ।   

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like (ਲਾਈਕ) ਕਰੋ

https://www.facebook.com/hindustantimespunjabi/

 

ਅਤੇ

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ

https://twitter.com/PunjabiHT ਟਵਿਟਰ ਪੇਜ ਨੂੰ ਹੁਣੇ ਹੀ Follow (ਫ਼ਾਲੋ) ਕਰੋ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No alliance with AAP says Captain