ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੂਰੇ ਭਰੋਸੇ ਨਾਲ ਆਖਿਆ ਹੈ ਕਿ ਪੰਜਾਬ ਵਿੱਚ ਕਿਤੇ ਕੋਈ ਮੋਦੀ–ਲਹਿਰ ਨਹੀਂ ਹੈ ਤੇ ਬਠਿੰਡਾ ਤੇ ਫਿਰੋਜ਼ਪੁਰ (ਜਿੱਥੋਂ ਕ੍ਰਮਵਾਰ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਬਾਦਲ ਚੋਣ ਲੜ ਰਹੇ ਹਨ) ਸਮੇਤ ਸਾਰੀਆਂ ਸੀਟਾਂ ਉੱਤੇ ਸਿਰਫ਼ ਕਾਂਗਰਸ ਹੀ ਹੂੰਝਾ–ਫੇਰੂ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਭਾਜਪਾ ਇਸ ਵੇਲੇ ਪਤਨ ਵੱਲ ਵਧ ਰਹੀ ਹੈ ਤੇ ਉਹ ਸੱਤਾ ਤੋਂ ਲਾਂਭੇ ਹੋ ਜਾਵੇਗੀ ਕਿਉਂਕਿ ਉਸ ਦੀਆਂ ਪ੍ਰਾਪਤੀਆਂ ਕੋਈ ਨਹੀਂ ਹਨ।
ਕੈਪਟਨ ਅਮਰਿੰਦਰ ਸਿੰਘ ਆਪਣੀ ਪਤਨੀ ਸ੍ਰੀਮਤੀ ਪਰਨੀਤ ਕੌਰ ਵੱਲੋਂ ਪਟਿਆਲਾ ਲੋਕ ਸਭਾ ਹਲਕੇ ਲਈ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਜਾਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪੰਜਾਬ ’ਚ ਚੋਣਾਂ 19 ਮਈ ਨੂੰ ਹੋਣੀਆਂ ਤੈਅ ਹਨ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ, ਧੀ ਜੈ ਇੰਦਰ ਕੌਰ ਤੇ ਦੋਹਤਰਾ ਨਿਰਵਾਣ ਵੀ ਪਟਿਆਲਾ ਵਿਖੇ ਮੌਜੂਦ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੁਣ ਸਾਲ 2014 ਦੇ ਮੁਕਾਬਲੇ ਹਾਲਾਤ ਬਿਲਕੁਲ ਬਦਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਚੋਣ–ਪ੍ਰਚਾਰ ਲਈ ਪੰਜਾਬ ਜ਼ਰੂਰ ਆਉਣਗੇ ਭਾਵੇਂ ਉਨ੍ਹਾਂ ਦੇ ਪੰਜਾਬ ਦੌਰਿਆਂ ਦੀਆਂ ਤਰੀਕਾਂ ਤੇ ਸਥਾਨਾਂ ਬਾਰੇ ਫ਼ੈਸਲਾ ਹਾਲੇ ਕਰਨਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਗੁਰਦਾਸਪੁਰ ਹਲਕੇ ਵਿੱਚ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਬਾਲੀਵੁੱਡ ਅਦਾਕਾਰ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਨੀ ਦਿਓਲ ਤੋਂ ਕੋਈ ਗੰਭੀਰ ਖ਼ਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ‘ਸੰਨੀ ਦਿਓਲ ਨੇ ਵਾਪਸ ਬਾਲੀਵੁੱਡ ਭੱਜ ਜਾਣਾ ਹੈ ਤੇ ਇੱਥੇ ਗੁਰਦਾਸਪੁਰ ਦੀ ਜਨਤਾ ਕੋਲ ਉਸ ਨੇ ਨਹੀਂ ਰਹਿਣਾ।’
ਕੈਪਟਨ ਅਮਰਿੰਦਰ ਸਿੰਘ ਤੋਂ ਜਦੋਂ ਅਕਸ਼ੇ ਕੁਮਾਰ ਵੱਲੋਂ ਪ੍ਰਧਾਨ ਮੰਤਰੀ ਦੇ ਇੰਟਰਵਿਊ ਬਾਰੇ ਸੁਆਲ ਪੁੱਛਿਆ, ਤਾਂ ਉਨ੍ਹਾਂ ਜਵਾਬ ਦਿੱਤਾ – ‘ਕਿਹੜਾ ਇੰਟਰਵਿਊ। ਮੈਂ ਕੋਈ ਇੰਟਰਵਿਊ ਨਹੀਂ ਵੇਖਿਆ’।