ਫ਼ਰੀਦਕੋਟ ਤੋਂ ਕਾਂਗਰਸ ਦੇ ਐੱਮਪੀ ਅਤੇ ਪੰਜਾਬੀ ਦੇ ਗਾਇਕ ਮੁਹੰਮਦ ਸੱਦੀਕ ਨੇ ਆਪਣੀ ਪਾਰਟੀ ਦੇ ਕਾਰਕੁੰਨਾਂ ਤੇ ਹੋਰ ਆਗੂਆਂ ਨੂੰ ਤਾਜ਼ਾ ਸਲਾਹ ਦਿੱਤੀ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਦੀ ਮੌਜੂਦਗੀ ’ਚ ਮੁਹੰਮਦ ਸੱਦੀਕ ਹੁਰਾਂ ਪਾਰਟੀ ਕਾਰਕੁੰਨਾਂ ਤੇ ਹੋਰ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਸਾਨੂੰ ਹੋਰਨਾਂ ਦੇ ਮਾਮਲਿਆਂ ਵਿੱਚ ਆਪਣੀ ਨੱਕ ਘੁਸੇੜਨ ਤੋਂ ਬਚਣਾ ਚਾਹੀਦਾ ਹੈ; ਸਗੋਂ ਆਪਣੇ ਖ਼ੁਦ ਦੇ ਮਾਮਲਿਆਂ ’ਤੇ ਆਪਣਾ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ – ‘ਹੁਣ ਸਿਆਸਤ ਤਬਦੀਲ ਹੋ ਚੁੱਕੀ ਹੈ। ਇਨ੍ਹੀਂ ਦਿਨੀਂ ਅਸੀਂ ਆਪਣੇ ਖ਼ੁਦ ਦੇ ਮਾਮਲਿਆਂ ਵੱਲ ਘੱਟ ਪਰ ਹੋਰਨਾਂ ’ਤੇ ਆਪਣਾ ਧਿਆਨ ਵੱਧ ਕੇਂਦ੍ਰਿਤ ਕਰਦੇ ਹਾਂ।’ ਇਸ ਮੌਕੇ ਕੈਬਿਨੇਟ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧ ਵੀ ਮੌਜੂਦ ਸਨ। ਜਦੋਂ ਸ੍ਰੀ ਮੁਹੰਮਦ ਸੱਦੀਕ ਇਹ ਗੱਲ ਆਖ ਰਹੇ ਸਨ, ਤਦ ਸ੍ਰੀ ਬਲਬੀਰ ਸਿੰਘ ਸਿੱਧੂ ਸਿਰ ਹਿਲਾ ਕੇ ਇੱਕ ਤਰ੍ਹਾਂ ਇਸ ਗੱਲ ਦੀ ਪੁਸ਼ਟੀ ਕਰਦੇ ਜਾਪ ਰਹੇ ਸਨ।
ਚੇਤੇ ਰਹੇ ਕਿ ਬੀਤੇ ਦਿਨੀਂ ਇਹ ਸਾਰੇ ਆਗੂ ਤੇ ਕਾਰਕੁੰਨ ਚੰਡੀਗੜ੍ਹ ’ਚ ਜਲਾਲਾਬਾਦ ਜ਼ਿਮਨੀ ਚੋਣ ਦੀ ਜਿੱਤ ਦੇ ਜਸ਼ਨ ਮਨਾਉਣ ਲਈ ਇਕੱਠੇ ਹੋਏ ਸਨ। ਇਹ ਚੋਣ ਬੀਤੀ 21 ਅਕਤੂਬਰ ਨੂੰ ਹੋਈ ਸੀ।